ਜੇਕਰ ਤੁਸੀਂ ਸਿਹਤ ਅਤੇ ਪੈਸੇ ਨੂੰ ਲੈ ਕੇ ਹੋ ਪ੍ਰੇਸ਼ਾਨ ਤਾਂ ਵੀਰਵਾਰ ਨੂੰ ਕਰੋ ਇਹ ਖ਼ਾਸ ਉਪਾਅ

7/1/2021 2:11:59 PM

ਜਲੰਧਰ (ਬਿਊਰੋ) : ਵੀਰਵਾਰ ਵਾਲੇ ਦਿਨ ਵਿਸ਼ਣੂ ਭਗਵਾਨ ਜੀ ਅਤੇ ਦੇਵ ਗੁਰੂ ਬ੍ਰਹਸਪਤੀ ਜੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਪੀਲੇ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ। ਘਰ 'ਚ ਖੁਸ਼ੀਆਂ ਲਿਆਉਣ ਅਤੇ ਦੁੱਖਾਂ ਨੂੰ ਦੂਰ ਕਰਨ ਲਈ ਇਸ ਦਿਨ ਵਿਸ਼ਣੂ ਭਗਵਾਨ ਦੀ ਪੂਜਾ ਕੀਤੀ ਜਾਂਦੀ ਹੈ। ਭਗਵਾਨ ਜੀ ਦੀ ਕ੍ਰਿਪਾ ਸਦਕਾ ਜ਼ਿੰਦਗੀ 'ਚ ਕਦੇ ਵੀ ਸਿਹਤ, ਪੈਸਾ, ਸਫਲਤਾ ਅਤੇ ਮਨਪਸੰਦ ਜੀਵਨਸਾਥੀ ਨਾਲ ਸਬੰਧਿਤ ਕੋਈ ਵੀ ਸਮੱਸਿਆ ਨਹੀਂ ਹੁੰਦੀ। ਵੀਰਵਾਰ ਦੇ ਦਿਨ ਇਨ੍ਹਾਂ ਦਾ ਵਰਤ ਰੱਖਣ ਨਾਲ ਹਰ ਇੱਛਾ ਪੂਰੀ ਹੁੰਦੀ ਹੈ। ਇਸ ਦਿਨ ਪੀਲੇ ਕੱਪੜੇ ਪਾ ਕੇ ਇਨ੍ਹਾਂ ਦੀ ਪੂਜਾ ਕਰਨੀ ਚਾਹੀਦੀ ਹੈ ਪਰ ਜੋ ਲੋਕ ਅਜਿਹਾ ਨਹੀਂ ਕਰ ਸਕਦੇ ਉਹ ਜੇਕਰ ਕੁਝ ਵਿਸ਼ੇਸ਼ ਨਿਯਮਾਂ ਦਾ ਪਾਲਣ ਕਰਨ ਤਾਂ ਭਗਵਾਨ ਦੀ ਕ੍ਰਿਪਾ ਨੂੰ ਪ੍ਰਾਪਤ ਕਰ ਸਕਦੇ ਹਨ।

ਵੀਰਵਾਰ ਦਾ ਵਰਤ ਰੱਖਣ ਦੀ ਵਿਧੀ :-
ਇਸ ਵਰਤ ਨੂੰ ਰੱਖਣ ਲਈ ਛੋਲਿਆ ਦੀ ਦਾਲ, ਗੁੜ੍ਹ, ਹਲਦੀ, ਥੋੜ੍ਹੇ ਜਿਹੇ ਕੇਲਿਆਂ ਦੀ ਲੋੜ ਪੈਂਦੀ ਹੈ। ਇਸ ਦੇ ਨਾਲ ਹੀ ਭਗਵਾਨ ਵਿਸ਼ਣੂ ਜੋ ਕਿ ਮਾਤਾ ਲਕਸ਼ਮੀ ਨਾਲ ਹੋ, ਉਸ ਦੀ ਪ੍ਰਤਿਮਾ ਰੱਖੋ। ਵਰਤ ਵਾਲੇ ਦਿਨ ਸਵੇਰੇ ਉਠ ਕੇ ਇਸ਼ਨਾਨ ਕਰਕੇ ਘਰ ਦੇ ਮੰਦਰ 'ਚ ਜਾਓ ਤੇ ਭਗਵਾਨ ਨੂੰ ਸਾਫ ਕਰਕੇ ਉਨ੍ਹਾਂ ਨੂੰ ਪੀਲੇ ਫੁੱਲ ਅਰਪਿਤ ਕਰੋ। ਹੁਣ 16 ਵੀਰਵਾਰ ਵਰਤ ਕਰਨ ਦਾ ਸਕੰਲਪ ਕਰੋ ਤੇ ਭਗਵਾਨ ਨੂੰ ਛੋਟਾ ਪੀਲਾ ਕੱਪੜਾ ਵੀ ਚੜਾਓ। ਇਸ ਵਰਤ ਦੀ ਵਿਧੀ ਕੇਲੇ ਦੇ ਦਰੱਖਤ ਦੇ ਸਾਹਮਣੇ ਵੀ ਕਰ ਸਕਦੇ ਹੋ। ਇਕ ਭਾਂਡੇ 'ਚ ਜਲ ਰੱਖ ਲਵੋ, ਉਸ 'ਚ ਥੋੜ੍ਹੀ ਜਿਹੀ ਹਲਦੀ ਪਾ ਕੇ ਵਿਸ਼ਣੂ ਭਾਗਵਾਨ ਜਾਂ ਕੇਲੇ ਦਰੱਖਤ ਦੀ ਜੜ੍ਹ ਨੂੰ ਇਸ਼ਨਾਨ ਕਰਵਾਓ। ਹੁਣ ਉਸ ਜਲ ਵਾਲੇ ਭਾਂਡੇ 'ਚ ਛੋਲਿਆਂ ਦੀ ਦਾਲ ਪਾ ਕੇ ਰੱਖ ਦਿਓ।

