ਬਾਬੇ ਨਾਨਕ ਦਾ ਘਰ ਕਿਹੜਾ? ਭਾਗ 2

8/31/2019 12:02:37 PM

ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਸੰਦਰਭ ਵਿਚ ਇਸ ਦੌਰ ਦਾ ਜ਼ਰੂਰੀ ਚਿੰਤਨ!

ਜਦੋਂ ਅਸੀਂ 550 ਸਾਲਾ ਨੂੰ ਮਨਾਉਂਦੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਵਿਚਾਰ ਕਰ ਰਹੇ ਹਾਂ ਤਾਂ ਇਹ ਜ਼ਰੂਰੀ ਹੈ ਕਿ ਇਸ ਕੁਦਰਤ ਅਤੇ ਕਾਦਰ ਦੀ ਸਾਂਝ ਵਿਚ ਅਸੀਂ ਆਪਣੇ-ਆਪ ਲਈ ਵਿਚਾਰ ਕਰੀਏ ਕਿ ਅਸੀਂ ਜ਼ਿੰਦਗੀ ਦਾ ਅਧਾਰ ਕਿੱਥੇ-ਕਿੱਥੇ ਗਵਾ ਰਹੇ ਹਾਂ।

ਇਸ ਧਰਤੀ ਦੀ ਪੂਰੀ ਰਚਨਾ ਦਾ ਮੂਲ ਆਧਾਰ ਪੰਜ ਤੱਤ ਹਨ-ਮਿੱਟੀ, ਪਾਣੀ, ਹਵਾ, ਊਰਜਾ ਅਤੇ ਆਕਾਸ਼ ਸਮਝਣ ਵਾਸਤੇ ਮੂਲ ਅਧਾਰ ਨੂੰ ਪੰਜ ਪਰਤਾਂ ਵਿਚ ਤੋੜ ਕੇ ਸਮਝਦੇ ਹਾਂ ਪਰ ਇਸ ਗੱਲ ਤੋਂ ਚੇਤੰਨ ਰਹਿਣਾ ਬਹੁਤ ਜ਼ਰੂਰੀ ਹੈ ਕਿ ਤੋੜ ਕੇ ਸਮਝਣ ਨਾਲ ਇਸ ਅੰਦਰਲਾ ਇਕ-ਪਣ (ਵਨ-ਨੈਸ) ਨੂੰ ਨਹੀਂ ਭੁੱਲਣਾ ਕਿਉਂਕਿ ਇਸ ਅੰਦਰਲੀ ਇਕ-ਪਣ (ਵਨ ਨੈੱਸ) ਭੁੱਲਣ ਨਾਲ ਇਸ ਸਮਝ ਦੀ ਆਤਮਾ ਹੀ ਮਰ ਜਾਵੇਗੀ।

ਪਹਿਲੀ ਪਰਤ : ਸਭ ਤੋਂ ਮੂਲ ਹੈ ਊਰਜਾ ਭਰਿਆ ਆਕਾਸ਼ ਜਾਂ ਕਹਿ ਲਈਏ ਬ੍ਰਹਿਮੰਡੀ ਊਰਜਾ ਜਾਂ ਬ੍ਰਹਿਮੰਡੀ ਚੇਤਨਾ ਅੱਜ ਦਾ ਵਿਗਿਆਨ ਇਸ ਨੂੰ ਕੁਆਂਟਮ ਊਰਜਾ ਕਹਿੰਦਾ ਹੈ। ਇਸੇ ਨੂੰ ਗੁਰੂ ਸਾਹਿਬ ਨੇ ਅਮਰ, ਅਜਰ, ਅਨੰਤ ਅਤੇ ਹੋਰ ਅਨੇਕਾਂ ਗੁਣਾਂ ਨਾਲ ਭਰਪੂਰ, ਪ੍ਰਮਾਤਮਾ ਕਿਹਾ ਹੈ। ਅੱਜ ਵਿਗਿਆਨ ਨੇ ਇਸ ਦੇ 40 ਤੋਂ ਵੀ ਵੱਧ ਗੁਣ ਵਰਣਨ ਕੀਤੇ ਹਨ, ਜੋ ਉਹੀ ਗੁਣ ਹਨ, ਜਿਸ ਨੂੰ ਗੁਰੂ ਨਾਨਕ ਦੇਵ ਜੀ ਅਤੇ ਹੋਰ ਧਰਮ, ਪ੍ਰਮਾਤਮਾ ਦੇ ਗੁਣ ਕਹਿੰਦੇ ਹਨ। ਅੱਜ ਵਿਗਿਆਨ ਨੇ ਵੀ ਮੰਨ ਲਿਆ ਹੈ ਕਿ ਬ੍ਰਹਿਮੰਡ ਚੇਤੰਨ ਹੈ, ਮੁਰਦਾ ਨਹੀਂ। ਇਹ ਬ੍ਰਹਿਮੰਡੀ ਚੇਤਨਾ ਆਪਣੇ ਹੀ ਬਣਾਏ ਨਿਯਮਾਂ ਤਹਿਤ ਚਲਦੀ ਹੈ, ਇਹ ਆਪਣੇ-ਆਪ ਵਿਚ ਸਥਿਤ ਹੈ, ਇਸ ਦੀ ਹੋਂਦ ਕਿਸੇ ਵੀ ਪਦਾਰਥ ਦੀ ਹੋਂਦ ਤੋਂ ਮੁਕਤ ਹੈ-ਇਸੇ ਨੂੰ ਗੁਰੂ ਸਾਹਿਬ ਨੇ ਹੁਕਮ ਕਿਹਾ ਹੈ।

