ਸ੍ਰੀ ਹਰਿਮੰਦਰ ਸਾਹਿਬ 'ਤੇ ਸੋਨੇ ਦੀ ਸੇਵਾ, ਸ਼ੇਰ-ਏ-ਪੰਜਾਬ ਦਾ ਸੁਨਹਿਰੀ ਦੌਰ

6/16/2020 11:49:55 AM

ਸ਼ੇਰ-ਏ-ਪੰਜਾਬ ਦਾ ਸੁਨਹਿਰੀ ਦੌਰ

ਸ਼ਮਸ਼ੇਰ ਸਿੰਘ ਜੇਠੂਵਾਲ
9988114061

ਮਹਾਰਾਜਾ ਰਣਜੀਤ ਸਿੰਘ ਜੀ 1803 'ਚ ਸਰਕਾਰ-ਏ-ਖਾਲਸਾ ਦੇ ਮੁਖੀ ਬਣੇ। ਸੋਨੇ ਦਾ ਤਖ਼ਤ, ਸੰਸਾਰ ਦਾ ਸਭ ਤੋਂ ਬੇਸ਼ਕੀਮਤੀ ਕੋਹਿਨੂਰ ਹੀਰਾ, ਜਿਸ ਬਾਰੇ ਇਹ ਵੀ ਕਿਹਾ ਜਾਂਦਾ ਕਿ ਇਹ ਕੋਹਿਨੂਰ, ਜਿਸ ਵੀ ਰਾਜੇ ਕੋਲ ਰਿਹਾ, ਕੁਝ ਹੀ ਸਾਲਾਂ ਵਿਚ ਜਾਂ ਤਾਂ ਉਸ ਦਾ ਕਤਲ ਹੋਇਆ ਜਾਂ ਉਸਨੂੰ ਹਕੂਮਤਾਂ ਵਲੋਂ ਗੁਲ਼ਾਮ ਬਣਾ ਲਿਆ ਗਿਆ ਪਰ ਮਹਾਰਾਜਾ ਸਾਹਿਬ ਨੇ 23 ਸਾਲ ਕੋਹਿਨੂਰ ਹੀਰਾ ਸਦਾ ਆਪਣੇ ਫਰਕਦੇ ਡੌਲ੍ਹਿਆਂ ’ਤੇ ਬੰਨ੍ਹੀ ਰੱਖਿਆ । ਇਕ ਦਿਨ ਸ੍ਰੀ ਅੰਮ੍ਰਿਤਸਰ ਦੇ ਸ਼ਾਹੀ ਮਹੱਲ ਵਿਚ ਵਿਸ਼ਰਾਮ ਕਰਦੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਮਨ ਵਿਚ ਫੁਰਨਾ ਆਇਆ ਕਿ ਮੈਂ ਇਕ ਸਿੱਖ ਹੋ ਕੇ ਸ਼ੀਸ਼ ਮਹਿਲਾਂ 'ਚ ਸੌਵਾਂ ਅਤੇ ਮੇਰੇ ਸਤਿਗੁਰੂ ਜੀ ਦੇ ਦਰਬਾਰ ਮਿੱਟੀ ਚੂਨੇ ਦੇ ਬਣੇ ਹੋਣ? ਇਹ ਕਿਵੇਂ ਹੋ ਸਕਦਾ ਹੈ ! ਮੇਰੇ ਸਤਿਗੁਰੂ ਜੀ ਦੇ ਦਰਬਾਰ ਵੀ ਸੋਨੇ ਵਿਚ ਮੜ੍ਹੇ ਹੋਣੇ ਚਾਹੀਦੇ ਹਨ, ਇਸ ਉੱਤਮ ਭਾਵਨਾਂ ’ਚੋਂ ਸ਼ੁਰੂਆਤ ਹੁੰਦੀ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦੀ ਸੇਵਾ ਦੀ। 

