ਘੁੜਾਮ ਵਾਲੇ ‘ਸੂਫ਼ੀ ਫ਼ਕੀਰ ਭੀਖਣ ਸ਼ਾਹ ਜੀ’
6/13/2020 10:28:53 AM
ਅਲੀ ਰਾਜਪੁਰਾ
9417679302
ਕੁਰੂਕਸ਼ੇਤਰ ਜ਼ਿਲ੍ਹੇ ਦਾ ਮਸ਼ਹੂਰ ਪਿੰਡ ਹੈ ਸ਼ੈਦਾਂ “ ਸਿਆਲਾ ” ਜਿਹੜਾ ਕਿ ਪਹੇਵਾ ਤਹਿਸੀਲ ’ਚ ਪੈਂਦਾ ਹੈ। ਪੀਰ ਭੀਖਣ ਸ਼ਾਹ ਦਾ ਇਸ ਪਿੰਡ ’ਚ ਜਨਮ ਚੰਦ ਦੀ ਨੌਵੀਂ ਨੌਂ ਹਜ਼ਬ ਹਿਜਰੀ 1046 ਈ. ਨੂੰ ਹੋਇਆ। ਪਿਤਾ ਦਾ ਨਾਮ ਹਜ਼ਰਤ ਮੌਲਾਨਾ ਮੁਹੰਮਦ ਸ਼ਾਹ ਯੂਸਫ ਸਵਾਲੀਆ ਤੇ ਮਾਤਾ ਦਾ ਨਾਮ ਮਲਕਾਂ ਸੀ। ਪੀਰ ਭੀਖਣ ਸ਼ਾਹ ਨੂੰ ਕਈ ਨਾਵਾਂ ਨਾਲ ਨਿਵਾਜਿਆ ਜਾਂਦਾ ਹੈ। ਆਪ ਦਾ ਮੁੱਢਲਾ ਸਮਾਂ ਪਿੰਡ ਸੈਦਾਂ ਸਿਆ ਵਿਖੇ ਗੁਜ਼ਰਿਆ। ਦੱਸਿਆ ਜਾਂਦਾ ਹੈ ਕਿ ਅੱਬਾ ਹਜ਼ਰਤ ਮੌਲਾਨਾ ਮੁਹੰਮਦ ਸ਼ਾਹ ਯੂਸਫ ਸਵਾਲੀਆ ਦੇ ਅੱਲ੍ਹਾ ਨੂੰ ਪਿਆਰੇ ਹੋ ਜਾਣ ਪਿੱਛੋ ਆਪ ਪੱਕੇ ਤੌਰ ’ਤੇ ‘ਘੁੜਾਮ’ ਆਣ ਵਸੇ, ਜਿਹੜਾ ਕਿ ਥੋਹ ’ਤੇ ਵਸਿਆ ਹੋਇਆ ਹੈ। ਜਿੱਥੇ ਅੱਜ ਵੀ ਨਾਨਕੀ ਇੱਟਾਂ ਦੀ ਕਿਲ੍ਹਾ ਨੁਮਾ ਇਮਾਰਤ ਨਜ਼ਰ ਪੈਂਦੀ ਹੈ। ਇਹ ਪਿੰਡ ਪਟਿਆਲ਼ਾ ਜ਼ਿਲ੍ਹੇ ਦਾ ਮਸ਼ਹੂਰ ਪਿੰਡ ਹੈ ਅਤੇ ਪਟਿਆਲ਼ਾ ਤੋਂ ਲਗਭਗ 20-25 ਕਿਲੋਮੀਟਰ ’ਤੇ ਸਾਥਿਤ ਹੈ।
ਆਪਨੇ ਜ਼ਿਲ੍ਹਾ ਸਹਾਰਨਪੁਰਾ ਦੇ ਮਸ਼ਹੂਰ ਪਿੰਡ ਅੰਬਹਿਦਾ ਦੇ ਅੱਬੁਲ ਮੁਆਲੀ ਸ਼ਾਹ ਨੂੰ ਉਸਤਾਦ ਧਾਰਿਆ, ਜਿੱਥੋਂ ਆਪ ਨੇ ਇਸਲਾਮਿਕ ਪੜ੍ਹਾਈ ਗ੍ਰਹਿਣ ਕੀਤੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਵਾਲ਼ੇ ਦਿਨ ਆਪ ਨੇ ‘ਜੌਹਰ’ ਦੀ ਨਮਾਜ਼ ਚੜ੍ਹਦੇ ਵਾਲੇ ਰੁਖ਼ ਕਰਕੇ ਅਦਾ ਕੀਤੀ। ਇਸਲਾਮਿਕ ਹਲਕਿਆਂ ਵਿਚ ਜਦੋਂ ਇਹ ਗੱਲ ਪਹੁੰਚੀ ਤਾਂ ਕਈ ਤਰ੍ਹਾਂ ਦੀਆਂ ਗੱਲਾਂ ਜੁੜੀਆਂ ਭਾਵ ਜਿੰਨੇ ਮੂੰਹ ਓਨੀਆਂ ਗੱਲਾਂ। ਪਰ ਪੀਰ ਜੀ ਇਨ੍ਹਾਂ ਗੱਲਾਂ ਤੋਂ ਬੇਪ੍ਰਵਾਹ ਰਹੇ। ਕੁਝ ਲੋਕਾਂ ਦਾ ਮੰਨਣਾ ਸੀ ਕਿ ਪੀਰ ਜੀ ਨੇ ਇਸਲਾਮ ਦੀ ਸ਼ਰਾ ਤੋਂ ਉਲਟ ਜਾ ਕੇ ਨਮਾਜ਼ ਅਦਾ ਕੀਤੀ ਹੈ। ਕੁਝ ਅਨਸਰ ਆਪ ਨੂੰ ਕਾਫ਼ਰ (ਸ਼ੈਤਾਨ) ਵੀ ਕਹਿੰਦੇ ਸੁਣੇ ਗਏ, ਕਿਉਂਕਿ ਇਸ ਪਾਸੇ ਰੁਖ਼ ਕਰਕੇ ਨਮਾਜ਼ ਤਾਂ ਕਾਫ਼ਰ ਲੋਕ ਪੜ੍ਹਦੇ ਹਨ। ਇਕ ਦਿਨ ਆਪ ਦੇ ਇਕ ਸ਼ਾਗਿਰਦ ਨੇ ਕਿਹਾ “ ਪੀਰ ਜੀ, ਤੁਸੀਂ ਇਸਲਾਮਿਕ ਸ਼ਰਾ ਤੋਂ ਉਲਟ ਨਮਾਜ਼ ਕਿਉ ਪੜ੍ਹੀ…?” ਪੀਰ ਜੀ ਨੇ ਆਪਣਾ ਤਰਕ ਸਿੱਧ ਕੀਤਾ ਕਿ ਅਸੀਂ ਮੱਕਾ ਸ਼ਰੀਫ ਵੱਲ ਨਮਾਜ਼ ਇਸ ਲਈ ਪੜ੍ਹਦੇ ਹਾਂ ਕਿ ਲਹਿੰਦੇ ਵਾਲੇ ਪਾਸੇ ਅੱਲ੍ਹਾ ਦਾ ਘਰ ਮੱਕਾ ਸ਼ਰੀਫ ਹੈ ਜਿਸ ਵਿਚ ਅੱਲ੍ਹਾ ਪਾਕ ਦਾ ਵਾਸਾ ਹੈ। ਕਾਦਰ ਦੀ ਕੁਦਰਤ ਨਾਲ ਹਰ ਕਣ-ਕਣ ਵਿਚ ਉਸ ਦਾ ਵਾਸਾ ਹੈ। ਤੇ ਮੈਨੂੰ ਪਟਨਾ ਸ਼ਹਿਰ ’ਚ “ ਅੱਲ੍ਹਾ-ਪਾਕ” ਦਾ ਨੂਰ ਨਜ਼ਰ ਪਿਆ ਤੇ ਫਿਰ ਮੈਂ ਕਿਉਂ ਨਾ ਚੜ੍ਹਦੇ ਵੱਲ ਰੁਖ਼ ਕਰਕੇ ਨਮਾਜ਼ ਅਦਾ ਕਰਦਾ…। ਇੰਨਾ ਸੁਣ ਪੀਰ ਜੀ ਦੇ ਸ਼ਾਗਿਰਦ ਹੱਕੇ-ਬੱਕੇ ਰਹਿ ਗਏ। ਇਕੱਠ ਵਿੱਚੋਂ ਆਵਾਜ਼ ਆਈ ਇਹ ਕਿਵੇਂ ਹੋ ਸਕਦਾ ਹੈ ਅਸੀਂ ਵੀ ਦੇਖਣਾ ਚਾਹੁੰਦੇ ਹਾਂ ਅੱਲ੍ਹਾ ਦਾ ਨੂਰ….।
ਭੀਖਣ ਸ਼ਾਹ ਜੀ ਨੇ ਪਟਨਾ ਜਾਣ ਦੀ ਤਿਆਰੀ ਆਰੰਭਣ ਲਈ ਕਿਹਾ। ਪੀਰ ਜੀ ਆਪਣੇ ਸ਼ਰਧਾਲੂਆਂ ਸਮੇਤ ਘੁੜਾਮ ਤੋਂ ਚੱਲ ਕੇ ਪਟਨਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਭੂਮੀ ਦਾ ਪਹੁੰਚੇ ਤਾਂ ਮਾਮਾ ਕ੍ਰਿਪਾਲ ਚੰਦ ਜੀ ਨੇ ਸਾਰੀ ਵਿੱਥਿਆ ਦੱਸੀ। ਆਪਣੇ ਸਾਥੀਆਂ ਨੂੰ ਆਖਿਆ ਕਿ ਹੈ ਤਾਂ ਅੱਲ੍ਹਾ ਦਾ ਨੂਰ ਹੀ ਪਰ ਤੁਹਾਡੀ ਤਸੱਲੀ ਲਈ ਅਸੀਂ ਦੋ ਕੁੱਜੀਆਂ ਅੱਗੇ ਕਰਕੇ ਪਰਖ ਕਰਾਂਗੇ..। ” ਗੁਰੂ ਜੀ ਦੇ ਮਾਮਾ ਕ੍ਰਿਪਾਲ ਚੰਦ ਜੀ ਗੁਰੂ ਜੀ ਨੂੰ ਕੁੱਛੜ ਚੁੱਕ ਪੀਰ ਜੀ ਕੋਲ਼ ਲੈ ਆਏ ਤਾਂ ਪੀਰ ਭੀਖਣ ਸ਼ਾਹ ਜੀ ਨੇ ਦੋਵੇਂ ਕੁੱਜੀਆਂ ਅੱਗੇ ਵਧਾਈਆਂ ਤਾਂ ਬਾਲ ਗੋਬਿੰਦ ਰਾਇ ਜੀ ਨੇ ਦੋਵੇ ਕੁੱਜੀਆਂ ’ਤੇ ਹੱਥ ਧਰ ਕੇ ਸਿੱਧ ਕੀਤਾ ਕਿ ਉਹ ਸਿੱਖਾਂ ਤੇ ਮੁਸਲਮਾਨਾਂ ਦਾ ਸਾਂਝਾ ਗੁਰੂ ਹੈ। ਗੁਰੂ ਸਾਹਿਬ ਦਾ ਨੂਰਾਨੀ ਚਿਹਰਾ ਮੁਸਕਰਾ ਰਿਹਾ ਸੀ। ਸਾਰੇ ਦੇਖ ਕੇ ਦੰਗ ਰਹਿ ਗਏ….।
