ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ: ਲੜੀਵਾਰ ਬਿਰਤਾਂਤ

8/7/2020 4:28:46 PM

(ਕਿਸ਼ਤ ਚਾਲੀਵੀਂ)

ਰਾਇ ਬੁਲਾਰ ਸਾਹਿਬ ਜੀ ਦਾ ਮਹਿਤਾ ਕਾਲੂ ਜੀ ਨੂੰ ਡਾਂਟਣਾ ਅਤੇ ਫ਼ਿਟਕਾਰਨਾ

ਓਏ ਧਨ ਦੇ ਪੁਜਾਰੀਆ! ਤੇਰੀ ਪੈਸੇ ਦੀ ਤ੍ਰਿਸ਼ਨਾ ਦਾ ਮੈਂ ਕੀ ਕਰਾਂ? ਅੱਜ ਤੀਕਰ ਮੈਂ ਤੈਨੂੰ ਕਦੇ ਬੁਰਾ ਨਹੀਂ ਆਖਿਆ, ਪਰ ਹੁਣ ਆਖਦਾ ਹਾਂ, ਕੰਬਖ਼ਤਾ! ਨਿਗੂਣੇ ਵੀਹਾਂ ਰੁਪਈਆਂ ਪਿੱਛੇ ਤੂੰ ਇਸ ਮਾਸੂਮ ਨੂੰ, ਇਸ ਫ਼ਰਿਸ਼ਤੇ ਨੂੰ ਮਾਰਿਆ ਹੈ। ਮੇਰੀ ਨਗਰੀ ਅੰਦਰ ਵੱਡਾ ਉਪੱਦਰ ਕੀਤਾ ਹੈ। ਸਾਡਾ ਦਿਲ ਦੁਖਾਇਆ ਹੈ। ਦੰਮਾਂ ਦਿਆ ਲੋਭੀਆ! ਤੈਨੂੰ ਨਾਨਕ ਨਹੀਂ ਬਸ ਵੀਹ ਰੁਪਈਏ ਹੀ ਲੋੜੀਂਦੇ ਹਨ। ਕੀ ਕਰਾਂ? ਮੈਂ ਬੇਵਸ ਹਾਂ। ਮੁਸਲਮਾਨ ਹੋਣ ਕਰਕੇ ਮੈਂ ਇਸਨੂੰ ਆਪਣੇ ਘਰ ਨਹੀਂ ਰੱਖ ਸਕਦਾ। ਜੇਕਰ ਮੈਂ ਹਿੰਦੂ ਹੁੰਦਾ ਤਾਂ ਮੈਂ ਨਾਨਕ ਨੂੰ ਕਦਾਚਿਤ ਤੈਨੂੰ ਕਸਾਈ ਨੂੰ ਨਾ ਸੌਂਪਦਾ। ਸਦਾ ਆਪਣੇ ਸੀਨੇ ਨਾਲ ਲਾ ਕੇ ਰੱਖਦਾ। 

ਹੋਰ ਵੀ ਸੁਣ ਲੈ, ਪੈਸੇ ਦਿਆ ਪੀਰਾ! ਅੱਜ ਤੋਂ ਬਾਅਦ ਜੇ ਤੂੰ ਇਸ ਸਤ ਧਰਮ ਵਾਲੇ ਨਾਨਕ, ਅੱਲਾਹ ਦੇ ਪਿਆਰੇ ਨੂੰ ਨਾਲਾਇਕ ਆਖ ਦੁਰਕਾਰਿਆ ਤਾਂ ਸਾਥੋਂ ਬੁਰਾ ਕੋਈ ਨਹੀਂ। ਸਣੇ ਇਹ ਵੀਹ ਰੁਪਏ ਅੱਜ ਤੀਕਰ ਜਿਤਨਾ ਤੇਰੇ ਘਰ ਦਾ ਦਰਬ (ਪੈਸਾ-ਧੇਲਾ ਅਤੇ ਮਾਲ-ਅਸਬਾਬ) ਨਾਨਕ ਨੇ ਗਵਾਇਆ/ਉਜਾੜਿਆ ਹੈ, ਉਹ ਤੂੰ ਹਿਸਾਬ ਕਰਕੇ, ਸਾਰੇ ਦਾ ਸਾਰਾ ਸਾਥੋਂ ਲੈ ਲੈ। ਅਗਾਂਹ ਲਈ ਵੀ ਨਾਨਕ ਦੇ ਖਾਣ-ਪੀਣ, ਪਹਿਨਣ-ਪਚਰਨ ਅਤੇ ਇਸ ਦੁਆਰਾ ਹੋਣ ਵਾਲੇ ਹਰ ਪ੍ਰਕਾਰ ਦੇ ਨੁਕਸਾਨ ਦਾ ਸਾਰਾ ਖ਼ਰਚਾ ਅਸੀਂ ਚੁਕਾਂਗੇ। ਤੈਨੂੰ ਫ਼ਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ। ਐਸੇ ਵੇਗਮਈ ਜਜ਼ਬਾਤੀ ਬਚਨ ਬੋਲਦਿਆਂ, ਰਾਇ ਬੁਲਾਰ ਸਾਹਿਬ ਨੇ ਇੱਕ ਨੌਕਰ ਘੱਲ ਕੇ, ਆਪਣੀ ਸੁਪਤਨੀ ਉਮੈਦਾਂ/ਖੋਖਰਾਂ ਰਾਣੀ ਪਾਸੋਂ ਵੀਹ ਰੁਪਏ ਮੰਗਵਾਏ ਅਤੇ ਮਹਿਤਾ ਕਾਲੂ ਜੀ ਦੀ ਤਲੀ ’ਤੇ ਰੱਖ ਦਿੱਤੇ।

