ਸਾਉਣ ਮਹੀਨੇ ''ਹਰੇ ਤੇ ਲਾਲ ਰੰਗ'' ਦੀਆਂ ਚੂੜੀਆਂ ਦੀ ਕੀ ਹੈ ਮਹੱਤਤਾ?

7/10/2023 12:49:07 PM

ਜਲੰਧਰ (ਬਿਊਰੋ) - ਸਾਉਣ ਦਾ ਮਹੀਨਾ ਭਗਵਾਨ ਸ਼ਿਵ ਦਾ ਮਨਪਸੰਦ ਮਹੀਨਾ ਹੈ। ਇਸ ਦੇ ਨਾਲ ਹੀ ਇਹ ਮਹੀਨਾ ਭਜਨਾਂ ਦੇ ਸਮਾਗਮਾਂ, ਰਸਮਾਂ ਅਤੇ ਪੂਜਾ ਪੱਖੋਂ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਦੂਜੇ ਪਾਸੇ ਇਸ ਮਹੀਨੇ ਸ਼ਰਧਾਲੂ ਭਗਵਾਨ ਸ਼ਿਵ ਜੀ ਦੀ ਪੂਜਾ ਬਹੁਤ ਹੀ ਸ਼ਰਧਾ ਨਾਲ ਕਰਦੇ ਹਨ। ਅੱਜ ਸਾਉਣ ਦਾ ਪਹਿਲਾ ਵਰਤ ਹੈ। ਮਾਨਤਾਵਾਂ ਅਨੁਸਾਰ, ਭਗਵਾਨ ਸ਼ਿਵ ਜੀ ਦਾ ਆਸ਼ੀਰਵਾਦ ਲੈਣ ਲਈ ਸੋਮਵਾਰ ਦਾ ਵਰਤ ਰੱਖਣਾ ਬਹੁਤ ਜ਼ਰੂਰੀ ਹੈ। ਇਸ ਦਿਨ ਭਗਵਾਨ ਸ਼ਿਵ ਦੀ ਵਿਧੀ-ਵਿਧਾਨ ਮੁਤਾਬਕ ਪੂਜਾ ਕੀਤੀ ਜਾਂਦੀ ਹੈ। ਭਗਵਾਨ ਸ਼ਿਵ ਜੀ ਤੋਂ ਮਨਪੰਸਦ ਜੀਵਨ ਸਾਥੀ ਦੀ ਮੰਗ ਨੂੰ ਲੈ ਕੇ ਅਣਵਿਆਹੀਆਂ ਕੁੜੀਆਂ ਸਾਉਣ ਦੇ ਮਹੀਨੇ ਸੋਮਵਾਰ ਦੇ ਵਰਤ ਰੱਖਦੀਆਂ ਹਨ। ਇਸ ਤੋਂ ਇਲਾਵਾ ਇਸ ਮਹੀਨੇ ਦੀ ਇਕ ਖ਼ਾਸ ਗੱਲ ਇਹ ਵੀ ਹੈ ਕਿ ਇਸ ਮਹੀਨੇ ਚੂੜੀਆਂ/ਵੰਗਾਂ ਦੀ ਵਿਕਰੀ ਵੀ ਵਧ ਜਾਂਦੀ ਹੈ। ਖ਼ਾਸਤੌਰ 'ਤੇ ਇਸ ਮਹੀਨੇ ਜ਼ਿਆਦਾਤਰ ਔਰਤਾਂ ਤੇ ਕੁੜੀਆਂ ਵਲੋਂ ਹਰੇ ਤੇ ਲਾਲ ਰੰਗ ਦੀਆਂ ਚੂੜੀਆਂ ਦੀ ਮੰਗ ਸਭ ਤੋਂ ਜ਼ਿਆਦਾ ਵਧ ਜਾਂਦੀ ਹੈ। 

