ਗੁਰੂ ਨਾਨਕ ਦੇ ਰਾਹਵਾਂ ਦੇ ਦੋ ਪਾਂਧੀ

7/22/2019 2:34:28 PM

ਜਗ ਬਾਣੀ ਵਿਸ਼ੇਸ਼ (ਹਰਪ੍ਰੀਤ ਸਿੰਘ ਕਾਹਲੋਂ) ਯਾਤਰਾ ਅਤੇ ਇਹਦੀ ਸੱਭਿਆਤਾਵਾਂ ਦੇ ਇਤਿਹਾਸ ‘ਚ ਨਿਸ਼ਾਨਦੇਹੀ, ਇਸ ਦਾ ਆਪਣਾ ਹੀ ਜਲਾਲ ਹੈ।ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ‘ਚ ਰਾਗਾਂ ‘ਚ ਬਾਣੀ ਨੂੰ ਰਚਿਆ ਅਤੇ ਗਾਇਆ।ਉਹਨਾਂ ਸੰਸਾਰ ਦੇ ਵੱਖ ਵੱਖ ਹਿੱਸਿਆਂ ਤੱਕ ਉਦਾਸੀਆਂ ਕੀਤੀਆਂ ਅਤੇ ਅਖ਼ੀਰ ਕਰਤਾਰਪੁਰ ਸਾਹਿਬ ਦੀ ਮੁੱਕਦਸ ਧਰਤੀ ‘ਤੇ ਆਕੇ ਖੇਤੀ ਕੀਤੀ।ਇਸ ਦੌਰਾਨ ਉਹਨਾਂ ਗ੍ਰਹਿਸਥ ਜ਼ਿੰਦਗੀ ਦੀ ਮਹੱਤਤਾ ਨੂੰ ਵੀ ਦੱਸਿਆ ਅਤੇ ਨਾਮ ਜਪਣ,ਕਿਰਤ ਕਰਨ,ਵੰਡ ਛੱਕਣ ਦਾ ਰੂਹਾਨੀ ਅਹਿਸਾਸ ਵੀ ਦਿੱਤਾ।ਸੱਭਿਆਤਾਵਾਂ ਦੇ ਇਤਿਹਾਸ ‘ਚ ਗੁਰੂ ਦੇ ਦੱਸੇ ਮਾਰਗ ‘ਤੇ ਤੁਰਦਿਆਂ ਇਹਦਾ ਅਹਿਸਾਸ ਕਰਕੇ ਵੇਖੋ।ਉਹਨਾਂ ਆਪਣੇ ਸਿੱਖਾਂ ਨੂੰ ਕੀ ਸਿਖਾਇਆ ? ਘੁੰਮਣਾ ਅਤੇ ਦੁਨੀਆਂ ਦੀ ਪ੍ਰਾਹੁਣਾਚਾਰੀ ਨੂੰ ਸਮਝਣਾ,ਬੰਦੇ ਦੀ ਖ਼ੋਜ ਅਤੇ ਸਿਦਕ ਸੰਤੋਖ ਦੀ ਸਾਧਣਾ ਇਹੋ ਤਾਂ ਹੈ ਬਾਬੇ ਨਾਨਕ ਦੇ ਘਰ ਦਾ ਸਿਰਨਾਵਾਂ ! 
ਭਾਈ ਧੰਨਾ ਸਿੰਘ (1905-1935) ਨੇ ਆਪਣੀ ਸਾਈਕਲ ਯਾਤਰਾ ਰਾਹੀ ਜੋ ਦੀਦਾਰੇ ਕੀਤੇ ਉਹ ਇਸ ਦੌਰ ‘ਚ ਅਮਰਦੀਪ ਸਿੰਘ ਹੁਣਾਂ ਕੀਤੇ ਹਨ।ਦੋਵੇਂ ਪਾਂਧੀਆਂ ਦੀ ਯਾਤਰਾਵਾਂ ‘ਚ ਆਪੋ ਆਪਣੇ ਅਹਿਸਾਸ ਹਨ ਪਰ ਇਹ ਸਿਰਫ ਗੁਰਧਾਮ ਯਾਤਰਾਵਾਂ ਨਹੀਂ ਹਨ।ਇਸ ਦੌਰਾਨ ਇਹਨਾਂ ਆਪੋ ਆਪਣੇ ਸਮਿਆਂ ‘ਚ ਗੁਰੂ ਨਾਨਕ ਕਥਾਵਾਂ ਦੇ ਉਸ ਅਹਿਸਾਸ ਨਾਲ ਜਾ ਜੁੜੇ ਜਿੱਥੇ ਉਹ ਗੁਰਦੁਆਰੇ ਤੋਂ ਬਾਹਰ ਦੂਜੇ ਧਰਮ ਦੇ ਲੋਕਾਂ ਦੀਆਂ ਰਹੁ ਰੀਤਾਂ ਸੁਭਾਅ ਅਤੇ ਉਹਨਾਂ ਦੀ ਬਾਬੇ ਨਾਨਕ ਦੇ ਰਿਸ਼ਤੇ ਨਾਲ ਪੈਦਾ ਹੋਈ ਮੁਹੱਬਤ ਦੀ ਸਾਂਝ ਨੂੰ ਮਹਿਸੂਸ ਕਰਨਾ ਵੀ ਹੈ।

ਅਸਤੀਫ਼ਾ ਪ੍ਰਵਾਣ ਕਰੋ ਮੈਂ ਹੁਣ ਗੁਰੂ ਦੀ ਨੌਕਰੀ ਕਰ ਲਈ ਹੈ : ਭਾਈ ਧੰਨਾ ਸਿੰਘ

ਸਿੱਖ ਇਤਿਹਾਸ ਦੇ ਬਣਾਉਣ ਦਾ ਹੈ ਪ੍ਰੇਮ ਮੈਨੂੰ। ਇਹੋ ਅਰਦਾਸ ਮੇਰੀ ਪੂਰੀ ਤੂੰ ਨਵਾਈ ਗੁਰੂ।
ਰਹਿੰਦਾ ਹਾਂ ਪਟਿਆਲੇ ਅਤੇ ਸਾਈਕਲ ਦਾ ਯਾਤਰੂ ਹਾਂ।ਧੰਨਾ ਸਿੰਘ ਨਾਮ ਆਪ ਬਣੀ ਤੂੰ ਸਹਾਈ ਗੁਰੂ।

ਮੀਂਹ,ਨ੍ਹੇਰੀ,ਸਰਦੀ,ਗਰਮੀ,ਕੱਚਾ ਰਾਹ,ਪੱਕੀ ਸੜਕ,ਥਲ,ਪਹਾੜ,ਨਦੀਆਂ ਅਤੇ ਦਰਿਆਵਾਂ ਨੂੰ ਪਾਰ ਕਰਦਿਆਂ ਭਾਈ ਧੰਨਾ ਸਿੰਘ ਨੇ ਅਸਾਮ ਤੋਂ ਪਿਸ਼ੌਰ ਜਮਰੌਦ ਅਤੇ ਕਸ਼ਮੀਰ ਤੋਂ ਲੈਕੇ ਸ੍ਰੀ ਹਜ਼ੂਰ ਸਾਹਿਬ ਤੱਕ ਜਿਸ ਦੀਵਾਨਗੀ ਨਾਲ ਯਾਤਰਾਵਾਂ ਕੀਤੀਆਂ ਉਹ ਰੂਹਾਨੀ ਸਫ਼ਰ ਸੀ।ਇਸ ਸਫ਼ਰ ‘ਚ ਭਾਈ ਧੰਨਾ ਸਿੰਘ ਨੇ ਸਿੱਖ ਇਤਿਹਾਸ,ਵਿਰਾਸਤਾਂ ਦੀ ਨਿਸ਼ਾਨਦੇਹੀ ਅਤੇ ਆਪਣੀਆਂ ਡਾਇਰੀਆਂ ਅਤੇ ਫੋਟੋਆਂ ਨਾਲ ਜੋ ਦਿੱਤਾ ਉਹ ਇੱਕ ਸਦੀ ਬਾਅਦ ਸਾਡੇ ਲਈ ਵਿਲੱਖਣ ਖ਼ਜ਼ਾਨਾ ਹੈ।
1905 ਦੇ ਜੰਮਪਲ ਭਾਈ ਧੰਨਾ ਸਿੰਘ ਪਿੰਡ ਚਾਂਗਲੀ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਦੇ ਰਹਿਣ ਵਾਲੇ ਸਨ।11 ਮਾਰਚ 1930 ਤੋਂ 2 ਮਾਰਚ 1935 ਤੱਕ ਉਹਨਾਂ 9 ਯਾਤਰਾਵਾਂ ਕੀਤੀਆਂ।ਉਹਨਾਂ ਦੀ ਬੰਨੂ ਕੋਹਾਟ ਕਸ਼ਮੀਰ ‘ਚ ਸਾਥੀ ਭਾਈ ਹੀਰਾ ਸਿੰਘ ਤੋਂ ਰਾਈਫਲ ਸੰਭਾਲਣ ਦੌਰਾਨ ਗਲਤੀ ਨਾਲ ਚੱਲੀ ਗੋਲੀ ਕਰਕੇ ਮੌਤ ਹੋ ਗਈ ਸੀ।ਇਸ ਬਾਰੇ 5 ਮਾਰਚ 1935 ਦੇ ਹਿੰਦੂਸਤਾਨ ਟਾਈਮਜ਼ ਅਖ਼ਬਾਰ ‘ਚ ਖ਼ਬਰ ਵੀ ਛਪੀ ਸੀ।ਭਾਈ ਧੰਨਾ ਸਿੰਘ ਏਡੇ ਮਹਾਨ ਕਾਰਜ ਦੇ ਬਾਵਜੂਦ ਇਤਿਹਾਸ ਦੇ ਅਣਗੋਲੇ ਨਾਇਕ ਰਹੇ ਹਨ।ਉਹਨਾਂ ਬਾਰੇ 1931 ‘ਚ ਭਾਈ ਨਾਹਰ ਸਿੰਘ ਨੇ ਖ਼ਾਲਸਾ ਸਮਾਚਾਰ ‘ਚ ਲਿਿਖਆ ਸੀ ਜਾਂ ਇਨਸਾਈਕਲੋਪੀਡੀਆ ਆਫ ਸਿੱਖਇਜ਼ਮ ‘ਚ ਉਹਨਾਂ ਦਾ ਜ਼ਿਕਰ ਹੈ।ਉਹਨਾਂ ਬਾਰੇ ਮੁੰਕਮਲ ਦਸਤਾਵੇਜ਼ ਤਿਆਰ ਕਰਨ ਦਾ ਵੱਡਾ ਸਿਹਰਾ ਚੇਤਨ ਸਿੰਘ ਹੁਣਾਂ ਨੂੰ ਜਾਂਦਾ ਹੈ। ਚੇਤਨ ਸਿੰਘ ਸਾਬਕਾ ਮੁਖੀ ਬੋਲੀ ਮਹਿਕਮਾ ਪੰਜਾਬ ਨੇ ਭਾਈ ਧੰਨਾ ਸਿੰਘ ਦੀਆਂ ਡਾਇਰੀਆਂ ਅਤੇ ਫੋਟੋਆਂ ਭਾਈ ਗੁਰਬਖਸ਼ ਸਿੰਘ ਅਤੇ ਪਰਿਵਾਰ ਤੋਂ ਪ੍ਰਾਪਤ ਕਰਕੇ ਪਹਿਲੀ ਵਾਰ ਛਾਪੀਆਂ ਸਨ ।ਇੰਝ ਭਾਈ ਧੰਨਾ ਸਿੰਘ ਦਾ ਖ਼ੋਜ ਕਾਰਜ ਉਹਨਾਂ ਦੀ ਮੌਤ ਤੋਂ 80 ਸਾਲ ਬਾਅਦ ਸਾਹਮਣੇ ਆਇਆ ਸੀ।
