ਇਸ ਵਿਧੀ ਨਾਲ ਘਰ 'ਚ ਕਰੋ ਪਿੱਤਰਾਂ ਦਾ ਸ਼ਰਾਧ, ਮਿਲਦੀ ਹੈ ਵੱਡੇ-ਵੱਡੇਰਿਆਂ ਦੀ ਆਤਮਾ ਨੂੰ ਸ਼ਾਂਤੀ

9/18/2024 12:30:38 PM

ਜਲੰਧਰ (ਬਿਊਰੋ) — 17 ਸਤੰਬਰ ਤੋਂ ਸ਼ਰਾਧ ਸ਼ੁਰੂ ਹੋ ਚੁੱਕੇ ਹਨ। ਸ਼ਰਾਧਾਂ ’ਚ ਅਸੀਂ ਆਪਣੇ ਪਿੱਤਰਾਂ ਨੂੰ ਯਾਦ ਕਰਦੇ ਹਾਂ ਅਤੇ  ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਦਾਨ ਕਰਦੇ ਹਾਂ। ਇਸ ਵਾਰ ਸ਼ਰਾਧ 17 ਸਤੰਬਰ ਤੋਂ 2 ਅਕਤੂਬਰ ਤੱਕ ਰਹਿਣਗੇ। ਹਿੰਦੂ ਧਰਮ ਮੁਤਾਬਕ ਇਨ੍ਹਾਂ ਦਿਨਾਂ ’ਚ ਸ਼ਰਾਧਾਂ ਅਨੁਸਾਰ ਦਾਨ ਕਰਨ ਦਾ ਬਹੁਤ ਮਹੱਤਵ ਹੁੰਦਾ ਹੈ। ਸ਼ਰਾਧਾਂ ਦੌਰਾਨ ਗੀਤਾ ਦਾ ਪਾਠ ਅਤੇ ਦਾਨ ਕਰਨਾ ਵਿਸ਼ੇਸ਼ ਲਾਭਕਾਰੀ ਹੁੰਦਾ ਹੈ। ਇਸ ਨਾਲ ਸਾਡੇ ਵੱਡੇ-ਵੱਡੇਰਿਆਂ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ।ਇਸੇ ਲਈ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸ਼ਰਾਧਾਂ ’ਚ ਕੀ-ਕੀ ਦਾਨ ਕਰਨਾ ਚਾਹੀਦਾ ਹੈ, ਜਿਸ ਨਾਲ ਵੱਡੇ-ਵੱਡੇਰਿਆਂ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ।

ਘਰ 'ਚ ਸ਼ਰਾਧ ਕਰਨ ਦੀ ਵਿਧੀ
ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਘਰ ਦੀ ਸਫਾਈ ਚੰਗੇ ਤਰੀਕੇ ਨਾਲ ਕਰੋ। ਗੰਗਾਜਲ ਨੂੰ ਪੂਰੇ ਘਰ 'ਚ ਛਿੜਕੋ। ਇਸ ਤੋਂ ਬਾਅਦ ਦੱਖਣ ਦਿਸ਼ਾ ਵੱਲ ਮੂੰਹ ਕਰਕੇ ਅਤੇ ਖੱਬੇ ਪੈਰ ਨੂੰ ਮੋੜਕੇ ਬੈਠ ਜਾਓ। ਤਾਂਬੇ ਦੇ ਬਰਤਨ 'ਚ ਤਿੱਲ, ਦੁੱਧ, ਗੰਗਾਜਲ ਤੇ ਪਾਣੀ ਰੱਖੋ। ਉਸ ਜਲ ਨੂੰ ਹੱਥਾਂ 'ਚ ਭਰ ਕੇ ਸਿੱਧੇ ਹੱਥ ਦੇ ਅੰਗੂਠੇ ਨਾਲ ਉਸੇ ਬਰਤਨ 'ਚ ਵਾਪਸ ਪਾ ਦਿਓ। ਪਿੱਤਰਾਂ ਦਾ ਧਿਆਨ ਕਰਦੇ ਹੋਏ ਅਜਿਹਾ ਲਗਾਤਾਰ 11 ਵਾਰ ਕਰੋ।

ਰੰਗੋਲੀ ਬਣਾਉਣ ਦੀ ਪ੍ਰਥਾ
ਘਰ ਦੇ ਵਿਹੜੇ 'ਚ ਰੰਗੋਲੀ ਬਣਾਉਣ ਦੀ ਵੀ ਪ੍ਰਥਾ ਹੈ। ਮਹਿਲਾਵਾਂ ਪਿੱਤਰਾਂ ਲਈ ਭੋਜਨ ਬਣਾ ਕੇ ਬ੍ਰਾਹਮਣ ਨੂੰ ਸੱਦਾ ਦੇ ਕੇ ਘਰ ਬੁਲਾਉਣ। ਬ੍ਰਾਹਮਣਾਂ ਦੇ ਆਉਣ 'ਤੇ ਉਨ੍ਹਾਂ ਦੇ ਪੈਰ ਧੋ ਕੇ ਉਨ੍ਹਾਂ ਨੂੰ ਭੋਜਨ ਦਿਓ ਅਤੇ ਇਸ ਦੌਰਾਨ ਪਤਨੀ ਨੂੰ ਸੱਜੇ ਪਾਸੇ ਹੋਣਾ ਚਾਹੀਦਾ ਹੈ, ਜੋ ਕਿ ਕਾਫੀ ਸ਼ੁੱਭ ਮੰਨਿਆ ਜਾਂਦਾ ਹੈ। ਭੋਜਨ 'ਚ ਪਿੱਤਰਾਂ ਲਈ ਖੀਰ ਜ਼ਰੂਰ ਬਣਾਓ। ਬ੍ਰਾਹਮਣਾਂ ਨੂੰ ਭੋਜਨ ਕਰਵਾਉਣ ਤੋਂ ਪਹਿਲਾਂ ਗਾਂ, ਕੁੱਤੇ, ਕਾਂ, ਦੇਵਤਾ ਤੇ ਕੀੜੀਆਂ ਲਈ ਭੋਜਨ ਸਮੱਗਰੀ ਕੱਢ ਲਓ। ਦੱਖਣ ਦਿਸ਼ਾ ਵੱਲ ਮੂੰਹ ਕਰਕੇ ਜੌ, ਤਿੱਲ, ਚਾਵਲ ਤੇ ਜਲ ਲੈ ਕੇ ਸਕੰਲਪ ਤੇ ਸ਼ਰਧਾ ਅਨੁਸਾਰ 1 ਜਾਂ 3 ਬ੍ਰਾਹਮਣਾਂ ਨੂੰ ਭੋਜਨ ਕਰਵਾਓ।

ਦਾਨ ਕਰੋ ਸਮੱਗਰੀ
ਭੋਜਨ ਕਰਵਾਉਣ ਤੋਂ ਉਪਰੰਤ ਬਾਅਦ ਸਮੱਗਰੀ ਦਾਨ ਕਰੋ, ਜਿਸ 'ਚ ਤਿੱਲ, ਘਿਓ, ਅਨਾਜ, ਗੁੜ੍ਹ, ਚਾਂਦੀ ਤੇ ਨਮਕ ਹੋਵੇ। ਬ੍ਰਾਹਮਣ ਵੈਦਿਕ ਪਾਠ ਕਰਨ ਤੇ ਘਰ ਅਤੇ ਵੱਡ-ਵੱਡੇਰਿਆਂ ਨੂੰ ਸ਼ੁੱਭਕਾਮਨਾਵਾਂ ਦੇਣ।


Tarsem Singh

Content Editor Tarsem Singh