ਭੁੱਲ ਕੇ ਨਾ ਕਰੋ ਇਹ ਕੰਮ :-
1. ਵੀਰਵਾਰ ਨੂੰ ਖ਼ਾਸ ਕਰਕੇ ਜਨਾਨੀਆਂ ਨੂੰ ਵਾਲ ਨਹੀਂ ਧੋਣੇ ਚਾਹੀਦੇ ਅਤੇ ਨਾ ਹੀ ਨਹੂੰ ਕੱਟਣੇ ਚਾਹੀਦੇ ਹਨ। ਮੰਨਿਆ ਜਾਂਦਾ ਹੈ ਕਿ ਕੁੰਡਲੀ ਵਿਚ ਬ੍ਰਹਿਸਪਤੀ ਪਤੀ ਅਤੇ ਚੰਗੀ ਕਿਸਮਤ ਦਾ ਕਾਰਕ ਹੁੰਦਾ ਹੈ ਅਤੇ ਨਾਲ ਹੀ ਔਲਾਦ ਦਾ ਵੀ ਕਾਰਕ ਹੁੰਦਾ ਹੈ। ਸਿਰ ਧੋਣ ਨਾਲ ਔਲਾਦ ਅਤੇ ਵਿਆਹੁਤਾ ਜ਼ਿੰਦਗੀ 'ਤੇ ਅਸਰ ਪੈਂਦਾ ਹੈ। ਇਸ ਲਈ ਇਹ ਕੰਮ ਇਸ ਦਿਨ ਨਹੀਂ ਕਰਨੇ ਚਾਹੀਦੇ।

2. ਵੀਰਵਾਰ ਦੇ ਦਿਨ ਘਰ 'ਚ ਕੱਪੜੇ ਨਹੀਂ ਧੋਣੇ ਚਾਹੀਦੇ। ਅਜਿਹਾ ਕਰਨ ਨਾਲ ਬ੍ਰਹਿਸਪਤੀ ਦੇ ਸ਼ੁੱਭ ਪ੍ਰਭਾਅ ਵਿਚ ਕਮੀ ਆਉਂਦੀ ਹੈ, ਜਿਸ ਨਾਲ ਵਿਅਕਤੀ ਨੂੰ ਆਪਣੀ ਜ਼ਿੰਦਗੀ 'ਚ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

3. ਜੇਕਰ ਕੁੰਡਲੀ 'ਚ ਬ੍ਰਹਿਸਪਤੀ ਗ੍ਰਹਿ ਮਜ਼ਬੂਤ ਹੋਵੇ ਤਾਂ ਜ਼ਿੰਦਗੀ ਵਿਚ ਸਫਲਤਾ ਅਤੇ ਉੱਨਤੀ ਦੇ ਰਸਤੇ ਆਸਾਨੀ ਨਾਲ ਖੁੱਲ੍ਹ ਜਾਂਦੇ ਹਨ ਪਰ ਇੱਥੇ ਗ੍ਰਹਿ ਜੇਕਰ ਕਮਜ਼ੋਰ ਹੋਣ ਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਇਸ ਦਿਨ ਨਹਾਉਂਦੇ ਸਮੇਂ ਸਾਬਣ ਦਾ ਇਸਤੇਮਾਲ ਨਾ ਕਰੋ।