ਭਾਈ ਧੰਨਾ ਸਿੰਘ ਨੇ 1930 ਤੋਂ 1935 ਤੱਕ 20000 ਮੀਲ ਦੇ ਸਫ਼ਰ ਦੌਰਾਨ 1600 ਤੋਂ ਵੱਧ ਗੁਰੂਧਾਮਾਂ ਦੀ ਯਾਤਰਾ ਕੀਤੀ।ਇਹ ਸਿਰਫ ਧਾਰਮਿਕ ਯਾਤਰਾਵਾਂ ਹੀ ਨਹੀਂ ਸਨ।ਭਾਈ ਧੰਨਾ ਸਿੰਘ ਆਪਣੀ ਡਾਇਰੀਆਂ ‘ਚ ਹਰ ਜਾਣਕਾਰੀ ਨੂੰ ਬਾਰੀਕੀ ‘ਚ ਦਰਜ ਕਰਦੇ ਗਏ ਸਨ।ਉਹਨਾਂ ਸਮਿਆਂ ‘ਚ ਗੁਰਦੁਆਰਿਆਂ ਦੇ ਪ੍ਰਬੰਧ ਤੋਂ ਲੈਕੇ ਤਾਜ਼ਾ ਹੋਂਦ ‘ਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜ ਤੋਂ ਲੈਕੇ ਮਹੰਤਾ ਅਧੀਨ ਆਉਂਦੇ ਗੁਰਦੁਆਰਿਆਂ ਦਾ ਪੂਰਾ ਹਾਲ ਬਿਆਨ ਕੀਤਾ ਹੈ।ਇਸ ਤੋਂ ਇਲਾਵਾ ਭਾਈ ਧੰਨਾ ਸਿੰਘ 1947 ਤੋਂ ਪਹਿਲਾਂ ਦੇ ਭਾਰਤ ‘ਚ ਯਾਤਰਾ ਕਰਦੇ ਹੋਏ ਉਹਨਾਂ ਸਮਿਆਂ ‘ਚ ਲੋਕ ਵਿਹਾਰ,ਪ੍ਰਸ਼ਾਸ਼ਨਿਕ ਪ੍ਰਬੰਧ ਅਤੇ ਹਰ ਉਸ ਟੈਕਸ ਅਤੇ ਪ੍ਰਾਹੁਣਾਚਾਰੀ ਦਾ ਜ਼ਿਕਰ ਵੀ ਕਰਦੇ ਰਹੇ ਜੋ ਅੱਜ ਦੇ ਇਸ ਦੌਰ ਅੰਦਰ ਜਾਣਕਾਰੀ ਦੇ ਲਿਹਾਜ਼ ‘ਚ ਖਾਸ ਹੈ।
ਭਾਈ ਧੰਨਾ ਸਿੰਘ ਪਟਿਆਲਾ ਰਿਆਸਤ ‘ਚ ਮਹਾਰਾਜਾ ਭੁਪਿੰਦਰ ਸਿੰਘ ਦੇ ਡਰਾਈਵਰ ਸਨ।ਆਪਣੀਆਂ ਯਾਤਰਾਵਾਂ ਲਈ ਉਹਨਾਂ ਆਪਣੀ ਨੌਕਰੀ ਤੋਂ ਅਸਤੀਫ਼ਾ ਦਿੱਤਾ ਅਤੇ 25 ਸਾਲ ਦੀ ਉਮਰ ‘ਚ 25 ਰੁਪਏ ਲੈਕੇ ਪਟਿਆਲੇ ਤੋਂ ਯਾਤਰਾ ਸ਼ੁਰੂ ਕੀਤੀ ਸੀ।ਇਸ ਸਫ਼ਰ ‘ਚ ਉਹਨਾਂ ਨੂੰ ਵੱਖ ਵੱਖ ਥਾਵਾਂ ਤੋਂ ਜੋ ਸਹਾਇਤਾ ਰਕਮ ਮਿਲੀ ਉਹਨਾਂ ਇਸਨੂੰ ਵੀ ਬਕਾਇਦਾ ਡਾਇਰੀਆਂ ‘ਚ ਦਰਜ ਕੀਤਾ ਹੈ।ਉਹਨਾਂ ਨੂੰ ਸਹਾਇਤਾ ਵਜੋਂ 850 ਰੁਪਏ ਦੀ ਮਦਦ ਹੋਈ ਸੀ।ਭਾਈ ਧੰਨਾ ਸਿੰਘ ਕੋਲ ਆਲਵਿਕ ਕੰਪਨੀ ਦਾ 56113 ਐੱਚ.ਸੀ ਨੰਬਰ ਦਾ ਸਾਈਕਲ ਸੀ।ਸੋਢੀ ਜੰਗ ਸਿੰਘ ਹੁਣਾਂ ਉਹਨਾਂ ਨੂੰ ਪਹਿਲਾ ਕੋਡਕ ਕੈਮਰਾ 147 ਰੁਪਏ ਦਾ ਲੈਕੇ ਦਿੱਤਾ ਸੀ।ਇਸ ਤੋਂ ਬਾਅਦ ਹਜ਼ੂਰਾ ਸਿੰਘ ਢਿੱਲੋਂ ਨੇ 23 ਅਪ੍ਰੈਲ 1932 ਨੂੰ ਵੱਡਾ ਕੈਮਰਾ ਤੋਹਫੇ ‘ਚ ਦਿੱਤਾ।ਡਾ ਬਲਵੰਤ ਸਿੰਘ ਮਲਿਕ ਨੇ ਅਨਾਰਕਲੀ ਬਜ਼ਾਰ ਲਾਹੌਰ ਤੋਂ ਕੈਮਰੇ ਲਈ ਫਿਲਮਾਂ ਦਾ ਪ੍ਰਬੰਧ ਕਰਕੇ ਦਿੱਤਾ।3259 ਸਫ਼ੇ ਅਤੇ 200 ਤਸਵੀਰਾਂ ਦੇ ਇਸ ਮਹਾਨ ਖ਼ੋਜ ਕਾਰਜ ਵਿੱਚ ਭਾਈ ਧੰਨਾ ਸਿੰਘ ਦੀ ਮਿਹਨਤ ਨੂੰ ਇੰਝ ਬਹੁਤ ਸਾਰੇ ਸੱਜਣਾਂ ਨੇ ਮਦਾਦ ਕੀਤੀ।
