ਜਾਣੋ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਤੇ ਬਾਣੀ ਦੇ ਪ੍ਰਮੁੱਖ ਸੰਕਲਪ, ਜਾਤ-ਪਾਤ ਤੇ ਪਖੰਡਵਾਦ ਦਾ ਕੀਤਾ ਖੰਡਨ

2/24/2024 11:08:33 AM

ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ 24 ਫਰਵਰੀ ਨੂੰ ਦੇਸ਼ ਭਰ ਵਿਚ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਸ੍ਰੀ ਗੁਰੂ ਰਵਿਦਾਸ ਜੀ ਨੇ ਜਾਤ-ਪਾਤ ਦਾ ਖੰਡਨ ਕਰਕੇ ਉੱਚ ਵਰਗ ਦੇ ਜਾਤੀ ਅਭਿਮਾਨ ਅਤੇ ਹੰਕਾਰ ਨੂੰ ਸੱਟ ਮਾਰੀ। ਆਪ ਸਮਾਜ ਵਿੱਚੋਂ ਸ਼ੋਸ਼ਣ, ਛੂਆਛਾਤ, ਪਖੰਡਵਾਦ ਦਾ ਖਾਤਮਾ ਕਰਕੇ ਬਰਾਬਰਤਾ ਵਾਲਾ ਸਮਾਜ ਕਾਇਮ ਕਰਨਾ ਚਾਹੁੰਦੇ ਸਨ। ਗੁਰੂ ਰਵਿਦਾਸ ਜੀ ਦਾ ਜਨਮ ਉਤਸਵ ਮਨਾਉਣ ਦਾ ਅਸਲੀ ਮੰਤਵ ਪੂਰਾ ਕਰਨ ਲਈ ਉਨ੍ਹਾਂ ਵੱਲੋਂ ਦਿੱਤੀਆਂ ਸਿੱਖਿਆਵਾਂ ਨੂੰ ਅਪਣਾ ਕੇ ਸਮਾਜ 'ਚੋਂ ਪਖੰਡਵਾਦ ਨੂੰ ਦੂਰ ਕਰਕੇ ਦੁਨੀਆ ਵਿੱਚ ਬਰਾਬਰਤਾ ਵਾਲਾ ਸਮਾਜ ਉਸਾਰਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਵੱਲੋਂ ਦਰਸਾਇਆ ਬੇਗਮਪੁਰਾ ਦਾ ਸੁਫ਼ਨਾ ਪੂਰਾ ਹੋ ਸਕੇ।

ਸਮਾਜਿਕ ਕੁਰੀਤੀਆਂ ਦਾ ਵਿਰੋਧ ਕਰਨ ਲਈ ਦੁਨੀਆ ਵਿੱਚ ਸਮੇਂ-ਸਮੇਂ 'ਤੇ ਮਨੁੱਖਤਾ ਦੇ ਰਹਿਬਰਾਂ ਨੇ ਜਨਮ ਲਿਆ ਹੈ। ਇਨ੍ਹਾਂ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦਾ ਨਾਮ ਵੀ ਸ਼ਾਮਿਲ ਹੈ, ਜਿਨ੍ਹਾਂ ਨੇ ਉਸ ਵੇਲੇ ਫੈਲੀ ਊਚ-ਨੀਚ, ਜਾਤ-ਪਾਤ, ਕਰਮਕਾਂਡ, ਪਖੰਡਵਾਦ, ਧਾਰਮਿਕ ਕੱਟੜਤਾ ਆਦਿ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਉਸ ਵੇਲੇ ਪ੍ਰਚਲਿਤ ਮਨੂਵਾਦੀ ਪ੍ਰਥਾ ਅਨੁਸਾਰ ਜਾਤਿ ਪ੍ਰਥਾ ਦੇ ਢਾਂਚੇ ਵਿੱਚ ਚੌਥਾ ਵਰਣ ਮੰਨੇ ਜਾਂਦੇ ਸ਼ੂਦਰਾਂ ਨੂੰ ਕਿਸੇ ਵੀ ਤਰ੍ਹਾਂ ਦੇ ਅਧਿਕਾਰ ਪ੍ਰਾਪਤ ਨਹੀਂ ਸਨ ਅਤੇ ਉਨ੍ਹਾਂ ਨਾਲ ਜਾਨਵਰਾਂ ਤੋਂ ਵੀ ਮਾੜਾ ਸਲੂਕ ਕੀਤਾ ਜਾਂਦਾ ਸੀ। ਕੁਝ ਅਖੌਤੀ ਵਿਦਵਾਨ ਲੋਕ ਧਾਰਮਿਕ ਗ੍ਰੰਥਾਂ ਦੀ ਮਨਘੜਤ ਵਿਆਖਿਆ ਕਰਦੇ ਸਨ ਕਿ ਸ਼ੂਦਰਾਂ ਨੂੰ ਨਾ ਵੇਦ ਪਾਠ ਪੜ੍ਹਨ ਤੇ ਨਾ ਹੀ ਸੁਣਨ ਦੇਣਾ ਚਾਹੀਦਾ ਹੈ। ਇਸ ਕਾਰਨ ਕਿਸੇ ਵੀ ਤਰ੍ਹਾਂ ਦਾ ਧਾਰਮਿਕ ਪਾਠ ਕਰਨ ਵਾਲੇ ਸ਼ੂਦਰਾਂ ਦੀ ਜੀਭ ਕੱਟਣ ਅਤੇ ਵੇਦ ਪਾਠ ਸੁਣਨ ਵਾਲੇ ਸ਼ੂਦਰਾਂ ਦੇ ਕੰਨਾਂ ਵਿੱਚ ਸਿੱਕਾ ਪਿਘਲਾ ਕੇ ਪਾਉਣ ਦੇ ਹੁਕਮ ਲਾਗੂ ਸਨ।