ਰਾਇ ਬੁਲਾਰ ਸਾਹਿਬ ਜੀ ਦੇਣ ਅਤੇ ਕਾਲੂ ਲਵੇ ਨਾਹੀ। ਪੈਸੇ ਦਿੰਦਿਆਂ ਰਾਇ ਸਾਹਿਬ ਜੀ ਬਾਰ-ਬਾਰ ਇਹੋ ਆਖੀ ਜਾਣ, ਵੇਖ ਕਾਲੂ! ਤੇਰਾ ਪੁੱਤਰ ਵਲੀ ਹੈ, ਪੈਗ਼ੰਬਰ ਹੈ, ਫ਼ਕੀਰ ਹੈ। ਇਸਨੇ ਜਗਤ ਦੇ ਬੰਧਨ ਕੱਟਣ ਹਿਤ ਮਨੁੱਖਾ ਦੇਹ ਧਾਰੀ ਹੈ। ਇਸਨੂੰ ਕਦੇ ਮੰਦਾ ਨਾ ਬੋਲੀਂ। ਝਿੜਕੀਂ ਨਾ। ਸਥਿਤੀ ਐਸੀ ਬਣੀ ਕਿ ਮਹਿਤਾ ਕਾਲੂ ਜੀ ਸ਼ਰਮ ਨਾਲ ਪਾਣੀ-ਪਾਣੀ ਹੋ ਗਏ। ਕ੍ਰੋਧ ਦੀ ਕਾਂਗ ਲਹਿ ਗਈ। ਸ਼ਰਮ ਨਾਲ ਝੁਕੀਆਂ ਅੱਖੀਆਂ, ਆਪਣੇ ਆਪ ਮੀਟੀਆਂ ਗਈਆਂ। ਰਾਇ ਸਾਹਿਬ ਜੀ ਦੇ ਬਲਕਾਰੀ ਬੋਲ, ਮਨ-ਮਸਤਕ ’ਤੇ ਤਾਰੀ ਹੋ ਗਏ। ਅੰਤਰ-ਆਤਮੇ ਧਿਆਨ-ਮਗਨ ਹੁੰਦਿਆਂ ਹੀ ਪਿਛਲੇ ਜਨਮ ਅੰਦਰ ਤਪੱਸਵੀ ਹੋਣ ਵਾਲਾ ਵੇਖਿਆ ਪੁਰਾਣਾ ਸੁਪਨਾ ਦੁਬਾਰਾ ਸਾਕਾਰ ਹੋ ਉਠਿਆ।

