ਸਾਰੀ ਦੁਨੀਆਂ ਦਾ ਇਕ ਹੀ ‘ਰੱਬ’ ਅਤੇ ਇਕ ਹੀ ‘ਧਰਮ’ ਹੈ...

5/8/2020 7:06:51 PM

ਦਲੀਪ ਸਿੰਘ ਵਾਸਨ, ਐਡਵੋਕੇਟ

101-ਸੀ ਵਿਕਾਸ ਕਲੋਨੀ, ਪਟਿਆਲਾ

ਇਸ ਧਰਤੀ ਉਤੇ ਮਨੁੱਖ ਕਦੋਂ ਆਇਆ, ਇਸ ਬਾਰੇ ਬਹੁਤ ਕੁਝ ਆਖਿਆ ਜਾ ਚੁੱਕਾ ਹੈ ਅਤੇ ਬਹੁਤ ਕੁਝ ਕਹਿਣਾ ਬਾਕੀ ਵੀ ਹੈ। ਇਹ ਗੱਲ ਵੀ ਖੋਜੀਆਂ ਨੇ ਕੱਢ ਮਾਰੀ ਹੈ ਕਿ ਇਹ ਰੱਬ ਵਾਲਾ ਸੰਕਲਪ ਵੀ ਇਸ ਆਦਮੀ ਦੇ ਗਿਆਨ ਵਿਚ ਪਹਿਲਾਂ ਪਹਿਲ ਨਹੀਂ ਸੀ ਅਤੇ ਸਦੀਆਂ ਬਾਅਦ ਜਦ ਇਹ ਆਦਮੀ ਆਪਣੇ ਸਮਾਜ ਦੀਆਂ ਇਕਾਈ ਬਣਾ ਕੇ ਧਰਤੀ ਉਤੇ ਸਥਾਪਿਤ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਵੀ ਸਦੀਆਂ ਤੱਕ ਇਸ ਆਦਮੀ ਨੂੰ ਰੱਬ ਬਾਰੇ ਕੁਝ ਪਤਾ ਨਹੀਂ ਸੀ। ਨਾਂ ਹੀ ਇਸ ਆਦਮੀ ਨੇ ਰੱਬ ਦੀ ਕਦੇ ਗਲ ਕੀਤੀ ਸੀ। ਅੱਜ ਤੱਕ ਵੀ ਸਾਨੂੰ ਪਕੀ ਤਰ੍ਹਾਂ ਇਹ ਪਤਾ ਨਹੀਂ ਲਗ ਸਕਿਆ ਕਿ ਇਹ ਰੱਬ ਵਾਲਾ ਸੰਕਲਪ ਇਸ ਆਦਮੀ ਦੇ ਗਿਆਨ ਵਿਚ ਕਦੋਂ ਆਇਆ ਅਤੇ ਵਿਕਸਿਤ ਕਿਵੇਂ ਹੁੰਦਾ ਰਿਹਾ। ਲਗਦਾ ਹੈ ਕਿ ਆਦਮੀ ਚੰਗਿਆਈਆਂ ਘੱਟ ਕਰਦਾ ਸੀ ਅਤੇ ਬੁਰਾਈਆਂ ਵਧ। ਬੁਰਾਈਆਂ ਦੀ ਸਜ਼ਾ ਦੇਣ ਵਾਲਾ ਕੋਈ ਨਹੀਂ ਸੀ ਤਾਂ ਕਿਧਰੇ ਜਾ ਕੇ ਕਿਸੇ ਸਿਆਣੇ ਆਦਮੀ ਨੇ ਇਹ ਆਖ ਦਿੱਤਾ ਸੀ ਕਿ ਕੋਈ ਨਾਂ ਕੋਈ ਸ਼ਕਤੀ ਜ਼ਰੂਰ ਹੈ ਜਿਹੜੀ ਆਦਮੀ ਦੇ ਮਾੜੇ ਕਰਮਾਂ ਦੀ ਸਜ਼ਾ ਦਿੰਦੀ ਹੈ। 

