ਵਾਸਤੂ ਸ਼ਾਸਤਰ: ਘਰ ਦੀ ਇਸ ਦਿਸ਼ਾ ''ਚ ਭੁੱਲ ਕੇ ਨਾ ਰੱਖੋ ਪਾਣੀ ਦੀ ਟੈਂਕੀ, ਨਹੀਂ ਤਾਂ ਵਧਣਗੀਆਂ ਪਰੇਸ਼ਾਨੀਆਂ
12/7/2021 5:03:25 PM
ਨਵੀਂ ਦਿੱਲੀ : ਲੋੜ ਸਮੇਂ ਪਾਣੀ ਦੀ ਘਾਟ ਨਾ ਹੋਵੇ, ਇਸ ਲਈ ਲੋਕ ਆਪਣੇ ਘਰਾਂ ਦੀ ਛੱਤ 'ਤੇ ਪਾਣੀ ਦੀ ਟੈਂਕੀ ਲਗਵਾਉਂਦੇ ਹਨ। ਟੈਂਕੀ ਲਗਾਉਂਦੇ ਸਮੇਂ ਆਮ ਤੌਰ 'ਤੇ ਇਸ ਗੱਲ ਦਾ ਧਿਆਨ ਨਹੀਂ ਰੱਖਿਆ ਜਾਂਦਾ ਕਿ ਉਸ ਦੀ ਸਹੀ ਦਿਸ਼ਾ ਕੀ ਹੋਣੀ ਚਾਹੀਦੀ ਹੈ। ਜਦੋਂਕਿ ਵਾਸਤੂ ਸ਼ਾਸਤਰ ਅਨੁਸਾਰ, ਪਾਣੀ ਦੀ ਟੈਂਕੀ ਵਾਸਤੂ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ। ਜੇਕਰ ਸਹੀ ਦਿਸ਼ਾ 'ਚ ਟੈਂਕੀ ਨਾ ਹੋਵੇ ਤਾਂ ਵਿਅਕਤੀ ਨੂੰ ਆਰਥਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਨਾਲ ਤਰੱਕੀ 'ਚ ਰੁਕਾਵਟ ਅਤੇ ਸਿਹਤ ਵੀ ਪ੍ਰਭਾਵਿਤ ਹੁੰਦੀ ਹੈ। ਇਸ ਲਈ ਪਾਣੀ ਦੀ ਟੈਂਕੀ ਲਗਾਉਂਦੇ ਸਮੇਂ ਵਾਸਤੂ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ।
ਵਾਸਤੂ ਵਿਗਿਆਨ ਅਨੁਸਾਰ, ਉੱਤਰ ਅਤੇ ਪੂਰਬ ਪਾਣੀ ਲਈ ਸਭ ਤੋਂ ਵਧੀਆ ਦਿਸ਼ਾਵਾਂ ਹਨ। ਇਸ ਦਿਸ਼ਾ 'ਚ ਘਰ ਦੇ ਅੰਦਰ ਵਾਟਰ ਪਿਊਰੀਫਾਇਰ, ਘੜਾ ਜਾਂ ਹੋਰ ਪਾਣੀ ਦਾ ਭਾਂਡਾ ਰੱਖਣਾ ਸ਼ੁਭ ਹੈ, ਜਦਕਿ ਇਸ ਦਿਸ਼ਾ 'ਚ ਪਾਣੀ ਦੀ ਟੈਂਕੀ ਹੋਣ 'ਤੇ ਵਾਸਤੂ ਨੁਕਸ ਪੈਦਾ ਹੁੰਦੇ ਹਨ। ਇਸ ਨਾਲ ਕਾਰੋਬਾਰ 'ਚ ਨੁਕਸਾਨ, ਘਰ 'ਚ ਰਹਿਣ ਵਾਲੇ ਲੋਕਾਂ ਦੀ ਸਿਹਤ 'ਚ ਉਤਰਾਅ-ਚੜ੍ਹਾਅ ਜਾਂ ਅਚਾਨਕ ਦੁਰਘਟਨਾ ਹੋਣ ਦਾ ਖਤਰਾ ਵੱਧ ਜਾਂਦਾ ਹੈ। ਪਾਣੀ ਦੀ ਟੈਂਕੀ ਰੱਖਣ ਲਈ ਉੱਤਰ-ਪੂਰਬ ਦਿਸ਼ਾ ਵੀ ਠੀਕ ਨਹੀਂ ਹੈ, ਜਿਸ ਕਾਰਨ ਤਣਾਅ ਵਧਦਾ ਹੈ ਅਤੇ ਬੱਚਿਆਂ ਨੂੰ ਪੜ੍ਹਨ-ਲਿਖਣ 'ਚ ਮਨ ਨਹੀਂ ਲੱਗਦਾ। ਦੱਖਣ-ਪੂਰਬੀ ਦਿਸ਼ਾ ਵੀ ਪਾਣੀ ਦੀ ਟੈਂਕੀ ਰੱਖਣ ਲਈ ਠੀਕ ਨਹੀਂ ਮੰਨੀ ਜਾਂਦੀ ਕਿਉਂਕਿ ਇਸ ਦਿਸ਼ਾ ਨੂੰ ਅਗਨੀ ਦੀ ਦਿਸ਼ਾ ਕਿਹਾ ਜਾਂਦਾ ਹੈ। ਅਗਨੀ ਅਤੇ ਪਾਣੀ ਦਾ ਸੁਮੇਲ ਗੰਭੀਰ ਵਾਸਤੂ ਦੋਸ਼ ਦਾ ਕਾਰਨ ਬਣਦਾ ਹੈ।
ਵਾਸਤੂ ਵਿਗਿਆਨ ਅਨੁਸਾਰ ਦੱਖਣੀ-ਪੱਛਮੀ ਭਾਵ ਨੈਰਿਤਯ ਕੋਣ ਬਾਕੀ ਦਿਸ਼ਾਵਾਂ ਤੋਂ ਉੱਚਾ ਅਤੇ ਭਾਰੀ ਹੋਣਾ ਸ਼ੁਭ ਫਲਦਾਈ ਹੁੰਦਾ ਹੈ। ਇਸ ਦਿਸ਼ਾ 'ਚ ਛੱਤ 'ਤੇ ਪਾਣੀ ਦੀ ਟੈਂਕੀ ਰੱਖਣ ਨਾਲ ਇਹ ਹਿੱਸਾ ਬਾਕੀ ਹਿੱਸਿਆਂ ਦੇ ਮੁਕਾਬਲੇ ਉੱਚਾ ਅਤੇ ਭਾਰੀ ਹੋ ਜਾਂਦਾ ਹੈ। ਇਸ ਲਈ ਤਰੱਕੀ ਅਤੇ ਖੁਸ਼ਹਾਲੀ ਲਈ ਦੱਖਣੀ-ਪੱਛਮੀ ਦਿਸ਼ਾ 'ਚ ਪਾਣੀ ਦੀ ਟੈਂਕੀ ਲਗਾਉਣੀ ਚਾਹੀਦੀ ਹੈ। ਇਸ ਦਿਸ਼ਾ 'ਚ ਟੈਂਕੀ ਲਗਾਉਂਦੇ ਸਮੇਂ ਇਹ ਵੀ ਧਿਆਨ 'ਚ ਰੱਖੋ ਕਿ ਇਸ ਦਿਸ਼ਾ ਦੀ ਕੰਧ ਟੈਂਕੀ ਤੋਂ ਉੱਚੀ ਹੋਵੇ, ਜਿਸ ਨਾਲ ਆਮਦਨ 'ਚ ਵਾਧਾ ਹੁੰਦਾ ਹੈ ਅਤੇ ਲੰਬੇ ਸਮੇਂ ਤਕ ਘਰ ਦਾ ਸੁੱਖ ਮਿਲਦਾ ਹੈ।
ਜ਼ਿੰਦਗੀ 'ਚ ਸਫ਼ਲਤਾ ਹਾਸਲ ਕਰਨ ਲਈ ਸਖ਼ਤ ਮਿਹਨਤ ਜ਼ਰੂਰੀ ਹੈ, ਪਰ ਸਫ਼ਲਤਾ ਸਿਰਫ਼ ਸਖ਼ਤ ਮਿਹਨਤ ਨਾਲ ਨਹੀਂ ਮਿਲਦੀ, ਇਸ ਲਈ ਕੁਝ ਵਾਧੂ ਵੀ ਕਰਨਾ ਪੈਂਦਾ ਹੈ। ਮਿਹਨਤ ਦੇ ਨਾਲ-ਨਾਲ ਇਹ ਵੀ ਦੇਖਣਾ ਚਾਹੀਦਾ ਹੈ ਕਿ ਮਿਹਨਤ ਸਹੀ ਸਮੇਂ ਅਤੇ ਸਹੀ ਦਿਸ਼ਾ 'ਚ ਕੀਤੀ ਜਾਵੇ। ਇਸ ਸਭ ਦੀ ਸਹੀ ਜਾਣਕਾਰੀ ਸਾਨੂੰ ਵਾਸਤੂ ਵਿਗਿਆਨ ਤੋਂ ਮਿਲਦੀ ਹੈ। ਜਿਵੇਂ ਕੋਈ ਵੀ ਵਿਦਿਆਰਥੀ ਅਧਿਆਪਕ ਸਾਹਮਣੇ ਚਾਹੇ ਹਰ ਸਵਾਲ ਦਾ ਸਹੀ ਜਵਾਬ ਦੇ ਸਕਦਾ ਹੈ ਪਰ ਸਫਲ ਉਹ ਹੁੰਦਾ ਹੈ ਜਿਹੜਾ ਇਮਤਿਹਾਨ 'ਚ ਸਹੀ ਉੱਤਰ ਲਿਖਦਾ ਹੈ।