PunjabKesari
ਇਤਿਹਾਸ ‘ਚ ਭਾਈ ਧੰਨਾ ਸਿੰਘ ਅਤੇ ਵਰਤਮਾਨ ‘ਚ ਅਮਰਦੀਪ ਸਿੰਘ ਹੁਣਾਂ ਦਾ ਕਾਰਜ ਪੇਸ਼ ਕਰਨ ਪਿੱਛੇ ਨਜ਼ਰੀਆ ਇਹ ਹੈ ਕਿ ਦੋਵਾਂ ਨੇ ਆਪੋ ਆਪਣੇ ਸਮਿਆਂ ‘ਚ ਆਉਣ ਵਾਲੀ ਪੀੜ੍ਹੀ ਲਈ ਉਹ ਕੁਝ ਦਰਜ ਕੀਤਾ ਜੋ ਵਿਰਸਾਤਾਂ ਨਾਲ ਸਾਡਾ ਰਾਬਤਾ ਕਾਇਮ ਰੱਖੇਗਾ।ਭਾਈ ਧੰਨਾ ਸਿੰਘ ਦੇ ਸਮਿਆਂ ‘ਚ ਉਹਨਾਂ ਦੀਆਂ ਆਪਣੀਆਂ ਚਣੌਤੀਆਂ ਸਨ।ਉਹ ਜਿਹੜੇ ਰਾਹਵਾਂ ‘ਤੇ ਤੁਰੇ ਉੱਥੇ ਸਾਈਕਲ ਨਾਲ ਕੈਮਰੇ ਨਾਲ ਬ੍ਰਿਿਟਸ਼ ਭਾਰਤ ‘ਚ ਰਿਆਸਤੀ ਪ੍ਰਸ਼ਾਸ਼ਣ ‘ਚ ਸਫ਼ਰ ਕਰਨ ਸੌਖਾ ਨਹੀਂ ਸੀ।ਉਹ ਇੱਕਲੇ ਤੁਰੇ ਅਤੇ ਮਿਲਦੇ ਹੋਏ ਲੋਕ ਸਹਿਯੋਗ ਦਿੰਦੇ ਰਹੇ।ਉਹਨਾਂ ਇਤਿਹਾਸ ਦੀ ਸ਼ਨਾਖ਼ਤ ਕੀਤੀ।ਸਮੇਂ ਦੇ ਗੁਰਦੁਆਰਾ ਪ੍ਰਬੰਧਾਂ ਨੂੰ ਦਰਜ ਕੀਤਾ।ਇਹ ਉਹ ਦੌਰ ਸੀ ਜਦੋਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ‘ਚ ਆਇਆ ਅਜੇ ਕੁਝ ਸਾਲ ਹੀ ਹੋਏ ਸਨ।ਗੁਰਦੁਆਰਿਆਂ ਦੀ ਸ਼ਨਾਖਤ ਕਰਦਿਆਂ ਉਹਨਾਂ ਥਾਵਾਂ ‘ਤੇ ਕਾਬਜ਼ ਮਹੰਤਾ ਬਾਰੇ ਬੇਬਾਕੀ ਨਾਲ ਲਿਿਖਆ।ਭਾਈ ਧੰਨਾ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ ਲਿਖਤ ਸਰੂਪਾਂ ਦਾ ਅਧਿਐਨ ਕੀਤਾ।ਅਜਿਹੇ ਕਈ ਹਵਾਲੇ ਹਨ ਜਦੋਂ ਉਹ ਦੱਸਦੇ ਹਨ ਕਿ 17 ਅਪ੍ਰੈਲ 1930 ਨੂੰ ਉਹਨਾਂ ਗੁਰੂ ਗ੍ਰੰਥ ਸਾਹਿਬ ਦੀ ਜਿਸ ਬੀੜ ਦੇ ਦਰਸ਼ਨ ਕੀਤੇ ਉਸ ‘ਤੇ ਦੱਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਤੀਰ ਨਾਲ ਕੀਤੇ ਦਸਤਖ਼ਤ ਮੌਜੂਦ ਹਨ ਜਾਂ ਇੱਥੇ ਪੱਥਰ ਛਾਪੇ ਦੀ ਬੀੜ ਮੌਜੂਦ ਹੈ ਤਾਂ ਇਹ ਇਤਿਹਾਸਕ ਸਰਮਾਏ ਦੇ ਹਵਾਲੇ ਹਨ ਜਿਸ ਮਾਰਫ਼ਤ ਅਸੀਂ ਅਤੀਤ ‘ਚ ਆਪਣੇ ਸਰਮਾਏ ਨੂੰ ਮਹਿਸੂਸ ਕਰਦੇ ਹਾਂ।
