Karwa Chauth : ਕਰਵਾ ਚੌਥ ਦਾ ਵਰਤ ਰੱਖਣ ਤੋਂ ਪਹਿਲਾਂ ਜਨਾਨੀਆਂ ਇਨ੍ਹਾਂ ਗੱਲਾਂ ’ਤੇ ਦੇਣ ਖ਼ਾਸ ਧਿਆਨ

10/11/2022 10:28:29 AM

ਜਲੰਧਰ (ਬਿਊਰੋ) -ਕਰਵਾ ਚੌਥ ਦੇ ਵਰਤ ਦਾ ਹਿੰਦੂ ਧਰਮ ਵਿੱਚ ਵਿਸ਼ੇਸ਼ ਮਹੱਤਵ ਹੈ। ਪੰਚਾਂਗ ਅਨੁਸਾਰ ਹਰ ਸਾਲ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਿਥੀ ਨੂੰ ਕਰਵਾ ਚੌਥ ਦਾ ਵਰਤ ਰੱਖਿਆ ਜਾਂਦਾ ਹੈ। ਇਸ ਵਾਰ ਇਹ ਵਰਤ 13 ਅਕਤੂਬਰ ਦਿਨ ਵੀਰਵਾਰ ਨੂੰ ਰੱਖਿਆ ਜਾਵੇਗਾ। ਕਰਵਾ ਚੌਥ ਦਾ ਵਰਤ ਪਤੀ-ਪਤਨੀ ਦੇ ਅਟੁੱਟ ਪਿਆਰ ਦਾ ਤਿਉਹਾਰ ਹੁੰਦਾ ਹੈ। ਇਸ ਦਿਨ ਪਤਨੀ ਆਪਣੇ ਪਤੀ ਦੀ ਲੰਮੀ ਉਮਰ ਲਈ ਸਾਰਾ ਦਿਨ ਵਰਤ ਰੱਖਦੀ ਹੈ। ਪਤਨੀ ਸਾਰਾ ਦਿਨ ਪਾਠ ਪੂਜਾ ਕਰਦੀ ਹੈ ਅਤੇ ਰੱਬ ਤੋਂ ਆਪਣੇ ਪਤੀ ਦੀ ਸਹੀ ਸਲਾਮਤੀ ਦੀ ਦੁਆ ਮੰਗਦੀ ਹੈ। ਰੱਬ ਵੱਲ ਧਿਆਨ ਲਗਾ ਕੇ ਪਤੀ ਲਈ ਵਰਤ ਰੱਖਣ ਲਈ ਬਹੁਤ ਸਾਰਿਆਂ ਗੱਲਾਂ ਅਜਿਹੀਆਂ ਹਨ, ਜਿਨ੍ਹਾਂ ਦਾ ਕਰਵਾ ਚੌਥ ਵਾਲੇ ਦਿਨ ਸਾਰੀਆਂ ਜਨਾਨੀਆਂ ਨੂੰ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ, ਜਿਵੇਂ  

. ਰਾਤ ਨੂੰ ਸਹੀ ਖਾਣੇ ਦੀ ਕਰੋ ਚੋਣ
ਵੈਸੇ ਤਾਂ ਰਾਤ ਦਾ ਖਾਣਾ ਹਲਕਾ ਹੋਣਾ ਚਾਹੀਦਾ ਹੈ ਪਰ ਵਰਤ ਤੋਂ ਪਹਿਲਾਂ ਰਾਤ ਦਾ ਖਾਣਾ ਅਜਿਹਾ ਖਾਓ, ਜਿਸ ਨਾਲ ਤੁਹਾਡਾ ਢਿੱਡ ਭਰਿਆ ਰਹੇ। ਖਾਣੇ 'ਚ ਘੱਟ ਤੇਲ ’ਚ ਬਣੀ ਸਬਜ਼ੀ, ਦਾਲ ਦੇ ਨਾਲ-ਨਾਲ ਤੁਸੀਂ ਸਲਾਦ ਵੀ ਖਾ ਸਕਦੇ ਹੋ, ਜੋ ਤੁਹਾਡੇ ਲਈ ਸਹੀ ਹੋਵੇਗਾ।

. ਕਰਵਾ ਚੌਥ ’ਤੇ ਸਰਗੀ 
ਕਰਵਾ ਚੌਥ ’ਤੇ ਸਰਗੀ ਵਿੱਚ ਜ਼ਿਆਦਾ ਤਲੀਆਂ ਚੀਜ਼ਾਂ ਖਾਣ ਦੀ ਬਜਾਏ ਸਿਹਤਮੰਦ ਚੀਜ਼ਾਂ ਲਓ। ਇਸ ਮੌਕੇ ਤੁਸੀਂ ਸੁੱਕੇ ਮੇਵੇ, ਦੁੱਧ, ਲੱਸੀ, ਹਲਵਾ ਆਦਿ ਵੀ ਲੈ ਸਕਦੇ ਹੋ। ਇਹ ਖ਼ਾਣ ਨਾਲ ਦਿਨ ਭਰ ਥਕਾਵਟ ਨਹੀਂ ਹੋਵੇਗੀ ਤੇ ਸਰੀਰ 'ਚ ਭਾਰਾਪਣ ਵੀ ਮਹਿਸੂਸ ਨਹੀਂ ਹੋਵੇਗਾ।

