ਕ੍ਰਿਸਮਸ ਸਪੈਸ਼ਲ : ਇੰਝ ਭਾਰਤ ''ਚ ਹੋਈ ''ਕ੍ਰਿਸਮਸ'' ਦੇ ਤਿਉਹਾਰ ਦੀ ਸ਼ੁਰੂਆਤ
12/25/2020 1:35:50 PM
ਜਲੰਧਰ (ਬਿਊਰੋ) - ਭਾਰਤ ਬਹੁਤ ਹੀ ਖ਼ੂਬਸੂਰਤ ਦੇਸ਼ ਹੈ, ਜਿੱਥੇ ਵੱਖ-ਵੱਖ ਧਰਮ ਅਤੇ ਵਿਰਸੇ ਨਾਲ ਜੁੜੇ ਲੋਕ ਵੱਸਦੇ ਹਨ। ਇਸ ਲਈ ਤਾਂ ਇਸ ਨੂੰ ਸੈਕੂਲਰ ਦੇਸ਼ ਕਿਹਾ ਜਾਂਦਾ ਹੈ। ਅੱਜ 25 ਦਸੰਬਰ ਹੈ ਅਤੇ ਦੁਨੀਆਂ ਭਰ ਦੇ ਤਮਾਮ ਦੇਸ਼ਾਂ 'ਚ ਕ੍ਰਿਸਮਸ ਮਨਾਇਆ ਜਾ ਰਿਹਾ ਹੈ। ਯਾਨੀ ਪ੍ਰਭੂ ਯਿਸ਼ੂ ਮਸੀਹ (Jesus Christ) ਦਾ ਜਨਮ ਦਿਹਾੜਾ ਪੂਰੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਈਸਾ ਮਸੀਹ ਦੀਆਂ ਸਿੱਖਿਆਵਾਂ ਦੇ ਆਧਾਰ 'ਤੇ ਹੀ ਈਸਾਈ ਧਰਮ ਦੀ ਸ਼ੁਰੂਆਤ ਹੋਈ ਸੀ। ਕ੍ਰਿਸਮਸ ਦਾ ਤਿਉਹਾਰ ਅਜਿਹਾ ਮੌਕਾ ਹੈ ਜਦੋਂ ਸਾਨੂੰ ਈਸਾ ਮਸੀਹ ਦੇ ਅਰਥ ਨੂੰ ਜਾਣਨ ਲਈ ਵਿਚਾਰ ਕਰਨਾ ਚਾਹੀਦਾ ਹੈ।
ਭਾਰਤ 'ਚ ਇੰਝ ਹੋਈ ਇਸ ਦੀ ਸ਼ੁਰੂਆਤ
ਔਰੰਗਜੇਬ ਤੇ ਕੁਝ ਹੋਰ ਸ਼ਾਸਕਾਂ ਨੂੰ ਛੱਡ ਕੇ ਅਕਬਰ ਤੋਂ ਲੈ ਕੇ ਸ਼ਾਹ ਆਲਮ ਤੱਕ ਦੇ ਮੁਗਲ ਸ਼ਾਸਕਾਂ ਨੇ ਕ੍ਰਿਸਮਸ ਮਨਾਇਆ ਹੈ। ਮੱਧ ਕਾਲੀਨ ਯੂਰਪ 'ਚ ਕ੍ਰਿਸਮਸ ਮਨਾਉਣ ਦੀ ਸ਼ੁਰੂਆਤ ਹੋਈ ਪਰ ਭਾਰਤ 'ਚ ਇਸ ਦੀ ਸ਼ੁਰੂਆਤ ਅਕਬਰ ਦੇ ਸਮੇਂ ਹੋਈ ਜਦੋਂ ਅਕਬਰ ਨੇ ਆਪਣੇ ਰਾਜ ਦਰਬਾਰ 'ਚ ਇਕ ਪਾਦਰੀ ਨੂੰ ਸੱਦਿਆ ਸੀ। ਦਰਅਸਲ, ਅਕਬਰ ਦੇ ਦੌਰ 'ਚ ਯੂਰਪ, ਇਟਲੀ, ਪੁਰਤਗਾਲ ਤੇ ਹੋਰ ਦੇਸ਼ਾਂ ਤੋਂ ਲੋਕਾਂ ਦਾ ਭਾਰਤ 'ਚ ਕਾਫ਼ੀ ਜ਼ਿਆਦਾ ਆਉਣਾ ਜਾਣਾ ਸੀ, ਜਿਸ ਕਾਰਨ ਕ੍ਰਿਸਮਸ ਉਨ੍ਹਾਂ ਦਿਨਾਂ 'ਚ ਇਕ ਵੱਡੇ ਤਿਉਹਾਰ ਵਜੋਂ ਮਨਾਇਆ ਜਾਂਦਾ ਸੀ। ਕਿਹਾ ਜਾਂਦਾ ਹੈ ਕਿ ਅਕਬਰ ਜਦੋਂ ਕ੍ਰਿਸਮਸ ਮੌਕੇ ਚਰਚ 'ਚ ਆਉਂਦਾ ਸੀ ਤਾਂ ਉਸ ਦਾ ਸਵਾਗਤ ਇਕ ਚਰਚ ਦੇ ਬਿਸ਼ਪ ਵਾਂਗ ਹੁੰਦਾ ਸੀ। ਲੋਕ ਘੰਟੀਆਂ ਵਜਾਉਂਦੇ ਸੀ ਤੇ ਗੀਤ ਭਜਨ ਗਾਉਂਦੇ ਸੀ। 25 ਦਸੰਬਰ ਕ੍ਰਿਸਮਸ ਦਾ ਤਿਉਹਾਰ ਇਸ ਨੂੰ ਈਸਾਈ ਭਾਈਚਾਰੇ ਦੇ ਲੋਕ ਵੱਡਾ ਦਿਨ ਵੀ ਕਹਿੰਦੇ ਹਨ।
ਦੱਸ ਦੇਈਏ ਕੇ ਈਸਾਈ ਧਰਮ ਦੇ ਪਵਿੱਤਰ ਗ੍ਰੰਥ 'The Holy Bible' 'ਚ 25 ਦਸੰਬਰ ਦਾ ਕੀਤੇ ਵੀ ਜ਼ਿਕਰ ਨਹੀਂ ਹੈ। 'Holy Bible' ਦੇ ਦੋ ਭਾਗ ਹਨ। 'ਪੁਰਾਣਾ ਨੇਮ' ਅਤੇ 'ਨਵਾਂ ਨੇਮ'। 'ਪੁਰਾਣੇ ਨੇਮ' 'ਚ ਇਤਿਹਾਸ ਲਿਖਿਆ ਗਿਆ ਹੈ। ਜਦਕਿ 'ਨਵੇਂ ਨੇਮ' 'ਚ ਪ੍ਰਭੂ ਯਿਸ਼ੂ ਮਸਿਹ ਦੇ ਜਨਮ ਤੋਂ ਬਾਅਦ ਦੇ ਸਮੇਂ ਦਾ ਜ਼ਿਕਰ ਹੈ।
ਪ੍ਰੇਮ ਸੀ ਈਸਾ ਮਸੀਹ ਦਾ ਮੂਲ ਸੰਦੇਸ਼
ਈਸਾ ਮਸੀਹ ਦਾ ਮੂਲ ਸੰਦੇਸ਼ ਪ੍ਰੇਮ ਸੀ। ਉਨ੍ਹਾਂ ਨੇ ਆਪਣੇ ਪੈਰੋਕਾਰਾਂ ਨੂੰ ਜੋ ਮਹਾਨ ਸੰਦੇਸ਼ ਦਿੱਤਾ, ਉਸ ਨੂੰ ਦੋ ਆਗਿਆਵਾਂ 'ਚ ਸਮੇਟ ਸਕਦੇ ਹਾਂ।
1. ਤੁਸੀਂ ਆਪਣੇ ਪ੍ਰਭੂ ਨੂੰ ਪੂਰਨ ਹਿਰਦੇ ਨਾਲ, ਪੂਰਨ ਆਤਮਾ ਨਾਲ ਅਤੇ ਪੂਰੇ ਮਨ ਨਾਲ ਪਿਆਰ ਕਰੋ।
2. ਇਸ ਤੋਂ ਇਲਾਵਾ ਤੁਸੀਂ ਆਪਣੇ ਗੁਆਂਢੀਆਂ ਨੂੰ ਵੀ ਆਪਣੇ ਵਾਂਗ ਪਿਆਰ ਕਰੋ।
ਉਨ੍ਹਾਂ ਨੇ ਸਪਸ਼ਟ ਕੀਤਾ ਕਿ ਇਨ੍ਹਾਂ ਦੋ ਆਗਿਆਵਾਂ 'ਤੇ ਹੀ ਸਾਰੇ ਨਿਯਮ ਅਤੇ ਪੈਗੰਬਰ ਆਧਾਰਤ ਹੁੰਦੇ ਹਨ। ਈਸਾ ਮਸੀਹ ਨੇ ਇਨ੍ਹਾਂ ਦੋ ਆਗਿਆਵਾਂ ਨੂੰ ਸਿਰਫ਼ ਦਿੱਤਾ ਹੀ ਨਹੀਂ ਸਗੋ ਉਹ ਇਨ੍ਹਾਂ ਅਨੁਸਾਰ ਵਿਚਰੇ ਵੀ। ਇਹੀ ਸਾਂਤਾ ਕਲਾਜ਼ ਦੀ ਸੱਚੀ ਖ਼ਾਸੀਅਤ ਹੈ ਕਿਉਂਕਿ ਉਹ ਪਿਆਰ ਦਾ ਮੁਜੱਸਮਾ ਹੁੰਦੇ ਹਨ। ਪ੍ਰਭੂ ਪ੍ਰੇਮ ਹੈ, ਸਾਡੀ ਆਤਮਾ ਉਸ ਪ੍ਰੇਮ ਦੀ ਇਕ ਕਿਰਨ ਹੈ ਅਤੇ ਪ੍ਰੇਮ ਇਕ ਪਾਸੇ ਤਾਂ ਪ੍ਰਭੂ ਅਤੇ ਮਨੁੱਖਾਂ ਵਿਚਾਲੇ ਹੈ। ਦੂਜੇ ਪਾਸੇ ਮਨੁੱਖਾਂ ਅਤੇ ਪ੍ਰਭੂ ਦੀ ਸਿ੍ਰਸ਼ਟੀ ਵਿਚਾਲੇ ਇਕ ਸੂਤਰ ਹੈ। ਪ੍ਰੇਮ ਜੀਵਨ ਅਤੇ ਪ੍ਰਕਾਸ਼ ਦੇ ਨਿਯਮ ਦੀ ਪੂਰਨਤਾ ਹੈ।
ਅਸੀਂ ਸੋਚੀਏ ਕੀ ਸਾਡੇ ਜੀਵਨ 'ਚ ਇਹ ਪਿਆਰ ਝਲਕਦਾ ਹੈ? ਕੀ ਅਸੀਂ ਇਕ-ਦੂਜੇ ਦੀ ਪਿਆਰ ਨਾਲ ਸੇਵਾ ਕਰਦੇ ਹਾਂ? ਕੀ ਅਸੀਂ ਉਨ੍ਹਾਂ ਪ੍ਰਤੀ ਦਿਆਲੂ ਤੇ ਸਹਿਣਸ਼ੀਲ ਹਾਂ, ਜਿਨ੍ਹਾਂ ਦੇ ਵਿਚਾਰ ਸਾਡੇ ਨਾਲ ਨਹੀਂ ਮਿਲਦੇ? ਕੀ ਅਸੀਂ ਪ੍ਰਭੂ ਦੇ ਸਭ ਜੀਵ-ਜੰਤੂਆਂ ਨੂੰ ਪ੍ਰੇਮ ਕਰਦੇ ਹਾਂ ਅਤੇ ਕੀ ਅਸੀਂ ਸਭ ਨੂੰ ਆਪਣਾ ਸਮਝ ਕੇ ਗਲੇ ਲਗਾਉਣ ਲਈ ਤਿਆਰ ਹਾਂ? ਜੇ ਅਸੀਂ ਪਿਆਰ ਨਾਲ ਨਹੀਂ ਰਹਿੰਦੇ ਤਾਂ ਅਜੇ ਅਸੀਂ ਪ੍ਰਭੂ ਤੋਂ ਕਾਫ਼ੀ ਦੂਰ ਹਾਂ ਅਤੇ ਧਰਮ ਤੋਂ ਦੂਰ ਹਾਂ, ਭਾਵੇਂ ਅਸੀਂ ਕਿੰਨੀਆਂ ਹੀ ਉੱਚੀਆਂ-ਉੱਚੀਆਂ ਗੱਲਾਂ ਕਿਉਂ ਨਾ ਕਰਦੇ ਰਹੀਏ। ਸਾਂਤਾ ਕਲਾਜ਼ ਦੇ ਮਨ 'ਚ ਸਾਰਿਆ ਲਈ ਪਿਆਰ ਹੁੰਦਾ ਹੈ। ਉਹ ਲੋਕਾਂ ਦੇ ਰੰਗ, ਉਨ੍ਹਾਂ ਦੇ ਦੇਸ਼ ਜਾਂ ਉਨ੍ਹਾਂ ਦੇ ਧਰਮ ਦੇ ਆਧਾਰ 'ਤੇ ਕੋਈ ਵਿਤਕਰਾ ਨਹੀਂ ਕਰਦਾ। ਕ੍ਰਾਈਸਟ ਨੇ ਪ੍ਰਭੂ ਦੇ ਪਿਆਰ ਨੂੰ ਉਸ ਸਮੇਂ ਦੀ ਜਨਤਾ ਦੇ ਸਾਹਮਣੇ ਪ੍ਰਗਟ ਕੀਤਾ। ਈਸਾ ਨੇ ਚਾਹਿਆ ਸੀ ਕਿ ਉਨ੍ਹਾਂ ਦੇ ਪੈਰੋਕਾਰ ਉਨ੍ਹਾਂ ਦਾ ਸੰਦੇਸ਼ ਸੁਣਨ ਹੀ ਨਹੀਂ ਸਗੋ ਉਸ ਮੁਤਾਬਕ ਵਿਚਰਨ ਵੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।