ਇਤਿਹਾਸ ਵਿੱਚ ਕਈ ਅਜਿਹੀਆਂ ਘਟਨਾਵਾਂ ਦਾ ਵਰਣਨ ਆਉਂਦਾ ਹੈ, ਜਿਨ੍ਹਾਂ ਅਨੁਸਾਰ ਮਨੂਵਾਦੀ ਪ੍ਰਥਾ ਵਿੱਚ ਮੰਨੇ ਜਾਂਦੇ ਚੌਥਾ ਵਰਣ ਸ਼ੂਦਰ ਵਰਗ ਨਾਲ ਸਬੰਧਿਤ ਵਿਅਕਤੀਆਂ ਨੂੰ ਅਜਿਹੇ ਅਧਿਕਾਰਾਂ ਤੋਂ ਵਾਂਝਾ ਰੱਖਿਆ ਗਿਆ ਤੇ ਅਜਿਹੇ ਅਧਿਕਾਰਾਂ ਦੀ ਵਰਤੋਂ ਕਰਨ ਵਾਲੇ ਵਿਅਕਤੀਆਂ ਨੂੰ ਗੈਰ-ਮਨੁੱਖੀ ਸਜ਼ਾਵਾਂ ਦਿੱਤੀਆਂ ਗਈਆਂ। ਭਾਰਤ ਦੇ ਮੌਜੂਦਾ ਉੱਤਰ ਪ੍ਰਦੇਸ਼ ਦਾ ਬਨਾਰਸ ਸ਼ਹਿਰ ਇਸ ਮਨੂਵਾਦੀ ਪ੍ਰਥਾ ਦਾ ਕੇਂਦਰ ਸੀ ਅਤੇ ਇੱਥੋਂ ਹੀ ਇਸ ਪ੍ਰਥਾ ਖ਼ਿਲਾਫ਼ ਮੁਹਿੰਮ ਸ਼ੁਰੂ ਹੋਈ, ਜਿਸ ਵਿੱਚ ਸਤਿਗੁਰੂ ਕਬੀਰ ਮਹਾਰਾਜ ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮੁੱਖ ਭੂਮਿਕਾ ਰਹੀ ਹੈ। ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਨ, ਜਨਮ ਸਥਾਨ ਅਤੇ ਜੋਤੀ-ਜੋਤ ਸਮਾਉਣ ਬਾਰੇ ਵੱਖ-ਵੱਖ ਵਿਦਵਾਨਾਂ ਦੇ ਵੱਖ-ਵੱਖ ਵਿਚਾਰ ਹਨ। ਬਹੁਤੇ ਵਿਦਵਾਨਾਂ ਅਨੁਸਾਰ ਆਪ ਦਾ ਜਨਮ 1377 ਈਸਵੀਂ 1433 ਸੰਮਤ ਬਿਕਰਮੀ ਮਾਘ ਪੂਰਣਿਮਾ ਨੂੰ ਪਿਤਾ ਸੰਤੋਖ ਦਾਸ ਤੇ ਮਾਤਾ ਕਲਸਾ ਦੇਵੀ ਦੇ ਘਰ ਬਨਾਰਸ (ਵਾਰਾਨਸੀ) ਦੀ ਬਸਤੀ ‘ਸੀਰ ਗੋਵਰਧਨਪੁਰ’ ਮੌਜੂਦਾ ਉੱਤਰ ਪ੍ਰਦੇਸ਼ ਵਿੱਚ ਹੋਇਆ।
ਗੁਰੂ ਰਵਿਦਾਸ ਜੀ ਨੇ ਆਪਣੇ ਪਿੱਤਰੀ ਅਰਥਾਤ ਬਜ਼ੁਰਗਾਂ ਵਾਲੇ ਕਿੱਤੇ ਨੂੰ ਅਪਣਾਇਆ। ਗੁਰੂ ਜੀ ਨੇ ਆਪ ਆਪਣੀ ਬਾਣੀ ਵਿੱਚ ਇਸ ਸਬੰਧੀ ਜ਼ਿਕਰ ਕੀਤਾ ਹੈ:

