ਮਾਇਆ ਕੀ ਹੈ?
8/9/2017 12:34:03 PM

ਇਕ ਦਿਨ ਨਾਰਦ ਜੀ ਨੇ ਭਗਵਾਨ ਤੋਂ ਪੁੱਛਿਆ, ''ਮਾਇਆ ਕੀ ਹੈ?'' ਭਗਵਾਨ ਮੁਸਕਰਾਏ ਅਤੇ ਬੋਲੇ, ''ਕਿਸੇ ਦਿਨ ਪ੍ਰਤੱਖ ਦਿਖਾ ਦੇਵਾਂਗੇ।'' ਮੌਕਾ ਮਿਲਣ 'ਤੇ ਭਗਵਾਨ ਨਾਰਦ ਨੂੰ ਨਾਲ ਲੈ ਕੇ ਮ੍ਰਿਤਯੂ-ਲੋਕ ਨੂੰ ਚੱਲ ਪਏ। ਰਸਤੇ 'ਚ ਭਗਵਾਨ ਨੇ ਕਿਹਾ, ''ਨਾਰਦ! ਬਹੁਤ ਪਿਆਸ ਲੱਗੀ ਹੈ। ਕਿਤਿਓਂ ਥੋੜ੍ਹਾ ਪਾਣੀ ਲਿਆਓ।'' ਪਾਣੀ ਲਿਆਉਣ ਲਈ ਨਾਰਦ ਬਹੁਤ ਅੱਗੇ ਚਲੇ ਗਏ ਤਾਂ ਥਕਾਵਟ ਨਾਲ ਉਨ੍ਹਾਂ ਨੂੰ ਨੀਂਦ ਆ ਗਈ। ਉਹ ਇਕ ਖਜੂਰ ਦੇ ਝੁਰਮਟ 'ਚ ਸੌਂ ਗਏ। ਸੌਂਦਿਆਂ ਹੀ ਨਾਰਦ ਨੇ ਇਕ ਮਿੱਠਾ ਸੁਪਨਾ ਦੇਖਿਆ। ਉਹ ਕਿਸੇ ਵਣਵਾਸੀ ਦੇ ਦਰਵਾਜ਼ੇ 'ਤੇ ਪਹੁੰਚੇ। ਦਰਵਾਜ਼ਾ ਖੜਕਾਇਆ ਤਾਂ ਇਕ ਸੁੰਦਰ ਲੜਕੀ ਬਾਹਰ ਨਿਕਲੀ।
ਨਾਰਦ ਨੇ ਆਪਣੀ ਜਾਣ-ਪਛਾਣ ਕਰਵਾਈ ਅਤੇ ਲੜਕੀ ਨੂੰ ਵਿਆਹ ਲਈ ਬੇਨਤੀ ਕੀਤੀ। ਲੜਕੀ ਸਹਿਮਤ ਹੋ ਗਈ ਅਤੇ ਨਾਰਦ ਸੁੰਦਰ ਪਤਨੀ ਨਾਲ ਬਹੁਤ ਆਨੰਦਪੂਰਵਕ ਦਿਨ ਬਿਤਾਉਣ ਲੱਗਾ। ਕੁਝ ਹੀ ਦਿਨਾਂ ਵਿਚ ਉਨ੍ਹਾਂ ਦੇ ਪੁੱਤਰ ਵੀ ਹੋ ਗਿਆ। ਇਕ ਦਿਨ ਭਾਰੀ ਬਾਰਿਸ਼ ਹੋਈ ਅਤੇ ਹੜ੍ਹ ਆ ਗਿਆ। ਨਾਰਦ ਆਪਣੇ ਉਸ ਪਰਿਵਾਰ ਨੂੰ ਲੈ ਕੇ ਬਚਣ ਲਈ ਭੱਜੇ। ਬੱਚੇ ਨੂੰ ਉਨ੍ਹਾਂ ਨੇ ਪਿੱਠ 'ਤੇ ਲੱਦ ਲਿਆ ਸੀ ਪਰ ਫਿਰ ਵੀ ਉਸ ਨੂੰ ਬਚਾ ਨਹੀਂ ਸਕੇ। ਉਹ ਹੜ੍ਹ 'ਚ ਰੁੜ੍ਹ ਗਿਆ। ਪਤਨੀ ਵੀ ਉਸੇ ਹੜ੍ਹ 'ਚ ਰੁੜ੍ਹ ਗਈ।