ਇਸ ਦੌਰ ਅੰਦਰ ਅਮਰਦੀਪ ਸਿੰਘ ਦੀਆਂ ਚਣੌਤੀਆਂ ਵੀ ਘੱਟ ਨਹੀਂ ਸਨ।ਹੁਣ ਦੇਸ਼ਾਂ ਦੀ ਹੱਦਾਂ ਸਰਹੱਦਾਂ ਹਨ ਅਤੇ ਇਹਨਾਂ ਸਰਹੱਦਾਂ ‘ਤੇ ਸਿਆਸਤ ਦੀਆਂ ਆਪਣੀਆਂ ਰੁਸਵਾਈਆਂ ਹਨ।ਇਹਨਾਂ ਹਲਾਤਾਂ ‘ਚ ਜਿੱਥੇ ਉਹ ਜਾ ਰਹੇ ਹਨ ਉੱਥੇ ਤਾਰੀਖ਼ਾਂ ਦੀਆਂ ਨਾਰਾਜ਼ਗੀਆਂ,ਤਾਲੀਬਾਨ ਦੇ ਪ੍ਰਭਾਵਿਤ ਖੇਤਰ ਅਤੇ ਦੇਸ਼ਾਂ ਦੇ ਸਖ਼ਤ ਕਾਨੂੰਨ ਹਨ।ਅਜਿਹੇ ‘ਚ ਅਮਰਦੀਪ ਸਿੰਘ ਹੁਣਾਂ ਲਈ ਇਹਨਾਂ ਸਭ ਨੂੰ ਦਸਤਾਵੇਜ਼ੀ ਰੂਪ ਦੇਣਾ ਇਸ ਦੌਰ ਦਾ ਅਦਭੁੱਤ ਕਾਰਜ ਹੈ।ਗੁਰੂ ਨਾਨਕ ਦੇਵ ਜੀ ਦੀਆਂ ਰਾਹਵਾਂ ‘ਤੇ ਤੁਰਦਿਆਂ ਇਹਨਾਂ ਮੁਸਾਫ਼ਿਰਾਂ ਨੇ ਆਪਣੀ ਲਿਖਤ ਅਤੇ ਫੋਟੋਗ੍ਰਾਫੀ ਨਾਲ ਜੋ ਦਰਜ ਕੀਤਾ ਉਹ ਆਹਮੋ ਸਾਹਮਣੇ ਰੱਖਕੇ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਸਾਡੀ ਵਿਰਾਸਤਾਂ ਦੇ ਨਿਸ਼ਾਨ ਮੌਜੂਦਾ ਦੌਰ ‘ਚ ਕਿੱਥੇ ਪਏ ਹਨ,ਬਦਲੇ ਹਨ ਜਾਂ ਇਹਨਾਂ ਦਾ ਕੀ ਰੂਪ ਹੈ।ਇਸ ਸਟੋਰੀ ‘ਚ ਇੱਕ ਪਾਸੇ ਭਾਈ ਧੰਨਾ ਸਿੰਘ ਦੀਆਂ ਖਿੱਚੀਆਂ ਫੋਟੋਆਂ ਹਨ ਅਤੇ ਉਹਨਾਂ ਇਤਿਹਾਸਕ ਗੁਰਦੁਆਰਿਆਂ ਦੀਆਂ ਦੂਜੇ ਪਾਸੇ ਅਮਰਦੀਪ ਸਿੰਘ ਦੀਆਂ ਖਿੱਚੀਆਂ ਫੋਟੋਆਂ ਹਨ।ਆਪਣੇ ਹੀ ਇਤਿਹਾਸ ਦੇ ਰੂਬਰੂ ਹੋਕੇ ਮਹਿਸੂਸ ਕਰਨ ਦਾ ਸਬੱਬ ਇਹਨਾਂ ਬੰਦਿਆਂ ਨੇ ਬਣਾਇਆ ਹੈ।ਇਸ ਨੂੰ ਮਹਿਸੂਸ ਕਰੋ ਕਿ ਅਸੀਂ ਤੁਸੀਂ ਅਤੇ ਸਾਂਝੀਵਾਲਤਾ ਦੀ ਭਾਵਨਾ ‘ਚ ਅਸੀਂ ਆਪਣੀ ਵਿਰਾਸਤ ਬਾਰੇ ਦਿਲ ‘ਚ ਕੀ ਅਹਿਸਾਸ ਲੈਕੇ ਜਿਊਂਦੇ ਹਾਂ।
PunjabKesari

ਹਰ ਬੰਦੇ ਦੇ ਅੰਦਰ ਇੱਕ ਸਫ਼ਰ ਲੁਕਿਆ ਹੈ ਅਤੇ ਉਸ ਸਫ਼ਰ ‘ਤੇ ਜਾਣਾ ‘ਵਿਰਾਸਤਾਂ ਦਾ ਸਫ਼ਰ’ ਹੋਵੇਗਾ : ਅਮਰਦੀਪ ਸਿੰਘ

ਅਮਰਦੀਪ ਸਿੰਘ ਇੱਕ ਲੇਖਕ ਦੇ ਤੌਰ ‘ਤੇ ਆਪਣੇ ਕੀਤੇ ਕਾਰਜ ਦਾ ਸਿਹਰਾ ਆਪਣੇ ਆਪ ਨੂੰ ਨਹੀਂ ਦਿੰਦੇ।ਉਹ ਕਹਿੰਦੇ ਹਨ ਜੋ ਮੈਂ ਕਾਰਪੋਰੇਟ ਨੌਕਰੀ ‘ਚ ਕਰ ਰਿਹਾ ਸੀ ਉਹਦੇ ਨਾਲੋਂ ਨਾਲ ਮੇਰੇ ਅੰਦਰ ਦਾ ਕੁਝ ਇਸ ਸਫ਼ਰ ਲਈ ਤਿਆਰ ਹੁੰਦਾ ਗਿਆ।ਇਹ ਅਹਿਸਾਸ ਬਿਆਨ ਤੋਂ ਬਾਹਰ ਹੈ।ਤੁਹਾਡੇ ਅੰਦਰ ਇੱਕ ਸਫ਼ਰ ਸਦਾ ਲੁਕਿਆ ਹੁੰਦਾ ਹੈ ਅਤੇ ਤੁਸੀਂ ਉਹ ਸਫ਼ਰ ਕਰਦੇ ਹੋ ਤਾਂ ਸਮਝੋ ਤੁਹਾਡੇ ਤੋਂ ਉਹ ਕੋਈ ਕਰਵਾ ਰਿਹਾ ਹੈ।
