ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ

5/23/2020 4:04:48 PM

(ਕਿਸ਼ਤ ਉਨੱਤੀਵੀਂ)

ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ....

ਮਰਨ ਤੋਂ ਮਗਰੋਂ ਨਵੇਂ ਦੇਸ਼ ਵਿਚ ਆ ਜਾਗ ਖੁੱਲ੍ਹੀ, ਪਹਿਲੇ ਤਾਂ ਪ੍ਰਕਾਸ਼ ਜਿਹਾ ਦਿਸਿਆ, ਫੇਰ ਹਨੇਰਾ ਆ ਗਿਆ, ਫੇਰ ਸੱਚੀਂ ਮੁੱਚੀਂ ਅੱਖ ਖੁੱਲ੍ਹ ਗਈ ਤੇ ਕਾਲੂ ਜੀ ਕੀਹ ਦੇਖਦੇ ਹਨ ਕਿ ਮੈਂ ਤਾਂ ਆਪਣੇ ਹੀ ਚੌਂਕੇ ਵਿਚ ਆਪਣੇ ਹੀ ਮੂੜ੍ਹੇ ਉਤੇ ਬੈਠਾ ਬੈਠਾ ਸੌਂ ਗਿਆ ਸਾਂ। ਓਹੋ ਘਰ ਹੈ ਉਹੋ ਦਰ, ਉਹੋ ਚੁਲ੍ਹਾ ਉਹੋ ਚੌਂਕਾ, ਉਹ ਮਹਿਤਾ ਕਾਲੂ, ਰਾਏ ਬੁਲਾਰ ਦਾ ਪਟਵਾਰੀ ਤੇ ਕਾਰਦਾਰ, ਨਾ ਨਦੀ ਹੈ ਨਾ ਕੁਟੀਆ, ਨਾ ਤਪੀ ਕਾਲੂ ਨਾ ਗੁਸਾਈਂ ਜੀ, ਨਾ ਦਿੱਬ ਮੂਰਤੀ ਪਰ ਡਿੱਠਾ ਸੁਪਨਾ ਅੱਖਾਂ ਅੱਗੇ ਫਿਰਦਾ ਹੈ। ਹੈਂ ਕੀ ਮੈਂ ਕਦੇ ਤਪ ਕੀਤਾ ਹੈ? ਕਿੱਧਰ ਗਿਆ? ਮੇਰਾ ਤਪ? ਫਿਰ ਮੈਂ ਇੱਡਾ ਗ੍ਰਿਹਸਤੀ ਬਣ ਗਿਆ?  

ਕੀ ਇਹ ਨਿੱਕਾ ਨਾਨਕ ਆਪ ਆਇਆ ਹੈ, ਤੇ ਮੇਰਾ ਵਰ ਫਲਿਆ ਹੈ? ਕੀ ਇਹ ਸੱਚਮੁੱਚ ਉਹੋ ਹੈ ਅਤੇ ਮੈਂ ਹਨੇਰੇ ਵਿਚ ਹਾਂ? ਮੋਹ ਮਾਇਆ ਵਿਚ ਹਾਂ? ਉੱਠਾਂ, ਵੇਖਾਂ। ਬਾਉਲਿਆ ਹਾਰ ਕਾਲੂ ਉੱਠਿਆ, ਜਿਸ ਕੋਠੇ ਉਹ ਬੱਚਾ ਨਾਨਕ ਸਿਰ ਮੂਧ ਪਿਆ ਸੀ, ਕਾਲੂ ਧਾ ਕੇ ਵੜਿਆ। ਕਮਰਾ ਬਿਨ ਦੀਵੇ, ਬਿਨ ਧੁੰਦ ਚਾਨਣਾ ਚਰਾਗ ਹੈ, ਨਾਨਕ ਨੂਰ ਦਾ ਪੁਤਲਾ ਬਿਰਾਜ ਰਿਹਾ ਹੈ। ਅਰਸ਼ ਕੁਰਸ਼ ਦੇ ਨੂਰੀ ਦੇਵਤੇ ਸੇਵਾ ਕਰ ਰਹੇ ਹਨ। ਠੰਢ ਹੈ, ਸੁਆਉ ਹੈ, ਸੁਹਾਉ ਹੈ, ਰਸ ਹੈ, ਮਾਨੋ ਕੀਰਤਨ ਹੈ। ਕਾਲੂ ਨੂੰ ਇਕ ਵਾਰ ਤਾਂ ਮਾਨੋਂ ਮੂਰਛਾ ਆ ਗਈ, ਉਸ ਸੁਆਦ ਦਾ ਝੂਟਾ ਆ ਗਿਆ, ਜਿਸਦੀ ਪੀਂਘ ਉਸਦੇ ਪੁੱਤ ਨੇ ਓਥੇ ਘੁਮਾ ਰੱਖੀ ਸੀ। ਬੇਵਸਾ ਹੋ ਕੇ ਦੰਡੌਤ ਵਿਚ ਪੈ ਗਿਆ ਅਰ ਬੋਲਿਆ- 

ਮੈਨੂੰ ਰੱਖ ਲੈ, ਮੈਂ ਭੁੱਲ ਵਿਚ ਹਾਂ। ਛੌੜ ਕੱਟ, ਮੇਰੇ ਛੌੜ ਕੱਟ।

ਪਰ ਜਦ ਕਾਲੂ ਦੰਡੌਤ ਤੋਂ ਉਠਿਆ ਉਸ ਕਮਰੇ ਵਿਚ ਹਨੇਰਾ ਸੀ। ਨਾਨਕ, ਬਾਲਕ ਤੇ ਉਸ ਦਾ ਜਾਇਆ ਪੁੱਤ ਨਾਨਕ ਉਸ ਕਮਰੇ ਵਿਚ ਹੈ ਨਹੀਂ ਸੀ। ਕਾਲੂ ਨੇ ਕਿਹਾ, ਕੇਡਾ ਚੱਕ੍ਰ ਆਇਆ, ਏਥੇ ਤਾਂ ਕਾਕਾ ਹੈ ਹੀ ਨਹੀਂ ਮੈਂ ਕਿਵੇਂ ਫਰਿਸਤੇ, ਪਾਰਖਦ, ਰਾਗ ਰੰਗ ਤੇ ਪੁਤ੍ਰ ਤਖਤ ਤੇ ਵਿਰਾਜਿਆ ਵੇਖ ਲਿਆ? ਸਭ ਮਾਇਆ ਹੈ, ਸੁਣੀਆਂ ਗੱਲਾਂ ਦਾ ਭੁਲੇਵਾ ਹੈ। ਮੈਂ ਗਰੀਬ ਕਾਲੂ ਦੇ ਸੁਪਨੇ ਵੇਖੋ, ਸੁਪਨਾ ਬੀ ਅਚਰਜ ਮਾਇਆ ਹੈ। (ਸਿਰ ਫੇਰਕੇ) ਐਉਂ ਪੈਂਦੀ ਹੈ ਮਾਇਆ।

ਐਉਂ ਸੋਚਦਾ ਕਾਲੂ ਬਾਹਰ ਆਇਆ ਪੁੱਛਿਓ ਸੁ ‘ਨਾਨਕ ਕਿੱਥੇ ਹੈ ਤਾਂ ਕਿਸੇ ਦੱਸਿਆ ‘ਬਾਹਰ ਖੇਤਾਂ ਵਿੱਚ ਫਿਰਦਾ ਪਿਆ ਸੀ। ਭੁਲੇਵਾ ਪੱਕਾ ਹੋ ਗਿਆ। ਜਾਗ ਖੁੱਲ੍ਹੀ, ਫੇਰ ਨੀਂਦ ਆ ਗਈ, ਤਪਾਂ ਦਾ ਫਲ ਮਿਲ ਗਿਆ, ਪਰ ਹਉਂ ਨਾ ਕੱਟੀ ਦਾ ਥਰ, ਹਿੱਲਕੇ ਫੇਰ ਜੰਮ ਗਿਆ। 