ਇਹ ਵੀ ਆਖ ਦਿੱਤਾ ਸੀ ਕਿ ਇਹ ਸਜ਼ਾ ਇਸ ਜਨਮ ਵਿਚ ਵੀ ਮਿਲ ਸਕਦੀ ਹੈ ਅਤੇ ਮਰਨ ਬਾਅਦ ਵੀ ਮਿਲ ਸਕਦੀ ਹੈ। ਇਸ ਸੰਕਲਪ ਵਿਚ ਨਰਕ, ਸਵਰਗ ਅਤੇ ਮੁਕਤੀ ਦੀਆਂ ਗਲਾਂ ਚਲ ਪਈਆਂ ਲਗਦੀਆਂ ਹਨ। ਇਸੇ ਸੰਕਲਪ ਵਿਚ ਹੀ ਫਿਰ ਇਹ ਵੀ ਆਖ ਦਿੱਤਾ ਗਿਆ ਕਿ ਲਗਦਾ ਹੈ ਕਿ ਰੱਬ ਇਕ ਹੀ ਹੈ। ਇਹ ਵੀ ਆਖ ਦਿੱਤਾ ਗਿਆ ਕਿ ਇਸ ਬ੍ਰਹਿਮੰਡ ਵਿਚ, ਜੋ ਕੁਝ ਵੀ ਹੈ ਰੱਬ ਦਾ ਸਾਜਿਆ ਹੋਇਆ ਹੈ। ਫਿਰ ਇਹ ਵੀ ਆਖ ਦਿੱਤਾ ਗਿਆ ਕਿ ਰੱਬ ਆਪ ਹੀ ਹਰ ਸ਼ੈਅ ਦੀ ਉਤਪਤੀ ਕਰਦਾ ਹੈ ਅਤੇ ਹਰ ਸ਼ੈਅ ਮਿਥੀ ਜੀਵਨ ਪੂਰਾ ਕਰਕੇ ਖਤਮ ਹੋ ਜਾਂਦੀ ਹੈ। ਇਸ ਆਦਮੀ ਬਾਰੇ ਵੀ ਇਹ ਗਲ ਆਖ ਦਿੱਤੀ ਗਈ ਸੀ ਕਿ ਇਸ ਆਦਮੀ ਦਾ ਜਨਮ ਰਬ ਆਪ ਕਰਦਾ ਹੈ ਅਤੇ ਜੈਸਾ ਵੀ ਜੀਵਨ ਰੱਬ ਮਿਥ ਦਿੰਦਾ ਹੈ ਵੈਸਾ ਹੀ ਜੀਵਨ ਬਿਤਾਕੇ ਇਹ ਆਦਮੀ ਮਰ ਜਾਂਦਾ ਹੈ। ਫਿਰ ਉਸ ਨੂੰ ਰੱਬ ਦੀ ਅਦਾਲਤ ਵਿਚ ਪੇਸ਼ ਕੀਤਾ ਜਾਂਦਾ ਹੈ, ਜਿਥੇ ਇਸਦੇ ਜੀਵਨ ਵਿਚ ਕੀਤੇ ਕਰਮਾਂ ਦਾ ਹਿਸਾਬ ਕਿਤਾਬ ਕੀਤਾ ਜਾਂਦਾ ਹੈ ਅਤੇ ਕੋਈ ਨਰਕਾਂ ਵਿਚ ਭੇਜ ਦਿੱਤਾ ਜਾਂਦਾ ਹੈ, ਕੋਈ ਸਵਰਗਾਂ ਵਿਚ ਚਲਾ ਜਾਂਦਾ ਹੈ।