ਦੂਸਰੀ ਪਰਤ : ਦੂਸਰੀ ਪਰਤ ਹੈ ਬ੍ਰਹਿਮੰਡੀ ਚੇਤਨਾ ਤੋਂ ਉਪਜਿਆ ਤਾਰਾ ਮੰਡਲ-ਅਸੰਖਾਂ ਗਲੈਕਸੀਆਂ, ਹਰੇਕ ਗਲੈਕਸੀ ਵਿਚ ਅਸੰਖਾਂ ਤਾਰੇ-ਹਰੇਕ ਤਾਰਾ ਊਰਜਾ ਅਤੇ ਪਦਾਰਥ ਦਾ ਸੁੰਦਰ ਸੁਮੇਲ-ਊਰਜਾ ਦੀ ਉਹ ਸ਼ਕਲ ਜੋ ਉਸ ਤਾਰੇ ਦੀਆਂ ਧਰਤੀਆਂ ਲਈ ਜੀਵਨ-ਦਾਨੀ ਬਣਦੀ ਹੈ।

ਤੀਸਰੀ ਪਰਤ : ਤੀਸਰੀ ਪਰਤ ਹੈ ਹਰੇਕ ਤਾਰੇ ਦੀਆਂ ਧਰਤੀਆਂ; ਉਨ੍ਹਾਂ ਧਰਤੀਆਂ ਵਿਚੋਂ, ਅਨੇਕਾਂ ਵਿਚ ਸਾਡੀ ਧਰਤੀ ਵਰਗੀ ਕੁਦਰਤ ਦਾ ਵਾਸਾ ਹੈ। ਸਾਡੀ ਧਰਤੀ ਸੂਰਜ ਨਾਮੀ ਤਾਰੇ ਦੀ ਇਕ ਧਰਤੀ ਹੈ, ਜਿਥੇ ਕੁਦਰਤ ਇਕ ਸੁੰਦਰ ਰੂਪ ਵਿਚ ਵਸਦੀ ਹੈ। ਧਰਤੀ ’ਤੇ ਦਿਖਾਈ ਦਿੰਦੀ ਸਮੂਹ ਰਚਨਾ ਪੰਜ ਤੱਤਾਂ ਦਾ ਖੇਲ ਹੈ। ਇਨ੍ਹਾਂ ਵਿਚੋਂ ਤਿੰਨ ਤੱਤ (ਹਵਾ-ਪਾਣੀ-ਮਿੱਟੀ) ਪਦਾਰਥ ਰੂਪ ਹਨ ਅਤੇ ਇਸ ਧਰਤੀ ਦੇ ਹਨ ਜਾਂ ਕਿ ਬਾਕੀ ਦੋ-ਊਰਜਾ ਅਤੇ ਆਕਾਸ਼ ਜਾਂ ਊਰਜਾ ਭਰਿਆ ਆਕਾਸ਼ ਸਾਰੇ ਬ੍ਰਹਿਮੰਡ ਦੇ ਸਾਂਝੇ ਹਨ। ਮਨੁੱਖਾਂ ਸਮੇਤ ਸਭ ਪ੍ਰਾਣੀਆਂ ਦੇ ਸਰੀਰ ਵੀ ਇਨ੍ਹਾਂ ਪੰਜ ਤੱਤਾਂ ਦੇ ਹੀ ਬਣੇ ਹੋਏ ਹਨ। ਸਮੂਹ ਪ੍ਰਾਣੀ ਇਨ੍ਹਾਂ ਪੰਜ ਤੱਤਾਂ ਤੋਂ ਬਣਦੇ ਹਨ-ਪੰਜ ਤੱਤ ਹੀ ਇਨ੍ਹਾਂ ਨੂੰ ਪਾਲਦੇ ਹਨ ਅਤੇ ਉਮਰ ਭੋਗਣ ਉਪਰੰਤ ਸਭ ਪ੍ਰਾਣੀ ਵਾਪਸ ਇਨ੍ਹਾਂ ਪੰਜ ਤੱਤਾਂ ਵਿਚ ਹੀ ਸਮਾ ਜਾਂਦੇ ਹਨ। ਗੁਰੂ ਸਾਹਿਬ ਨੇ ਊਰਜਾ ਭਰੇ ਚੇਤੰਨ ਆਕਾਸ਼ ਨੂੰ ਪ੍ਰਮਾਤਮਾ ਅਤੇ ਹਵਾ-ਪਾਣੀ-ਮਿੱਟੀ ਨੂੰ ਗੁਰੂ, ਪਿਤਾ ਅਤੇ ਮਾਤਾ ਦਾ ਦਰਜਾ ਦਿੱਤਾ ਹੈ। ਊਰਜਾ ਨਾਲ ਭਰਿਆ ਆਕਾਸ਼ ਪ੍ਰਾਣੀਆਂ ਸਮੇਤ, ਸਭ ਤਰ੍ਹਾਂ ਦੇ ਪਦਾਰਥ ਦੇ ਅੰਦਰ ਵੀ ਹੈ ਅਤੇ ਬਾਹਰ ਵੀ। ਅਸਲ ਵਿਚ ਸਮੂਹ ਪ੍ਰਾਣੀਆਂ ਸਮੇਤ, ਸਭ ਤਰ੍ਹਾਂ ਦਾ ਪਦਾਰਥ ਊਰਜਾ ਦੀ ਹੀ ਇਕ ਸ਼ਕਲ ਹੈ। ਊਰਜਾ ਤੋਂ ਹੀ ਇਸ ਦੀ ਉਤਪਤੀ ਹੈ, ਊਰਜਾ ਹੀ ਇਸ ਨੂੰ ਪਾਲਦੀ ਹੈ ਅਤੇ ਆਪਣੀ ਉਮਰ ਭੋਗ ਕੇ ਇਹ ਫਿਰ ਊਰਜਾ ਵਿਚ ਮਿਲ ਜਾਂਦਾ ਹੈ।

ਊਰਜਾ ਭਰਿਆ ਆਕਾਸ਼ ਜਾਂ ਬ੍ਰਹਿਮੰਡੀ ਚੇਤਨਾ ਤਾਂ ਪ੍ਰਮਾਤਮਾ ਹੈ-ਅਮਰ ਅਤੇ ਅਜਰ ਹੈ; ਕੁਦਰਤ ਦੇ ਪਦਾਰਥ ਰੂਪੀ ਤੱਤ ਹਵਾ-ਪਾਣੀ-ਮਿੱਟੀ ਵੀ ਅਜਿਹੇ ਚੱਕਰਾਂ ਵਿਚ ਹਨ ਕਿ ਉਹ ਕਦੇ ਖਤਮ ਨਹੀਂ ਹੁੰਦੇ। ਹਵਾ ਦਾ ਆਪਣਾ ਚੱਕਰ ਹੈ, ਪਾਣੀ ਦਾ ਆਪਣਾ ਅਤੇ ਮਿੱਟੀ ਦਾ ਆਪਣਾ। ਜੀਵਨ ਦੀ ਉਥਲ-ਪੁਥਲ ਨਾਲ ਇਨ੍ਹਾਂ ਵਿਚ ਜੋ ਵਿਗਾੜ ਆਉਂਦੇ ਹਨ, ਉਹ ਕੁਦਰਤ ਠੀਕ ਕਰ ਲੈਂਦੀ ਹੈ। ਕੁਦਰਤ ਵਿਚ ਆਪਣਾ ਸੰਤੁਲਨ ਬਣਾਈ ਰੱਖਣ ਦੀ ਕਾਫੀ ਸਮਰਥਾ ਹੈ। ਉਦਾਹਰਣ ਦੇ ਤੌਰ ’ਤੇ ਹਵਾ ਦਾ ਆਕਸੀਜਨ ਅਤੇ ਕਾਰਬਨ-ਡਾਈਆਕਸਾਈਡ ਦਾ ਸੰਤੁਲਨ, ਜਿਸ ਵਿਚ ਪੌਦੇ ਹਵਾ ਵਿਚੋਂ ਕਾਰਬਨ-ਡਾਈਆਕਸਾਈਡ ਲੈ ਕੇ ਉਸ ਤੋਂ ਭੋਜਨ ਬਣਾ ਲੈਂਦੇ ਹਨ ਅਤੇ ਆਕਸੀਜਨ ਹਵਾ ਵਿਚ ਛੱਡ ਦਿੰਦੇ ਹਨ-ਜਾਨਵਰ ਹਵਾ ਵਿੱਚੋਂ ਆਕਸੀਜਨ ਆਪਣੇ ਅੰਦਰ ਲੈ ਕੇ ਜਿਊਂਦੇ ਹਨ ਅਤੇ ਕਾਰਬਨ-ਡਾਈਆਕਸਾਈਡ ਹਵਾ ਵਿਚ ਛੱਡ ਦਿੰਦੇ ਹਨ। ਇਸੇ ਤਰ੍ਹਾਂ ਹਵਾ ਵਿਚਲੀ ਨਾਈਟ੍ਰੋਜਨ ਦਾ ਸੰਤੁਲਨ ਵੀ ਬਣਿਆ ਰਹਿੰਦਾ ਹੈ-ਪੌਦੇ ਹਵਾ ਵਿਚ ਮੌਜੂਦ ਨਾਈਟ੍ਰੋਜਨ ਨੂੰ ਖੁਰਾਕ ਬਣਾਉਣ ਲਈ ਵਰਤ ਲੈਂਦੇ ਹਨ-ਇਹ ਖੁਰਾਕ ਉਹ ਖੁਦ ਵੀ ਇਸਤੇਮਾਲ ਕਰਦੇ ਹਨ ਅਤੇ ਸਮੂਹ ਜਾਨਵਰਾਂ ਨੂੰ ਵੀ ਦਿੰਦੇ ਹਨ-ਪੌਦਿਆਂ ਦੇ ਪੱਤੇ ਅਤੇ ਜਾਨਵਰਾਂ ਦਾ ਮਲ-ਮੂਤਰ ਅਤੇ ਮਰਨ ਉਪਰੰਤ ਉਨ੍ਹਾਂ ਦੇ ਸਰੀਰ ਜਦ ਗਲਦੇ ਹਨ ਤਾਂ ਉਹ ਨਾਈਟ੍ਰੋਜਨ ਵਾਪਸ ਹਵਾ ਵਿਚ ਚਲੀ ਜਾਂਦੀ ਹੈ। ਇਸ ਤਰ੍ਹਾਂ ਹਵਾ ਨਾ ਕਦੇ ਮੁੱਕਦੀ ਹੈ ਅਤੇ ਨਾ ਹੀ ਉਸ ਵਿਚਲੇ ਗੈਸਾਂ ਦਾ ਸੰਤੁਲਨ ਵਿਗੜਦਾ ਹੈ।

