ਅੱਜ ਦੇ ਦਿਨ 'ਤੇ ਵਿਸ਼ੇਸ਼ : ਕਲਿਆਣ ਦੀ ਰਾਤ-‘ਮਹਾਸ਼ਿਵਰਾਤਰੀ’

3/8/2024 5:30:57 AM

ਭਗਵਾਨ ਸ਼ਿਵ ਦੇ ਨਿਰਾਕਾਰ ਤੋਂ ਸਾਕਾਰ ਰੂਪ ’ਚ ਪ੍ਰਗਟ ਹੋਣ ਦਾ ਤਿਉਹਾਰ ਹੈ ‘ਮਹਾਸ਼ਿਵਰਾਤਰੀ’। ਫੱਗਣ ਮਹੀਨੇ ਦੀ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਨੂੰ ਮਨਾਇਆ ਜਾਣ ਵਾਲਾ ਭਗਵਾਨ ਸ਼ਿਵ ਦਾ ਅਤਿਅੰਤ ਪਿਆਰਾ ਦਿਨ ਮਹਾਸ਼ਿਵਰਾਤਰੀ ਤਿਉਹਾਰ ਭਗਵਾਨ ਭੋਲੇਨਾਥ ਜੀ ਦੇ ਭਗਤਾਂ ਲਈ ਸ਼ੁੱਭ ਅਤੇ ਮਹਾਨ ਪੁੰਨ ਅਰਜਿਤ ਕਰਨ ਵਾਲਾ ਹੈ। ਸ਼ਿਵਰਾਤਰੀ ਦਾ ਅਰਥ ਹੀ ਹੈ-ਕਲਿਆਣ ਦੀ ਰਾਤ। ਪੂਰੇ ਦਿਨ ਅਤੇ ਰਾਤ ਦੇ ਚਾਰੇ ਪਹਿਰ ਭਗਵਾਨ ਭੋਲੇਨਾਥ ਜੀ ਦੇ ਸ਼ਿਵਲਿੰਗ ਦਾ ਦੁੱਧ, ਗੰਗਾ ਜਲ ਤੇ ਮੰਤਰਾਂ ਨਾਲ ਉਚਾਰਨ ਤੇ ਰੁਦਰਾ ਅਭਿਸ਼ੇਕ ਕੀਤਾ ਜਾਂਦਾ ਹੈ।

ਸ਼ਿਵਲਿੰਗ ਦਾ ਅਭਿਸ਼ੇਕ ਭਗਵਾਨ ਸ਼ਿਵ ਨੂੰ ਜਲਦੀ ਪ੍ਰਸੰਨ ਕਰ ਕੇ ਸਾਧਕ ਨੂੰ ਉਨ੍ਹਾਂ ਦੀ ਕ੍ਰਿਪਾ ਦਾ ਪਾਤਰ ਬਣਾ ਦਿੰਦਾ ਹੈ। ਦਵਾਈ ਜਿਵੇਂ ਰੋਗਾਂ ਦੀ ਸੰਭਾਵਿਤ ਦੁਸ਼ਮਣ ਹੈ, ਉਸੇ ਤਰ੍ਹਾਂ ਭਗਵਾਨ ਸ਼ਿਵ ਸੰਸਾਰਿਕ ਦੋਸ਼ਾਂ ’ਤੋਂ ਛੁਡਾਉਣ ਵਾਲੇ ਹਨ। ਭਗਵਾਨ ਸ਼ਿਵ ਆਦਿ, ਮੱਧ ਅਤੇ ਅੰਤ ਤੋਂ ਰਹਿਤ ਹਨ। ਭਗਵਾਨ ਭੋਲੇਨਾਥ ਸੁਭਾਅ ਤੋਂ ਹੀ ਨਿਰਮਲ ਹਨ ਅਤੇ ਸਰਬ-ਵਿਆਪਕ ਅਤੇ ਸੰਪੂਰਨ ਹਨ।
 