ਇਥੇ ਹੀ ਮੁਕਤੀ ਦੀਆਂ ਗਲਾਂ ਵੀ ਕੀਤੀਆਂ ਗਈਆਂ ਹਨ ਅਤੇ ਇਹ ਵੀ ਸਵੀਕਾਰ ਕੀਤਾ ਗਿਆ ਕਿ ਇਹ ਆਦਮੀ ਕਈ ਵਾਰ ਇਸ ਦੁਨੀਆਂ ਵਿਚ ਆਉਂਦਾ ਹੈ ਅਤੇ ਵੱਖ-ਵੱਖ ਜੀਵਨ ਨਿਭਾਕੇ ਵਾਪਸ ਚਲਾ ਜਾਂਦਾ ਹੈ। ਕਿਸੇ ਕਿਸੇ ਨੂੰ ਮੁਕਤੀ ਨਸੀਬ ਹੋ ਜਾਂਦੀ ਹੈ ਅਤੇ ਕਈ ਨਰਕਾਂ ਵਰਗਾ ਜੀਵਨ ਭੋਗਦੇ ਮਰਦ ਜਾਂਦੇ ਹਨ। ਫਿਰ ਕਿਸੇ ਨੇ ਕਾਂਢ ਕਢ ਮਾਰੀ ਸੀ ਕਿ ਰੱਬ ਦੀ ਭਗਤੀ ਕੀਤੀ ਜਾਵੇ, ਅਰਦਾਸਾਂ ਕੀਤੀਆਂ ਜਾਣ ਤਾਂ ਮੁਕਤੀ  ਮਿਲ ਸਕਦੀ ਹੈ। ਆਦਮੀ ਇਸ ਆਵਾਗਵਨ ਦੇ ਚੱਕਰ ਵਿਚ ਬਾਹਰ ਨਿਕਲ ਜਾਂਦਾ ਹੈ। ਇਹ ਗਲਾਂ ਸਿੱਧ ਕਰਦੀਆਂ ਹਨ ਕਿ ਰੱਬ ਹੈ ਜਾਂ ਨਹੀਂ। ਇਸਦਾ ਸਹੀ ਸਹੀ ਪਤਾ ਅੱਜ ਤੱਕ ਕਿਸੇ ਕੋਲ ਨਹੀਂ। ਇਹੀ ਮੰਨਣਾ ਪੈਦਾ ਹੈ ਕਿ ਰੱਬ ਆਦਮੀ ਦੀ ਸੋਚ ਵਿਚ ਆ ਬਣਿਆ ਹੈ ਅਤੇ ਅੱਜ ਦੁਨੀਆ ਭਰ ਦੇ ਲੋਕ ਵੀ ਰੱਬ ਨੂੰ ਮਨਦੇ ਹਨ। ਕਈ ਇਹ ਆਖੀ ਜਾਂਦੇ ਹਨ ਕਿ ਰੱਬ ਕੁਦਰਤ ਹੈ ਅਤੇ ਫਿਰ ਇਹ ਆਖਿਆ ਜਾ ਸਕਦਾ ਹੈ ਕਿ ਰੱਬ ਦਾ ਨਾਮ ਹੀ ਕੁਦਰਤ ਹੈ।