‘ਕੰਬਦੀ ਕਲਾਈ ਜਿਹੀ ਨਿੱਕੀ ਕਵਿਤਾ (ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ, ਅਸਾਂ ਧਾ ਗਲਵਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ) ਰਾਹੀਂ ਸਮੁੰਦਰ ਨੂੰ ਕੁੱਜੇ ਵਿੱਚ ਬੰਦ ਕਰਨ ਦੀ ਬੇਜੋੜ ਸਮਰੱਥਾ ਰੱਖਣ ਵਾਲੇ ਡਾ. ਭਾਈ ਵੀਰ ਸਿੰਘ ਜੀ ਡੂੰਘੇ ਅਧਿਆਤਮਕ ਅਤੇ ਮਨੋਵਿਗਿਆਨਕ ਅਨੁਭਵ ਵਾਲੇ ਆਧੁਨਿਕ ਯੁੱਗ ਦੇ ਇੱਕ ਬੇਹੱਦ ਪ੍ਰਤਿਭਾਵਾਨ ਰਹੱਸਵਾਦੀ ਸ਼ਾਇਰ ਅਤੇ ਦਾਰਸ਼ਨਿਕ ਹੋਏ ਹਨ। ਉਨ੍ਹਾਂ ਨੇ ਉਪਰੋਕਤ ਦਰਜ ਵਿਸਥਰਿਤ ਵਾਰਤਾਲਾਪੀ ਬਿਰਤਾਂਤ ਵਿੱਚ, ਮਹਿਤਾ ਕਾਲੂ ਜੀ ਦੁਆਰਾ ਪਿਛਲੇ ਜਨਮ ਵਿੱਚ ਇੱਕ ਤਪੱਸਵੀ ਦੇ ਜਾਮੇ ਵਿੱਚ ਕੀਤੇ ਕਠੋਰ ਤਪ, ਇਸਦੇ ਸਿੱਟੇ ਵਜੋਂ ਇਸ ਜਨਮ ਵਿੱਚ ਉਨ੍ਹਾਂ ਦੇ ਘਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਹੋਏ ਜਨਮ, ਗੁਰੂ ਸਾਹਿਬ ਜੀ ਦੀ ਇਲਾਹੀ ਹਸਤੀ ਨੂੰ, ਉਨ੍ਹਾਂ ਦੁਆਰਾ ਪਹਿਚਾਣ ਅਤੇ ਮਾਣ ਨਾ ਸਕਣ ਦੇ ਸਮੁੱਚੇ ਵਰਤਾਰੇ ਅਤੇ ਇਸ ਪਿੱਛੇ ਛੁਪੇ ਡੂੰਘੇ ਰਹੱਸ ਨੂੰ, ‘ਸੁਪਨੇ ਦੀ ਇੱਕ ਬਹੁਤ ਹੀ ਭਾਵਪੂਰਤ ਅਤੇ ਪ੍ਰਭਾਵਸ਼ਾਲੀ ਕਲਾ ਜੁਗਤ ਦੁਆਰਾ, ਸਮਝਣ ਸਮਝਾਉਣ ਅਤੇ ਪ੍ਰਤੀਕ ਪੱਧਰ 'ਤੇ ਵਿਆਖਿਆਉਣ ਦਾ ਸਫਲ ਯਤਨ ਕੀਤਾ ਹੈ। ਅਰਥਾਤ ਇਸ ਸਾਰੇ ਗੁੰਝਲਦਾਰ ਰਹੱਸ ਦੇ ਸੂਖਮ ਅਤੇ ਗਹਿਰੇ ਮਨੋਵਿਗਿਆਨਕ ਕਾਰਣਾਂ (ਪ੍ਰੇਮਾ ਭਗਤੀ ਦੀ ਘਾਟ, ਹਉਮੈ ਦੀ ਕਾਣ, ਮਾਇਆ ਦੇ ਪ੍ਰਭਾਵ ਆਦਿ) ਨੂੰ, ਖੋਲ੍ਹਣ/ਡੀਕੋਡ ਕਰਨ ਦਾ ਇੱਕ ਵਧੀਆ ਸੁਹਜਾਤਮਕ ਉਪਰਾਲਾ ਕੀਤਾ ਹੈ।