ਗੋਰਖਪੁਰ ਉੱਤਰ ਪ੍ਰਦੇਸ਼ ਦਾ ਬੰਦਾ 25 ਸਾਲ ਦੀ ਨੌਕਰੀ ਕਾਰਪੋਰੇਟ ਕੰਪਨੀਆਂ ‘ਚ ਵੱਖ ਵੱਖ ਥਾਵਾਂ ‘ਤੇ ਕਰਦਾ ਰਿਹਾ।ਆਪਣੀ ਨੌਕਰੀ ਦੇ ਨਾਲ ਨਾਲ ਉਹਨਾਂ ਫੋਟੋਗ੍ਰਾਫੀ ਕਰਨੀ ਸ਼ੁਰੂ ਕੀਤੀ।2014 ‘ਚ ਜਦੋਂ ਅਮਰਦੀਪ ਮੁਤਾਬਕ ਉਹਨਾਂ ਨੌਕਰੀ ਛੱਡੀ ਤਾਂ ਕੁਝ ਅਜਿਹੀ ਜਾਚ ਅੰਦਰ ਆ ਗਈ ਸੀ ਕਿ ਮੈਂ ਆਪਣੇ ਅਹਿਸਾਸ ਨੂੰ ਲਿਖਕੇ,ਫੋਟੋਗ੍ਰਾਫੀ ਨਾਲ ਦੱਸ ਸਕਦਾ ਸੀ।ਦੁਨਿਆਵੀ ਤੌਰ ‘ਤੇ ਬੰਦਾ ਜੋ ਆਪਣੇ ਹੀਲੇ ਵਸੀਲੇ ਕਰਦਾ ਹੈ ਉਹਦੇ ਨਾਲੋਂ ਨਾਲ ਉਹਦਾ ਆਪਣਾ ਹੀ ਕੁਝ ਅਜਿਹਾ ਤਿਆਰ ਵੀ ਹੁੰਦਾ ਹੈ।ਇਹ ਸਮਾਂਤਰ ਅੰਦਰੂਨੀ ਸਫ਼ਰ ਹਨ।ਬੰਦਾ ਆਪਣੇ ਆਪ ‘ਚ ਵਿਰਾਸਤ ਹੈ ਅਤੇ ਮੇਰੀ ਵਿਰਾਸਤਾਂ ਦੀਆਂ ਜੜ੍ਹਾਂ ਦੀ ਇੱਕ ਤੰਦ ਮੁਜ਼ੱਫਰਾਬਾਦ ਪਾਕਿਸਤਾਨ ਕਸ਼ਮੀਰ ‘ਚ ਹੈ ਜਿੱਥੇ ਮੇਰੇ ਪਿਤਾ ਸਨ।ਮੇਰੀ ਮਾਂ ਐਬਟਾਬਾਦ ਤੋਂ ਸੀ।ਇਹ ਮੇਰੇ ਅੰਦਰ ਦੀ ਉਹ ਪ੍ਰੇਰਣਾ ਸੀ ਜੀਹਦੇ ਕਰਕੇ ਮੈਂ ਪਾਕਿਸਤਾਨ ‘ਚ ਸਫ਼ਰ ਕਰਨਾ ਚਾਹੁੰਦਾ ਸੀ।ਤੁਸੀ ਜਿਉਂ ਜਿਉਂ ਸਫ਼ਰ ਕਰਦੇ ਹੋ ਤਾਂ ਮਹਿਸੂਸ ਕਰਦੇ ਹੋ ਕਿ ਇਹ ਸਫ਼ਰ ਨਿਜ ਦੀ ਵਿਰਾਸਤ ਤੋਂ ਵੀ ਪਾਰ ਤੁਹਾਡੇ ਪੁਰਖ਼ਿਆਂ ਦੇ ਬੇਪਨਾਹ ਇਤਿਹਾਸਕ ਪਿਛੋਕੜ ਦੀ ਬਹੁਤ ਪੁਰਾਣੀ ਲੰਮੀ ਅਤੇ ਮਹਾਨ ਸਾਂਝ ਦੀ ਵਿਰਾਸਤ ਹੈ।
PunjabKesari
ਅਮਰਦੀਪ ਸਿੰਘ ਕਹਿੰਦੇ ਹਨ ਕਿ ਅਸੀਂ ਸਿੰਧੂ ਤਹਿਜ਼ੀਬ ਦੇ ਲੋਕ ਹਾਂ।ਇਸ ਤਹਿਜ਼ੀਬ ‘ਚ ਸਾਡਾ ਸਿੱਖੀ ਦਾ ਬੂਟਾ ਲੱਗਿਆ।ਇੱਥੇ ਵੇਦਾਂਤ ਸਿਰਜੇ ਗਏ ਅਤੇ ਇਹੋ ਬੁੱਧ ਫ਼ਲਸਫ਼ੇ ਦੀ ਜ਼ਮੀਨ ਬਣੀ।ਇਹਨੂੰ ਸਮਝਣ ਦੀ ਲੋੜ ਹੈ ਕਿ ਸਾਡਾ ਇਤਿਹਾਸ ਹੋਰ ਹੈ ਅਤੇ ਅਸੀਂ ਆਪਣਾ ਆਪ ਜੋੜ ਕਿਤੇ ਹੋਰ ਰਹੇ ਹਾਂ।ਜੇ ਸਾਨੂੰ ਮੌਕਾ ਮਿਲੇ ਪਾਕਿਸਤਾਨ ਜਾਣ ਦਾ ਤਾਂ ਅਸੀਂ ਨਨਕਾਣਾ ਸਾਹਿਬ,ਕਰਤਾਰਪੁਰ ਸਾਹਿਬ,ਪੰਜਾ ਸਾਹਿਬ ਅਤੇ ਉਸ ਥਾਂ ਜਾਵਾਂਗੇ ਜਿੱਥੋਂ ਦੇ ਸਾਡੇ ਆਪਣੇ ਦਾਦੇ ਬਾਬੇ ਸਨ ਪਰ ਵਿਰਾਸਤ ਤਾਂ ਇਸ ਤੋਂ ਬਾਹਰ ਵੀ ਬਹੁਤ ਹੈ।ਵਿਰਾਸਤਾਂ ਦਾ ਇਹ ਸਫ਼ਰ ਅਧਿਆਤਮਕ ਦਰਸ਼ਨ ਵੀ ਹੈ,ਵਿਰਾਸਤੀ ਸਾਂਝ ਵੀ ਅਤੇ ਸਾਡੀ ਜੰਗਜੂ ਪ੍ਰਪੰਰਾ ਦਾ ਦਸਤਾਵੇਜ਼ ਵੀ ਹੈ।
