25 ਅਕਤੂਬਰ ਨੂੰ ਜਾਣੋ ਦੇਸ਼ ਦੇ ਕਿਸ ਸ਼ਹਿਰ ’ਚ ਕਦੋਂ ਵਿਖਾਈ ਦੇਵੇਗਾ ਅੰਸ਼ਿਕ ਸੂਰਜ ਗ੍ਰਹਿਣ

10/20/2022 5:07:13 PM

ਜਲੰਧਰ (ਬਿਊਰੋ) - ਜੋਤਿਸ਼ ਸ਼ਾਸਤਰ ਅਨੁਸਾਰ ਸਾਲ ਦਾ ਦੂਜਾ ਅਤੇ ਆਖਰੀ ਸੂਰਜ ਗ੍ਰਹਿਣ 25 ਅਕਤੂਬਰ, 2022 ਨੂੰ ਲੱਗਣ ਵਾਲਾ ਹੈ। ਦੀਵਾਲੀ ਦੇ ਤਿਉਹਾਰ ਦੇ ਅਗਲੇ ਦਿਨ ਲੱਗਣ ਵਾਲੇ ਇਸ ਗ੍ਰਹਿਣ ਦੇ ਵੱਖ-ਵੱਖ ਅਰਥ ਹਨ। ਸੂਰਜ ਗ੍ਰਹਿਣ ਸ਼ਾਮ 4:40 ਤੋਂ 5:24 ਤੱਕ ਰਹੇਗਾ। ਗ੍ਰਹਿਣ ਦਾ ਸੂਤਕ ਸਮਾਂ ਇਸ ਤੋਂ 12 ਘੰਟੇ ਪਹਿਲਾਂ ਸ਼ੁਰੂ ਹੋ ਜਾਵੇਗਾ। ਯਾਨੀ ਸੂਰਜ ਗ੍ਰਹਿਣ 24 ਅਕਤੂਬਰ ਤੋਂ ਸ਼ੁਰੂ ਹੋ ਜਾਵੇਗਾ।

ਕਈ ਹਿੱਸਿਆਂ ’ਚ ਨਜ਼ਰ ਆਵੇਗਾ ਸੂਰਜ ਗ੍ਰਹਿਣ
ਜੋਤਿਸ਼ ਮੁਤਾਬਕ ਇਹ ਸੂਰਜ ਗ੍ਰਹਿਣ ਦੇਸ਼ ਦੇ ਕਈ ਹਿੱਸਿਆਂ 'ਚ ਨਜ਼ਰ ਆਵੇਗਾ। ਅੰਸ਼ਿਕ ਸੂਰਜ ਗ੍ਰਹਿਣ 25 ਅਕਤੂਬਰ ਨੂੰ ਸ਼ਾਮ 4:40 ਤੋਂ 5:24 ਤੱਕ ਲੱਗੇਗਾ। ਸੂਰਜ ਡੁੱਬਣ ਦਾ ਸਮਾਂ ਸ਼ਾਮ 5:27 ਹੈ। ਇਸ ਲਈ ਗ੍ਰਹਿਣ ਦੀ ਮਿਆਦ 47 ਮਿੰਟ ਹੋਵੇਗੀ। ਅੰਸ਼ਿਕ ਸੂਰਜ ਗ੍ਰਹਿਣ ਦੀ ਤੀਬਰਤਾ 36 ਫ਼ੀਸਦੀ ਹੋਵੇਗੀ। ਇਹ ਆਕਾਸ਼ੀ ਘਟਨਾ ਦੇਸ਼ ਦੇ ਪੱਛਮੀ ਅਤੇ ਉੱਤਰੀ ਹਿੱਸਿਆਂ ਵਿੱਚ ਬਿਹਤਰ ਦਿਖਾਈ ਦੇਵੇਗੀ।