ਕੁਲ ਮਿਲਾਕੇ ਆਦਮੀ ਨੂੰ ਇਹ ਸਮਝਾਇਆ ਗਿਆ ਕਿ ਸਦਾ ਸੱਚ ਬੋਲਿਆ ਜਾਵੇ। ਇਹ ਵੀ ਆਖਿਆ ਗਿਆ ਹੈ ਕਿ ਹਰ ਆਦਮੀ ਨੂੰ ਨੇਕ ਕਮਾਈ ਕਰਨੀ ਚਾਹੀਦੀ ਹੈ। ਆਪਣੀ ਔਰਤ ਤੋਂ ਇਲਾਵਾ ਬਾਕੀ ਦੀਆਂ ਸਾਰੀਆਂ ਔਰਤਾਂ ਸਾਡੀਆਂ ਮਾਵਾਂ, ਧੀਆਂ ਅਤੇ ਭੈਣਾਂ ਹੁੰਦੀਆਂ ਹਨ ਅਤੇ ਔਰਤਾਂ ਲਈ ਆਪਣੇ ਮਰਦ ਤੋਂ ਸਿਵਾਏ ਬਾਕੀ ਦੇ ਸਾਰੇ ਮਰਦ ਭਰਾ, ਪੁੱਤਰ ਅਤੇ ਪਿਤਾ ਸਾਮਾਨ ਹਨ। ਅੱਜ ਤੱਕ ਹਰ ਧਰਮ ਇਹੀ ਸਿਧਾਂਤ ਸਿਖਾਉਂਦੇ ਆ ਰਹੇ ਹਨ। ਸਾਰੇ ਧਰਮਾਂ ਦੀਆਂ ਬੁਨਿਆਦਾਂ ਅਰਥਾਤ ਮੂਲ ਆਧਾਰ ਇਹੀ ਹਨ। ਬਾਕੀ ਰਹੇ ਧਰਮਾਂ ਦੇ ਨਾਮ ਅਤੇ ਧਾਰਮਿਕ ਕ੍ਰਿਆਵਾਂ ਇਹ ਵੱਖ-ਵੱਖ ਹਨ। ਅਸਲ ਵਿਚ ਇਹ ਵੀ ਮਨ ਲਿਆ ਗਿਆ ਹੈ ਕਿ ਇਹ ਨਾਮ ਅਤੇ ਕ੍ਰਿਆਵਾਂ ਅਰਥਾਤ ਪਾਠ ਪੂਜਾ ਅਤੇ ਅਰਦਾਸਾਂ ਦੇ ਢੰਗ ਤਰੀਕੇ ਇਸ ਲਈ ਵੱਖ ਹਨ, ਕਿਉਂਕਿ ਹਰ ਧਰਮ ਦੀ ਜਨਮ ਤਰੀਕ ਵੱਖ ਹੈ ਅਤੇ ਹਰ ਧਰਮ ਦਾ ਜਨਮ ਕਿਸੇ ਵੱਖਰੇ ਅਸਥਾਨ ਉਤੇ ਹੋਇਆ ਸੀ।

ਇਹ ਗੱਲਾਂ ਸਾਡੀ ਸਾਰਿਆਂ ਦੀ ਸਮਝ ਵਿਚ ਆ ਗਈਆਂ ਹਨ ਪਰ ਕੁਝ ਸ਼ਕਤੀਆਂ ਤੇ ਧਿਰਾਂ ਅਜਿਹੀਆਂ ਹਨ, ਜਿਹੜੀਆਂ ਇਹ ਸਮਝਾਉਣ ਲਗ ਪਈਆਂ ਹਨ ਕਿ ਹਰ ਧਰਮ ਵਿਖਰਾ ਹੈ। ਹਰੇਕ ਧਰਮ ਦੇ ਲੋਕ ਵੱਖਰੇ ਹਨ। ਇਹ ਗਲਾਂ ਵੀ ਆਖੀਆਂ ਜਾ ਰਹੀਆਂ ਹਨ ਕਿ ਫਲਾਣਾ ਧਰਮ ਚੰਗਾ ਹੈ ਅਤੇ ਬਾਕੀ ਦੇ ਨਹੀਂ। ਮਨੁੱਖ ਦਾ ਇਤਿਹਾਸ ਇਹ ਵੀ ਸਪੱਸ਼ਟ ਕਰ ਰਿਹਾ ਹੈ ਕਿ ਧਰਮਾਂ ਵਿਚ ਲੜਾਈਆਂ ਵੀ ਹੁੰਦੀਆਂ ਰਹੀਆਂ ਹਨ। ਇਹ ਗਲਾਂ ਵੀ ਸਾਹਮਣੇ ਆਈਆਂ ਹਨ ਕਿ ਧਰਮਾਂ ਵਾਲੇ ਵੀ ਆਪੋ ਵਿਚ ਬਹਿਸਾਂ ਕਰਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਰਹੇ ਹਨ ਕਿ ਸਾਡਾ ਧਰਮ ਵਧੀਆ ਹੈ। ਇਹ ਸਿਲਸਿਲਾ ਅੱਜ ਵੀ ਜਾਰੀ ਹੈ। 

