ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ: ਲੜੀਵਾਰ ਬਿਰਤਾਂਤ

7/3/2020 1:09:49 PM

(ਕਿਸ਼ਤ ਪੈਂਤੀਵੀਂ)
ਮਹਾਤਮਾ ਸੰਤਰੇਣ ਦਾ ਨਿਰਣਾ: ਨਾਨਕ ਪ੍ਰਤੱਖ ਰੱਬ ਹੈ

ਅੱਗੋਂ ਮਹੰਤ ਸੰਤਰੇਣ ਜੀ ਨੇ ਆਖਿਆ, ਬੇਟਾ ਜੀ ! ਤੁਹਾਡੀ ਆਰਜ਼ਾ ਤਾਂ ਭਾਵੇਂ ਛੋਟੀ ਹੈ ਪਰ ਖ਼ਿਆਲਾਤ ਬੜੇ ਉੱਚੇ-ਸੁੱਚੇ ਅਤੇ ਦਿਲ ਬੜਾ ਵੱਡਾ ਹੈ। ਸਾਡਾ ਮੰਨਣਾ ਹੈ ਕਿ ਇਹ ਰਕਮ ਤੁਹਾਡੇ ਪਿਤਾ ਜੀ ਨੇ ਤੁਹਾਨੂੰ ਜਿਸ ਕਾਰਜ ਲਈ ਦਿੱਤੀ ਹੈ, ਇਸਨੂੰ ਉਸੇ ਅਰਥ ਲਾਉਣਾ ਚਾਹੀਦਾ ਹੈ। ਨਹੀਂ ਤਾਂ ਉਹ ਗੁੱਸੇ ਅਤੇ ਨਾਰਾਜ਼ ਹੋਣਗੇ ਅਤੇ ਇਸ ਕਾਰਣ ਤੁਹਾਨੂੰ ਵੀ ਤਕਲੀਫ਼ ਹੋਵੇਗੀ। ਤੁਸੀਂ ਸਾਡਾ ਫ਼ਿਕਰ ਨਾ ਕਰੋ, ਸਾਡਾ ਫ਼ਿਕਰ ਭਗਵਾਨ ਕਰੇਗਾ। 

ਸੰਤਰੇਣ ਜੀ ਦੇ ਬਚਨ ਸੁਣ, ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਹਿਰਦੇ ਅੰਦਰ ਕਰੁਣਾ ਅਤੇ ਹਮਦਰਦੀ ਦੀ ਧਾਰਾ ਵਹਿ ਤੁਰੀ। ਬਚਨ ਕੀਤਾ, ਸੰਤ ਜੀਓ ! ਦੁੱਖ-ਤਕਲੀਫ਼ ਅਤੇ ਖੇਚਲਾਂ ਸਹਿਣਾ ਸਰੀਰ ਦਾ ਧਰਮ ਹੈ ਜਦੋਂ ਕਿ ਪਿਆਰ ਅਤੇ ਮੁਹੱਬਤ ਵਿੱਚ ਪੰਘਰਨਾ ਮਨ ਦਾ ਧਰਮ ਹੈ। ਹੋਣਹਾਰ ਨੇ ਹੋ ਕੇ ਰਹਿਣਾ ਹੈ ਪਰ ਸਾਡਾ ਇਹ ਮੰਨਣਾ ਹੈ ਕਿ ਨੇਕੀ ਅਤੇ ਭਲਾ ਕਰਨ ਦਾ ਮੌਕਾ ਛੇਤੀ-ਛੇਤੀ ਹੱਥ ਨਹੀਂ ਆਉਂਦਾ। ਮਾਇਆ ਦਾਸੀ ਹੈ ਅਤੇ ਸੇਵਾ ਇਸਦਾ ਧਰਮ ਹੈ।