ਪੀਰ ਭੀਖਣ ਸ਼ਾਹ ਜੀ ਨੇ ਆਪਣੇ ਸਾਥੀਆਂ ਸਮੇਤ ਪੰਜਾਬ ਵੱਲ ਨੂੰ ਫੇਰੇ ਪਾ ਦਿੱਤੇ। ਅੰਤਮ ਵੇਲ਼ੇ ਜਦੋਂ ਪੀਰ ਸਾਹਿਬ ਜੀ ਦੀ ਸਿਹਤ ਸਾਜ਼ਗਾਰ ਨਾ ਰਹਿਣ ਲੱਗੀ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਰਸ਼ਨਾਂ ਲਈ ਘੁੜਾਣ ਆਏ ਸਨ। ਜਿੱਥੇ ਅੱਜਕਲ੍ਹ “ ਮਿਲਾਪ ਸਰ ” ਇਤਿਹਾਸਕ ਗੁਰੂ ਘਰ ਵੀ ਉੱਸਰਿਆ ਹੈ। ਇਸ ਪਿੰਡ ਨਾਲ ਇਕ ਇਤਿਹਾਸਕ ਪੱਖੋਂ ਇਹ ਵੀ ਜੁੜਦਾ ਹੈ, ਕਿਉਂਕਿ ਇਹ ਮਾਤਾ ਕੁਸ਼ੱਲਿਆ ਦਾ ਪੇਕਾ ਪਿੰਡ ਵੀ ਹੈ। ਕੁਝ ਇਤਿਹਾਸਕਾਰ ਦਾ ਮੰਨਣਾ ਹੈ ਕਿ ਇਹ ਸ੍ਰੀ ਰਾਮਚੰਦਰ ਜੀ ਦੀ ਜਨਮ ਭੂਮੀ ਵੀ ਹੈ। ਅੱਜ ਇਸ ਸਥਾਨ ਦੇ ਬਿਲਕੁਲ ਨਾਲ ਦੋ ਮਸਜਿਦਾਂ, ਮੰਦਿਰ ਅਤੇ ਗੁਰਦੁਆਰਾ ਉਸਰਿਆ ਹੋਇਆ ਹੈ। ਘੁੜਾਮ ਸ਼ਰੀਫ ਦੁਆਰਾ ਪ੍ਰਕਾਸ਼ਿਤ ਪੈਂਫਲਟ ਅਨੁਸਾਰ ਪੀਰ ਜੀ 84 ਸਾਲ ਉਮਰ ਹੰਢਾਅ ਦੇ 5 ਰਮਜ਼ਾਨ 1131 ਹਿਜਰੀ ਨੂੰ ਅੱਲ੍ਹਾ ਪਾਕ ਨੂੰ ਪਿਆਰੇ ਹੋ ਗਏ। ਉਂਜ ਇਸ ਪਿੰਡ ਦਾ ਪ੍ਰਾਚੀਨ ਗ੍ਰੰਥਾਂ ’ਚ ਨਾਂ ‘ ਕੋਹਰਾਮ ’ ਲਿਖਿਆ ਮਿਲਦਾ ਹੈ। ਹਰ ਸਾਲ ਚੰਦ 1 ਸਥਾਨ ਤੋਂ 14 ਸਥਾਨਾਂ ਤੱਕ ਸਲਾਨਾ ਉਰਸ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਹਰ ਮਹੀਨੇ ਚੰਦ ਦੀ ਗਿਆਰ੍ਹਵੀਂ ਨੂੰ ਖ਼ਤਮ-ਦਰੂਦ ਸ਼ਰੀਫ, ਪੜ੍ਹੇ ਜਾਂਦੇ ਹਨ। ਇਸ ਪਾਕ ਸਥਾਨ ਦੀ ਦੇਖ-ਰੇਖ ਗੱਦੀ ਨਸ਼ੀਨ ਬਾਬਾ ਮਸਤ ਦੀਵਾਨਾ ਬੁੱਲ੍ਹੇ ਸ਼ਾਹ ਜੀ ਅਤੇ ਬੀਬੀ ਮਸਤ ਦੀਵਾਨੀ ਭੋਲੂ ਸ਼ਾਹ ਜੀ ਕਰ ਰਹੇ ਹਨ।