PunjabKesari

ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ 
ਨਿਤਹਿ ਬਾਨਾਰਸੀ ਆਸ ਪਾਸਾ ॥ 
ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ 
ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ ॥

ਆਪ ਅਪਣੇ ਹੱਥੀਂ ਕਿਰਤ ਕਰਦੇ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਦੇ ਅਤੇ ਰੱਬ ਦੀ ਭਗਤੀ ਕਰਦੇ। ਇਸ ਸਬੰਧੀ ਭਾਈ ਗੁਰਦਾਸ ਜੀ ਵੀ ਪ੍ਰੋੜ੍ਹਤਾ ਕਰਦੇ ਹਨ:

ਜਨੁ ਰਵਿਦਾਸੁ ਚਮਾਰੁ ਹੋਇ ਚਹੁ ਵਰਨਾ ਵਿਚਿ ਕਰਿ ਵਡਿਆਈ।

ਆਪ ਨੇ ਆਪਣੇ ਸਮਕਾਲੀ ਸੰਤ-ਮਹਾਪੁਰਖਾਂ ਬਾਰੇ ਵੀ ਆਪਣੀ ਬਾਣੀ ਵਿੱਚ ਡੂੰਘਾ ਵਿਚਾਰ-ਵਟਾਂਦਰਾ ਕੀਤਾ ਹੈ:

ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ ॥
 ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ਹਰਿ ਜੀਉ ਤੇ ਸਭੈ ਸਰੈ ॥

ਗੁਰੂ ਰਵਿਦਾਸ ਅਨੁਸਾਰ ਪ੍ਰਮਾਤਮਾ ਕੋਈ ਰਹੱਸ ਨਹੀਂ ਹੈ ਸਗੋਂ ਪ੍ਰਮਾਤਮਾ ਤਾਂ ਹਰ ਕਣ ਵਿੱਚ ਮੌਜੂਦ ਹੈ। ਆਪ ਨੇ ਪਰਮਾਤਮਾ ਵਿੱਚ ਆਪਣੀ ਹੋਂਦ ਦਾ ਵਰਣਨ ਕਰਦੇ ਹੋਏ ਕਿਹਾ ਹੈ:

ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ॥
ਕਨਕ ਕਟਿਕ ਜਲ ਤਰੰਗ ਜੈਸਾ॥

ਆਪ ਸਮਾਜ ਵਿੱਚੋਂ ਸ਼ੋਸ਼ਣ, ਛੂਆਛਾਤ, ਪਖੰਡਵਾਦ ਦਾ ਖਾਤਮਾ ਕਰਕੇ ਬਰਾਬਰਤਾ ਵਾਲਾ ਸਮਾਜ ਕਾਇਮ ਕਰਨਾ ਚਾਹੁੰਦੇ ਸਨ। ਆਪ ਨੇ ਆਪਣੀ ਬਾਣੀ ਅਤੇ ਪ੍ਰਵਚਨਾਂ ਦੁਆਰਾ ਪਖੰਡਵਾਦ ਅਤੇ ਊਚ-ਨੀਚ ਦੇ ਭੇਦਭਾਵ ਨੂੰ ਦੂਰ ਕਰਨ ਲਈ ਸੁਨੇਹਾ ਦਿੱਤਾ ਹੈ। ਆਪ ਸ਼੍ਰੋਮਣੀ ਵਿਦਵਾਨਾਂ, ਭਗਤਾਂ, ਪੀਰਾਂ-ਪੈਗੰਬਰਾਂ, ਰਿਸ਼ੀ-ਮੁਨੀਆਂ ਵਿੱਚ ਇਕ ਉੱਚਕੋਟੀ ਦੀ ਸ਼ਖ਼ਸੀਅਤ ਸਨ ਅਤੇ ਆਪ ਦੀ ਬਾਣੀ (40 ਸ਼ਬਦਾਂ ਅਤੇ 01 ਸਲੋਕ) ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਗੁਰੂ ਸਾਹਿਬਾਨ ਜੀ ਦੀ ਬਾਣੀ ਨਾਲ ਸ਼ਾਮਿਲ ਕੀਤਾ ਗਿਆ। ਆਪ ਨੇ ਬ੍ਰਜ ਭਾਸ਼ਾ , ਅਵਧੀ, ਰਾਜਸਥਾਨੀ, ਖੜ੍ਹੀ ਬੋਲੀ ਅਤੇ ਰੇਖਤਾ ਅਰਥਾਤ ਉਰਦੂ-ਫ਼ਾਰਸੀ ਦੇ ਸ਼ਬਦਾਂ ਦਾ ਵਰਤੋਂ ਕੀਤੀ ਹੈ। ਇਸ ਤੋਂ ਇਲਾਵਾ ‘‘ਰੈਦਾਸ ਜੀ ਕੀ ਬਾਣੀ’’ ਨਾਂ ਦੀ ਇਕ ਹੱਥ ਲਿਖਤ ਕਿਤਾਬ ਨਾਗਰੀ ਪ੍ਰਚਾਰਿਣੀ ਸਭਾ ਕੋਲ ਮੌਜੂਦ ਹੈ। ਭਾਸ਼ਾ ਵਿਭਾਗ ਪੰਜਾਬ ਨੇ ਵੀ ਇਨ੍ਹਾਂ ਦੀਆਂ ਰਚਨਾਵਾਂ ਨੂੰ ‘‘ਬਾਣੀ ਸਤਿਗੁਰੂ ਰਵਿਦਾਸ ਜੀ’’ ਸਿਰਲੇਖ ਅਧੀਨ 1984 ਵਿੱਚ ਪਬਲਿਸ਼ ਕੀਤਾ। ਅਗਿਆਨਤਾ ਅਤੇ ਗਰੀਬੀ ਇਸ ਸਮਾਜ ਦੀ ਪਛਾਣ ਬਣ ਚੁੱਕੀ ਸੀ। ਆਪ ਨੇ ਸਭ ਨੂੰ ਗਿਆਨਵਾਨ ਹੋਣ ਲਈ ਪ੍ਰੇਰਿਆ:

ਮਾਧੋ ਅਬਿਦਿਆ ਹਿਤ ਕੀਨ॥
ਬਿਬੇਕ ਦੀਪ ਮਲੀਨ॥

ਆਪ ਕਥਨੀ ਅਤੇ ਕਰਨੀ ਦੇ ਧਨੀ ਸਨ। ਉਨ੍ਹਾਂ ਨੇ ਜਿਹੜਾ ਉਪਦੇਸ਼ ਲੋਕਾਂ ਨੂੰ ਦਿੱਤਾ ਹੈ ਪਹਿਲਾਂ ਉਸ 'ਤੇ ਆਪ ਅਮਲ ਕੀਤਾ। ਲੋਕਾਂ ਨੂੰ ਹੱਥੀਂ ਕੰਮ ਕਰਨ ਦੀ ਪ੍ਰੇਰਨਾ ਉਨ੍ਹਾਂ ਨੇ ਤਦ ਹੀ ਦਿੱਤੀ ਸੀ ਜਦੋਂ ਉਨ੍ਹਾਂ ਨੇ ਪਹਿਲਾਂ ਆਪ ਇਸ ਸਿਧਾਂਤ ਉਪਰ ਅਮਲ ਕੀਤਾ ਸੀ। ਆਪ ਨੇ ਇਹ ਗੱਲ ਵੀ ਸਪੱਸ਼ਟ ਕਰ ਦਿੱਤੀ ਸੀ ਕਿ ਭਗਵਾਨ, ਪਰਮਾਤਮਾ, ਈਸ਼ਵਰ, ਅੱਲ੍ਹਾ, ਖ਼ੁਦਾ, ਰਹੀਮ ਆਦਿ ਸਭ ਇਕੋ ਇਲਾਹੀ ਸ਼ਕਤੀ ਦੇ ਅੱਡ-ਅੱਡ ਨਾਂ ਹਨ, ਜਿਸ ਨੇ ਇਸ ਬ੍ਰਹਿਮੰਡ ਦੀ ਸਿਰਜਣਾ ਕੀਤੀ ਹੈ। ਉਸ ਵੇਲੇ ਕੁਝ ਅਖੌਤੀ ਲੋਕਾਂ ਨੇ ਹਰ ਸੰਭਵ ਕੋਸ਼ਿਸ਼ ਦੁਆਰਾ ਗੁਰੂ ਜੀ ਦੇ ਮਿਸ਼ਨ-ਪ੍ਰਚਾਰ ਵਿੱਚ ਰੋਕਾਂ ਪਾਈਆਂ ਪਰ ਹਰ ਵਾਰ ਗੁਰੂ ਜੀ ਦੀ ਜਿੱਤ ਹੋਈ। ਸਤਿਗੁਰੂ ਕਬੀਰ ਜੀ ਨੇ ਵੀ ਆਪਣੀ ਬਾਣੀ ਵਿੱਚ ਕਿਹਾ ਹੈ ਕਿ ਗੁਰੂ ਰਵਿਦਾਸ ਜੀ ਹਰੀ ਤੋਂ ਇਲਾਵਾ ਕਿਸੇ ਹੋਰ ਵਿੱਚ ਸ਼ਰਧਾ ਨਹੀਂ ਰੱਖਦੇ ਸਨ:

ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ ॥
ਤੇ ਨਰ ਦੋਜਕ ਜਾਹਿਗੇ ਸਤਿ ਭਾਖੈ ਰਵਿਦਾਸ ॥

ਗੁਰੂ ਅਰਜਨ ਦੇਵ ਜੀ ਨੇ ਵੀ ਸਪੱਸ਼ਟ ਲਿਖਿਆ ਹੈ ਕਿ ਗੁਰੂ ਰਵਿਦਾਸ ਜੀ ਦਾ ਕੋਈ ਵੀ ਦੇਹਧਾਰੀ ਗੁਰੂ ਨਹੀਂ ਸੀ ਅਤੇ ਪਰਮਾਤਮਾ ਦੀ ਪ੍ਰਾਪਤੀ ਸਤਿਸੰਗ ਵਿੱਚੋਂ ਹੀ ਕੀਤੀ ਹੈ:

ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ ॥ 
ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ ॥

ਆਪ ਅਨੁਸਾਰ ਮੂਰਤੀ ਪੂਜਾ ਫਜ਼ੂਲ ਦੇ ਕਰਮ ਕਾਂਡਾਂ ਦਾ ਭਗਤੀ ਵਿੱਚ ਕੋਈ ਸਥਾਨ ਨਹੀਂ ਹੈ ਅਤੇ ਆਪ ਨੇ ਭਗਤੀ ਦੀ ਅਸਲ ਵਿਧੀ ਆਤਮ-ਸਮਰਪਣ ਨੂੰ ਹੀ ਕਿਹਾ ਹੈ:

ਤਨੁ ਮਨੁ ਅਰਪਉ ਪੂਜ ਚਰਾਵਊ॥
ਗੁਰ ਪਰਸਾਦਿ ਨਿਰੰਜਨੁ ਪਾਵਉ॥

ਆਪ ਜੀ ਦਾ ਵਿਆਹ ਮਿਰਜ਼ਾਪੁਰ ਵਿੱਚ ਰਹਿਣ ਵਾਲੀ ਮਾਤਾ ਲੋਨਾ ਨਾਲ ਹੋਇਆ ਅਤੇ ਆਪ ਦੇ ਘਰ ਇਕ ਪੁੱਤਰ ਵਿਜੈ ਦਾਸ ਨੇ ਜਨਮ ਲਿਆ। ਆਪ ਨੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨ ਅਤੇ ਇਸ ਸਬੰਧੀ ਪ੍ਰਚਾਰ ਕਰਨ ਲਈ ਲਗਭਗ 60 ਹਜ਼ਾਰ ਕਿਲੋਮੀਟਰ ਪੈਦਲ ਯਾਤਰਾ ਕੀਤੀ ਅਤੇ 6 ਉਦਾਸੀਆਂ ਕੀਤੀਆਂ ਸਨ। ਇਨ੍ਹਾਂ ਉਦਾਸੀਆਂ ਵਿੱਚ ਆਪ ਨਾਲ ਉਸ ਸਮੇਂ ਦੇ ਹੋਰ ਸੰਤ ਵੀ ਸ਼ਾਮਲ ਸਨ। ਆਪ ਨੇ ਪੰਜਾਬ, ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਉੱਤਰਾਖੰਡ, ਦਿੱਲੀ, ਤਾਮਿਲਨਾਡੂ, ਅਸਾਮ, ਕਰਨਾਟਕਾ, ਜੰਮੂ-ਕਸ਼ਮੀਰ, ਆਂਧਰਾ ਪ੍ਰਦੇਸ਼ ਆਦਿ ਸਥਾਨਾਂ 'ਤੇ ਜਾ ਕੇ ਸਤਿਸੰਗ ਕੀਤੇ। ਸਤਿਗੁਰੂ ਰਵਿਦਾਸ ਜੀ ਅਤੇ ਸੰਤ ਕਬੀਰ ਜੀ ਨੇ ਇਕੱਠਿਆਂ ਬਨਾਰਸ ਤੋਂ ਪਹਿਲੀ ਯਾਤਰਾ ਸ਼ੁਰੂ ਕੀਤੀ। ਬੇਗਮਪੁਰਾ ਸ਼ਹਿਰ ਗੁਰੂ ਰਵਿਦਾਸ ਜੀ ਦੇ ਆਪਣੇ ਸ਼ਬਦਾਂ ਵਿੱਚ ਇਕ ਐਸਾ ਸਥਾਨ ਹੈ, ਜਿੱਥੇ ਮਾਨਵਤਾ ਦੀ ਪੂਰੀ ਸੁਤੰਤਰਤਾ ਹੈ। ਆਪ ਨੇ ਹਰ ਪ੍ਰਕਾਰ ਦੀ ਗੁਲਾਮੀ ਦੀ ਨਿੰਦਾ ਕੀਤੀ ਅਤੇ ਡਟਵਾਂ ਵਿਰੋਧ ਕੀਤਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਰਾਮ ਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਕਈ ਭੱਟਾਂ ਅਤੇ ਭਗਤਾਂ ਨੇ ਵੀ ਗੁਰੂ ਰਵਿਦਾਸ ਜੀ ਦੀ ਉਪਮਾ ਕੀਤੀ ਹੈ। ਆਪ ਜੀ ਦੇ ਅੰਤਿਮ ਸਮੇਂ ਬਾਰੇ ਕੋਈ ਠੋਸ ਪ੍ਰਮਾਣਿਕ ਜਾਣਕਾਰੀ ਨਹੀਂ ਮਿਲਦੀ ਹੈ। ਬਹੁਤੇ ਇਤਿਹਾਸਕਾਰਾਂ ਅਨੁਸਾਰ ਆਪ ਲਗਭਗ 151 ਸਾਲ ਦੀ ਉਮਰ ਭੋਗ ਕੇ 1528 ਈਸਵੀਂ ਨੂੰ ਜੋਤੀ-ਜੋਤ ਸਮਾ ਗਏ। ਚਿਤੌੜਗੜ੍ਹ ਵਿੱਚ ਮੀਰਾਂ ਬਾਈ ਦੇ ਮੰਦਰ ਦੇ ਬਾਹਰ ਬਣੀ ਛੱਤਰੀ ਹੇਠਾਂ ਆਪ ਜੀ ਦੇ ਚਰਨ ਕਮਲਾਂ ਦੇ ਨਿਸ਼ਾਨ ਮੌਜੂਦ ਹਨ।

-ਕੁਲਦੀਪ ਚੰਦ ਦੋਭੇਟਾ
 


shivani attri

Content Editor shivani attri