ਇਹੀ ਗੱਲ ਪਾਣੀ ਬਾਰੇ ਵੀ ਸੱਚ ਹੈ। ਧਰਤੀ ਉਪਰ ਸਮੁੰਦਰ, ਪਾਣੀ ਦਾ ਸਭ ਤੋਂ ਵੱਡਾ ਸਰੋਤ ਹੈ। ਉਥੋਂ ਉਡ ਕੇ ਉਹ ਬੱਦਲ ਬਣਦਾ ਹੈ ਅਤੇ ਫਿਰ ਅੱਡ-ਅੱਡ ਸ਼ਕਲਾਂ ਵਿਚ ਧਰਤੀ ਉਪਰ ਵਿਚਰਦਾ ਹੋਇਆ ਜੀਵਨ-ਦਾਨੀ ਰੋਲ ਨਿਭਾਉਂਦਾ ਹੈ। ਇਸ ਵਿਚੋਂ ਕੁਝ ਪਾਣੀ ਪੱਤਣਾਂ ਦੀ ਸ਼ਕਲ ਵਿਚ ਧਰਤੀ ਸੰਭਾਲ ਕੇ ਰੱਖ ਲੈਂਦੀ ਹੈ। ਪਾਣੀ ਵੀ ਕਦੇ ਮਰਦਾ ਜਾਂ ਮੁਕਦਾ ਨਹੀਂ। ਇਸੇ ਤਰ੍ਹਾਂ ਮਿੱਟੀ ਵਿਚਲੇ ਖੁਰਾਕੀ ਤੱਤ ਵੀ ਚੱਕਰ ਵਿਚ ਘੁੰਮਦੇ ਰਹਿੰਦੇ ਹਨ। ਪੌਦੇ ਧਰਤੀ ਵਿਚੋਂ ਖੁਰਾਕੀ ਤੱਤ ਲੈ ਕੇ ਖੁਦ ਵਧਦੇ-ਫੁੱਲਦੇ ਹਨ ਅਤੇ ਜਾਨਵਰਾਂ ਨੂੰ ਭੋਜਨ ਦਿੰਦੇ ਹਨ-ਪੌਦਿਆਂ ਦੀ ਰਹਿੰਦ-ਖੂੰਹਦ ਅਤੇ ਜਾਨਵਰਾਂ ਦਾ ਮਲ-ਮੂਤਰ ਅਤੇ ਸਭ ਜੀਵਾਂ ਦੇ ਮ੍ਰਿਤਕ ਸਰੀਰ ਫਿਰ ਵਾਪਸ ਧਰਤੀ ਵਿਚ ਮਿਲ ਜਾਂਦੇ ਹਨ, ਜਿਸ ਨਾਲ ਖੁਰਾਕੀ ਤੱਤਾਂ ਦਾ ਸੰਤੁਲਨ ਬਣਿਆ ਰਹਿੰਦਾ ਹੈ।