ਭੁੱਖ ਦੇ ਤਿੱਖੇ ਦੁੱਖ ( “ਦੁਖੁ ਵਿਛੋੜਾ ਇਕੁ ਦੁਖੁ ਭੂਖ” ) ਦੇ ਜਾਣਨਹਾਰ ਨਾਨਕ ਸਾਹਿਬ ਜੀ ਨੇ ਆਖਿਆ, ਸੰਤ ਜੀ ! ਮੈਂ ਭੁੱਖ ਦੇ ਦੁੱਖ ਨੂੰ ਜਾਣਦਾ ਹਾਂ, ਸਮਝਦਾ ਹਾਂ, ਮੇਰੀ ਬੇਨਤੀ ਹੈ ਕਿ ਤੁਸੀਂ ਨਿਸ਼ਚਿੰਤ ਅਤੇ ਬੇਝਿਜਕ ਹੋ ਕੇ ਇਹ ਮਾਇਆ ਆਪਣੀ ਸਾਧ-ਮੰਡਲੀ ਦੇ ਭੁੱਖ ਦੇ ਦੁੱਖ ਨੂੰ ਦੂਰ ਕਰਨ ਲਈ ਵਰਤੋ। ਜਵਾਨੀ ਵਿੱਚ ਪੈਰ ਧਰ ਰਹੇ ਮਾਸੂਮ ਅਤੇ ਨਿਰਛੱਲ ਬਾਲਕ ਦੇ ਮੂੰਹੋਂ ਐਸੇ ਮਹਾਨ ਅਤੇ ਡੂੰਘੇ ਗਹਿਰ-ਗੰਭੀਰ ਦਾਰਸ਼ਨਿਕ ਵਿਚਾਰ ਸੁਣ ਮਹੰਤ ਸੰਤਰੇਣ ਜੋ ਕਿ ਆਪਣੇ ਸਮੇਂ ਦੇ ਬੜੇ ਪਹੁੰਚੇ ਹੋਏ ਵਿਦਵਾਨ ਅਤੇ ਬ੍ਰਹਮਵੇਤਾ ਸੰਤ ਸਨ, ਬਹੁਤ ਅਚੰਭਿਤ ਹੋਏ।

ਗਹੁ ਨਾਲ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਮਸਤਕ ਤੱਕਿਆ ਤਾਂ ਮੱਥੇ ਦਾ ਲਿਸ਼ਕਾਰਾ ਦੇਖ ਇੱਕਦਮ ਤ੍ਰਬਕ ਗਏ। ਫੇਰ ਆਪਣੇ ਆਪ ਨੂੰ ਸੰਭਾਲਦਿਆਂ ਅਤੇ ਟਿਕਾਓ ਵਿੱਚ ਲਿਆਉਂਦਿਆਂ ਬਚਨ ਕੀਤਾ, ਅੱਛਾ ਜੀਓ ! ਜੇ ਆਪ ਜੀ ਦੀ ਇਹੀ ਰਜ਼ਾਇ ਹੈ ਤਾਂ ਇਹ ਮਾਇਆ ਕਿਉਂਕਿ ਸਾਡੇ ਕਿਸੇ ਕੰਮ ਦੀ ਨਹੀਂ। ਸੋ ਤੁਸੀਂ ਸ਼ਹਿਰ ਜਾ ਕੇ ਇਸ ਦਾ ਸੀਧਾ (ਖਾਣ-ਪੀਣ ਦਾ ਸਮਾਨ) ਲਿਆਇ ਦੇਵੋ, ਅਸੀਂ ਭੋਜਨ ਬਣਾ ਕੇ ਛਕ ਲਵਾਂਗੇ।

ਸਵਾਮੀ ਸੰਤਰੇਣ ਜੀ ਦੇ ਇਹ ਬਚਨ ਸੁਣ, ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਉਨ੍ਹਾਂ ਦੇ ਅੱਗੇ ਰੱਖੇ 20 ਰੁਪਏ ਚੁੱਕੇ ਅਤੇ ਭਾਈ ਬਾਲਾ ਜੀ ਨੂੰ ਨਾਲ ਲੈ, ਨੇੜ੍ਹਲੇ ਨਗਰ ਚੂਹੜਕਾਣਾ ਚਲੇ ਗਏ। ਉਥੋਂ ਵੀਹਾਂ ਰੁਪਈਆਂ ਦਾ ਆਟਾ, ਦਾਲ, ਚਾਵਲ, ਸ਼ੱਕਰ, ਦੁੱਧ, ਘਿਓ, ਬਰਤਨ ਆਦਿ ਸਾਰਾ ਰਸਦ-ਪਾਣੀ ਖਰੀਦਿਆ ਅਤੇ ਲਿਆ ਕੇ ਸਾਧੂਆਂ ਦੇ ਹਵਾਲੇ ਕਰ ਦਿੱਤਾ।

ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਤੇਜ-ਪ੍ਰਤਾਪੀ ਮਸਤਕ, ਬੋਲ-ਵਾਣੀ ਅਤੇ ਆਚਰਣ-ਵਿਚਰਣ ਨੂੰ ਵਾਚਦਿਆਂ ਸਵਾਮੀ ਸੰਤਰੇਣ ਜੀ ਨੂੰ ਸੁੱਝ ਗਈ ਕਿ ਇਹ ਬਾਲਕ ਕੋਈ ਸਾਧਾਰਣ ਬਾਲਕ ਨਹੀਂ ਹੈ। ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਅਤੇ ਭਾਈ ਬਾਲਾ ਜੀ ਚੂਹੜਕਾਣਾ ਗਏ ਹੋਏ ਸਨ ਤਾਂ ਉਨ੍ਹਾਂ ਅੰਤਰ-ਧਿਆਨ ਹੋ ਤੱਕਿਆ ਕਿ ਇਹ ਵੱਡੇ ਲਿਸ਼ਕਾਰੇ ਵਾਲਾ ਪ੍ਰਤਿਭਾਵਾਨ ਬਾਲਕ ਤਾਂ ਪ੍ਰਤੱਖ ਰੱਬ ਹੈ, ਨਿਰੰਕਾਰ ਹੈ, ਅਕਾਲ ਰੂਪ ਪਰਮਾਤਮਾ ਹੈ। ਜਿੰਨਾ ਚਿਰ ਤੱਕ ਸ੍ਰੀ ਗੁਰੂ ਨਾਨਕ ਸਾਹਿਬ ਜੀ ਚੂਹੜਕਾਣੇ ਰਸਦਾਂ ਖਰੀਦਣ ਅਤੇ ਲਿਆਉਣ ਵਿੱਚ ਰੁੱਝੇ ਰਹੇ, ਉਤਨਾ ਚਿਰ ਮਹੰਤ ਸੰਤਰੇਣ ਜੀ ਲੰਮੀ ਅਤੇ ਡੂੰਘੀ ਸਮਾਧੀ ਵਿੱਚ ਲੀਨ ਹੋਏ ਸ੍ਰੀ ਗੁਰੂ ਨਾਨਕ ਸਾਹਿਬ ਜੀ ਵਿੱਚੋਂ ਅਕਾਲ ਰੂਪ ਪਰਮਾਤਮਾ ਨੂੰ ਨਿਹਾਰਦੇ ਰਹੇ। 

ਜਿਵੇਂ ਹੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਰਸਦਾਂ ਲੈ ਕੇ ਵਾਪਸ ਪਰਤੇ ਤਾਂ ਉਨ੍ਹਾਂ ਆਪਣੇ ਮੁੰਦੇ ਨੇਤਰ ਖੋਲ੍ਹੇ। ਸ੍ਰੀ ਗੁਰੂ ਨਾਨਕ ਸਾਹਿਬ ਵੱਲ ਨਜ਼ਰ ਦੌੜਾਈ ਤਾਂ ਕੀ ਵੇਖਦੇ ਹਨ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚਿਹਰੇ ਦਾ ਰੂਹਾਨੀ ਜਲੌਅ ਏਨਾ ਤਿੱਖਾ ਹੈ ਕਿ ਉਸ ਉੱਪਰ ਨਜ਼ਰ ਟਿੱਕ ਹੀ ਨਹੀਂ ਰਹੀ। ਜਦੋਂ ਬਹੁਤਾ ਸਮਾਂ ਚਿਹਰੇ ਦੀ ਝਾਲ ਨੂੰ ਝੱਲ ਨਾ ਸਕੇ ਤਾਂ ਬਚਨ ਕੀਤਾ, ਸਾਈਂ ਲੋਕ ! ਤੁਹਾਡਾ ਧੰਨਵਾਦ। ਹੁਣ ਤੁਸੀਂ ਜਾਓ, ਸਾਧੂ ਭੋਜਨ ਆਪੇ ਬਣਾ ਅਤੇ ਛਕ ਲੈਣਗੇ।