PunjabKesari

ਮਹਾਰਾਜੇ ਨੇ ਅਗਲੇ ਦਿਨ ਮੁਖੀ ਸਰਦਾਰਾਂ ਦੀ ਸਭਾ ਬੁਲਾ ਕੇ ਪ੍ਰਸਤਾਵ ਰੱਖਿਆ, ਜਿਸ ਨੂੰ ਸਭ ਮੁਖੀਆਂ ਖਿੜੇ ਮੱਥੇ ਪ੍ਰਵਾਨ ਕੀਤਾ ਅਤੇ ਨਾਲ ਹੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸੱਚਖੰਡ ਸ੍ਰੀ ਹਜੂਰ ਸਾਹਿਬ ਆਦਿ ਇਨ੍ਹਾਂ ਸਭਨਾਂ ਪਵਿੱਤਰ ਅਸਥਾਨਾਂ ਦੀ ਸੇਵਾ ਦਾ ਹੁਕਮ ਦੇ ਦਿੱਤਾ। ਕੁਝ ਦਰਬਾਰੀ ਸਿੱਖਾਂ ਬੇਨਤੀ ਕੀਤੀ ਕਿ ਮਹਾਰਾਜਾ ਸਾਹਿਬ ਸ੍ਰੀ ਨਨਕਾਣਾ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਸੇਵਾ ਤਾਂ ਹੋ ਜਾਵੇਗੀ, ਸ੍ਰੀ ਹਜੂਰ ਸਾਹਿਬ ਦੱਖਣ ਦੀ ਸੇਵਾ ਤੋਂ ਸਤਿਗੁਰੂ ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਨ੍ਹਾ ਕੀਤਾ ਹੈ, ਉਨ੍ਹਾਂ ਹੁਕਮ ਕੀਤਾ ਹੈ ਸਾਡਾ ਅੰਗੀਠਾ ਨਾ ਫਰੋਲਿਆ ਜਾਵੇ, ਕੁਲ੍ਹ ਨਾਸ ਆਦਿ ਬਚਨ ਦੱਸੇ।