4. ਵੀਰਵਾਰ ਦੇ ਦਿਨ ਭਗਵਾਨ ਵਿਸ਼ਣੂ ਅਤੇ ਮਾਤਾ ਲਕਸ਼ਮੀ ਦੀ ਪੂਜਾ ਇਕੱਠੇ ਕੀਤੀ ਜਾਵੇ ਤਾਂ ਦੁੱਗਣਾ ਫਲ ਮਿਲਦਾ ਹੈ। ਜੇਕਰ ਪਤੀ-ਪਤਨੀ ਇਕੱਠੇ ਪੂਜਾ ਕਰਨ ਤਾਂ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਵਿਚ ਵੀ ਖੁਸ਼ਹਾਲੀ ਆਉਂਦੀ ਹੈ।

ਪੂਜਾ ਦੌਰਾਨ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ - 
1. ਕੇਲੇ ਦੇ ਦਰਖੱਤ ਦੀ ਪੂਜਾ

ਵੀਰਵਾਰ ਵਾਲੇ ਦਿਨ ਕੇਲੇ ਦੇ ਦਰਖੱਤ ਦੀ ਪੂਜਾ ਕੀਤੀ ਜਾਂਦੀ ਹੈ। ਸਵੇਰੇ-ਸਵੇਰੇ ਕੇਲੇ ਦੇ ਦਰਖੱਤ ਦੀ ਪੂਜਾ ਕਰਨ ਤੋਂ ਬਾਅਦ ਦੀਵਾ ਜਗਾਇਆ ਜਾਂਦਾ ਹੈ। ਇਸ ਦੇ ਨਾਲ ਹੀ ਕੇਲੇ ਦੇ ਦਰਖੱਤ 'ਤੇ ਚਨੇ ਦੀ ਦਾਲ ਚੜ੍ਹਾਉਣਾ ਵੀ ਸ਼ੁੱਭ ਹੁੰਦਾ ਹੈ।

2. ਕੇਸਰ ਦਾ ਟਿੱਕਾ
ਵੀਰਵਾਰ ਵਾਲੇ ਦਿਨ ਚਨੇ ਦੀ ਦਾਲ ਅਤੇ ਕੇਸਰ ਮੰਦਰ 'ਚ ਦਾਨ ਕਰਨਾ ਚਾਹੀਦਾ ਹੈ। ਪੂਜਾ ਤੋਂ ਬਾਅਦ ਕੇਸਰ ਦਾ ਟਿੱਕਾ ਮੱਥੇ 'ਤੇ ਲਗਾਓ।

3. ਪੀਲੇ ਰੰਗ ਦੇ ਕੱਪੜੇ ਪਾਓ
ਵੀਰਵਾਰ ਵਾਲੇ ਦਿਨ ਪੀਲੇ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ। ਪੀਲਾ ਰੰਗ ਭਗਵਾਨ ਵਿਸ਼ਣੂ ਨੂੰ ਬਹੁਤ ਹੀ ਪਸੰਦ ਹੁੰਦਾ ਹੈ। ਇਸ ਲਈ ਭਗਵਾਨ ਨੂੰ ਖੁਸ਼ ਕਰਨ ਲਈ ਪੀਲੇ ਰੰਗ ਦੇ ਕੱਪੜੇ ਜ਼ਰੂਰ ਪਾਉਣੇ ਚਾਹੀਦੇ ਹਨ। 

4. ਪੀਲੇ ਰੰਗ ਦੀਆਂ ਚੀਜ਼ਾਂ ਦਾ ਕਰੋ ਦਾਨ 
ਵੀਰਵਾਰ ਨੂੰ ਪੀਲੇ ਫਲ-ਫੁੱਲ, ਛੌਲਿਆਂ ਦੀ ਦਾਲ, ਪੀਲਾ ਚੰਦਨ, ਪੀਲੀ ਮਠਿਆਈ, ਮੁਨੱਕਾ, ਪੀਲੀ ਮਠਿਆਈ, ਮੱਕੀ ਦਾ ਆਟਾ, ਚੌਲ ਅਤੇ ਹਲਦੀ ਦਾ ਦਾਨ ਕਰਨਾ ਚਾਹੀਦਾ ਹੈ। ਇਹ ਚੀਜ਼ਾਂ ਦਾ ਦਾਨ ਕਰਨ ਨਾਲ ਵਿਅਕਤੀ ਨੂੰ ਧਨ ਦੀ ਪ੍ਰਾਪਤੀ ਹੁੰਦੀ ਹੈ ਅਤੇ ਪਰਿਵਾਰ ਵਿਚ ਖੁਸ਼ੀਆਂ ਆਉਂਦੀਆਂ ਹਨ।

5. ਕੱਚਾ ਦੁੱਧ ਚੜ੍ਹਾਓ
ਇਸ ਦਿਨ ਤੁਲਸੀ ਦੇ ਪੌਦੇ ਨੂੰ ਕੱਚਾ ਦੁੱਧ ਚੜ੍ਹਾਉਣਾ ਚਾਹੀਦਾ ਹੈ।


sunita

Content Editor sunita