ਮਹਾਤਮਾ ਸੰਤਰੇਣ ਜੀ ਦੇ ਇਹ ਸੂਤਰਿਕ ਬਚਨ ਸੁਣ, ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਉਨ੍ਹਾਂ ਦੇ ਚਰਣੀਂ ਸੀਸ ਨਿਵਾਇਆ ਅਤੇ ਭਾਈ ਬਾਲਾ ਜੀ ਨਾਲ ਲੈ, ਵਾਪਸ ਆਪਣੇ ਪਿੰਡ ਤਲਵੰਡੀ ਵੱਲ ਚਾਲੇ ਪਾ ਦਿੱਤੇ। ਉਹ ਤੁਰੇ ਜਾਂਦੇ ਡਾਢੇ ਖ਼ੁਸ਼ ਅਤੇ ਸੰਤੁਸ਼ਟ ਸਨ ਕਿ ਕਈ ਦਿਨਾਂ ਦੇ ਭੁੱਖੇ ਗਿਆਨਵਾਨ ਸਾਧੂਆਂ ਦੀ ਭੁੱਖ ਦੂਰ ਕਰਨ ਦਾ ਬੰਦੋਬਸਤ ਕਰਕੇ ਅਰਥਾਤ ਲੋੜਵੰਦਾਂ ਦੀ ਮੱਦਦ ਕਰਕੇ, ਉਨ੍ਹਾਂ ਨੇ ਸੱਚਮੁੱਚ ਹੀ ਬੜਾ ਉੱਤਮ ਅਤੇ ਖਰਾ ਸੌਦਾ ਕੀਤਾ ਹੈ।

ਉਧਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਤੁਰ ਜਾਣ ਤੋਂ ਬਾਅਦ ਸੰਤਰੇਣ ਜੀ ਦੀ ਮੰਡਲੀ ਦੇ ਕੁੱਝ ਬੰਦਗੀ ਵਾਲੇ ਸਾਧੂ ਇਸ ਗੱਲੋਂ ਡਾਢੇ ਹੈਰਾਨ ਅਤੇ ਪਰੇਸ਼ਾਨ ਸਨ ਕਿ ਉਨ੍ਹਾਂ ਦੇ ਮੋਹਰੀ ਸੰਤ ਨੇ ਐਸੇ ਸੂਝਵਾਨ, ਤੇਜ-ਪ੍ਰਤਾਪੀ, ਵੈਰਾਗੀ, ਮਿੱਠਬੋਲੜੇ, ਸ਼ਰਧਾਵਾਨ ਅਤੇ ਸੇਵਾ ਭਾਵਨਾ ਵਾਲੇ ਬਾਲਕ ਨੂੰ ਇੱਕਦਮ ਏਨੀ ਛੇਤੀ ਇੱਥੋਂ ਚਲੇ ਜਾਣ ਦੀ ਆਗਿਆ ਕਿਉਂ ਦਿੱਤੀ ? ਹੈਰਾਨ-ਪਰੇਸ਼ਾਨ ਹੋਏ, ਪਹਿਲਾਂ ਤਾਂ ਉਹ ਸਾਰੇ ਸਾਧੂ ਚੁੱਪ-ਚਾਪ ਬੈਠੇ ਰਹੇ ਪਰ ਫੇਰ ਉਨ੍ਹਾਂ ਵਿੱਚੋਂ ਇੱਕ ਤੋਂ ਚੁੱਪ ਨਾ ਰਿਹਾ ਗਿਆ। ਉਹ ਹਿੰਮਤ ਅਤੇ ਹੌਂਸਲਾ ਕਰਕੇ, ਸੰਤਰੇਣ ਜੀ ਦੇ ਪਾਸ ਆਇਆ ਅਤੇ ਪੁੱਛਣਾ ਕੀਤਾ, ਸਤਿਕਾਰਤ ਸਵਾਮੀ ਜੀ ! ਤੁਸਾਂ ਉਸ ਬਹੁਤ ਪਿਆਰੇ ਤੇਜੱਸਵੀ ਬਾਲਕ, ਜਿਸਨੂੰ ਵੇਖਿਆਂ ਭੁੱਖ ਲਹਿੰਦੀ ਸੀ, ਨੂੰ ਏਨੀ ਛੇਤੀ ਤੋੜ ਕੇ ਵਿਦਾ ਕਿਉਂ ਕਰ ਦਿੱਤਾ? ਉਹ ਤਾਂ ਹਾਲੇ ਤੁਹਾਡੀ ਅਤੇ ਅਸਾਡੀ ਹੋਰ ਸੇਵਾ ਕਰਨੀ ਚਾਹੁੰਦਾ ਸੀ। 