PunjabKesari

ਮਹਾਰਾਜਾ ਰਣਜੀਤ ਸਿੰਘ ਜੀ ਕਰੁਣਾ ਰਸ 'ਚ ਆਖਣ ਲੱਗੇ, ''ਹਮ ਕਾਰਨ ਗੁਰ ਕੁਲ੍ਹ ਗਵਾਈ, ਹਮ ਕੁਲ੍ਹ ਰਾਖੇਂ ਕਵਨ ਬਡਾਈ'' ਜੇ ਮੇਰੀ ਕੁਲ੍ਹ ਮਹਾਰਾਜ ਜੀ ਦੇ ਲੇਖੇ ਲੱਗ ਜਾਵੇ ਹੋਰ ਕੀ ਲੈਣਾਂ? ਦਸਮ ਪਿਤਾ ਜੀ ਦੇ ਪਵਿੱਤਰ ਅਸਥਾਨ ਜ਼ਰੂਰ ਸ਼ਾਹੀ ਮਹੱਲਾਂ ਦੀ ਤਰ੍ਹਾਂ ਬਣਨਗੇ। ਸ਼ਾਹੀ ਹੁਕਮਾਂ ਤਹਿਤ ਸਭ ਤੋਂ ਪਹਿਲਾਂ ਸੰਨ੍ਹ 1830 ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਸੰਤ ਸਿੰਘ ਜੀ ਨੂੰ ਪੰਜ ਲੱਖ ਰੁਪਏ ਦੀ ਪਹਿਲੀ ਰਕਮ ਸੌਂਪੀ ਗਈ। ਮਹਾਰਾਜਾ ਸਾਹਿਬ ਵਲੋਂ ਹਦਾਇਤ ਕੀਤੀ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਹਰਿਮੰਦਰ ਸਾਹਿਬ ਉੱਪਰ ਕਲਾ ਕ੍ਰਿਤੀਆਂ ਮੁਗ਼ਲਾਂ ਜਾਂ ਰਾਜਪੂਤ ਰਾਜਿਆਂ ਦੇ ਮਹੱਲਾਂ ਨਾਲ ਮੇਲ ਨਾ ਖਾਂਦੀਆਂ ਹੋਣ, ਗਿਆਨੀ ਸੰਤ ਸਿੰਘ ਜੀ ਵਲੋਂ ਜਦੋਂ ਸੰਗਮਰਮਰ ਉੱਪਰ ਮੱਛੀਆਂ, ਬੰਗਲੇ, ਕੱਛੂ, ਹਿਰਨ, ਚਿੜੀਆਂ, ਬੁਲਬੁਲਾਂ, ਮੋਰ, ਸ਼ੇਰ, ਹਾਥੀ, ਮੱਗਰਮੱਛ, ਬੱਕਰੀਆਂ, ਚੱਕੀਰਾਹੀਆਂ, ਸੁੰਦਰ ਫੁੱਲ, ਵੇਲਾਂ, ਸਮਾਧੀ ਲਾਈ ਬੈਠੇ ਸਾਧੂ ਦੇ ਪੈਰਾਂ ਵਿਚ ਮੂੰਹ ਅੱਡੀ ਖੜ੍ਹੇ ਵਿਕਾਰਾਂ ਰੂਪੀ ਖ਼ਤਰਨਾਕ ਜੀਵ ਜੰਤੂ ਅਤੇ ਸਿਰ ’ਤੇ ਖਿੜ੍ਹੇ ਕੰਵਲ ਫੁੱਲ ਆਦਿ ਚਿੱਤਰ ਮਹਾਰਾਜਾ ਸਾਹਿਬ ਨੇ ਵੇਖੇ ਤਾਂ ਉਨ੍ਹਾਂ ਦੇ ਅਧਿਆਤਮ ਭਾਵ ਜਾਣ ਕੇ  ਇੰਨੇ ਜ਼ਿਆਦਾ ਪ੍ਰਸੰਨ ਹੋਏ ਕਿ ਕਾਰੀਗਰਾਂ ਨੂੰ ਖੁੱਲ੍ਹੇ ਇਨਾਮ ਦਿੱਤੇ ਗਏ।

PunjabKesari

ਮਹਾਰਾਜਾ ਸਾਹਿਬ ਵਲੋਂ 16 ਲੱਖ 39 ਹਜ਼ਾਰ ਰੁਪਿਆ ਭੇਟ ਕੀਤਾ ਗਿਆ, ਇਸ ਸੇਵਾ ਤੋਂ ਪ੍ਰਭਾਵਿਤ ਹੋ ਕੇ ਭੰਗੀ ਸਰਦਾਰਾਂ ਵਲੋਂ 33 ਲੱਖ 55 ਹਜ਼ਾਰ ਸੇਵਾ ਭੇਜੀ। ਮਹਾਰਾਜਾ ਖੜਕ ਸਿੰਘ ਜੀ ਵਲੋਂ 9 ਲੱਖ 41 ਹਜ਼ਾਰ, ਮਹਾਰਾਣੀ ਸਦਾ ਕੌਰ ਚੰਦ ਕੌਰ, ਦਇਆ ਕੌਰ ਆਦਿ ਰਾਣੀਆਂ ਵਲੋਂ 1 ਲੱਖ 85 ਹਜ਼ਾਰ, ਸਿੱਖ ਸਰਦਾਰਾਂ ਵਲੋਂ 2 ਲੱਖ 91 ਹਜ਼ਾਰ, ਕੁੱਲ ਸੇਵਾ 64 ਲੱਖ 11 ਹਜ਼ਾਰ ਭੇਟਾ ਹੋਈ। ਇਹ ਸਾਰੀ ਭੇਟਾ ਅੱਜ ਦੇ ਅਰਬਾਂ ਰੁਪਇਆਂ ਤੋਂ ਵੀ ਜ਼ਿਆਦਾ ਬਣਦੀ ਹੈ, ਇਹ ਸਾਰੀ ਸੇਵਾ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਭਾਈ ਸੰਤ ਸਿੰਘ ਜੀ ਰਾਹੀਂ ਹੀ ਹੋਈ, ਜਿਸ ਨੇ ਮਹਾਰਾਜਾ ਰਣਜੀਤ ਸਿੰਘ ਜੀ ਵਲੋਂ ਦੋ ਸਦੀਆਂ ਪਹਿਲਾਂ ਭੇਟ ਕੀਤੇ 64 ਲੱਖ ਰੁਪਏ ਨਾਲ ਸੱਚਖੰਡ ਦੀ ਸੇਵਾ ਕਰਵਾਈ, ਇਸਦਾ ਸਬੂਤ ਅੱਜ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚੋਂ ਬਾਹਰ ਆਉਂਦਿਆਂ ਉੱਤਰੀ ਦਰਵਾਜ਼ੇ ਉੱਪਰ ਸੰਗਮਰਮਰ ਵਿਚ ਲਿਖੀ ਮਿਲਦੀ ਹੈ।