‘ਓਮ ਨਮ ਸ਼ਿਵਾਏ’ ਮੰਤਰ ਹੀ ਸ਼ਿਵ ਦਾ ਰੂਪ ਹੈ। ਲੰਕਾ ’ਚ ਦਾਖਲੇ ਲਈ ਸਮੁੰਦਰ ’ਤੇ ਸੇਤੂ ਨਿਰਮਾਣ ਦੇ ਸਮੇਂ ਭਗਵਾਨ ਸ਼੍ਰੀ ਰਾਮ ਨੇ ਰਾਮੇਸ਼ਵਰਮ ’ਚ ਮਹਾਦੇਵ ਜੀ ਨੂੰ ਪ੍ਰਸੰਨ ਕਰਨ ਲਈ ਖੁਦ ਸ਼ਿਵਲਿੰਗ ਦੀ ਸਥਾਪਨਾ ਕੀਤੀ ਅਤੇ ਭਗਵਾਨ ਸ਼ਿਵ ਨੂੰ ਯਾਦ ਕੀਤਾ, ਜੋ ਕਿ ਸ਼ੰਭੂ ਸਤੁਤੀ ਦੇ ਨਾਂ ਨਾਲ ਬ੍ਰਹਮਾ ਪੁਰਾਣ ’ਚ ਦਰਜ ਹੈ। ਮੈਂ ਪੁਰਾਣਪੁਰਸ਼ ਸ਼ੰਭੂ ਨੂੰ ਨਮਸਕਾਰ ਕਰਦਾ ਹਾਂ, ਜਿਸ ਦੀ ਅਸੀਮ ਸੱਤਾ ਦਾ ਕਿਤੇ ਪਾਰ ਜਾਂ ਅੰਤ ਨਹੀਂ ਹੈ, ਉਸ ਸਰਬ-ਵਿਆਪਕ ਸ਼ਿਵ ਨੂੰ ਪ੍ਰਣਾਮ ਕਰਦਾ ਹਾਂ। ਅਵਿਨਾਸੀ ਪ੍ਰਭੂ ਰੁਦਰ ਨੂੰ ਨਮਸਕਾਰ ਕਰਦਾ ਹਾਂ। ਸਾਰਿਆਂ ਦਾ ਸੰਹਾਰ ਕਰਨ ਵਾਲੇ ਸ਼ਿਵ ਨੂੰ ਮਸਤਕ ਝੁਕਾ ਕੇ ਪ੍ਰਣਾਮ ਕਰਦਾ ਹਾਂ।

ਸਾਰੇ ਚਲੰਤ ਵਿਸ਼ਵ ਦੇ ਸਵਾਮੀ ਵਿਸ਼ਵੇਸ਼ਵਰ, ਨਰਕਰੂਪੀ ਸੰਸਾਰ ਸਾਗਰ ’ਤੋਂ ਉਦਾਰ ਕਰਨ ਵਾਲੇ, ਗੌਰੀ ਦੇ ਅਤਿਅੰਤ ਪਿਆਰੇ, ਸੰਸਾਰ ਰੂਪੀ ਰੋਗ ਅਤੇ ਡਰ ਦੇ ਨਾਸਕ,  ਭਵਸਾਗਰ ਤੋਂ ਪਾਰ ਕਰਨ ਵਾਲੇ, ਕਾਲ ਲਈ ਵੀ ਮਹਾਕਾਲ ਰੂਪ, ਮਰਿਆਦਾ ਪੁਰਸ਼ ਉੱਤਮ ਭਗਵਾਨ ਰਾਮ ਨੂੰ ਅਤਿਅੰਤ ਪਿਆਰੇ, ਸਾਰੇ ਦੇਵਤਿਆਂ ਵੱਲੋਂ ਪੂਜੇ ਜਾਣ ਵਾਲੇ, ਗਰੀਬੀ ਦਾ ਨਾਸ਼ ਕਰਨ ਵਾਲੇ ਭਗਵਾਨ ਸ਼ਿਵ ਨੂੰ ਮੇਰਾ ਨਮਸਕਾਰ ਹੈ।

ਸਮੁੰਦਰ ਮੰਥਨ ਦੇ ਸਮੇਂ ਜਦੋਂ ਕਾਲਕੂਟ ਵਿਸ਼ ਪ੍ਰਗਟ ਹੋਇਆ, ਵਿਸ਼ਵ ਨੂੰ ਵਿਨਾਸ਼ ਤੋਂ ਬਚਾਉਣ ਲਈ ਉਦੋਂ ਭਗਵਾਨ ਭੋਲੇਨਾਥ ਨੇ ਇਸ ਨੂੰ ਆਪਣੇ ਕੰਠ ’ਚ ਧਾਰਨ ਕੀਤਾ, ਜਿਸ ਨਾਲ ਉਨ੍ਹਾਂ ਦਾ ਕੰਠ ਨੀਲਾ ਪੈ ਗਿਆ ਤੇ ਇਸੇ ਕਾਰਨ ਨੀਲਕੰਠ ਕਹਾਏ। ਭਗਵਾਨ ਸ਼੍ਰੀ ਕ੍ਰਿਸ਼ਨ ਮਹਾਭਾਰਤ ਵਿਚ ਯੁਧਿਸ਼ਠਕ ਨੂੰ ਕਹਿੰਦੇ ਹਨ ਕਿ ਜਿਨ੍ਹਾਂ ਦਾ ‘ਅੰਤ:ਕਰਣ’ (ਜ਼ਮੀਰ  ਦੀ ਆਵਾਜ਼) ਪਵਿੱਤਰ ਹੈ, ਉਹ ਭਗਤ ਮਹਾਦੇਵ ਜੀ ਦੀ ਸ਼ਰਨ ਲੈਂਦੇ ਹਨ। ਰਿਸ਼ੀ ਮ੍ਰਿਕਣਡੂ ਜੀ ਦੇ ਪੁੱਤਰ ਮਾਰਕੰਡੇਯ ਜੀ ਨੇ ਲੰਮੀ ਉਮਰ ਦੇ ਵਰਦਾਨ ਦੀ ਪ੍ਰਾਪਤੀ ਲਈ ਸ਼ਿਵ ਜੀ ਦੀ ਅਰਾਧਨਾ ਲਈ ਮਹਾਮ੍ਰਿਤਯੁੰਜਯ ਮੰਤਰ ਦੀ ਰਚਨਾ ਕੀਤੀ ਤੇ ਸ਼ਿਵ ਮੰਦਿਰ ਵਿਚ ਬੈਠ ਕੇ ਇਸ ਦਾ ਅਖੰਡ ਜਾਪ ਕੀਤਾ ਤੇ ਅਮਰਤਵ ਪ੍ਰਾਪਤ ਕੀਤਾ।