ਸ਼ਾਂਤਚਿਤ ਸੰਤਰੇਣ ਜੀ ਨੇ ਜਵਾਬ ਦਿੱਤਾ, “ਸੁਣੋ ਅਤੀਤ ਜੀ, ਉਹ ਆਪ ਨਿਰੰਕਾਰ ਥਾ ਅਰ ਹਮਾਰੀ ਖ਼ਬਰ ਕੇ ਵਾਸਤੇ ਆਇਆ ਸੀ। ਨਿਰੰਕਾਰ ਜੀ ਨੇ ਭੇਜਿਆ ਥਾ। ਹਮ ਕੋ ਆਪਣਾ ਸੀਧਾ ਲੈਣਾ ਥਾ ਅਰ ਸੇਵਾ ਨਹੀਂ ਕਰਾਉਣੀ ਥੀ। ਉਸਕਾ ਤੇਜ ਹਮਾਰੇ ਸੇ ਸਹਾਰਿਆ ਨਹੀਂ ਜਾਤਾ ਥਾ, ਇਸ ਵਾਸਤੇ ਹਮ ਨੇ ਉਸ ਕੋ ਵਿਦਾ ਦਈ ਹੈ।” ਸਵਾਮੀ ਸੰਤਰੇਣ ਜੀ ਦੇ ਇਨ੍ਹਾਂ ਬੇਹੱਦ ਭਾਵਪੂਰਤ ਅਤੇ ਰਮਜ਼ਮਈ ਬਚਨਾਂ ਨੂੰ ਸੁਣ, ਸਾਰੇ ਸਾਧੂ ਬਹੁਤ ਪ੍ਰਸੰਨ ਅਤੇ ਤ੍ਰਿਪਤ ਹੋਏ। ਸੀਨੇ ਠੰਡ ਪੈਣ ਜਿਹਾ ਅਹਿਸਾਸ ਹੋਇਆ ਅਤੇ ਸਾਰੇ ਦੇ ਸਾਰੇ ਬੜੇ ਪ੍ਰੇਮ ਅਤੇ ਸ਼ਰਧਾ ਭਾਵ ਨਾਲ ਚੁੱਪ-ਚਾਪ ਨਾਨਕ ਨਿਰੰਕਾਰੀ ਦੁਆਰਾ ਦਿੱਤੇ ਪਰਸ਼ਾਦ ਰੂਪੀ ਰਾਸ਼ਨ (ਦਾਤਾਰ ਪਾਤਸ਼ਾਹ ਦੁਆਰਾ ਦਿੱਤੀ ਦਾਤ) ਨੂੰ ਰਿੰਨ੍ਹਣ, ਪਕਾਉਣ ਅਤੇ ਖਾਣ ਦੇ ਆਹਰ ਵਿੱਚ ਜੁੱਟ ਗਏ।

                                                                                   ਚਲਦਾ...........
                                                                                                                                           

ਜਗਜੀਵਨ ਸਿੰਘ (ਡਾ.)
ਐਸੋਸੀਏਟ ਪ੍ਰੋਫ਼ੈਸਰ,
ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ
570, ਨਰਦੀਪ ਮਾਰਗ, ਹੀਰਾ ਮਹਿਲ ਕਾਲੋਨੀ, ਨਾਭਾ, ਜ਼ਿਲ੍ਹਾ ਪਟਿਆਲਾ
ਫੋਨ: 99143-01328, Email: jsdeumgc@gmail.com


rajwinder kaur

Content Editor rajwinder kaur