PunjabKesari

ਨਵਾਬ ਹੈਦਰਾਬਾਦ ਨੇ ਸੋਨੇ ਦੀ ਚਾਨਣੀ ਭੇਟਾ ਕੀਤੀ ਮਹਾਰਾਜਾ ਸਾਹਿਬ ਹੇਠਾਂ ਬੈਠੇ ਤਾਂ ਕਹਿਣ ਲੱਗੇ ਬਹੁਤ ਸੁੰਦਰ ਪਾਲਕੀ ਸਾਹਿਬ ਹੈ, ਮੈਂ ਮਿੱਟੀ ਦਾ ਪੁਤਲਾ ਕੀ ਚੀਜ਼ ਹਾਂ, ਇਹ ਸੋਨੇ ਦੀ ਚਾਨਣੀ ਮੇਰੇ ਸਤਿਗੁਰੂ ਜੀ ਦੇ ਦਰਬਾਰ ਸੱਚਖੰਡ ਵਿਖੇ ਭੇਟ ਕਰ ਦਿਓ, ਜੋ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਭੇਟਾ ਕਰ ਦਿੱਤੀ। ਸੰਨ੍ਹ 1849 ਤੋਂ ਬਾਅਦ ਇਨ੍ਹਾਂ ਸਭ ਕੀਮਤੀ ਵਸਤੂਆਂ 'ਚੋਂ ਬਹੁਤਾ ਕੁਝ ਤਾਂ ਸਿੱਖ ਰਾਜ ਦੇ ਦੋਖੀ ਲੁਟੇਰੇ ਫਿਰੰਗੀ ਲੁੱਟ ਕੇ ਇੰਗਲੈਂਡ ਲੈ ਪਹੁੰਚੇ, ਬਾਕੀ ਬਹੁਤ ਅਨਮੋਲ ਖਜ਼ਾਨਾ 1984 ਦੇ ਘੱਲੂਘਾਰੇ ਵਿਚ ਤਬਾਹ ਹੋ ਗਿਆ।

ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਤੇ ਲੱਗੇ ਸੋਨੇ ਬਾਰੇ ਕਈ ਆਪਣਿਆਂ ਵਲੋਂ ਹੀ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ, ਜੋ ਕਿ ਸਾਨੂੰ ਸ਼ੋਭਾ ਨਹੀਂ ਦਿੰਦੀਆਂ। ਇਹ ਸੋਨਾ ਮਹਾਰਾਜਾ ਰਣਜੀਤ ਸਿੰਘ ਜੀ ਦੀ ਸਰਕਾਰ-ਏ-ਖਾਲਸਾ ਨੇ ਲਗਵਾਇਆ ਹੈ, ਇਸ ਤੇ ਉਂਗਲਾਂ ਚੁੱਕਣ ਦਾ ਕਿਸੇ ਨੂੰ ਕੋਈ ਹੱਕ ਨਹੀ ।

PunjabKesari


rajwinder kaur

Content Editor rajwinder kaur