ਭਗਵਾਨ ਸ਼ਿਵ ਭਗਤਾਂ ਦੇ ਕਲਿਆਣ ਲਈ ਤੇ ਉਨ੍ਹਾਂ ਦੀ ਬੇਨਤੀ ’ਤੇ ਭਾਰਤ ਦੇ ਵੱਖ-ਵੱਖ ਤੀਰਥਾਂ ਵਿਚ ਜਿਓਤਿਰਲਿੰਗਾਂ ਦੇ ਰੂਪ ਵਿਚ ਸਥਾਈ ਰੂਪ ਨਾਲ ਨਿਵਾਸ ਕਰਦੇ ਹਨ। ਇਨ੍ਹਾਂ ਜਿਓਤਿਰਲਿੰਗਾਂ ਨੂੰ ਯਾਦ ਕਰਨ ਨਾਲ ਹੀ ਮਨੁੱਖ ਪਾਪ ਰਹਿਤ ਹੋ ਕੇ ਆਸ਼ੁਤੋਸ਼ ਭਗਵਾਨ ਭੋਲੇਨਾਥ ਜੀ ਦੀ ਕ੍ਰਿਰਪਾ ਪ੍ਰਾਪਤ ਕਰ ਲੈਂਦਾ ਹੈ। ਸ਼ਰਧਾ ਤੇ ਵਿਸ਼ਵਾਸ ਸਰੂਪ ਸ਼੍ਰੀ ਪਾਰਵਤੀ ਜੀ ਤੇ ਸ਼੍ਰੀ ਸ਼ੰਕਰ ਜੀ ਦੀ ਮੈਂ ਵੰਦਨਾ ਕਰਦਾ ਹਾਂ, ਜਿਨ੍ਹਾਂ ਦੇ ਬਿਨਾਂ ਸਿਧਜਨ ਆਪਣੇ ‘ਅੰਤ:ਕਰਣ’ ਵਿਚ ਸਥਿਤ ਪ੍ਰਮਾਤਮਾ ਨੂੰ ਨਹੀਂ ਦੇਖ ਸਕਦੇ। ਪਾਰਵਤੀਨਾਥ ਭੋਲੇਨਾਥ ਜੀ, ਜਿਨ੍ਹਾਂ ਦੇ ਮਸਤਕ ’ਤੇ ਗੰਗਾ ਜੀ, ਲਲਾਟ ’ਤੇ ਚੰਦਰਮਾ, ਕੰਠ ’ਚ ਹਲਾਹਲ ਵਿਸ਼ ਅਤੇ ਸਰੀਰ ’ਤੇ ਸਰਪਰਾਜ ਸ਼ੇਸ਼ ਜੀ ਸੁਸ਼ੋਭਿਤ ਹਨ, ਉਹ ਭਸਮ ਨਾਲ ਵਿਭੂਸ਼ਿਤ, ਦੇਵਤਿਆਂ ’ਚ ਸ੍ਰੇਸ਼ਠ ਹਨ। 

—ਰਵੀਸ਼ੰਕਰ ਸ਼ਰਮਾ
(ਪ੍ਰਧਾਨ) ਸ਼੍ਰੀ ਗੀਤਾ ਜਯੰਤੀ ਮਹਾਉਤਸਵ ਕਮੇਟੀ, ਜਲੰਧਰ


rajwinder kaur

Content Editor rajwinder kaur