ਜਦੋਂ ਭਗਵਾਨ ਸ਼ਿਵ ਨੇ ਮਾਂ ਪਾਰਵਤੀ ਨੂੰ ‘ਅਮਰਤਵ’ ਦਾ ਰਹੱਸ ਦੱਸਿਆ
6/28/2022 3:06:29 PM
ਨਵੀਂ ਦਿੱਲੀ - ਸ਼੍ਰੀ ਅਮਰਨਾਥ ਨੂੰ ਤੀਰਥਾਂ ਦਾ ਤੀਰਥ ਕਿਹਾ ਜਾਂਦਾ ਹੈ ਕਿਉਂਕਿ ਇਥੇ ਹੀ ਭਗਵਾਨ ਸ਼ਿਵ ਨੇ ਮਾਂ ਪਾਰਵਤੀ ਨੂੰ ‘ਅਮਰਤਵ’ ਦਾ ਰਹੱਸ ਦੱਸਿਆ ਸੀ। ਇਸ ਤੀਰਥ ਦੀ ਪ੍ਰਮੁੱਖ ਵਿਸ਼ੇਸ਼ਤਾ ਪਵਿੱਤਰ ਗੁਫਾ ’ਚ ਬਰਫ ਨਾਲ ਕੁਦਰਤੀ ਸ਼ਿਵਲਿੰਗ ਦਾ ਬਣਿਆ ਹੋਣਾ ਹੈ। ਕੁਦਰਤੀ ਬਰਫ ਨਾਲ ਬਣੇ ਹੋਣ ਕਾਰਨ ਇਸ ਨੂੰ ‘ਸਵੈਮਭੂ ਹਿਮਾਨੀ ਸ਼ਿਵਲਿੰਗ’ ਵੀ ਕਹਿੰਦੇ ਹਨ। ਪਵਿੱਤਰ ਗੁਫਾ ਸਮੁੰਦਰ ਤਲ ਤੋਂ 13600 ਫੁੱਟ ਦੀ ਉੱਚਾਈ ’ਤੇ ਸਥਿਤ ਹੈ, ਜਿਸ ਦੀ ਡੂੰਘਾਈ 19 ਮੀਟਰ ਅਤੇ ਚੌੜਾਈ 16 ਮੀਟਰ ਹੈ। ਇਹ ਪਵਿੱਤਰ ਅਮਰਨਾਥ ਗੁਫਾ ਭਗਵਾਨ ਸ਼ਿਵ ਦੇ ਮੁੱਖ ਸਥਾਨਾਂ ’ਚੋਂ ਇਕ ਹੈ।
ਹਾੜ ਪੁੰਨਿਆ ਤੋਂ ਸ਼ੁਰੂ ਹੋ ਕੇ ਰੱਖੜੀ ਤਕ ਪੂਰੇ ਸਾਉਣ ਮਹੀਨੇ ’ਚ ਹੋਣ ਵਾਲੇ ਪਵਿੱਤਰ ਹਿਮਲਿੰਗ ਦੇ ਦਰਸ਼ਨਾਂ ਲਈ ਲੱਖਾਂ ਲੋਕ ਇਥੇ ਆਉਂਦੇ ਹਨ। ਗੁਫਾ ਦੀ ਛੱਤ ਤੋਂ ਬਰਫ ਦੇ ਪਾਣੀ ਦੀਆਂ ਬੂੰਦਾਂ ਥਾਂ-ਥਾਂ ਟਪਕਦੀਆਂ ਰਹਿੰਦੀਆਂ ਹਨ। ਗੁਫਾ ’ਚ ਇਕ ਸਥਾਨ ਅਜਿਹਾ ਹੈ ਜਿਥੇ ਬਰਫ ਦੀਆਂ ਬੂੰਦਾਂ ਤੋਂ ਲਗਭਗ 10 ਤੋਂ 12 ਫੁੱਟ ਲੰਬਾ ਹਿਮ ਸ਼ਿਵਲਿੰਗ ਬਣਦਾ ਹੈ। ਚੰਦਰਮਾ ਦੇ ਘਟਣ-ਵਧਣ ਨਾਲ ਬਰਫ ਦਾ ਆਕਾਰ ਵੀ ਘਟਦਾ-ਵਧਦਾ ਰਹਿੰਦਾ ਹੈ। ਸਾਉਣ ਦੀ ਪੁੰਨਿਆ ਨੂੰ ਇਹ ਆਪਣੇ ਪੂਰੇ ਆਕਾਰ ’ਚ ਆ ਜਾਂਦਾ ਹੈ ਅਤੇ ਮੱਸਿਆ ਤਕ ਹੌਲੀ-ਹੌਲੀ ਛੋਟਾ ਹੁੰਦਾ ਜਾਂਦਾ ਹੈ।
ਇਹ ਵੀ ਪੜ੍ਹੋ : ਇਸ ਦਿਨ ਤੋਂ ਸ਼ੁਰੂ ਹੋ ਰਿਹਾ ਹੈ ਸਾਵਣ ਦਾ ਮਹੀਨਾ , ਇਸ ਵਾਰ ਭੋਲੇਨਾਥ ਨੂੰ ਇਨ੍ਹਾਂ ਉਪਾਵਾਂ ਨਾਲ ਕਰੋ ਖ਼ੁਸ਼
ਹੈਰਾਨੀ ਦੀ ਗੱਲ ਹੈ ਕਿ ਸ਼ਿਵਲਿੰਗ ਠੋਸ ਬਰਫ ਦਾ ਹੁੰਦਾ ਹੈ, ਜਦਕਿ ਗੁਫਾ ’ਚ ਆਮ ਤੌਰ ’ਤੇ ਕੱਚੀ ਬਰਫ ਹੀ ਹੁੰਦੀ ਹੈ ਜੋ ਹੱਥ ’ਚ ਲੈਂਦੇ ਹੀ ਭੁਰਭੁਰਾ ਜਾਂਦੀ ਹੈ। ਹਿਮ ਸ਼ਿਵਲਿੰਗ ਤੋਂ ਕੁਝ ਫੁੱਟ ਦੂਰ ਗਣੇਸ਼, ਭੈਰੋਂ ਅਤੇ ਪਾਰਵਤੀ ਜੀ ਦੇ ਉਹੋ ਜਿਹੇ ਹੀ ਵੱਖ-ਵੱਖ ਹਿਮਖੰਡ ਹੁੰਦੇ ਹਨ। ਗੁਫਾ ’ਚ ਅੱਜ ਵੀ ਸ਼ਰਧਾਲੂਆਂ ਨੂੰ ਕਬੂਤਰਾਂ ਦਾ ਇਕ ਜੋੜਾ ਦਿਖਾਈ ਦਿੰਦਾ ਹੈ, ਜਿਨ੍ਹਾਂ ਨੂੰ ਸ਼ਰਧਾਲੂ ‘ਅਮਰਪੰਛੀ’ ਦੱਸਦੇ ਹਨ। ਉਹ ਵੀ ਅਮਰ ਕਥਾ ਸੁਣ ਕੇ ਅਮਰ ਹੋਏ ਸਨ। ਮਾਨਤਾ ਹੈ ਕਿ ਜਿਹੜੇ ਸ਼ਰਧਾਲੂਆਂ ਨੂੰ ਕਬੂਤਰਾਂ ਦਾ ਜੋੜਾ ਦਿਖਾਈ ਦਿੰਦਾ ਹੈ, ਉਨ੍ਹਾਂ ਨੂੰ ਸ਼ਿਵ ਅਤੇ ਪਾਰਵਤੀ ਮੁਕਤੀ ਪ੍ਰਦਾਨ ਕਰਦੇ ਹਨ।