ਉੱਤਰ-ਪੂਰਬੀ ਭਾਰਤ ’ਚ ਹੋਵੇਗੀ ਇਹ ਸਥਿਤੀ 
ਕਿਹਾ ਜਾ ਰਿਹਾ ਹੈ ਕਿ ਇਹ ਸੂਰਜ ਗ੍ਰਹਿਣ ਉੱਤਰ-ਪੂਰਬੀ ਭਾਰਤ ਵਿੱਚ ਨਹੀਂ ਦਿਖਾਈ ਦੇਵੇਗਾ, ਕਿਉਂਕਿ ਇਸ ਖੇਤਰ ਵਿੱਚ ਇਹ ਖਗੋਲੀ ਘਟਨਾ ਸੂਰਜ ਡੁੱਬਣ ਤੋਂ ਬਾਅਦ ਵਾਪਰੇਗੀ। ਭਾਰਤ ਤੋਂ ਇਲਾਵਾ ਇਸ ਨੂੰ ਯੂਰਪ, ਉੱਤਰੀ ਅਫ਼ਰੀਕਾ, ਮੱਧ ਏਸ਼ੀਆ ਅਤੇ ਏਸ਼ੀਆ ਦੇ ਹੋਰ ਖੇਤਰਾਂ ਵਿੱਚ ਦੇਖਿਆ ਜਾ ਸਕਦਾ ਹੈ। ਭਾਰਤ ਦੇ ਉੱਤਰ-ਪੱਛਮੀ ਹਿੱਸਿਆਂ ਵਿੱਚ ਵੱਧ ਤੋਂ ਵੱਧ ਗ੍ਰਹਿਣ ਦੇ ਸਮੇਂ ਚੰਦਰਮਾ ਸੂਰਜ ਦੇ 40 ਤੋਂ 50 ਫ਼ੀਸਦੀ ਦੇ ਵਿਚਕਾਰ ਕਵਰ ਕਰੇਗਾ। ਗ੍ਰਹਿਣ ਦੀ ਮਿਆਦ ਦਿੱਲੀ ਅਤੇ ਮੁੰਬਈ ਵਿੱਚ ਸ਼ੁਰੂ ਤੋਂ ਸੂਰਜ ਡੁੱਬਣ ਤੱਕ ਕ੍ਰਮਵਾਰ 1 ਘੰਟਾ 13 ਮਿੰਟ ਅਤੇ 1 ਘੰਟਾ 19 ਮਿੰਟ ਹੋਵੇਗੀ।

ਕਦੋਂ ਲੱਗਦਾ ਹੈ ਸੂਰਜ ਗ੍ਰਹਿਣ
ਦੱਸ ਦੇਈਏ ਕਿ ਅੰਸ਼ਿਕ ਸੂਰਜ ਗ੍ਰਹਿਣ ਉਦੋਂ ਲੱਗਦਾ ਹੈ, ਜਦੋਂ ਚੰਦਰ ਚੱਕਰਿਕਾ ਸੂਰਜ ਚੱਕਰਿਕਾ ਨੂੰ ਅੰਸ਼ਿਕ ਤੌਰ 'ਤੇ ਢੱਕਣ ਯੋਗ ਹੋ ਜਾਂਦੀ ਹੈ। ਅਮਾਵਸਿਆ ਦੇ ਦਿਨ ਸੂਰਜ, ਚੰਦਰਮਾ ਅਤੇ ਧਰਤੀ ਇਕ ਸਮਾਨ ਸਿੱਧੀ ਰੇਖਾ ਵਿੱਚ ਹੋਣਗੇ। 25 ਅਕਤੂਬਰ ਨੂੰ ਸੂਰਜ, ਚੰਦਰਮਾ ਅਤੇ ਧਰਤੀ ਇੱਕ ਸਮਾਨ ਪਾਟਲ 'ਤੇ ਹੋਣਗੇ, ਜਿਸ ’ਚ ਚੰਦਰਮਾ ਥੋੜੇ ਸਮੇਂ ਲਈ ਅੰਸ਼ਿਕ ਰੂਪ ਤੋਂ ਸੂਰਜ ਨੂੰ ਢੱਕ ਦੇਵੇਗਾ। ਚੰਦਰਮਾ ਦੇ ਪਰਛਾਵੇਂ ਵਾਲੇ ਖੇਤਰ ਵਿੱਚ ਅੰਸ਼ਿਕ ਸੂਰਜ ਗ੍ਰਹਿਣ ਦੇਖਿਆ ਜਾ ਸਕਦਾ ਹੈ।


rajwinder kaur

Content Editor rajwinder kaur