ਉਨ੍ਹਾਂ ਨੂੰ ਰਾਇ ਬੁਲਾਰ ਸਾਹਿਬ ਜੀ ਵਿੱਚੋਂ ਆਪਣੇ ਪਿਛਲੇ ਜਨਮ ਦਾ ਉਹ ਸਿੱਖਿਆ-ਦਾਤਾ ਸਾਥੀ ਸਾਧੂ ਵਿਖਾਈ ਦਿੱਤਾ, ਜਿਸਨੇ ਉਸਨੂੰ ਨਾ ਕੇਵਲ ਤਪ (ਹੱਠ ਯੋਗ) ਦੀ ਥਾਂ ਭਗਤੀ ਕਰਨ ਲਈ ਪ੍ਰੇਰਿਆ ਹੀ ਸੀ ਸਗੋਂ ਆਪ ਵੀ ਹੱਠ ਛੱਡ, ਭਗਤੀ ਦਾ ਰਾਹ ਅਪਨਾਇਆ ਸੀ। ਮਹਿਤਾ ਕਾਲੂ ਜੀ ਨੂੰ ਪਲ ਦੀ ਪਲ ਇਹ ਝਾਉਲਾ ਪਿਆ ਕਿ ਇਹ ਰਾਇ ਬੁਲਾਰ (ਪਿਛਲੇ ਜਨਮ ਦਾ ਸਾਥੀ ਸਾਧੂ) ਆਪਣੀ ਸਮਰੱਥਾ (ਭਗਤੀ) ਸਦਕਾ, ਪਰਮਾਤਮਾ ਦੇ ਸਰਗੁਣ ਸਰੂਪ (ਮੇਰੇ ਪੁੱਤਰ ਨਾਨਕ ਨਿਰੰਕਾਰੀ) ਨੂੰ ਪਛਾਣ ਅਤੇ ਸਿਆਣ ਸਕਿਆ ਹੈ ਜਦੋਂ ਕਿ ਆਪਣੀ ਸੀਮਾ (ਹੱਠ) ਸਦਕਾ ਮੈਂ ਇਸਨੂੰ ਪਛਾਣਨੋਂ ਅਤੇ ਮਾਣਨੋਂ ਖੁੰਝ ਗਿਆ ਹਾਂ। ਵਿਰਵਾਂ ਰਹਿ ਗਿਆ ਹਾਂ।

ਅੰਤਰ-ਆਤਮੇ ਡੂੰਘੇ ਉਤਰੇ ਮਹਿਤਾ ਕਾਲੂ ਜੀ ਨੂੰ ਵਿਖਾਈ ਦਿੱਤੇ ਇਸ ਰੂਹਾਨੀ ਝਾਂਵਲੇ (ਸੱਚ) ਨੇ ਉਨ੍ਹਾਂ ਦੇ ਦੁਨੀਆਦਾਰ ਮਨ ਉੱਪਰ ਇੱਕ ਚੋਟ ਜ਼ਰੂਰ ਕੀਤੀ ਪਰ ਇਸ ਹਲੂਣੇ ਦਾ ਅਸਰ/ਰੰਗ ਕੁੱਝ ਪਲ ਹੀ ਤਾਰੀ ਰਿਹਾ। ਸੰਸਾਰਕ ਮੋਹ-ਮਾਇਆ/ਭਰਮ ਦੇ ਪਰਦੇ ਦੇ ਭਾਰੂ ਹੁੰਦਿਆਂ ਹੀ, ਉਹ ਮੁੜ ਦੁਬਿਧਾ ਵਿੱਚ ਪੈ ਗਏ। ਉਪਰੰਤ ਦੁਬਿਧਾ ਵਿੱਚ ਪਏ ਹੋਏ, ਬੜੇ ਉਖੜੇ ਅਤੇ ਉਲਝੇ ਮਨ ਨਾਲ, ਵੀਹ ਰੁਪਏ ਲੈ ਕੇ, ਊਂਧੀ ਪਾ (ਸਿਰ ਝੁਕਾ) ਕੇ, ਚੁੱਪ-ਚਾਪ ਆਪਣੇ ਘਰ ਵੱਲ ਨੂੰ ਤੁਰ ਪਏ।

ਅੱਗੇ-ਅੱਗੇ ਪਿਤਾ ਮਹਿਤਾ ਕਾਲੂ ਜੀ ਅਤੇ ਪਿੱਛੇ-ਪਿੱਛੇ ਪੁੱਤਰ ਨਾਨਕ ਸਾਹਿਬ ਜੀ ਘਰ ਆ ਗਏ। ਰਸਤੇ ਵਿੱਚ ਦੋਹਾਂ ਦਰਮਿਆਨ ਕੋਈ ਗੱਲਬਾਤ ਨਾ ਹੋਈ। ਪਰਿਵਾਰ ਦੇ ਸਾਰੇ ਜੀਆਂ, ਆਂਢੀਆਂ-ਗੁਆਂਢੀਆਂ ਅਤੇ ਸਕੇ-ਸੰਬੰਧੀਆਂ ਨੂੰ ਜਦੋਂ ਮਹਿਤਾ ਕਾਲੂ ਜੀ ਵੱਲੋਂ, ਰਾਇ ਬੁਲਾਰ ਸਾਹਿਬ ਪਾਸੋਂ ਵੀਹ ਰੁਪਏ ਲੈਣ ਦਾ ਪਤਾ ਲੱਗਾ, ਤਾਂ ਸਾਰਿਆਂ ਨੇ ਇਸ ਗੱਲ ਲਈ ਉਨ੍ਹਾਂ ਨੂੰ ਕਾਫ਼ੀ ਬੁਰਾ-ਬੁਰਾ ਬੋਲਿਆ। ਕਿਸੇ ਸਲਾਹੁਣਾ ਨਾ ਕੀਤੀ। 

ਥੋੜ੍ਹੇ-ਬਹੁਤ ਫ਼ਰਕ ਨਾਲ ਸਭਨਾਂ ਏਹੋ ਆਖਿਆ ਪਈ ਇਸ ਕਾਲੂ ਨੇ ਪਹਿਲਾਂ ਤਾਂ ਐਸਾ ਨਿਰਦਈ ਬਣ, ਚੰਡਾਲਾਂ ਵਾਂਗ ਆਪਣੇ ਮਾਸੂਮ ਫ਼ਕੀਰ ਪੁੱਤਰ ਨੂੰ ਮਾਰਿਆ ਹੈ ਅਤੇ ਫੇਰ ਉਪਰੋਂ ਹਰ ਪ੍ਰਕਾਰ ਦੀ ਲੋਕ-ਲੱਜਾ ਨੂੰ ਤਜਦਿਆਂ ਅਤੇ ਘਰ ਵਿੱਚ ਪੰਡ ਰੁਪਈਆਂ ਦੀ ਹੁੰਦਿਆਂ-ਸੁੰਦਿਆਂ, ਬੜੀ ਬੇਹਯਾਈ ਨਾਲ 20 ਰੁਪਏ ਵੀ ਫੜ ਲਿਆਇਆ ਹੈ। ਘਰਦਿਆਂ ਅਤੇ ਸ਼ਰੀਕੇ-ਭਾਈਚਾਰੇ ਦੇ ਐਸੇ ਤਿੱਖੇ ਤਾਹਨੇ-ਮਿਹਣਿਆਂ ਨੇ ਉਨ੍ਹਾਂ ਦਾ ਸੀਨਾ ਛਲਣੀ ਕਰ ਦਿੱਤਾ। ਸਾਰੀ ਰਾਤ ਘੋਰ ਪਰੇਸ਼ਾਨੀ ਵਿੱਚ ਪਾਸੇ ਮਾਰਦਿਆਂ ਗੁਜ਼ਾਰੀ।

ਦਿਨ ਚੜ੍ਹਦਿਆਂ ਹੀ ਕਾਹਲੀ-ਕਾਹਲੀ ਨਿੱਤ-ਕਰਮ ਨਿਪਟਾਇਆ। ਵੀਹ ਰੁਪਏ ਲੈ, ਸਿੱਧਾ ਰਾਇ ਬੁਲਾਰ ਸਾਹਿਬ ਦੇ ਡੇਰੇ (ਹਵੇਲੀ) ਜਾ ਪੁੱਜਾ। ਰਾਇ ਸਾਹਿਬ ਦੇ ਮਿਲਦਿਆਂ ਹੀ ਦਿਲਗੀਰੀ ਅਤੇ ਵੈਰਾਗ ਦੀ ਅਵਸਥਾ ਵਿੱਚ ਉਨ੍ਹਾਂ ਦੇ ਚਰਨੀਂ ਢਹਿ ਪਿਆ। ਗਿੜਗਿੜਾਉਂਦਿਆਂ ਅਤੇ ਪੈਸੇ ਹੱਥ ਫੜਾਉਂਦਿਆਂ ਆਖਿਓਸ, ਰਾਇ ਸਾਹਿਬ! ਆਹ ਰੁਪਏ ਤੁਸੀਂ ਆਪਣੇ ਵਾਪਸ ਲੈ ਲਵੋ। ਮੈਂ ਇਹ ਭਾਰ ਅਤੇ ਜ਼ਲਾਲਤ ਨਹੀਂ ਝੱਲ ਸਕਦਾ। ਅੱਗੋਂ ਰਾਇ ਸਾਹਿਬ ਜੀ ਨੇ ਪੈਸੇ ਵਾਪਸ ਮਹਿਤਾ ਕਾਲੂ ਜੀ ਨੂੰ ਮੋੜਦਿਆਂ ਬਚਨ ਕੀਤਾ, “ਕਾਲੂ! ਇਹ ਰੁਪਏ ਅਸਾਂ ਤੁਸਾਂ ਨੂੰ ਨਹੀਂ ਦਿੱਤੇ। ਅਸਾਂ ਨਾਨਕ ਜੀ ਦੇ ਰੁਪਏ ਦੇਵਣੇ ਆਹੇ, ਸੋ ਅਸਾਂ ਨੇ ਦਿੱਤੇ ਹਨ। ਫੇਰ ਅਸੀਂ ਤੇਰੇ ਪਾਸੋਂ ਰੁਪਏ ਵਾਪਸ ਕਿਵੇਂ ਲਈਏ?”