. ਪਾਣੀ ਦੀ ਵਰਤੋਂ
ਬਿਨਾ ਪਾਣੀ ਪੀਤੇ ਵਰਤ ਰੱਖਣ ਵਾਲੀਆਂ ਜਨਾਨੀਆਂ ਲਈ ਇਹ ਜ਼ਰੂਰੀ ਹੈ ਕਿ ਉਹ ਵਰਤ ਤੋਂ ਪਹਿਲਾਂ ਰੱਜ ਕੇ ਪਾਣੀ ਪੀ ਲੈਣ ਤਾਂ ਜੋ ਸਰੀਰ ਵਿੱਚ ਪਾਣੀ ਦੀ ਘਾਟ ਨਾ ਹੋਵੇ। ਪਾਣੀ ਨਾਲ ਦੁੱਧ, ਲੱਸੀ, ਫਲਾਂ ਦਾ ਜੂਸ, ਨਾਰੀਅਲ ਪਾਣੀ ਲੈ ਸਕਦੇ ਹੋ, ਜਿਸ ਨਾਲ ਸਾਰਾ ਦਿਨ ਸਰੀਰ ਵਿੱਚ ਪਾਣੀ ਦੀ ਘਾਟ ਨਹੀਂ ਹੁੰਦੀ।  

. ਚਾਹ ਪੀਣ ਨਾਲ ਹੁੰਦੀ ਹੈ ਐਸੀਡਿਟੀ 
ਬਹੁਤ ਸਾਰੀਆਂ ਜਨਾਨੀਆਂ ਕਰਵਾਚੌਥ ਦੀ ਕਥਾ ਸੁਣਨ ਤੋਂ ਬਾਅਦ ਸ਼ਾਮ ਨੂੰ ਚਾਹ ਦਾ ਸੇਵਨ ਕਰਦੀਆਂ ਹਨ। ਸਾਰਾ ਦਿਨ ਕੁਝ ਨਾ ਖਾਣ ਤੋਂ ਬਾਅਦ ਇਕੱਲੀ ਚਾਹ ਪੀਣ ਨਾਲ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ। ਇਸੇ ਲਈ ਚਾਹ ਪੀਣ ਦੀ ਥਾਂ ਤੁਸੀਂ ਹਲਕਾ ਗਰਮ ਦੁੱਧ ਜਾਂ ਜੂਸ ਲੈ ਸਕਦੇ ਹੋ। 

. ਚੰਦ ਨੂੰ ਅਰਗ ਦੇਣ ਤੋਂ ਬਾਅਦ ਨਾ ਖਾਓ ਇਕਦਮ ਖ਼ਾਣਾ
ਕਰਵਾ ਚੌਥ ਵਾਲੇ ਦਿਨ ਜਨਾਨੀਆਂ ਚੰਦ ਨੂੰ ਅਰਗ ਦੇਣ ਤੋਂ ਬਾਅਦ ਇਕਦਮ ਖ਼ਾਣਾ ਨਾ ਖਾਣ। ਇਸ ਦੀ ਥਾਂ ਉਹ ਹਲਕਾ ਤੇ ਜਲਦੀ ਹਜ਼ਮ ਹੋਣ ਵਾਲੇ ਖ਼ਾਣੇ ਦਾ ਸੇਵਨ ਕਰ ਸਕਦੀਆਂ ਹਨ। ਖ਼ਾਣਾ ਖਾ ਕੇ ਸੌਂਣ ਨਾਲ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ।  

. ਗਰਭਵਤੀ ਜਨਾਨੀਆਂ
ਗਰਭਵਤੀ ਜਨਾਨੀਆਂ ਜਾਂ ਬੱਚੇ ਨੂੰ ਦੁੱਧ ਪਿਆਉਣ ਵਾਲੀ ਜਨਾਨੀਆਂ ਬਿਨਾ ਪਾਣੀ ਵਾਲਾ ਕਰਵਾ ਚੌਥ ਦਾ ਵਰਤ ਨਾ ਰੱਖਣ। ਅਜਿਹੀਆਂ ਜਨਾਨੀਆਂ ਇਸ ਦਿਨ ਜੂਸ ਦਾ ਸੇਵਨ ਕਰ ਸਕਦੀਆਂ ਹਨ, ਜਿਸ ਨਾਲ ਉਨ੍ਹਾਂ ਦੀ ਸਿਹਤ ਠੀਕ ਰਹੇਗੀ ਅਤੇ ਕਮਜ਼ੋਰੀ ਨਹੀਂ ਆਵੇਗੀ। 


rajwinder kaur

Content Editor rajwinder kaur