ਚੌਥੀ ਪਰਤ : ਚੌਥੀ ਪਰਤ ਹੈ ਸੂਖਸ਼ਮ ਜੀਵ, ਜੋ ਨੰਗੀ ਅੱਖ ਨਾਲ ਦਿਖਾਈ ਨਹੀਂ ਦਿੰਦੇ। ਪੰਜ ਤੱਤਾਂ ਤੋਂ ਬਾਅਦ ਧਰਤੀ ਦੇ ਵੱਡੇ (ਨੰਗੀ ਅੱਖ ਦਿਖਣ ਵਾਲੇ) ਪ੍ਰਾਣੀਆਂ ਲਈ ਅਧਾਰ ਹਨ ਸੂਖਸ਼ਮ ਜੀਵ, ਜੋ ਹਵਾ-ਪਾਣੀ-ਮਿੱਟੀ ਅਤੇ ਸਮੂਹ ਜੀਵਾਂ ਦੇ ਸਰੀਰਾਂ ਵਿਚ ਅਸੰਖਾਂ ਦੀ ਗਿਣਤੀ ਵਿਚ ਹੁੰਦੇ ਹਨ। ਇਨ੍ਹਾਂ ਸੂਖਸ਼ਮ ਜੀਵਾਂ ਨੂੰ ਤਿੰਨੇ ਮੁੱਖ ਰੋਲ ਮਿਲੇ ਹੋਏ ਹਨ-ਪੈਦਾ ਕਰਨਾ (ਬ੍ਰਹਿਮਾ ਰੋਲ), ਪਾਲਣਾ ਕਰਨਾ (ਵਿਸ਼ਨੂੰ ਰੋਲ) ਅਤੇ ਮ੍ਰਿਤਕ ਸਰੀਰਾਂ ਨੂੰ ਵਾਪਸ ਪੰਜ ਤੱਤਾਂ ਵਿਚ ਮਿਲਾਉਣਾ (ਸ਼ਿਵ ਰੋਲ)। ਇਹ ਸੂਖਸ਼ਮ ਜੀਵ ਧਰਤੀ ਦੇ ਸਭ ਤੋਂ ਪਹਿਲੇ ਵਾਸੀ ਹਨ। ਇਨ੍ਹਾਂ ਨੇ ਹੀ ਧਰਤੀ ਨੂੰ ਨੰਗੀ ਅੱਖ ਦਿਖਣ ਵਾਲੇ ਜੀਵਾਂ ਦੇ ਜੀਵਨ ਦੇ ਕਾਬਲ ਬਣਾਇਆ ਅਤੇ ਫਿਰ ਇਨ੍ਹਾਂ ਤੋਂ ਹੀ ਵੱਡੇ ਜੀਵਨ ਦੀ ਉਤਪਤੀ ਹੋਈ-ਸਾਡੇ ਲਈ ਇਹ ਬ੍ਰਹਮਾ ਰੋਲ ਹੈ।