ਨਾਰਦ ਕਿਨਾਰੇ 'ਤੇ ਨਿਕਲ ਤਾਂ ਆਏ ਪਰ ਪੂਰਾ ਪਰਿਵਾਰ ਗੁਆ ਦੇਣ ਦੇ ਅਹਿਸਾਸ 'ਤੇ ਖੁਦ ਨੂੰ ਰੋਕ ਨਹੀਂ ਸਕੇ। ਉਹ ਫੁੱਟ-ਫੁੱਟ ਕੇ ਰੋਣ ਲੱਗੇ। ਸੌਣ ਅਤੇ ਸੁਪਨੇ 'ਚ ਇਕ ਘੰਟਾ ਬੀਤ ਚੁੱਕਾ ਸੀ। ਉਨ੍ਹਾਂ ਦੇ ਮੂੰਹੋਂ ਰੋਣ ਦੀ ਆਵਾਜ਼ ਅਜੇ ਵੀ ਨਿਕਲ ਰਹੀ ਸੀ ਅਤੇ ਉਹ ਝੁਰਮਟ 'ਚ ਮੂਧੇ ਮੂੰਹ ਹੀ ਉਨੀਂਦੇ ਪਏ ਹੋਏ ਸਨ। ਭਗਵਾਨ ਸਭ ਸਮਝ ਰਹੇ ਸਨ। ਉਹ ਨਾਰਦ ਨੂੰ ਲੱਭਦੇ ਹੋਏ ਖਜੂਰ ਦੇ ਝੁਰਮਟ ਕੋਲ ਪਹੁੰਚੇ ਅਤੇ ਉਨ੍ਹਾਂ ਨੂੰ ਜਗਾਇਆ। ਨਾਰਦ ਹੜਬੜਾ ਕੇ ਬੈਠ ਗਏ। ਭਗਵਾਨ ਨੇ ਉਨ੍ਹਾਂ ਦੇ ਹੰਝੂ ਪੂੰਝੇ ਅਤੇ ਚੁੱਪ ਕਰਵਾਇਆ। ਭਗਵਾਨ ਨੇ ਪੁੱਛਿਆ, ''ਸਾਡੇ ਲਈ ਪਾਣੀ ਲਿਆਉੁਣ ਲਈ ਗਏ ਸੀ, ਉਸ ਦਾ ਕੀ ਹੋਇਆ?'' ਨਾਰਦ ਨੇ ਸੁਪਨੇ ਵਿਚ ਪਰਿਵਾਰ ਵਸਣ ਅਤੇ ਹੜ੍ਹ ਵਿਚ ਰੁੜ੍ਹਨ ਦੇ ਦ੍ਰਿਸ਼ ਦੀ ਚਰਚਾ ਕੀਤੀ ਅਤੇ ਸਮਾਂ ਬੀਤ ਜਾਣ ਕਾਰਨ ਮੁਆਫੀ ਮੰਗੀ। ਭਗਵਾਨ ਨੇ ਕਿਹਾ, ''ਦੇਖਿਆ ਨਾਰਦ! ਇਹੀ ਮਾਇਆ ਹੈ, ਅਜਿਹਾ ਝੂਠ ਜੋ ਸੱਚ ਲੱਗਦਾ ਹੋਵੇ, ਉਹੀ ਮਾਇਆ ਹੈ।''