ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ

6/12/2020 12:08:36 PM

(ਕਿਸ਼ਤ ਬੱਤੀਵੀਂ)

ਮਹਿਤਾ ਕਾਲੂ ਜੀ ਦਾ ਸੁਪਨਾ : ਮੇਰਾ ਪੁੱਤਰ ਸੌਦਾਗਰ ਬਣੇ

ਅੱਗੋਂ ਵੀਰ ਦੀ ਇਲਾਹੀ ਹਸਤੀ ਦੀ ਜਾਣਨਹਾਰ, ਪਿਆਰ-ਗੁੱਧੀ ਭੈਣ ਨਾਨਕੀ ਦਾ ