ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ
6/26/2020 4:38:55 PM
(ਕਿਸ਼ਤ ਚੌਂਤੀਵੀਂ)
ਸ੍ਰੀ ਗੁਰੂ ਨਾਨਕ ਸਾਹਿਬ ਜੀ ਅਤੇ ਸਵਾਮੀ ਸੰਤਰੇਣ ਜੀ ਦਾ ਸੰਵਾਦ
ਸ੍ਰੀ ਗੁਰੂ ਨਾਨਕ ਸਾਹਿਬ ਜੀ ਇਹ ਸਭ ਨਜ਼ਾਰਾ ਵੇਖ, ਬਹੁਤ ਹੈਰਾਨ ਹੋਏ। ਹੈਰਾਨ ਹੁੰਦਿਆਂ ਮਹੰਤ ਜੀ ਨੂੰ ਪੁੱਛਣਾ ਕੀਤਾ, “ਹੇ ਸੰਤ ਜੀ ! ਆਪ ਇਸ ਵਣ ਵਿੱਚ ਬੈਠੇ ਹੋ, ਪਾਲੇ ਦੀ ਰੁੱਤ ਹੈ, ਕਪੜੇ ਨਹੀਂ ਪਹਿਨੇ, ਅੰਨ ਬੀ ਕਿੱਤੇ ਦਿਸ ਨਹੀਂ ਪੈਂਦਾ, ਇਹ ਦਸ਼ਾ ਆਪਣੇ ਆਪ ਦੀ, ਆਪ ਕੀਤੀ ਹੈ ਕਿ ਆਪ ਨੂੰ ਪਦਾਰਥ ਮਿਲਦਾ ਨਹੀਂ, ਤਦ ਉਦਾਸ ਹੋ ਇੱਥੇ ਆ ਬੈਠੇ ਹੋ?”
ਮਹੰਤ ਜੀ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਬੜੀ ਡੂੰਘੀ ਨਜ਼ਰੇ ਤੱਕਿਆ। ਕੁੱਝ ਬਹੁਤ ਹੀ ਦੁਰਲੱਭ ਅਤੇ ਕੀਮਤੀ ਲੱਭ ਜਾਣ ਦੇ ਅਹਿਸਾਸ ਨਾਲ, ਉਨ੍ਹਾਂ ਦੀਆਂ ਅੱਖਾਂ ਚਮਕ ਉਠੀਆਂ। ਡਾਢੇ ਚਾਓ ਅਤੇ ਉਤਸ਼ਾਹ ਵਿੱਚ ਬਚਨ ਕੀਤਾ, “ਹੇ ਪ੍ਰਤਾਪਸ਼ੀਲ ਬਾਲਕੇ ! ਮਿਲਦਾ ਸਭ ਕੁੱਝ ਹੈ, ਤੇਰੇ ਵਰਗੇ ਅਸੀਂ ਬੀ ਕਿਸੇ ਦੇ ਲਾਲ ਸਾਂ, ਘਰ ਬਾਰ ਬੀ ਸਨ, ਸਾਡੇ ਛੋੜ ਆਏ ਹਾਂ ਕਿ ਇਸ ਜਗਤ ਦੇ ਪਦਾਰਥ ਅਤੇ ਇਹ ਸਰੀਰ ਨਾਸ਼ਮਾਨ ਹੈ ਅਤੇ ਅਸੀਂ ਅੱਗੇ ਪਰਲੋਕ ਲਈ ਸੁੱਖ ਕੱਠੇ ਕਰੀਏ, ਸੋ ਇਸ ਭਯਾਨਕ ਮਾਇਆ ਤੋਂ ਦੂਰ ਰਹਿਕੇ ਬਨਾਂ ਵਿੱਚ ਬੈਠ ਤਪੱਸਯਾ ਕਰਦੇ ਹਾਂ, ਫਾਕੇ ਕੜਾਕੇ ਕੱਟਦੇ ਹਾਂ, ਕਿਸੇ ਥਾਂ ਟਿੱਕਦੇ ਨਹੀਂ ਜੋ ਮਾਇਆ ਦਾ ਮੋਹ ਨਾ ਪੈ ਜਾਵੇ।”
ਅੱਗੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਪੁੱਛਿਆ, ਸੰਤ ਜੀ ! ਹੁਣ ਆਪ ਕਿਤਨੇ ਕੁ ਦਿਨੇ ਦੇ ਫਾਕੇ ਵਿੱਚ ਹੋ? ਮਹੰਤ ਜੀ ਨੇ ਜਵਾਬ ਦਿੱਤਾ, ਹੇ ਯੁਵਰਾਜ ! ਸਾਡੇ ਦਿਨਾਂ ਦੀ ਨਾ ਪੁੱਛੋ। ਅਸੀਂ ਲੋਕਾਂ ਦੇ ਘਰਾਂ ਵਿੱਚ ਮੰਗਣ ਜਾਣ ਵਾਲੇ ਸਾਧੂ (ਮੰਗਤੇ) ਨਹੀਂ ਹਾਂ। ਉਚੇਰੀ ਰੂਹਾਨੀ ਬਿਰਤੀ ਅਤੇ ਆਪਣੀ ਤਪ-ਸਾਧਨਾ ਵਿੱਚ ਮਸਤ ਰਹਿਣ ਵਾਲੇ, ਵੱਖਰੀ ਪ੍ਰਕਾਰ ਦੇ ਸਾਧੂ (ਸਾਈਂ) ਲੋਕ ਹਾਂ। ਸਦਾ ਪਰਮਾਤਮਾ ਦੀ ਮੌਜ ਅਤੇ ਰਜ਼ਾ ਵਿੱਚ ਰਾਜ਼ੀ ਰਹਿੰਦੇ ਹਾਂ। ਮਨੁੱਖੀ ਆਬਾਦੀ ਤੋਂ ਵੀ ਇੱਕ ਵਿੱਥ ’ਤੇ ਰਹਿੰਦੇ ਹਾਂ। ਖਾਣ ਨੂੰ ਜੇ ਕਿਤੇ ਪਰਮਾਤਮਾ ਕੁੱਝ ਭੇਜ ਦਿੰਦਾ ਹੈ ਜਾਂ ਕੋਈ ਰੱਬ ਦਾ ਪਿਆਰਾ ਆਪਣੀ ਮਰਜ਼ੀ ਨਾਲ ਸਾਡੇ ਪਾਸ ਆ ਕੇ, ਕੁੱਝ ਦੇ ਜਾਂਦਾ ਹੈ ਤਾਂ ਖਾ ਲੈਂਦੇ ਹਾਂ, ਨਹੀਂ ਤਾਂ ਫਾਕੇ, ਕੜਾਕੇ, ਜੰਗਲ ਦੇ ਪੱਤਰ, ਗੋਹਲਾਂ ਆਦਿ ਖਾ ਕੇ ਉਦਰ-ਪੂਰਤੀ ਕਰ ਲੈਂਦੇ ਹਾਂ। ਪਰਮਾਤਮਾ ਪ੍ਰਤੀ ਕਦੇ ਕਿਸੇ ਪ੍ਰਕਾਰ ਦਾ ਕੋਈ ਸ਼ਿਕਵਾ-ਸ਼ਿਕਾਇਤ ਨਹੀਂ ਕਰਦੇ। ਉਸ ਦੀ ਰਜ਼ਾ ਵਿੱਚ ਰਾਜ਼ੀ ਰਹਿੰਦਿਆਂ ਅੱਜ ਅਸੀਂ ਸੁੱਖ ਨਾਲ ਸੱਤ ਦਿਨਾਂ ਦੇ ਅੰਨ ਤੋਂ ਵਿਰਵੇ ਹਾਂ।
ਇਹ ਸੁਣ ਕੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਮਨੁੱਖੀ-ਪ੍ਰੇਮ ਨਾਲ ਭਰਿਆ, ਬੇਹੱਦ ਸੰਵੇਦਨਸ਼ੀਲ ਮਾਨਵਤਾਵਾਦੀ ਦਿੱਲ ਦਇਆ, ਪਿਆਰ ਅਤੇ ਹਮਦਰਦੀ ਦੇ ਭਾਵਾਂ ਨਾਲ ਛਲਕ ਉੱਠਿਆ। ਮਨ ਵਿੱਚ ਖ਼ਿਆਲ ਆਇਆ, ਮੇਰੇ ਪਾਸ ਰੁਪਏ ਹਨ ਅਤੇ ਇਹ ਪਰਮੇਸਰ ਦੇ ਪਿਆਰੇ ਵਿਦਵਾਨ ਸਾਧੂ-ਜਨ ਭੁੱਖੇ ਹਨ। ਕਿਉਂ ਨਾ ਇਹ ਧਨ ਇਨ੍ਹਾਂ ਗੁਣੀ-ਗਿਆਨੀ ਸਾਧੂਆਂ ਤੋਂ ਨਿਛਾਵਰ ਕਰ ਦਿੱਤੇ ਜਾਵੇ ਤਾਂ ਜੋ ਇਹ ਆਪਣੀ ਉਦਰ-ਪੂਰਤੀ ਕਰ ਸਕਣ। ਇਹ ਸੋਚਦਿਆਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਆਪਣੇ ਸਾਥੀ ਭਾਈ ਬਾਲਾ ਜੀ ਨਾਲ ਸਲਾਹ ਕਰਨ ਲੱਗੇ। ਉਨ੍ਹਾਂ ਵੱਲੋਂ ਸਹਿਮਤੀ ਦੀ ਆਸ ਵਿੱਚ ਪੁੱਛਣਾ ਕੀਤਾ, ਪਿਆਰੇ ਬਾਲਾ ਜੀ ! ਤੁਸੀਂ ਦੱਸੋ ਪਈ ਇਨ੍ਹਾਂ ਭੁੱਖੇ ਗਿਆਨਵਾਨ ਸਾਧੂਆਂ ਨੂੰ ਪਰਸ਼ਾਦੇ-ਪਾਣੀ ਲਈ 20 ਰੁਪਏ ਭੇਟ ਕਰ ਦੇਣਾ, ਕੀ ਇੱਕ ਖਰਾ ਸੌਦਾ ਨਹੀਂ ਹੋਵੇਗਾ?
ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਮਨ, ਵਿਅਕਤਿੱਤਵ ਅਤੇ ਸੁਭਾਅ ਦੀ ਇੱਕ ਖ਼ਾਸੀਅਤ ਇਹ ਵੀ ਸੀ ਕਿ ਉਹ ਪ੍ਰਤਿਭਾ ਅਤੇ ਗੁਣਵੱਤਾ ਦੇ ਬਹੁਤ ਵੱਡੇ ਪ੍ਰਸੰਸਕ ਅਤੇ ਕਦਰਦਾਨ ਸਨ। ਪ੍ਰਤਿਭਾ ਅਤੇ ਗੁਣਵੱਤਾ ਦੇ ਦਰਸ਼ਨ ਹੁੰਦਿਆਂ ਹੀ ਉਹ ਉਸ ਪ੍ਰਤੀ ਸਿਜਦੇ, ਸਲਾਮ ਅਤੇ ਪ੍ਰਣਾਮ ਦੀ ਅਵਸਥਾ ਵਿੱਚ ਆ ਜਾਂਦੇ ਸਨ। ਉਨ੍ਹਾਂ ਦੀ ਧੁਨ ਜਾਂ ਲਗਨ ਜਿਸ ਪਾਸੇ ਲੱਗੀ ਹੋਈ ਸੀ, ਉਸ ਦੀ ਸਮਝ ਨਾ ਤਾਂ ਭਾਈ ਬਾਲਾ ਨੂੰ ਸੀ ਅਤੇ ਨਾ ਹੀ ਕਿਸੇ ਹੋਰ ਨੂੰ। ਪਿਤਾ ਨੇ ਆਖਿਆ ਸੀ, ਕੋਈ ‘ਖਰਾ ਸੌਦਾ’ ਕੀਤਾ ਜਾਵੇ। ਹੁਣ ‘ਖਰਾ ਸੌਦਾ’ ਕਿਹੜਾ ਹੈ? ਇਸ ਗੱਲ ਦਾ ਨਿਰਣਾ ਹੁਣ ਖ਼ੁਦ ਨਾਨਕ ਸਾਹਿਬ ਜੀ ਨੂੰ ਹੀ ਕਰਨਾ ਪੈਣਾ ਸੀ। ਨੌਕਰ, ਸਾਥੀ, ਸਹਾਇਕ ਅਤੇ ਸਲਾਹਕਾਰ ਹੋਣ ਦੇ ਨਾਤੇ ਭਾਈ ਬਾਲਾ ਜੀ ਕਿਸੇ ਬਿਖੇੜੇ ਵਿੱਚ ਪੈਣਾ ਨਹੀਂ ਸੀ ਚਾਹੁੰਦੇ।
ਆਪਣੀ ਹੈਸੀਅਤ ਦੀ ਸੀਮਾ ਨੂੰ ਪਛਾਣਦਿਆਂ ਉਨ੍ਹਾਂ ਸੱਚੇ ਸੌਦੇ ਬਾਰੇ ਆਪਣੇ ਮਾਲਕ, ਮਹਿਤਾ ਕਾਲੂ ਜੀ ਦੇ ਪੱਖ ਦਾ ਅਨੁਸਰਣ ਕਰਦਿਆਂ ਪਹਿਲਾਂ ਦੱਬੀ ਸੁਰ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਇਵੇਂ ਕਰਨੋਂ (ਸਾਧੂਆਂ ਨੂੰ ਪੈਸੇ ਦੇਣੋਂ) ਵਰਜਿਆ ਪਰ ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਇਸ ਗੱਲ ’ਤੇ ਅੜੇ ਰਹੇ ਕਿ ਭੁੱਖੇ ਗਿਆਨਵਾਨ ਸੰਨਿਆਸੀਆਂ ਨੂੰ ਪੈਸੇ ਦੇ ਦੇਣਾ ਹੀ ‘ਸੱਚਾ ਸੌਦਾ’ ਹੈ ਤਾਂ ਆਖ਼ਰਕਾਰ ਉਹ ਇਹ ਆਖ ਲਾਂਭੇ ਹੋ ਗਏ ਕਿ ਇਹ ਤੁਹਾਡਾ ਪਿਓ-ਪੁੱਤਰ ਦਾ ਮਾਮਲਾ ਹੈ। ਮੇਰਾ ਇਸ ਵਿੱਚ ਕੋਈ ਲੈਣਾ-ਦੇਣਾ ਨਹੀਂ। ਤੁਸੀਂ ਜਾਣੋ ਅਤੇ ਤੁਹਾਡਾ ਕੰਮ ਜਾਣੇ। ਸਾਰੀ ਜ਼ਿੰਮੇਵਾਰੀ ਤੁਹਾਡੀ ਹੈ, ਮੈਂ ਇਸ ਸਭ ਕਾਸੇ ਲਈ ਜ਼ਿੰਮੇਵਾਰ ਨਹੀਂ ਹੋਵਾਂਗਾ।
ਭਾਈ ਬਾਲਾ ਜੀ ਨਾਲ ਸਲਾਹ-ਮਸ਼ਵਰਾ ਕਰ ਲੈਣ ਪਿਛੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਫ਼ੈਸਲਾ ਕਰ ਲਿਆ ਕਿ ਇਸ ਮੌਕੇ ਬਿਨਾਂ ਦੇਰੀ ਤੋਂ 20 ਰੁਪਏ ਸਾਧ-ਮੰਡਲੀ ਦੇ ਮਹੰਤ ਜੀ ਨੂੰ ਅਰਪਿਤ ਕਰ ਦੇਣਾ, ਸਚਮੁੱਚ ਹੀ ‘ਖਰਾ ਸੌਦਾ’ ਹੈ। ਵੱਡਾ ਲਾਹੇਵੰਦਾ ਪੁੰਨ ਦਾ ਕੰਮ ਹੈ। ਇਹ ਸੋਚਦਿਆਂ ਜਿਵੇਂ ਹੀ ਉਹ ਮਹੰਤ ਜੀ ਦੇ ਚਰਣਾਂ ਵਿੱਚ ਧਨ ਭੇਟਾ ਕਰਨ ਲੱਗੇ ਤਾਂ ਉਨ੍ਹਾਂ ਦੇ ਮਾਸੂਮ ਜਗਿਆਸੂ ਮਨ ਨੇ ਸੁਤੇਸਿੱਧ ਹੀ ਪੁੱਛਣਾ ਕੀਤਾ, ਅਤਿ ਸਤਿਕਾਰਤ ਸੰਤ ਜੀਓ! ਆਪ ਜੀ ਦਾ ਨਾਂ ਕੀ ਹੈ? ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਅਤੇ ਤੁਸੀਂ ਵਸਤਰ ਕਿਉਂ ਨਹੀਂ ਪਹਿਨਦੇ ਹੋ? ਸਵਾਲ ਸੁਣ ਮਹੰਤ ਜੀ ਮੰਦ-ਮੰਦ ਮੁਸਕੁਰਾਏ। ਉਪਰੰਤ ਵਚਨ ਕੀਤਾ, ਹੇ ਪਿਆਰੇ ਅਤੇ ਅਨੋਖੇ ਤੇਜੱਸਵੀ ਬਾਲਕ ! ਨਾਮ ਹਮਾਰਾ ਸੰਤਰੇਣ ਹੈ। ਰਮਤੇ ਜੋਗੀਆਂ ਦੀ ਇਸ ਚੱਲਦੀ ਵਹੀਰ (ਸੰਤ-ਮੰਡਲੀ) ਦਾ ਮੈਂ ਮਹੰਤ ਹਾਂ, ਪਰ ਕਾਹਦਾ ਸੰਤ ਅਤੇ ਕਾਹਦਾ ਮਹੰਤ। ਅਸਲ ਵਿੱਚ ਅਸੀਂ ਸਾਰੇ ਰਮਤੇ ਸਾਧ, ਮੁਕਤੀ-ਮਾਰਗ ਦੇ ਪਾਂਧੀ ਹਾਂ। ਰਹੀ ਗੱਲ ਵਸਤਰ ਨਾ ਜਾਂ ਘੱਟ ਪਹਿਨਣ ਦੀ। ਉਸਦਾ ਜਵਾਬ ਇਹ ਹੈ ਕਿ ਨਿਰਬਾਣ ਸਾਧ ਹੋਣ ਕਰਕੇ ਖਾਣ-ਪੀਣ ਦੇ ਸੰਜਮ ਦੇ ਨਾਲ-ਨਾਲ ਅਸੀਂ ਵਸਤਰਾਂ ਦੇ ਸੰਜਮ ਨੂੰ ਵੀ ਵੱਡੀ ਤਰਜੀਹ ਦਿੰਦੇ ਹਾਂ।
ਸਵਾਮੀ ਸੰਤਰੇਣ ਜੀ ਦਾ ਸਟੀਕ ਜਵਾਬ ਸੁਣ ਸ੍ਰੀ ਗੁਰੂ ਨਾਨਕ ਸਾਹਿਬ ਡਾਢੇ ਖ਼ੁਸ਼ ਅਤੇ ਸੰਤੁਸ਼ਟ ਹੋਏ। ਆਵੇਸ਼ ਵਿੱਚ ਆਉਂਦਿਆਂ ਖੀਸੇ ਵਿੱਚੋਂ 20 ਰੁਪਏ ਕੱਢ, ਉੁਨ੍ਹਾਂ ਦੇ ਚਰਣਾਂ ਵਿੱਚ ਅਰਪਿਤ ਕਰ ਦਿੱਤੇ। ਉਪਰੰਤ ਪਹਿਲਾਂ ਕੋਲ ਬੈਠੇ ਭਾਈ ਬਾਲਾ ਜੀ ਨੂੰ ਸੰਬੋਧਨ ਹੁੰਦਿਆਂ ਬਚਨ ਕੀਤਾ, ਭਾਈ ਬਾਲਾ ! ਇਹ ਖਰਾ ਸੌਦਾ ਹੋਇਆ ਹੈ, ਇਸ ਮੇਂ ਤੋਟਾ ਨਹੀਂ, ਵਾਧਾ ਹੀ ਵਾਧਾ ਹੈ। ਇਸੇ ਲਈ ਮੈਂ ਇਸ ਸੌਦੇ ਨੂੰ ਛੱਡ ਨਹੀਂ ਸਕਿਆ। ਫੇਰ ਸੰਤਰੇਣ ਜੀ ਨੂੰ ਮੁਖਾਤਿਬ ਹੁੰਦਿਆਂ ਬਚਨ ਕੀਤਾ, ਸਤਿਕਾਰਤ ਸੰਤ ਜੀ ! ਇਹ ਮਾਇਆ ਜੋ ਮੈਂ ਆਪ ਜੀ ਨੂੰ ਅਰਪਿਤ ਕਰ ਚੁੱਕਾ ਹਾਂ, ਇਸਨੂੰ ਤੁਸੀਂ ਵਰਤੋ, ਰਸਦ-ਪਾਣੀ ਲਿਆਓ ਅਤੇ ਆਪਣੀ ਪੂਰੀ ਸੰਤ ਮੰਡਲੀ ਨੂੰ ਪਰਸ਼ਾਦਾ-ਪਾਣੀ ਛਕਾਓ।
ਚਲਦਾ...........
ਜਗਜੀਵਨ ਸਿੰਘ (ਡਾ.)
ਐਸੋਸੀਏਟ ਪ੍ਰੋਫ਼ੈਸਰ,
ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ
570, ਨਰਦੀਪ ਮਾਰਗ, ਹੀਰਾ ਮਹਿਲ ਕਾਲੋਨੀ, ਨਾਭਾ, ਜ਼ਿਲ੍ਹਾ ਪਟਿਆਲਾ
ਫੋਨ: 99143-01328, Email: jsdeumgc@gmail.com