ਅੱਜ ਦੁਨੀਆਂ ਵਾਲੇ ਧਰਮਾਂ ਵਿਚ ਵੰਡੇ ਜਾ ਚੁਕੇ ਹਨ। ਅੱਜ ਹਰ ਧਰਮ ਇਹ ਵੀ ਆਖਣ ਲਗ ਪਿਆ ਹੈ ਕਿ ਉਹ ਖਤਰੇ ਵਿਚ ਹੈ।  ਅੱਜ ਦੇ ਸਮੇਂ ’ਚ ਅੱਤਵਾਦ ਅਤੇ ਦੰਗੇ ਫਸਾਦ ਧਰਮਾਂ ਦੇ ਨਾਮ ਉਤੇ ਹੀ ਆ ਬਣੇ ਹਨ। ਮਾਰੇ ਗਏ ਲੋਕਾਂ ਦੀ ਗਿਣਤੀ ਕਰਦੇ ਹਾਂ ਅਤੇ ਪਛਾਣ ਕਰਦੇ ਹਾਂ ਤਾਂ ਹਮੇਸ਼ਾਂ ਇਹ ਗਲ ਸਾਹਮਣੇ ਆ ਰਹੀ ਹੈ ਕਿ ਮਾਰੇ ਗਏ ਲੋਕ ਉਹ ਹੁੰਦੇ ਹਨ, ਜਿਹੜੇ ਮਾਸੂਮ ਹੁੰਦੇ ਹਨ ਅਤੇ ਨਾਂ ਹੀ ਉਹ ਅਤਵਾਦੀ ਹੁੰਦੇ ਹਨ ਅਤੇ ਨਾ ਹੀ ਦੰਗਾ ਫਸਾਦੀ।

ਰੱਬ ਹਾਲਾਂ ਵੀ ਇਕ ਹੀ ਹੈ ਅਤੇ ਦੁਨੀਆਂ ਭਰ ਵਿਚ ਲੋਕਾਂ ਦਾ ਸਮਾਜਿਕ ਅਤੇ ਆਰਥਿਕ ਢਾਂਚਾ ਇਕ ਹੀ ਤਰ੍ਹਾਂ ਦਾ ਬਣ ਆਇਆ ਹੈ।  ਕੋਈ ਵੀ ਧਰਮ ਇਹ ਫੜ ਨਹੀਂ ਮਾਰ ਸਕਦਾ ਕਿ ਉਸ ਧਰਮ ਵਾਲਿਆਂ ਵਿਚ ਸਾਰੇ ਲੋਕ ਅਮੀਰ ਹਨ ਅਤੇ ਕੋਈ ਵੀ ਗਰੀਬ ਨਹੀਂ।  ਹਰ ਧਰਮ ਵਿਚ ਔਰਤਾਂ ਦਾ ਅਸਥਾਨ ਦੂਜਾ ਹੈ ਅਤੇ ਔਰਤ ਦਾ ਸ਼ੋਸ਼ਣ ਵੀ ਹੋ ਰਿਹਾ ਹੈ। ਹਰ ਧਰਮ ਵਿਚ ਮੰਗਤੇ ਅਤੇ ਝੁਗੀਆਂ ਝੋਪੜੀਆਂ ਵਾਲੇ ਵੀ ਹਨ ਅਤੇ ਅਗਰ ਪਾਪੀਆਂ, ਅਪ੍ਰਾਧੀਆਂ ਅਤੇ ਦੁਰਾਚਾਰੀਆਂ ਦੀ ਗਿਣਤੀ ਮਿਣਤੀ ਕਰੀਏ ਤਾਂ ਇਹ ਵੀ ਹਰ ਧਰਮ ਦੀ ਆਬਾਦੀ ਦੇ ਲਿਹਾਗ਼ ਨਾਲ ਔਸਤਨ ਬਰਾਬਰ ਹੀ ਨਿਕਣਗੇ। ਦੁਨੀਆਂ ਭਰ ਦੇ ਲੋਕਾਂ ਦਾ ਜੀਵਨ ਅਤੇ ਜੀਵਨ ਸ਼ੈਲੀ ਲਗਭਗ ਇਕ ਹੀ ਤਰ੍ਹਾਂ ਦੀ ਹੈ ਅਤੇ ਦੁਨੀਆਂ ਭਰ ਦੇ ਲੋਕਾਂ ਦਾ ਮਨੋਵਿਗਿਆਨ ਵੀ ਇਕ ਹੀ ਤਰ੍ਹਾਂ ਦਾ ਹੈ। ਦਗਾਬਾਗ਼ੀ, ਚੋਰੀਆਂ, ਠਗੀਆਂ, ਹੇਰਾ ਫੇਰੀਆਂ, ਕਤਲ, ਜਬਰ-ਜ਼ਨਾਹ ਆਦਿ ਅਪ੍ਰਾਧਾਂ ਦੀ ਜਿਹੜੀ ਵੀ ਸੂਚੀ ਤਿਆਰ ਕੀਤੀ ਗਈ ਹੈ ਹਰ ਧਰਮ ਦਾ ਆਦਮੀ ਕਰ ਰਿਹਾ ਹੈ। ਅਜ ਤੱਕ ਹੋਏ ਲੋਕਾਂ ਦੇ ਜੀਵਨ ਵਿਚ ਕਿਸੇ ਵੀ ਧਰਮ ਨੇ ਕੋਈ ਵੱਖਰਾ ਗੁਣ ਪੈਦਾ ਨਹੀਂ ਕੀਤਾ ਅਤੇ ਨਾ ਹੀ ਇਸ ਉਤੇ ਫਖਰ ਹੀ ਕੀਤਾ ਜਾ ਸਕਦਾ ਹੈ।