ਮੰਨਿਆ ਜਾਂਦਾ ਹੈ ਕਿ ਭਗਵਾਨ ਸ਼ਿਵ ਭੋਲੇ ਭੰਡਾਰੀ ਨੇ ਪਾਰਵਤੀ ਮਾਤਾ ਨੂੰ ਇਸੇ ਗੁਫਾ ’ਚ ਉਹ ਕਥਾ ਸੁਣਾਈ ਸੀ, ਜਿਸ ’ਚ ਅਮਰਨਾਥ ਯਾਤਰਾ ਅਤੇ ਉਸ ਦੇ ਮਾਰਗ ’ਚ ਆਉਣ ਵਾਲੇ ਕਈ ਸਥਾਨਾਂ ਦਾ ਵਰਣਨ ਹੈ। ਇਹ ਸਾਰੇ ਸਥਾਨ ਅੱਜ ਵੀ ਅਮਰਨਾਥ ਯਾਤਰਾ ਦੇ ਰਸਤੇ ’ਚ ਆਉਂਦੇ ਹਨ। 16ਵੀਂ ਸ਼ਤਾਬਦੀ ’ਚ ਸਭ ਤੋਂ ਪਹਿਲਾਂ ਇਸ ਗੁਫਾ ਦਾ ਪਤਾ ਮੁਸਲਮਾਨ ਗਡਰੀਏ ਨੂੰ ਲੱਗਾ ਸੀ। ਅੱਜ ਵੀ ਚੜ੍ਹਾਵੇ ਦਾ ਚੌਥਾ ਹਿੱਸਾ ਉਸ ਮੁਸਲਮਾਨ ਗਡਰੀਏ ਦੇ ਪਰਿਵਾਰ ਨੂੰ ਜਾਂਦਾ ਹੈ। ਅਮਰਨਾਥ ਯਾਤਰਾ ’ਤੇ ਜਾਣ ਲਈ ਦੋ ਰਸਤੇ ਹਨ- ਇਕ ਪਹਿਲਗਾਮ ਹੋ ਕੇ ’ਤੇ ਦੂਸਰਾ ਸੋਨਮਰਗ ਬਾਲਟਾਲ ਰਾਹੀਂ। ਪਹਿਲਗਾਮ ਤੋਂ ਜਾਣ ਵਾਲੇ ਰਸਤੇ ਨੂੰ ਸੌਖਾ ਅਤੇ ਸੁਵਿਧਾਜਨਕ ਸਮਝਿਆ ਜਾਂਦਾ ਹੈ। ਬਾਲਟਾਲ ਰਾਹੀਂ ਪਵਿੱਤਰ ਗੁਫਾ 14 ਕਿਲੋਮੀਟਰ ਦੂਰ ਹੈ। ਪਹਿਲਗਾਮ ਤੋਂ ਪਹਿਲਾ ਪੜਾਅ ਚੰਦਨਵਾੜੀ ਹੈ, ਜੋ 8 ਕਿਲੋਮੀਟਰ ਦੂਰ ਹੈ। ਫਿਰ ਚੰਦਨਵਾੜੀ ਤੋਂ 14 ਕਿਲੋਮੀਟਰ ਦੂਰ ਸ਼ੇਸ਼ਨਾਗ ਝੀਲ ਹੈ। ਝੀਲ ’ਚ ਸ਼ੇਸ਼ਨਾਗ ਦਾ ਵਾਸ ਦੱਸਿਆ ਜਾਂਦਾ ਹੈ।
ਸ਼ੇਸ਼ਨਾਗ ਤੋਂ ਅੱਗੇ ਪੰਚਤਰਣੀ ਹੈ। ਰਸਤੇ ’ਚ ਮਹਾਗੁਣਾਸ ਦੱਰੇ ਨੂੰ ਪਾਰ ਕਰਨਾ ਪੈਂਦਾ ਹੈ। ਪੰਚਤਰਣੀ ਤੋਂ ਪਵਿੱਤਰ ਗੁਫਾ 8 ਕਿਲੋਮੀਟਰ ਦੂਰ ਹੈ। ਰਸਤੇ ’ਚ ਬਰਫ ਜੰਮੀ ਰਹਿੰਦੀ ਹੈ।
ਇਹ ਵੀ ਪੜ੍ਹੋ : ਜਾਣੋ ਨਾਗ ਦੇਵਤਾ ਕਿਵੇਂ ਬਣੇ ਭਗਵਾਨ ਸ਼ਿਵ ਦੇ ਗਲੇ ਦਾ ਸ਼ਿੰਗਾਰ
ਜਿਵੇਂ ਹੀ ਸਾਉਣ ਦਾ ਮਹੀਨਾ ਆਉਂਦਾ ਹੈ। ਭਗਤਾਂ ਦੇ ਮਨ ’ਚ ਖੁਸ਼ੀ, ਸ਼ਾਂਤੀ ਅਤੇ ਸ਼ੀਤਲਤਾ ਦੇ ਭਾਵ ਪੈਦਾ ਹੋਣ ਲੱਗਦੇ ਹਨ। ਉਨ੍ਹਾਂ ਨੂੰ ਪਰਮਪਿਤਾ ਪਰਮਾਤਮਾ ਸ਼ਿਵ ਤੋਂ ਸ਼ਾਂਤੀ, ਸ਼ੀਤਲਤਾ ਅਤੇ ਕਲਿਆਣ ਪ੍ਰਾਪਤ ਹੁੰਦਾ ਹੈ, ਕਿਉਂਕਿ ਉਹ ਤਾਂ ਹਮੇਸ਼ਾ ਕਲਿਆਣਕਾਰੀ ਸ਼ਕਤੀ ਦੇ ਦਾਤਾ ਹਨ।
ਜਦੋਂ-ਜਦੋਂ ਦੇਵਤਿਆਂ ’ਤੇ ਕੋਈ ਸੰਕਟ ਆਇਆ ਤਾਂ ਦੇਵਤਾ ਵੀ ਉਨ੍ਹਾਂ ਦੀ ਹੀ ਸ਼ਰਨ ’ਚ ਗਏ ਅਤੇ ਸੰਕਟ ਤੋਂ ਛੁਟਕਾਰਾ ਪਾਇਆ।
ਭੋਲੇਨਾਥ ਭੰਡਾਰੀ ਸ਼ਿਵ, ਜਿਨ੍ਹਾਂ ਨੂੰ ਸ਼ਿਵਲਿੰਗ ਦੇ ਰੂਪ ’ਚ ਪੂਜਿਆ ਜਾਂਦਾ ਹੈ, ਨਿਰਾਕਾਰੀ ਵੀ ਅਖਵਾਉਂਦੇ ਹਨ। ਭਗਵਾਨ ਸ਼ਿਵ ਨੂੰ ਨੀਲਕੰਠ, ਮਹਾਦੇਵ, ਸ਼ੰਕਰ, ਪਸ਼ੂਪਤੀਨਾਥ, ਨਟਰਾਜ, ਭੋਲੇਨਾਥ, ਕੈਲਾਸ਼ੀ, ਵੈਦਨਾਥ, ਮਹਾਕਾਲ, ਚੰਦਰਸ਼ੇਖਰ, ਜਟਾਧਾਰੀ, ਰੁਦਰ, ਕਾਲ ਭੈਰਵ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਸ਼ਰਧਾਲੂਆਂ ਵਲੋਂ ਬਾਲਟਾਲ ਅਤੇ ਪਹਿਲਗਾਮ ’ਚ ਤੀਰਥ ਯਾਤਰੀਆਂ ਲਈ ਸ਼ੁੱਧ ਭੋਜਨ, ਰਾਤ ਨੂੰ ਵਿਸ਼ਰਾਮ ਦੀ ਵਿਵਸਥਾ ਕੀਤੀ ਜਾਂਦੀ ਹੈ।
ਕਿਸ਼ਨ ਪਾਲ ਛਾਬੜਾ (ਗੋਰਾਇਆ, ਜਲੰਧਰ)
ਇਹ ਵੀ ਪੜ੍ਹੋ : ਇਥੇ 1 ਨਹੀਂ ਸਗੋਂ ਇਕੱਠੀਆਂ ਬਿਰਾਜਮਾਨ ਹਨ ਬਜਰੰਗਬਲੀ ਦੀਆਂ ਦੋ ਮੂਰਤੀਆਂ, ਜਾਣੋ ਮੰਦਰ ਦੀ ਖ਼ਾਸੀਅਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।