ਅਮਰਦੀਪ ਸਿੰਘ ਕਹਿੰਦੇ ਹਨ ਕਿ ਮੈਂ ਆਪਣੀ ਕਿਤਾਬ ‘ਲੋਸਟ ਹੈਰੀਟੇਜ-ਦੀ ਸਿੱਖ ਲੈਗੇਸੀ ਇਨ ਪਾਕਿਸਤਾਨ’ ਲਿਖਣ ਨਹੀਂ ਸੀ ਗਿਆ।ਮੈਂ ਤਾਂ ਕੁਝ ਲੱਭਣ ਗਿਆ ਸੀ ਜੋ ਬਹੁਤ ਨਿੱਜੀ ਸੀ ਪਰ ਹੌਲੀ ਹੌਲੀ ਮਹਿਸੂਸ ਹੁੰਦਾ ਗਿਆ ਕਿ ਇਸ ਦੌਰ ‘ਚ ਫੋਟੋਆਂ ਨਾਲ ਦ੍ਰਿਸ਼ਟਾਂਤ ਲੇਖਣੀ ਨੂੰ ਲਿਖਣਾ ਕਿੰਨਾ ਜ਼ਰੂਰੀ ਹੈ।ਇਸ ਦੌਰਾਨ ਮੈਂ 36 ਸ਼ਹਿਰ ਅਤੇ ਪਿੰਡ ਘੁੰਮਿਆ।ਇਸ ਸਫ਼ਰ ‘ਚ ਮੈਂ ਉਹਨਾਂ ਥਾਵਾਂ,ਰਾਹਵਾਂ ਅਤੇ ਬੰਦਿਆਂ ਨੂੰ ਮਿਿਲਆ।ਨਵੰਬਰ 2014 ਤੱਕ ਮੈਂ ਆਪਣੇ ਇਸ ਸਫ਼ਰ ਤੋਂ ਵਾਪਸ ਆਇਆ।ਫਿਰ 6 ਤੋਂ 7 ਮਹੀਨਿਆਂ ‘ਚ ਇਹਨੂੰ ਲਿਿਖਆ।ਇੰਝ ਲਿਖਦਿਆਂ ਹੁਣ ਇਹ ਜ਼ਰੂਰ ਮਹਿਸੂਸ ਹੋ ਗਿਆ ਸੀ ਕਿ ਇਹ ਕੰਮ ਅਗਲੀ ਪੀੜ੍ਹੀ ਲਈ ਹੈ।ਮੇਰਾ ਨਜ਼ਰੀਆ ਹੈ ਕਿ ਕੋਈ ਇਸ ਕਿਤਾਬ ਨੂੰ 400 ਸਾਲ ਬਾਅਦ ਵੀ ਪੜ੍ਹੇ,ਖ਼ੋਜ ਕਰੇ ਤਾਂ ਮੇਰੇ ਲਿਖੇ ਦੀ ਕੋਈ ਅਹਿਮੀਅਤ ਹੋਵੇ।ਜਨਵਰੀ 2016 ‘ਚ ਮੇਰੀ ਇਹ ਪਹਿਲੀ ਕਿਤਾਬ ਆਈ।ਇਸ ਕਿਤਾਬ ਦੀ ਚੌਥੀ ਛਪਾਈ ਮਈ 2018 ‘ਚ ਹੋਈ ਹੈ।ਜਨਵਰੀ 2016 ਤੋਂ ਲੈਕੇ ਅਗਸਤ 2016 ਤੱਕ 8 ਮਹੀਨੇ ਫਿਰ ਇਸ ਕਿਤਾਬ ਦੇ ਸੈਮੀਨਾਰਾਂ ‘ਚ ਲੰਘੇ।ਇਸ ਦੌਰਾਨ ਵੱਖ ਵੱਖ ਦੇਸ਼ਾਂ ‘ਚ 76 ਸੈਮੀਨਾਰ ਕੀਤੇ ਅਤੇ ਪਾਕਿਸਤਾਨ ਸਰਕਾਰ ਦੇ ਅਦਾਰਿਆਂ ਵੱਲੋਂ ਸਹਿਯੋਗ ਦਾ ਵਾਅਦਾ ਵੀ ਹੋਇਆ।
PunjabKesari
ਅਮਰਦੀਪ ਸਿੰਘ ਕਹਿੰਦੇ ਹਨ ਕਿ ਇਹਨੂੰ ਮਹਿਸੂਸ ਕਰੋ ਕਿ ਨਾਲੋਂ ਨਾਲ ਮਸਲਾ ਆਪਣੀ ਗ੍ਰਹਿਸਥੀ ਦਾ ਵੀ ਹੈ।2 ਸਾਲ ਬਾਅਦ ਮੈਂ ਦੁਬਾਰਾ ਕਾਰਪੋਰੇਟ ‘ਚ ਨੌਕਰੀ ਕਰਨ ਲਈ ਵਾਪਸ ਆਇਆ।2 ਸਾਲ ਦੇ ਵਕਫੇ ਕਰਕੇ ਕਾਫੀ ਕੁਝ ਬਦਲ ਗਿਆ ਸੀ।ਮੈਂ ਨਿੱਕੀ ਨੌਕਰੀ ਤੋਂ ਸ਼ੁਰੂਆਤ ਕੀਤੀ ਪਰ ਇਹ ਸਮਝ ਆ ਗਈ ਸੀ ਕਿ ਹੁਣ ਮੈਂ ਵਿਰਾਸਤ ਦੇ ਅਜਿਹੇ ਦਸਤਾਵੇਜ਼ੀ ਕੰਮਾਂ ਨਾਲ ਹੀ ਹਾਂ।ਇਹੋ ਮੇਰੇ ਵਜੂਦ ਦਾ ਹਿੱਸਾ ਹੈ।
2 ਜਨਵਰੀ 2017 ਨੂੰ ਮੈਂ ਇਸਲਾਮਾਬਾਦ ਅਦਬੀ ਮੇਲੇ ‘ਚ ਹਿੱਸਾ ਲੈਣ ਗਿਆ ਸੀ।ਜਿਵੇਂ ਕਿ ਅਸਟ੍ਰੇਲੀਆ ‘ਚ ਸੈਮੀਨਾਰ ਦੌਰਾਨ ਉੱਥੋਂ ਦੇ ਪਾਕਿਸਤਾਨੀ ਦੂਤਘਰ ਨੇ ਮਦਦ ਦੀ ਪੇਸ਼ਕਸ਼ ਕੀਤੀ ਸੀ ਤਾਂ ਮੈਂ ਉਹਨਾਂ ਥਾਵਾਂ ‘ਤੇ ਜਾਣਾ ਚਾਹੁੰਦਾ ਸੀ ਜੋ ਪਹਿਲਾਂ ਛੁੱਟ ਗਈਆਂ ਸਨ।