ਇਹ ਸੁਣ ਮਹਿਤਾ ਕਾਲੂ ਜੀ ਬੜੇ ਹੈਰਾਨ ਹੋਏ। ਅਸਚਰਜਤਾ ਨਾਲ ਪੁੱਛਣਾ ਕੀਤਾ, ਮਾਲਕੋ! ਤੁਸੀਂ ਵੀ ਬੜੀਆਂ ਅਜੀਬ, ਹਾਸੋਹੀਣੀਆਂ ਅਤੇ ਭੋਲੀਆਂ ਬਾਤਾਂ ਕਰਦੇ ਹੋ। “ਨਾਨਕ ਦੇ ਪਾਸ ਰੁਪਏ ਕਿੱਥੋਂ ਆਹੇ ਜੋ ਤੁਸਾਂ ਉਸ ਪਾਸੋਂ ਹੁਧਾਰ ਲੀਤੇ ਆਹੇ?”

ਜਿੱਥੋਂ ਤੱਕ ਮੈਂ ਇਸਨੂੰ ਜਾਣਦਾ ਹਾਂ, ਇਸਨੇ ਗੁਆਉਣਾ ਤਾਂ ਜਾਤਾ ਹੈ, ਖੱਟਣ ਦੀ ਤਾਂ ਇਸ ਕਦੇ ਜਾਚ ਹੀ ਨਹੀਂ ਸਿੱਖੀ। ਤੁਸਾਂ ਇਸਤੋਂ ਕਦ ਉਧਾਰ ਲੀਤਾ ਸੀ? ਅੱਗੋਂ ਰਾਇ ਸਾਹਿਬ ਜੀ ਨੇ ਜਜ਼ਬਾਤਾਂ ਦੇ ਸਮੁੰਦਰ ਅੰਦਰ ਡੂੰਘਾ ਗੋਤਾ ਲਾਉਂਦਿਆਂ ਆਵੇਸ਼ਮਈ ਬਚਨ ਕੀਤਾ, “ਸੁਣ ਮਹਿਤਾ ਕਾਲੂ! ਤੈਨੂੰ ਇਸ ਬਾਤ ਦੀ ਖ਼ਬਰ ਕੋਈ ਨਾਹੀਂ। ਜਿਤਨੀ ਮਾਇਆ ਇਸ ਜਹਾਨ ਉੱਪਰ, ਦੁਨੀਆਂ ਵਿੱਚ ਹੈ, ਸਭ ਇਸੇ ਦੀ ਹੈ। ਸਭ ਦੌਲਤ, ਦੁਨੀਆਂ ਦਾ ਇਹ ਮਾਲਕ ਹੈ। ਜਿਤਨੇ ਮੇਰੇ ਘਰ ਵਿੱਚ ਸੁੱਖ ਹਨ; ਘੋੜੇ, ਰੱਥ, ਦੌਲਤ, ਹੁਕਮ ਇਹ ਸਭ ਨਾਨਕ ਜੀ ਦਾ ਸਦਕਾ ਹੀ ਹੈ। ਮੈਂ ਇਸ ਦਾ ਹੀ ਦਿੱਤਾ ਖਾਂਦਾ ਹਾਂ। ਅਸੀਂ ਛੋਡ, ਹੇ ਕਾਲੂ! ਸੰਸਾਰ ਸਾਰਾ ਹੀ ਇਸ ਦਾ ਦਿੱਤਾ ਖਾਂਦਾ ਹੈ।”
                                                    
                                
ਚਲਦਾ...........
                                                                                                                                           
ਜਗਜੀਵਨ ਸਿੰਘ (ਡਾ.)
ਐਸੋਸੀਏਟ ਪ੍ਰੋਫ਼ੈਸਰ,
ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ
570, ਨਰਦੀਪ ਮਾਰਗ, ਹੀਰਾ ਮਹਿਲ ਕਾਲੋਨੀ, ਨਾਭਾ, ਜ਼ਿਲ੍ਹਾ ਪਟਿਆਲਾ
ਫੋਨ: 99143-01328, Email: jsdeumgc@gmail.com


rajwinder kaur

Content Editor rajwinder kaur