PunjabKesari

ਲਾਲ ਤੇ ਹਰੀਆਂ ਚੂੜੀਆਂ ਦੀ ਮਹੱਤਤਾ
ਮੰਨਿਆ ਜਾਂਦਾ ਹੈ ਕਿ ਜੇਕਰ ਕੁਆਰੀ ਕੁੜੀ ਸਾਉਣ ਦੇ ਮਹੀਨੇ ਭਗਵਾਨ ਸ਼ਿਵ ਦੀ ਪੂਜਾ ਕਰਦੀ ਹੈ ਤਾਂ ਉਸ ਨੂੰ ਮਨਪਸੰਦ ਵਰ ਦੀ ਪ੍ਰਾਪਤੀ ਹੁੰਦੀ ਹੈ। ਇਸ ਮਹੀਨੇ ਭਗਵਾਨ ਸ਼ਿਵ ਜੀ ਨੂੰ ਖ਼ੁਸ਼ ਕਰਨਾ ਆਸਾਨ ਹੁੰਦਾ ਹੈ। ਸਾਉਣ ਦੇ ਮਹੀਨੇ ਸੁਹਾਗਣ ਔਰਤਾਂ ਲਈ ਕਈ ਤਿਉਂਹਾਰ ਆਉਂਦੇ ਹਨ, ਜਿਸ ਵਿਚ ਕਜਰੀ, ਤੀਜ, ਹਰਿਆਲੀ ਤੀਜ ਸ਼ਾਮਲ ਹਨ। ਇਨ੍ਹਾਂ ਤਿਉਹਾਰਾਂ ਦੀ ਸ਼ੁਰੂਆਤ ਤੋਂ ਹੀ ਹਰੇ ਤੇ ਲਾਲ ਰੰਗ ਦੀਆਂ ਚੂੜੀਆਂ ਅਤੇ ਕੱਪੜੇ ਪਾਉਣ ਦਾ ਰਿਵਾਜ ਹੁੰਦਾ ਹੈ। ਇਸ ਤੋਂ ਇਲਾਵਾ ਇਹ ਵੀ ਵੇਖਿਆ ਗਿਆ ਹੈ ਕਿ ਸਾਉਣ ਦਾ ਮਹੀਨਾ ਕੁਦਰਤ ਦੀ ਖ਼ੂਬਸੂਰਤੀ ਦਾ ਮਹੀਨਾ ਹੁੰਦਾ ਹੈ। ਮਹਾਦੇਵ ਜੀ ਨੂੰ ਸਮਰਪਿਤ ਇਸ ਮਹੀਨੇ ਵਿਚ ਸੁਹਾਗਣ ਔਰਤਾਂ ਮਹਿੰਦੀ ਵੀ ਲਗਾਉਂਦੀਆਂ ਹਨ। 
ਸਾਉਣ ਮਹੀਨੇ ਚਾਰੋਂ ਪਾਸੇ ਹਰਿਆਲੀ ਫੈਲੀ ਹੁੰਦੀ ਹੈ ਅਤੇ ਖੁਸ਼ਨੁਮਾ ਮਾਹੌਲ ਹੁੰਦਾ ਹੈ, ਜਿਸ ਕਾਰਨ ਮਨ ਅਤੇ ਅੱਖਾਂ ਨੂੰ ਸਕੂਨ ਮਿਲਦਾ ਹੈ। ਮੰਨਿਆ ਜਾਂਦਾ ਹੈ ਕਿ ਹਰੇ ਤੇ ਲਾਲ ਰੰਗ ਦੇ ਕੱਪੜੇ ਅਤੇ ਚੂੜੀਆਂ ਪਾਉਣ ਨਾਲ ਬੁੱਧ ਗ੍ਰਹਿ ਮਜ਼ਬੂਤ ਹੁੰਦਾ ਹੈ, ਜਿਸ ਨਾਲ ਜੀਵਨ ਵਿਚ ਖ਼ੁਸ਼ਹਾਲੀ ਆਉਂਦੀ ਹੈ। ਇਸ ਦੇ ਨਾਲ ਹੀ ਹਰੇ ਤੇ ਲਾਲ ਰੰਗ ਦੀਆਂ ਚੂੜੀਆਂ ਅਤੇ ਕੱਪੜੇ ਪਾਉਣ ਨਾਲ ਭਗਵਾਨ ਸ਼ਿਵ ਜੀ ਅਤੇ ਵਿਸ਼ਨੂੰ ਜੀ ਖੁਸ਼ ਹੁੰਦੇ ਹਨ।  

PunjabKesari

ਸ਼ਿਵ ਦਾ ਅਰਥ
ਸ਼ਿਵ ਦਾ ਅਰਥ ਹੈ ਕਲਿਆਣ, ਇਸ ਲਈ ਸਾਉਣ ਮਹੀਨੇ ਵਿਚ ਕੀਤੀ ਗਈ ਸਾਧਨਾ, ਸੰਜਮ ਨਾਲ ਮਨੁੱਖ ਆਪਣੀ ਜ਼ਿੰਦਗੀ ਵਿਚ ਸਤਿਆਚਰਨ ਦੇ ਪਾਲਣ ਨਾਲ ਆਤਮਿਕ ਕਲਿਆਣ ਨੂੰ ਪ੍ਰਾਪਤ ਕਰਦਾ ਹੈ। ਇਹ ਮਹੀਨਾ ਅਧਿਆਤਮਿਕ ਵੈਦਿਕ ਯੱਗ ਦਾ ਪ੍ਰਤੀਕ ਹੈ, ਜੋ ਮਨੁੱਖ ਦੇ ਦੈਵਿਕ, ਦੈਹਿਕ ਅਤੇ ਭੌਤਿਕ ਕਸ਼ਟਾਂ ਨੂੰ ਦੂਰ ਕਰਦਾ ਹੈ। ਇਹ ਮਹੀਨੇ ਅਧਿਆਤਮਿਕ ਸ਼ਕਤੀਆਂ ਨੂੰ ਸ਼ੁੱਧ ਕਰਕੇ ਸ਼ਿਵਤਵ ਦੇ ਆਲੌਕਿਕ ਮਾਰਗ ’ਤੇ ਵਧਣ ਅਤੇ ਆਪਣੇ ਜ਼ਿੰਦਗੀ ਵਿਚ ਸ਼ਿਵਤਵ ਨੂੰ ਗ੍ਰਹਿਣ ਕਰਨ ਦਾ ਪੁੰਨ ਸਮਾਂ ਹੈ।

PunjabKesari

ਭਗਵਾਨ ਸ਼ਿਵ ਜੀ ਨੂੰ ਖ਼ੁਸ਼ ਕਰਨ ਲਈ ਵਰਤੀ ਜਾਣ ਵਾਲੀ ਸਮੱਗਰੀ
ਸਾਉਣ ਦੇ ਪਹਿਲੇ ਸੋਮਵਾਰ ਨੂੰ ਭਗਵਾਨ ਸ਼ਿਵ ਜੀ ਦੀ ਪੂਜਾ ਲਈ ਕੋਈ ਕ੍ਰਿਸਟਲ ਦੇ ਸ਼ਿਵਲਿੰਗ ਜਾਂ ਮਿੱਟੀ ਦੇ ਸ਼ਿਵਲਿੰਗ ਵੀ ਲੈ ਸਕਦੇ ਹੋ। ਫੁੱਲ, ਪੰਜ ਫਲ, ਪੰਜ ਫਲ, ਪੰਜ ਮੇਵੇ,ਰਤਨ, ਸੋਨਾ, ਚਾਂਦੀ, ਦਕਸ਼ਿਨਾ, ਪੂਜਾ ਦੇ ਭਾਂਡੇ, ਦਹੀਂ, ਸ਼ੁੱਧ ਦੇਸੀ ਘਿਓ, ਸ਼ਹਿਦ, ਗੰਗਾ ਜਲ, ਪਵਿੱਤਰ ਜਲ, ਪੰਚ ਰਸ, ਅਤਰ, ਗੰਧ ਰੋਲੀ, ਮੌਲੀ ਜਨੇਊ, ਪੰਚ ਮਠਿਆਈਆਂ, ਬੇਲਪਤਰ, ਧਤੂਰਾ, ਭੰਗ,ਬੇਰ, ਆਮਰ ਮੰਜਰੀ, ਜੌਂ ਵਾਲ, ਤੁਲਸੀ ਦਲ, ਮੰਦਾਰ ਦਾ ਫੁੱਲ, ਗਾਂ ਦਾ ਕੱਚਾ ਦੁੱਧ, ਗੰਨੇ ਦਾ ਰਸ, ਕਪੂਰ, ਧੂਪ, ਦੀਵੇ, ਰੂੰ, ਮਲਿਆਗੀਰੀ, ਚੰਦਨ, ਸ਼ਿਵ ਅਤੇ ਮਾਂ ਪਾਰਵਤੀ ਦੀ ਸ਼ਿੰਗਾਰ ਸਮੱਗਰੀ ਲੈ ਸਕਦੇ ਹੋ।

PunjabKesari

ਸਾਉਣ ਸੋਮਵਾਰ ਵਰਤ ਰੱਖਣ ਦਾ ਤਰੀਕਾ

  • ਸਾਉਣ ਸੋਮਵਾਰ ਦੇ ਦਿਨ ਜਲਦੀ ਉੱਠੋ ਅਤੇ ਇਸ਼ਨਾਨ ਕਰੋ।
  • ਇਸ ਤੋਂ ਬਾਅਦ ਭਗਵਾਨ ਸ਼ਿਵ ਜੀ ਦਾ ਜਲਭਿਸ਼ੇਕ ਕਰੋ।
  • ਇਸ ਤੋਂ ਇਲਾਵਾ ਮਾਤਾ ਪਾਰਵਤੀ ਜੀ ਅਤੇ ਨੰਦੀ ਨੂੰ ਵੀ ਗੰਗਾਜਲ ਜਾਂ ਦੁੱਧ ਭੇਟ ਕਰੋ।
  • ਪੰਚਾਮ੍ਰਿਤ ਨਾਲ ਰੁਦਰਭਿਸ਼ੇਕ ਕਰੋ ਅਤੇ ਬੇਲ ਪੱਤੇ ਚੜ੍ਹਾਓ।
  • ਧਤੁਰਾ, ਭੰਗ, ਆਲੂ, ਚੰਦਨ, ਚਾਵਲ ਸ਼ਿਵਲਿੰਗ 'ਤੇ ਭੇਟ ਕਰੋ ਅਤੇ ਸਾਰਿਆਂ ਨੂੰ ਤਿਲਕ ਲਗਾਓ।
  • ਪ੍ਰਸ਼ਾਦ ਦੇ ਰੂਪ ਵਿਚ ਭਗਵਾਨ ਸ਼ਿਵ ਨੂੰ ਘਿਓ-ਸ਼ੱਕਰ ਦਾ ਭੋਗ ਲਗਾਓ।
  • ਧੂਪ, ਦੀਵੇ ਨਾਲ ਗਣੇਸ਼ ਜੀ ਦੀ ਆਰਤੀ ਕਰੋ।
  • ਆਖ਼ਿਰ ਵਿਚ ਭਗਵਾਨ ਸ਼ਿਵ ਦੀ ਆਰਤੀ ਕਰੋ ਅਤੇ ਪ੍ਰਸ਼ਾਦ ਵੰਡੋ।


ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


sunita

Content Editor sunita