ਹੁਣ 5-6 ਦਿਨ ਦਾ ਸਫ਼ਰ 55 ਦਿਨ ‘ਚ ਬਦਲ ਗਿਆ। ਇਸ ਦੌਰਾਨ ਮੈਂ ਸਿੰਧ,ਕਸ਼ਮੀਰ,ਬਲੋਚਿਸਤਾਨ ਸਮੇਤ 96 ਥਾਵਾਂ ‘ਤੇ ਗਿਆ।ਮੈਂ ਅਟਕ,ਜਮਰੋਧ ਦੇ ਕਿਲ੍ਹੇ ਵੇਖ ਰਿਹਾ ਸਾਂ,ਖ਼ੈਬਰ ਪਖ਼ਤੂਨ ਘੁੰਮ ਰਿਹਾ ਸੀ ਅਤੇ ਇਹ ਸਾਰਾ ਸਫ਼ਰ ਤੈਅਸ਼ੁਦਾ ਨਹੀਂ ਸੀ।
ਮੇਰੇ ਸਫ਼ਰ ਦੇ ਮੂਲ ਨੂੰ ਸਮਝਣ ਲਈ ਸਿੱਖ ਫਲਸਫ਼ੇ ਦੇ ਨਿਸ਼ਾਨ,ਵਿਰਸਾਤ ਦੇ ਖ਼ਜ਼ਾਨੇ ਅਤੇ ਜਨਮ ਸਾਖ਼ੀਆਂ ਦੀ ਰਵਾਇਤ ਸਮਝਣੀ ਪਵੇਗੀ।ਇੰਝ ਮੇਰੀ ਦੂਜੀ ਕਿਤਾਬ ‘ਦੀ ਕੁਇਸਟ ਕੰਟੀਨਊ,ਲੋਸਟ ਹੈਰੀਟੇਜ-ਦੀ ਸਿੱਖ ਲੈਗੇਸੀ ਇਨ ਪਾਕਿਸਤਾਨ’ ਆਈ।ਇਸ ਕਿਤਾਬ ਤੋਂ ਬਾਅਦ ਅਗਸਤ 2018 ਤੱਕ ਮੈਂ 105 ਸੈਮੀਨਾਰ ‘ਚ ਗਿਆ।ਇਸ ਵਿਰਾਸਤ ਤੱਕ ਜੇ ਪਾਠਕਾਂ ਦੀ ਸੁਰਤ ਪਹੁੰਚਦੀ ਹੈ ਤਾਂ ਵਿਰਾਸਤਾਂ ਜਿਉਂਦੀਆਂ ਰਹਿਣਗੀਆਂ ਅਜਿਹਾ ਮੇਰਾ ਯਕੀਨ ਹੈ।
ਅਮਰਦੀਪ ਸਿੰਘ ਦੇ ਕਾਰਜ ‘ਚ ਮਨੁੱਖਤਾ ਦੀ ਭਰੀ ਪੂਰੀ ਉਮੀਦ ਦਾ ਰਾਹ  ਹੈ।ਕਿਉਂ ਕਿ ਸਮੇਂ ਦੀਆਂ ਤ੍ਰਾਸਦੀ ਭਰੀ ਤਾਰੀਖ਼ਾਂ ‘ਚ ਜਿਹੜਾ ਖ਼ਾਕਾ ਤੈਅ ਹੋ ਗਿਆ ਹੈ ਕਿ ਅਸੀਂ ਪਹਿਲਾਂ ਤੋਂ ਬਣਾਈ ਇੱਕ ਪਰਿਭਾਸ਼ਾ ‘ਚ ਰਹਿ ਰਹੇ ਹਾਂ।ਇਸ ‘ਚ ਇਹ ਗਲਤ ਉਹ ਸਹੀ ਦੀ ਬਹਿਸ ਹੈ ਪਰ ਸਾਂਝੀਵਾਲਤਾ ਦੀ ਵੱਡੀ ਵਿਰਾਸਤ ਤਾਂ ਇੱਥੇ ਹੀ ਹੈ ਜਿਹਨੂੰ ਅਮਰਦੀਪ ਸਿੰਘ ਹੁਣਾਂ ਆਪਣੇ ਕਾਰਜ ਰਾਹੀਂ ਸਾਡੇ ਤੱਕ ਪਹੁੰਚਾਇਆ ਹੈ।ਅਮਰਦੀਪ ਸਿੰਘ ਕਹਿੰਦੇ ਹਨ ਕਿ ਮੇਰੇ ਕਾਰਜ ‘ਚ ਤੰਦ ਬਿਰਹਾ ਦੀ ਹੈ।ਇਹ ਵੰਡ ਦੇ ਦਰਦ ਦੀਆਂ ਵਿਆਖਿਆ ਹੈ ਜਿਸ ‘ਚ ਵਿਰਾਸਤਾਂ ਨੇ ਆਪਣੇ ਵਾਰਸਾਂ ਤੱਕ ਮੁੜ ਪਹੁੰਚਣਾ ਹੈ ਜਾਂ ਵਾਰਸਾਂ ਨੇ ਆਪਣੀ ਵਿਰਾਸਤਾਂ ਤੱਕ ਮੁੜ ਪਹੁੰਚਣਾ ਹੈ।ਇਹ ਅਜ਼ਾਦੀ ਤੋਂ ਬਾਅਦ ਟੁੱਟਣ,ਵਿਛੜਣ ਦੀ ਵੰਡ ‘ਚ ਮੁੜ ਤੋਂ ਜੁੜਣ ਦੀ ਤੰਦ ਹੈ।

 

ਹਵਾਲੇ : ਕਿਤਾਬ ‘ਲੋਸਟ ਹੈਰੀਟੇਜ-ਦੀ ਸਿੱਖ ਲੈਗੇਸੀ ਇਨ ਪਾਕਿਸਤਾਨ’, ਗੁਰ ਤੀਰਥ ਸਾਈਕਲ ਯਾਤਰਾ-ਭਾਈ ਧੰਨਾ ਸਿੰਘ ਚਹਿਲ ਪਟਿਆਲਵੀ,ਸੰਪਾਦਕ ਚੇਤਨ ਸਿੰਘ ਬੋਲੀ ਮਹਿਕਮਾ ਪੰਜਾਬ
 


jasbir singh

Edited By jasbir singh