ਇਹ ਸੁਪਨਾ ਅਤੇ ਇਸ ਦਾ ਡੂੰਘਾ ਅਧਿਐਨ, ਜੋ-ਜੋ ਡੂੰਘੇ ਪ੍ਰਤੀਕਾਤਮਕ ਰਹੱਸ ਖੋਲ੍ਹਦਾ ਹੈ, ਨਿਤਾਰੇ ਕਰਦਾ ਹੈ, ਉਹ ਹੇਠ ਲਿਖੇ ਅਨੁਸਾਰ ਹਨ:

1. ਇਹ ਇੱਕ ਮੰਨਿਆ ਹੋਇਆ ਠੋਸ ਤੱਥ ਹੈ ਕਿ ਆਮ ਮਨੁੱਖਾਂ ਵਾਂਗ, ਪਰਮਾਤਮੀ ਗੁਣਾਂ ਅਤੇ ਵਿਸ਼ੇਸ਼ਤਾਵਾਂ ਨਾਲ ਲਬਰੇਜ਼ ਲਿਸ਼ਕਾਰੇ ਵਾਲੇ ਵਿਸ਼ੇਸ਼ ਮਨੁੱਖਾਂ ਦੇ ਜਨਮ, ਮਨ ਅਤੇ ਵਿਅਕਤਿੱਤਵ ਦੇ ਨਿਰਮਾਣ ਵਿੱਚ ਉਨ੍ਹਾਂ ਦੀ ਜਣਨਿਕ ਅਤੇ ਰੂਹਾਨੀ ਵਿਰਾਸਤ (ਖਾਨਦਾਨ, ਪਰਿਵਾਰਕ ਪਿਛੋਕੜ, ਪਿਛਲਾ ਜਨਮ ਆਦਿ) ਦੀ ਭੂਮਿਕਾ ਬੜੀ ਬੁਨਿਆਦੀ, ਅਹਿਮ ਅਤੇ ਨਿਰਣਾਇਕ ਹੁੰਦੀ ਹੈ।

2. ਗੁਰਬਾਣੀ ਦੀਆਂ ਬੇਸ਼ਕੀਮਤੀ ਸਤਰਾਂ “ਧਨੁ ਧਨੁ ਪਿਤਾ ਧਨੁ ਧੰਨ ਕੁਲੁ ਧਨੁ ਧਨੁ ਸੁ ਜਨਨੀ ਜਿਨਿ ਗੁਰੂ ਜਣਿਆ ਮਾਇ’’ ਤੋਂ ਪ੍ਰਾਪਤ ਤੇਜੱਸਵੀ ਅੰਤਰ-ਸੂਝ ਅਨੁਸਾਰ ਸੁਪਨਾ ਇਹ ਇਸ਼ਾਰਾ ਦਿੰਦਾ ਹੈ ਕਿ ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ (ਜਨਮ) ਐਵੇਂ ਨਹੀਂ ਮਾਤਾ ਤ੍ਰਿਪਤਾ ਜੀ ਅਤੇ ਪਿਤਾ ਮਹਿਤਾ ਕਾਲੂ ਜੀ ਦੇ ਘਰ ਹੋਇਆ। ਇਹ ਪਿਤਾ ਮਹਿਤਾ ਕਾਲੂ ਜੀ ਦੇ ਪਿਛਲੇ ਜਨਮ ਵਿੱਚ, ਇੱਕ ਤਪੱਸਵੀ ਸਾਧੂ ਦੇ ਰੂਪ ਵਿੱਚ ਕੀਤੇ ਗਏ ਕਠੋਰ ਤੱਪ ਅਤੇ ਕਠੋਰ ਤਪੱਸਿਆ ਦੀ ਮਨੋਰਥ ਸਿੱਧੀ ਦਾ ਸਹਿਜ ਸਿੱਟਾ ਸੀ।

3. ਤੀਜਾ ਅਰਥ ਭਰਪੂਰ ਇਸ਼ਾਰਾ ਇਹ ਮਿਲਦਾ ਹੈ ਕਿ ਕਿਸੇ ਮਨੁੱਖ ਨੂੰ ਕੋਈ ਵੱਡੀ ਪ੍ਰਾਪਤੀ (ਜਿਵੇਂ ਘਰ ਵਿੱਚ ਪਰਮਾਤਮਾ ਦਾ ਜਨਮ ਆਦਿ) ਨੂੰ ਹਾਸਲ ਕਰਨ ਲਈ ਇੱਕ ਜਨਮ ਦੀ ਨਹੀਂ ਸਗੋਂ ਕਈ ਜਨਮਾਂ ਦੀ ਭਾਰੀ ਤਪੱਸਿਆ ਅਤੇ ਸਾਧਨਾ ਲੋੜੀਂਦੀ ਹੁੰਦੀ ਹੈ।

