Hariyali Teej: ਇਸ ਸ਼ੁੱਭ ਮਹੂਰਤ 'ਚ ਰੱਖੋ ਹਰਿਆਲੀ ਤੀਜ ਦਾ ਵਰਤ, ਜਾਣੋ ਮਹੱਤਵ ਅਤੇ ਪੂਜਾ ਕਰਨ ਦੀ ਵਿਧੀ
8/19/2023 12:22:17 AM

ਜਲੰਧਰ (ਬਿਊਰੋ) - ਹਿੰਦੂ ਧਰਮ 'ਚ ਸਾਵਣ ਦਾ ਮਹੀਨਾ ਬੇਹੱਦ ਖ਼ਾਸ ਮੰਨਿਆ ਜਾਂਦਾ ਹੈ। ਇਸ ਮਹੀਨੇ ਕਾਫ਼ੀ ਮਹੱਤਵਪੂਰਨ ਤਿਉਹਾਰ ਆਉਂਦੇ ਹਨ। ਇਨ੍ਹਾਂ 'ਚੋਂ ਇਕ ਹੈ 'ਹਰਿਆਲੀ ਤੀਜ'। ਹਰਿਆਲੀ ਤੀਜ ਦਾ ਵਰਤ ਹਰ ਸਾਲ ਸਾਉਣ ਮਹੀਨੇ ਦੇ ਸ਼ੁਕਲ ਪੱਖ ਦੀ ਤ੍ਰਿਤੀਆ ਤਿਥੀ ਨੂੰ ਰੱਖਿਆ ਜਾਂਦਾ ਹੈ। ਇਸ ਵਾਰ ਇਹ ਵਰਤ 19 ਅਗਸਤ,2023 ਨੂੰ ਰੱਖਿਆ ਜਾ ਰਿਹਾ ਹੈ, ਜੋ ਸਿਰਫ਼ ਸੁਹਾਗਣਾਂ ਲਈ ਹੁੰਦਾ ਹੈ। ਇਸ ਦਿਨ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ। ਇਸ ਤੋਂ ਇਲਾਵਾ ਅਣਵਿਆਹੀਆਂ ਲੜਕੀਆਂ ਵੀ ਹਰਿਆਲੀ ਤੀਜ ਦਾ ਵਰਤ ਰੱਖਦੀਆਂ ਹਨ ਅਤੇ ਚੰਗੇ ਪਤੀ ਦੀ ਕਾਮਨਾ ਕਰਦੀਆਂ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਦਿਨ ਭਗਵਾਨ ਸ਼ਿਵ ਜੀ ਅਤੇ ਮਾਤਾ ਪਾਰਵਤੀ ਜੀ ਦਾ ਦੁਬਾਰਾ ਮਿਲਣ ਹੋਇਆ ਸੀ।
ਹਰਿਆਲੀ ਤੀਜ 2023 ਮਨਾਉਣ ਦਾ ਜਾਣੋ ਸ਼ੁਭ ਮਹੂਰਤ
ਤ੍ਰਿਤੀਆ ਤਿਥੀ ਸ਼ੁਰੂ - ਰਾਤ 8:01 ਵਜੇ (18 ਅਗਸਤ 2023)
ਤ੍ਰਿਤੀਆ ਤਿਥੀ ਦੀ ਸਮਾਪਤੀ - ਰਾਤ 10.19 ਵਜੇ (19 ਅਗਸਤ 2023)
ਹਰਿਆਲੀ ਤੀਜ ਦੇ ਵਰਤ ਦੀ ਤਾਰੀਖ਼ - 19 ਅਗਸਤ 2023
ਹਰਿਆਲੀ ਤੀਜ ਦਾ ਮਹੱਤਵ
ਹਿੰਦੂ ਮਾਨਤਾਵਾਂ ਅਨੁਸਾਰ ਮਾਤਾ ਪਾਰਵਤੀ ਦਾ ਜਨਮ ਸਤੀ ਦੇ ਆਤਮ-ਦਾਹ ਤੋਂ ਬਾਅਦ ਹੋਇਆ ਸੀ। ਮਾਤਾ ਪਾਰਵਤੀ ਜੀ ਨੇ ਭਗਵਾਨ ਸ਼ਿਵ ਨੂੰ ਪ੍ਰਾਪਤ ਕਰਨ ਲਈ ਕਈ ਸਾਲਾਂ ਤੱਕ ਸਖ਼ਤ ਤਪੱਸਿਆ ਅਤੇ ਵਰਤ ਰੱਖੇ ਸਨ। ਮਾਤਾ ਪਾਰਵਤੀ ਦੀ ਇਹ ਮਨੋਕਾਮਨਾਵਾ ਸ਼ਰਾਵਣ ਮਹੀਨੇ ਦੇ ਸ਼ੁਕਲ ਪੱਖ ਦੀ ਤ੍ਰਿਤੀਆ ਤਾਰੀਖ਼ ਨੂੰ ਪੂਰੀ ਹੋਈ ਸੀ। ਇਸੇ ਲਈ ਹਰ ਸਾਲ ਇਸ ਦਿਨ ਹਰਿਆਲੀ ਤੀਜ ਦਾ ਤਿਉਹਾਰ ਮਨਾਇਆ ਜਾਂਦਾ ਹੈ। ਦੇਸ਼ ਦੀ ਹਰ ਸੁਹਾਗਣ ਔਰਤ ਲਈ ਹਰਿਆਲੀ ਤੀਜ ਬੇਹੱਦ ਮਹੱਤਵਪੂਰਨ ਹੁੰਦੀ ਹੈ। ਇਸ ਵਰਤ ਨੂੰ ਦੇਸ਼ ਦੀ ਹਰ ਔਰਤ ਵੱਲੋਂ ਰੱਖਿਆ ਜਾਂਦਾ ਹੈ। ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਤੇ ਸੁਖੀ ਜੀਵਨ ਲਈ ਇਸ ਵਰਤ ਨੂੰ ਰੱਖਦੀਆਂ ਹਨ। ਇਸ ਦਿਨ ਮਾਤਾ ਪਾਰਬਤੀ ਜੀ ਨੂੰ ਹਰੀਆਂ ਚੂੜ੍ਹੀਆਂ, ਹਰੀ ਸਾੜ੍ਹੀ, ਸੰਧੂਰ ਸਮੇਤ ਸੁਹਾਗ ਦੀ ਸਮੱਗਰੀ ਚੜ੍ਹਾਈ ਜਾਂਦੀ ਹੈ। ਪੂਜਾ ਤੋਂ ਬਾਅਦ ਔਰਤਾਂ ਆਪਣੀ ਸੱਸ ਜਾਂ ਜੇਠਾਣੀ ਨੂੰ ਸੁਹਾਗ ਦਾ ਸਾਮਾਨ ਭੇਟ ਕਰ ਕੇ ਅਸ਼ੀਰਵਾਦ ਲੈਂਦੀਆਂ ਹਨ।
ਹਰਿਆਲੀ ਤੀਜ ਦੇ ਵਰਤ ਦੀ ਪੂਜਾ ਵਿਧੀ
ਸਾਉਣ ਦਾ ਮਹੀਨਾ ਬਾਰਿਸ਼ ਨਾਲ ਸਰਾਬੋਰ ਰਹਿੰਦਾ ਹੈ। ਇਸ ਲਈ ਆਸੇ-ਪਾਸੇ ਹਰਿਆਲੀ ਹੀ ਹਰਿਆਲੀ ਨਜ਼ਰ ਆਉਂਦੀ ਹੈ। ਮਾਤਾ ਪਾਰਵਤੀ ਜੀ ਨੂੰ ਕੁਦਰਤ ਦਾ ਸਰੂਪ ਮੰਨਿਆ ਜਾਂਦਾ ਹੈ। ਇਸ ਲਈ ਇਨ੍ਹਾਂ ਨੂੰ ਹਰੀਆਂ ਚੀਜ਼ਾਂ ਭੇਟ ਕਰਨ ਦਾ ਰਿਵਾਜ ਹੈ। ਹਰਿਆਲੀ ਤੀਜ 'ਤੇ ਨਿਰਜਲਾ ਵਰਤ ਰੱਖਿਆ ਜਾਂਦਾ ਹੈ।
1. ਸਭ ਤੋਂ ਪਹਿਲਾਂ ਸਵੇਰੇ ਜਲਦੀ ਉੱਠ ਕੇ ਇਸ਼ਨਾਨ ਆਦਿ ਤੋਂ ਮੁਕਤ ਹੋ ਜਾਓ।
2. ਇਸ ਖ਼ਾਸ ਦਿਨ ਤੁਸੀਂ ਪੇਕਿਓਂ ਆਏ ਹੋਏ ਕੱਪੜੇ ਪਾਉਣੇ ਹਨ।
3. ਸ਼ੁੱਭ ਮਹੂਰਤ ਦੌਰਾਨ ਮਾਤਾ ਪਾਰਬਤੀ ਜੀ ਨਾਲ ਭਗਵਾਨ ਸ਼ਿਵ ਜੀ ਅਤੇ ਗਣੇਸ਼ ਜੀ ਦੀ ਪ੍ਰਤਿਮਾ ਸਥਾਪਿਤ ਕਰੋ।
4. ਹੁਣ ਮਾਂ ਪਾਰਬਤੀ ਜੀ ਨੂੰ 16 ਸਿੰਗਾਰ ਦੀ ਸਮੱਗਰੀ-ਸਾੜ੍ਹੀ, ਅਕਸ਼ਤ, ਧੂਫ, ਦੀਪਕ, ਗੰਧਕ ਆਦਿ ਚੜ੍ਹਾਓ।