ਅੱਜ ਅਜਿਹਾ ਸਮਾਂ ਆ ਗਿਆ ਹੈ ਕਿ ਸਮੇਂ ਦੀਆਂ ਸਰਕਾਰਾਂ ਨੇ ਧਰਮ ਦੇ ਨਾਮ ’ਤੇ ਆਪਣੇ ਰਿਕਾਰਡ ਲਿਖਣੇ ਬੰਦ ਕਰ ਦਿੱਤੇ ਹਨ। ਮਿਸਾਲ ਦੇ ਤੌਰ ’ਤੇ ਸਾਡਾ ਭਾਰਤ ਇਕ ਅਜਿਹਾ ਦੇਸ਼ ਹੈ, ਜਿਸ ਵਿਚ ਕਈ ਧਰਮ, ਕਈ ਜਾਤੀਆਂ, ਕਈ ਉਪ ਧਰਮ ਹਨ ਇਥੇ ਕਿਸੇ ਇਕ ਧਰਮ ਦੀ ਸਰਕਾਰੀ ਕਾਇਮ ਕਰਨੀ ਠੀਕ ਜਿਹਾ ਨਹੀਂ ਲਗ ਰਿਹਾ। ਇਸ ਲਈ ਜੇਕਰ ਇਹ ਧਰਮਾਂ ਦੇ ਨਾਮ ਸਰਕਾਰੀ ਰਿਕਾਰਡ ਵਿਚ ਬੰਦ ਹੀ ਕਰ ਦਿੱਤੇ ਜਾਣ ਅਤੇ ਕਿਸੇ ਨੂੰ ਕੋਈ ਰਿਆਇਤ ਨਾ ਮਿਲੇ ਤਾਂ ਅਸੀਂ ਕੁਝ ਹੀ ਦਹਾਕਿਆਂ ਵਿਚ ਇਕ ਕੌਮ ਬਣ ਸਕਦੇ ਹਾਂ। ਇਹ ਜਿਹੜਾ ਡਰ ਜਿਹਾ ਆ ਬਣਿਆ ਹੈ ਕਿ ਬਹੁਗਿਣਤੀ ਦੀ ਸਰਕਾਰ ਬਣਦੀ ਜਾ ਰਹੀ ਹੈ ਅਤੇ ਘਟ ਗਿਣਤੀਆਂ ਦੀ ਖੈਰ ਨਹੀਂ ਹੈ ਇਹ ਵਾਲਾ ਡਰ ਵੀ ਖਤਮ ਹੋ ਜਾਵੇਗਾ।


rajwinder kaur

Content Editor rajwinder kaur