4. ਚੌਥਾ ਸੰਕੇਤ ਇਹ ਮਿਲਦਾ ਹੈ ਕਿ ਪਰਮਾਤਮਾ ਦੇ ਉਨ੍ਹਾਂ ਦੇ ਘਰ ਪੁੱਤਰ ਰੂਪ ਵਿੱਚ ਦਰਸ਼ਨ ਦੇਣ ਦੀ ਮਹਿਤਾ ਕਾਲੂ ਜੀ ਦੀ ਪਿਛਲੇ ਜਨਮ ਦੀ ਇੱਛਾ ਉਦੋਂ ਇਸ ਕਾਰਣ ਪੂਰੀ ਨਹੀਂ ਸੀ ਹੋ ਸਕੀ, ਕਿਉਂਕਿ ਉਸ ਜਾਮੇ ਜਾਂ ਜਨਮ ਵਿੱਚ ਇੱਕ ਤਾਂ ਉਹ ਅਤੀਤ (ਸੰਨਿਆਸੀ) ਸਨ ਅਤੇ ਦੂਸਰਾ ਲੰਮਾ ਤਪ ਕਰਦਿਆਂ ਉਨ੍ਹਾਂ ਦੀ ਉਮਰ ਵੀ ਵਡੇਰੀ ਹੋ ਚੁੱਕੀ ਸੀ।

5. ਪੰਜਵਾਂ ਨਿਤਾਰਾ ਇਹ ਸਾਹਮਣੇ ਆਉਂਦਾ ਹੈ ਕਿ ਸਹੀ ਰੂਪ ਵਿੱਚ ਅਤੇ ਅਸਲੀ ਅਰਥਾਂ ਵਿੱਚ ਮੰਜ਼ਿਲ 'ਤੇ ਪਹੁੰਚਣ ਲਈ ਸਾਧਕ ਨੂੰ ਜਪ, ਤਪ ਅਤੇ ਸਾਧਨਾ ਕਰਦਿਆਂ ਅਤੇ ਧਰਮ ਕਮਾਉਂਦਿਆਂ ਕਦੇ ਵੀ, ਇੱਥੋਂ ਤੱਕ ਕਿ ਪ੍ਰਾਪਤੀ ਦੇ ਮਾਮਲੇ ਵਿੱਚ ਸਿਖਰਲੀ ਅਵਸਥਾ 'ਤੇ ਪਹੁੰਚ ਕੇ ਵੀ ਗੁਰੂ ਦੀ ਮੱਤ ਦਾ ਪੱਲਾ ਨਹੀਂ ਛੱਡਣਾ ਚਾਹੀਦਾ। ਮਨ ਦੀ ਮੰਨਣ ਦੀ ਥਾਂ, ਹਰ ਹੀਲੇ ਗੁਰੂ ਦੀ ਸਿੱਖਿਆ ਦੀ ਪਾਲਣਾ ਨੂੰ ਤਰਜੀਹ ਦੇਣੀ ਚਾਹੀਦੀ ਹੈ।

                                                                                                              ਚਲਦਾ...........                                                                                        

ਜਗਜੀਵਨ ਸਿੰਘ (ਡਾ.)
ਐਸੋਸੀਏਟ ਪ੍ਰੋਫੈਸਰ,
ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ
570, ਨਰਦੀਪ ਮਾਰਗ, ਹੀਰਾ ਮਹਿਲ ਕਾਲੋਨੀ, ਨਾਭਾ, ਜ਼ਿਲ੍ਹਾ ਪਟਿਆਲਾ
ਫੋਨ: 99143-01328, Email: jsdeumgc@gmail.com


rajwinder kaur

Content Editor rajwinder kaur