ਇਹ ਅੱਜ ਵੀ ਪੰਜ ਤੱਤਾਂ ਅਤੇ ਵੱਡੇ ਜੀਵਾਂ ਵਿਚਾਲੇ ਕੜੀ ਦਾ ਰੋਲ ਨਿਭਾਉਂਦੇ ਹਨ। ਇਨ੍ਹਾਂ ਦੇ ਇਸ ਵਿਸ਼ਨੂੰ ਰੋਲ ਤੋਂ ਬਿਨਾਂ ਅੱਜ ਵੀ ਵੱਡਾ ਜੀਵਨ ਸੰਭਵ ਨਹੀਂ। ਉਦਾਹਰਣ ਦੇ ਤੌਰ ’ਤੇ ਧਰਤੀ ਵਿਚਲੇ ਸੂਖਸ਼ਮ ਜੀਵ, ਹਵਾ ਦੀ ਨਾਈਟ੍ਰੋਜਨ ਨੂੰ ਫਿਕਸ ਕਰ ਕੇ, ਪੌਦਿਆਂ ਦੇ ਵਰਤਣਯੋਗ ਬਣਾ ਦਿੰਦੇ ਹਨ। ਇਸੇ ਤਰ੍ਹ੍ਹਾਂ ਧਰਤੀ ਵਿਚਲੀ ਫਾਸਫੋਰਸ ਨੂੰ ਵੀ ਪੌਦਿਆਂ ਦੇ ਵਰਤਣਯੋਗ ਸੂਖਸ਼ਮ ਜੀਵ ਹੀ ਬਣਾਉਂਦੇ ਹਨ। ਹੋਰ ਅਨੇਕਾਂ ਢੰਗਾਂ ਨਾਲ ਇਹ ਧਰਤੀ ਵਿਚਲੇ ਖੁਰਾਕੀ ਤੱਤਾਂ ਅਤੇ ਪੌਦਿਆਂ ਦੀਆਂ ਜੜ੍ਹਾਂ ਵਿਚਾਲੇ ਇਕ ਅਜਿਹੀ ਕੜੀ ਦਾ ਰੋਲ ਨਿਭਾਉਂਦੇ ਹਨ, ਜਿਸ ਤੋਂ ਬਿਨਾਂ ਵੱਡਾ ਜੀਵਨ ਸੰਭਵ ਹੀ ਨਹੀਂ। ਇਹ ਸੂਖਸ਼ਮ ਜੀਵਾਂ ਦਾ ਵਿਸ਼ਨੂੰ ਰੋਲ ਹੈ। ਇਸੇ ਤਰ੍ਹਾਂ ਹੀ ਇਹ ਸੂਖਸ਼ਮ ਜੀਵ ਵੱਡੇ ਜੀਵਾਂ ਦੀਆਂ ਅੰਤੜੀਆਂ ਵਿਚ ਅਸੰਖਾਂ ਦੀ ਗਿਣਤੀ ਵਿਚ ਹੁੰਦੇ ਹਨ, ਜਿੱਥੇ ਇਹ ਸਾਡੇ ਭੋਜਨ ਅਤੇ ਸਰੀਰ ਵਿਚਾਲੇ ਉਸੇ ਤਰ੍ਹਾਂ ਦੀ ਹੀ ਕੜੀ ਹਨ, ਜਿਸ ਤਰ੍ਹਾਂ ਇਹ ਧਰਤੀ ਵਿਚ ਖੁਰਾਕੀ ਤੱਤਾਂ ਅਤੇ ਪੌਦਿਆਂ ਵਿਚਾਲੇ ਹਨ। ਭੋਜਨ ਨੂੰ ਪਚਾਉਣ ਅਤੇ ਇਸ ਵਿਚ ਖੁਰਾਕੀ ਤੱਤਾਂ ਦਾ ਸੰਤੁਲਨ ਬਣਾਉਣ ਵਿਚ ਇਨ੍ਹਾਂ ਦਾ ਵੱਡਾ ਯੋਗਦਾਨ ਹੁੰਦਾ ਹੈ। ਇਨ੍ਹਾਂ ਦੇ ਇਸ ਰੋਲ ਤੋਂ ਬਿਨਾਂ ਵੱਡੇ ਜੀਵਾਂ ਦਾ ਜੀਵਨ ਸੰਭਵ ਨਹੀਂ। ਇਸ ਤਰ੍ਹਾਂ ਇਹ ਵਿਸ਼ਨੂੰ ਰੂਪੀ ਪਾਲਣਾ ਦਾ ਰੋਲ ਨਿਭਾਉਂਦੇ ਹਨ।

ਇਹ ਸੂਖਸ਼ਮ ਜੀਵ ਸ਼ਿਵ ਦਾ ਰੋਲ ਵੀ ਨਿਭਾਉਂਦੇ ਹਨ। ਪੌਦਿਆਂ ਦੀ ਰਹਿੰਦ-ਖੂੰਹਦ, ਜਾਨਵਰਾਂ ਦੇ ਮਲ-ਮੂਤਰ ਅਤੇ ਸਭ ਜੀਵਾਂ ਦੇ ਮ੍ਰਿਤਕ ਸਰੀਰਾਂ ਨੂੰ ਇਹੀ ਸੂਖਸ਼ਮ ਜੀਵ ਗਾਲ ਕੇ ਵਾਪਸ ਪੰਜ ਤੱਤਾਂ ਵਿਚ ਮਿਲਾ ਦਿੰਦੇ ਹਨ ਅਤੇ ਇਸ ਪ੍ਰਕਿਰਿਆ ਵਿਚ ਉਹ ਨਵੇਂ ਜੀਵਨ ਲਈ ਪੰਜ ਤੱਤਾਂ ਦਾ ਨਵੀਨੀਕਰਨ ਕਰ ਦਿੰਦੇ ਹਨ। ਇਨ੍ਹਾਂ ਦੇ ਇਸ ਸ਼ਿਵ ਰੋਲ ਤੋਂ ਬਿਨਾਂ ਧਰਤੀ ’ਤੇ ਜੀਵਨ ਸੰਭਵ ਨਹੀਂ।

