ਜਦੋਂ ਸ਼ਿਵ ਜੀ ਨੇ ਧਾਰਿਆ ‘ਰਾਧਾ ਦਾ ਰੂਪ’, ਜਾਣੋ ਇਸ ਅਲੌਕਿਕ ਕਥਾ ਬਾਰੇ
7/19/2022 4:12:07 PM
ਨਵੀਂ ਦਿੱਲੀ - ਇਕ ਵਾਰ ਦੀ ਗੱਲ ਹੈ ‘ਨਟਰਾਜ’ ਭਗਵਾਨ ਸ਼ਿਵ ਦੇ ਤਾਂਡਵ ਨਿ੍ਰਤ ’ਚ ਸ਼ਾਮਲ ਹੋਣ ਲਈ ਸਾਰੇ ਦੇਵਗਣ ਕੈਲਾਸ਼ ਪਰਵਤ ’ਤੇ ਹਾਜ਼ਰ ਹੋਏ। ਜਗਜਨਨੀ ਮਾਤਾ ਗੌਰੀ ਉਥੇ ਦਿਵਯ ਰਤਨ ਸਿੰਘਾਸਨ ’ਤੇ ਵਿਰਾਜਮਾਨ ਹੋ ਕੇ ਆਪਣੀ ਪ੍ਰਧਾਨਗੀ ’ਚ ਤਾਂਡਵ ਦਾ ਆਯੋਜਨ ਕਰਵਾਉਣ ਲਈ ਮੌਜੂਦ ਸਨ।
ਦੇਵਰਿਸ਼ੀ ਨਾਰਦ ਵੀ ਉਸ ਨਿ੍ਰਤ ਦੇ ਪ੍ਰੋਗਰਾਮ ’ਚ ਹਿੱਸਾ ਲੈਣ ਲਈ ਸਫਰ ਕਰਦੇ ਹੋਏ ਉਥੇ ਪਹੁੰਚੇ ਸਨ। ਕੁਝ ਦੇਰ ਬਾਅਦ ਭਗਵਾਨ ਸ਼ਿਵ ਭਾਵੁਕ ਹੋ ਗਏ ਅਤੇ ਤਾਂਡਵ ਨਾਚ ਸ਼ੁਰੂ ਕਰ ਦਿੱਤਾ। ਸਾਰੇ ਦੇਵ ਅਤੇ ਦੇਵੀਆਂ ਵੀ ਉਸ ਨਿ੍ਰਤ ’ਚ ਸਹਿਯੋਗੀ ਬਣ ਕੇ ਵੱਖ-ਵੱਖ ਤਰ੍ਹਾਂ ਦੇ ਸਾਜ਼ ਵਜਾਉਣ ਲੱਗੇ। ਵੀਣਾ ਵਾਦਿਨੀ ਮਾਂ ਸਰਸਵਤੀ ਨੇ ਵੀਣਾ ਵਜਾਉਣੀ ਸ਼ੁਰੂ ਕਰ ਦਿੱਤੀ, ਭਗਵਾਨ ਵਿਸ਼ਨੂੰ ਨੇ ਮਿ੍ਰਦੰਗ ਵਜਾਉਣਾ ਸ਼ੁਰੂ ਕਰ ਦਿੱਤਾ ਅਤੇ ਦੇਵਰਾਜ ਇੰਦਰ ਨੇ ਬੰਸਰੀ ਵਜਾਉਣੀ ਸ਼ੁਰੂ ਕਰ ਦਿੱਤੀ, ਬ੍ਰਹਮਾ ਜੀ ਨੇ ਆਪਣੇ ਹੱਥਾਂ ਨਾਲ ਤਾਲ ਦੇਣੀ ਸ਼ੁਰੂ ਕਰ ਦਿੱਤੀ ਅਤੇ ਲਕਸ਼ਮੀ ਜੀ ਨੇ ਗਾਉਣਾ ਸ਼ੁਰੂ ਕਰ ਦਿੱਤਾ।
ਹੋਰ ਦੇਵਤੇ, ਗੰਧਰਵ, ਯਕਸ਼, ਉਰਗ, ਪੰਨਾਗ, ਸਿੱਧ ਅਪਸਰਾਵਾਂ, ਵਿੱਦਿਆਧਰ ਆਦਿ ਭਗਵਾਨ ਸ਼ਿਵ ਦੇ ਦੁਆਲੇ ਖੜੇ੍ਹ ਹੋ ਕੇ ਉਸ ਦੀ ਉਸਤਤੀ ’ਚ ਮਗਨ ਹੋ ਗਏ।
ਇਹ ਵੀ ਪੜ੍ਹੋ : ਜਾਣੋ ਸਾਉਣ ਦੇ ਮਹੀਨੇ 'ਚ ਕਿਉਂ ਪਹਿਨੀਆਂ ਜਾਂਦੀਆਂ ਹਨ ਹਰੇ ਰੰਗ ਦੀਆਂ ਚੂੜੀਆਂ ਅਤੇ ਕੱਪੜੇ
ਭਗਵਾਨ ਸਿਵ ਨੇ ਉਸ ਪ੍ਰਦੋਸ਼ ਸਮੇਂ ਦੌਰਾਨ ਉਨ੍ਹਾਂ ਸਾਰੀਆਂ ਬ੍ਰਹਮ ਸ਼ਖਸੀਅਤਾਂ ਦੇ ਸਾਹਮਣੇ ਇਕ ਬਹੁਤ ਹੀ ਸ਼ਾਨਦਾਰ ਤਾਂਡਵ ਨਿ੍ਰਤ ਕੀਤਾ। ਉਨ੍ਹਾਂ ਦੇ ਅੰਗਾਂ ਦੇ ਸੰਭਾਲਨ ਦੀ ਕੁਸ਼ਲਤਾ ਅਤੇ ਵਿਲੋਲ-ਹਿਲੋਲ ਦੇ ਪ੍ਰਭਾਵ ਨਾਲ ਸਾਰਿਆਂ ਦੇ ਮਨ ਤੇ ਨੇਤਰ ਦੋਵੇਂ ਇਕਦਮ ਚੰਚਲ ਹੋ ਉੱਠੇ। ਸਾਰਿਆਂ ਨੇ ਨਟਰਾਜ ਭਗਵਾਨ ਸ਼ੰਕਰ ਜੀ ਦੇ ਉਸ ਨਾਚ ਦੀ ਸ਼ਲਾਘਾ ਕੀਤੀ। ਭਗਵਤੀ ਮਹਾਕਾਲੀ ਉਸ ’ਤੇ ਬਹੁਤ ਪ੍ਰਸੰਨ ਹੋਈ। ਉਸ ਨੇ ਸ਼ਿਵ ਨੂੰ ਕਿਹਾ, ‘‘ਭਗਵਾਨ ਅੱਜ ਤੁਹਾਡੇ ਇਸ ਨਿ੍ਰਤ ਨਾਲ ਮੈਨੂੰ ਬਹੁਤ ਆਨੰਦ ਹੋਇਆ ਹੈ। ਮੈਂ ਚਾਹੁੰਦੀ ਹਾਂ ਕਿ ਤੁਸੀਂ ਅੱਜ ਮੇਰੇ ਤੋਂ ਕੋੋਈ ਵਰ ਪ੍ਰਾਪਤ ਕਰੋ।’’ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਆਸ਼ੂਤੋਸ਼ ਭਗਵਾਨ ਸ਼ਿਵ ਨੇ ਨਾਰਦ ਜੀ ਦੀ ਪ੍ਰੇਰਣਾ ਨਾਲ ਕਿਹਾ, ‘‘ਹੇ ਦੇਵੀ! ਇਸ ਤਾਂਡਵ ਨਿ੍ਰਤ ਦੇ ਜਿਸ ਆਨੰਦ ਨਾਲ ਤੁਸੀਂ, ਦੇਵਗਣ ਅਤੇ ਹੋਰ ਪ੍ਰਾਣੀ ਆਨੰਦ ਹੋ ਰਹੇ ਹਨ, ਉਸ ਆਨੰਦ ਤੋਂ ਧਰਤੀ ਦੇ ਸਾਰੇ ਪ੍ਰਾਣੀ ਵਾਂਝੇ ਰਹਿ ਜਾਂਦੇ ਹਨ। ਸਾਡੇ ਭਗਤਾਂ ਨੂੰ ਵੀ ਇਹ ਸੁੱਖ ਪ੍ਰਾਪਤ ਨਹੀਂ ਹੁੰਦਾ, ਇਸ ਲਈ ਤੁਸੀਂ ਅਜਿਹਾ ਕਰੋ ਕਿ ਧਰਤੀ ਦੇ ਪ੍ਰਾਣੀਆਂ ਨੂੰ ਵੀ ਇਸ ਦਾ ਦਰਸ਼ਨ ਪ੍ਰਾਪਤ ਹੋ ਸਕੇ ਪਰ ਮੈਂ ਹੁਣ ਤਾਂਡਵ ਤੋਂ ਪ੍ਰਹੇਜ਼ ਕਰ ਕੇ ਸਿਰਫ ‘ਰਾਸ’ ਕਰਨਾ ਚਾਹੁੰਦਾ ਹਾਂ।’’ ਭਗਵਾਨ ਸ਼ਿਵ ਦੀ ਗੱਲ ਸੁਣ ਕੇ ਤਤਕਸ਼ਣ ਭਗਵਤੀ ਮਹਾਕਾਲੀ ਨੇ ਸਾਰੇ ਦੇਵਤਿਆਂ ਨੂੰ ਵੱਖ-ਵੱਖ ਰੂਪਾਂ ’ਚ ਧਰਤੀ ’ਤੇ ਅਵਤਾਰ ਲੈਣ ਦਾ ਹੁਕਮ ਦਿੱਤਾ। ਖੁਦ ਉਹ ਭਗਵਾਨ ਸ਼ਿਆਮਸੁੰਦਰ ਸ਼੍ਰੀ ਕ੍ਰਿਸ਼ਨ ਦਾ ਅਵਤਾਰ ਲੈ ਕੇ ਵ੍ਰਿੰਦਾਵਨ ਧਾਮ ’ਚ ਪਧਾਰੀ। ਭਗਵਾਨ ਸ਼ਿਵ ਨੇ ਬ੍ਰਜ ’ਚ ਸ਼੍ਰੀ ਰਾਧਾ ਦੇ ਰੂਪ ’ਚ ਅਵਤਾਰ ਗ੍ਰਹਿਣ ਕੀਤਾ। ਇਥੇ ਇਨ੍ਹਾਂ ਦੋਵਾਂ ਨੇ ਮਿਲ ਕੇ ਦੇਵਦੁਰਲਭ, ਅਲੌਕਿਕ ਰਾਸ ਨਿ੍ਰਤ ਦਾ ਆਯੋਜਨ ਕੀਤਾ।
ਭਗਵਾਨ ਸ਼ਿਵ ਦੀ ‘ਨਟਰਾਜ’ ਉਪਾਧੀ ਇਥੇ ਭਗਵਾਨ ਸ਼੍ਰੀ ਖ੍ਰਿਸ਼ਨ ਨੂੰ ਪ੍ਰਾਪਤ ਹੋਈ। ਧਰਤੀ ਦੇ ਪ੍ਰਾਣੀ ਇਸ ਰਾਸ ਦੇ ਅਵਲੋਕਨ ਨਾਲ ਆਨੰਦਿਤ ਹੋ ਉੱਠੇ ਅਤੇ ਭਗਵਾਨ ਸ਼ਿਵ ਦੀ ਇੱਛਾ ਪੂਰੀ ਹੋਈ।
ਇਹ ਵੀ ਪੜ੍ਹੋ : 19 ਹਜ਼ਾਰ ਫੁੱਟ 'ਤੇ ਸਥਿਤ ਹਨ ਸ਼੍ਰੀਖੰਡ ਮਹਾਦੇਵ, ਇਹ ਹੈ ਭਾਰਤ ਦੀ ਸਭ ਤੋਂ ਔਖੀ ਪੈਦਲ ਯਾਤਰਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।