ਪੰਜਵੀਂ ਪਰਤ :- ਪੰਜਵੀਂ ਪਰਤ ਹੈ ਇਸ ਧਰਤੀ ’ਤੇ ਵਸਦਾ ਨੰਗੀ-ਅੱਖ ਦਿਖਣ ਵਾਲਾ ਜੀਵਨ, ਜਿਥੇ ਵਨਸਪਤੀ ਅਤੇ ਜਾਨਵਰ ਇਕ ਸੁੰਦਰ ਸੰਤੁਲਨ ਵਿਚ ਬੱਝੇ ਹੋਏ ਹਨ। ਪੌਦੇ ਸੂਰਜੀ ਊਰਜਾ, ਹਵਾ, ਪਾਣੀ ਅਤੇ ਮਿੱਟੀ ਵਿਚਲੇ ਖੁਰਾਕੀ ਤੱਤਾਂ ਤੋਂ ਭੋਜਨ ਤਿਆਰ ਕਰਦੇ ਹਨ, ਜਿਸ ਨੂੰ ਉਹ ਖੁਦ ਲਈ ਵਰਤਦੇ ਹਨ ਅਤੇ ਜਾਨਵਰਾਂ ਨੂੰ ਵੀ ਦਿੰਦੇ ਹਨ। ਕੁਦਰਤ ਦੀ ਭੋਜਨ ਪੈਦਾ ਕਰਨ ਦੀ ਪ੍ਰਕਿਰਿਆ ਵਿਚ ਮਨੁੱਖ ਦੀ ਕੋਸ਼ਿਸ਼ ਦਾ ਰੋਲ ਬਹੁਤ ਥੋੜ੍ਹਾ ਹੈ। ਜੇ ਉਹ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਉਨ੍ਹਾਂ ਅਨੁਸਾਰ ਚੱਲੇ ਤਾਂ ਸਹਿਜ-ਸੁਭਾਅ ਹੀ ਅਤੇ ਬਹੁਤ ਸਸਤੇ ਵਿਚ ਹੀ ਭੋਜਨ ਦਾ ਭੰਡਾਰ ਪੈਦਾ ਕਰ ਸਕਦਾ ਹੈ। ਭੋਜਨ ਪੈਦਾ ਕਰਨ ਦੇ ਸਾਰੇ ਕੁਦਰਤੀ ਸਾਧਨ ਕੁਦਰਤ ਨੇ ਮੁਫਤ ਅਤੇ ਕਦੇ ਨਾ ਮੁੱਕਣ ਵਾਲੇ ਢੰਗ ਨਾਲ ਸਾਨੂੰ ਦਿੱਤੇ ਹੋਏ ਹਨ। ਸੂਰਜੀ ਊਰਜਾ ਅਮੁੱਕ ਹੈ ਅਤੇ ਮੁਫਤ ਕੁਦਰਤ ਦੀ ਦੇਣ ਹੈ; ਹਵਾ ਜਿਥੇ ਮੁਫਤ ਹੈ, ਉਥੇ ਉਹ ਆਪਣੇ ਚੱਕਰ ਵਿਚ ਚਲਦੀ ਇਸ ਢੰਗ ਨਾਲ ਸੰਪਨ ਹੈ ਕਿ ਉਸ ਦਾ ਨਾ ਕੁਝ ਘਟੇ ਤੇ ਨਾ ਕੁਝ ਮੁੱਕੇ। ਇਸੇ ਤਰ੍ਹਾਂ ਪਾਣੀ ਵੀ ਅਮੁੱਕ ਚੱਕਰ ਵਿਚ ਚਲਦਾ ਹੋਇਆ ਆਪਣਾ ਜੀਵਨ ਦਾਨੀ ਰੋਲ ਨਿਭਾਉਂਦਾ ਰਹਿੰਦਾ ਹੈ। ਧਰਤੀ ਵਿਚਲੇ ਖੁਰਾਕੀ ਤੱਤ ਵੀ ਕਦੇ ਨਾ ਮੁੱਕਣ ਵਾਲੇ ਚਕਰ ਵਿਚ ਚਲਦੇ ਰਹਿੰਦੇ ਹਨ। ਸਪੱਸ਼ਟ ਹੈ ਕਿ ਜੇਕਰ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਉਨ੍ਹਾਂ ਅਨੁਸਾਰ ਚੱਲਿਆ ਜਾਵੇ ਤਾਂ ਭੋਜਨ ਦੀ ਪੈਦਾਵਾਰ ਵਿਚ ਮਨੁੱਖੀ ਕੋਸ਼ਿਸ਼ ਦੀ ਲੋੜ ਬਹੁਤ ਘੱਟ ਹੈ।

ਬ੍ਰਹਿਮੰਡੀ ਊਰਜਾ (ਪ੍ਰਮਾਤਮਾ) ਸਰਬ-ਵਿਆਪੀ, ਅਮਰ ਅਤੇ ਅਜਰ ਹੈ। ਸੂਰਜੀ ਊਰਜਾ, ਬ੍ਰਹਿਮੰਡੀ ਊਰਜਾ ਦਾ ਹੀ ਇਕ ਰੂਪ ਹੈ। ਇਹ ਊਰਜਾ, ਪਦਾਰਥ ਦੇ ਤਿੰਨਾਂ ਰੂਪਾਂ (ਹਵਾ-ਪਾਣੀ-ਮਿੱਟੀ) ਦੇ ਚੱਕਰਾਂ ਨੂੰ ਚਲਦਾ ਰੱਖਦੀ ਹੈ। ਬ੍ਰਹਿਮੰਡੀ ਊਰਜਾ ਦੇ ਅਧਾਰ ’ਤੇ, ਹਵਾ, ਪਾਣੀ ਅਤੇ ਮਿੱਟੀ ਆਪਣੇ ਅਮੁੱਕ ਅਤੇ ਕਦੇ ਨਾ ਖਤਮ ਹੋਣ ਵਾਲੇ ਚੱਕਰਾਂ ਰਾਹੀਂ ਜੀਵਨ ਦਾ ਅਾਧਾਰ ਬਣਦੇ ਹਨ। ਸੂਰਜੀ ਊਰਜਾ (ਰੋਸ਼ਨੀ ਅਤੇ ਗਰਮੀ), ਗਰੂਤਾ-ਬਲ, ਚੁੰਬਕੀ ਸ਼ਕਤੀ, ਆਵਾਜ਼-ਸ਼ਕਤੀ ਅਤੇ ਬਿਜਲੀ; ਬ੍ਰਹਿਮੰਡੀ ਊਰਜਾ ਦੇ ਹੀ ਰੂਪ ਹਨ। ਸੂਰਜੀ ਊਰਜਾ, ਹਵਾ-ਪਾਣੀ-ਮਿੱਟੀ ਨਾਲ ਮਿਲ ਕੇ ਪੌਦਿਆਂ ਰਾਹੀਂ ਭੋਜਨ ਤਿਆਰ ਕਰਦੀ ਹੈ, ਜਿਸ ਦੇ ਸਿਰ ’ਤੇ ਸਮੂਹ ਭੋਜਨ-ਲੜੀ ਬਣਦੀ ਹੈ। ਇਸ ਭੋਜਨ-ਲੜੀ ਦੇ ਸਿਰ ’ਤੇ ਸਮੂਹ ਪ੍ਰਾਣੀਆਂ ਦਾ ਜੀਵਨ-ਚੱਕਰ ਚੱਲਦਾ ਹੈ। ਪੰਜਵਾਂ ਤੱਤ ਆਕਾਸ਼ ਹੈ, ਜਿਸ ਵਿਚ ਉਪਰੋਕਤ ਚਾਰੇ ਤੱਤ ਸਥਿਤ ਹਨ। ਊਰਜਾ ਅਤੇ ਆਕਾਸ਼ ਸਰਬ-ਵਿਆਪੀ ਹਨ ਅਤੇ ਸਮੂਹ ਸ੍ਰਿਸ਼ਟੀ ਦੇ ਸਾਂਝੇ ਹਨ ਜਦਕਿ ਹਵਾ-ਪਾਣੀ-ਮਿੱਟੀ ਇਸ ਧਰਤੀ ਦੇ ਹਨ ਅਤੇ ਲੱਖਾਂ ਤਰ੍ਹਾਂ ਦੇ ਪ੍ਰਾਣੀਆਂ ਨਾਲ ਸਜੀ ਬੇਹੱਦ ਸੁੰਦਰ ਕੁਦਰਤ ਦਾ ਅਾਧਾਰ ਹਨ।

-ਡਾ. ਅਮਰ ਸਿੰਘ ਆਜ਼ਾਦ

9872861321


cherry

Edited By cherry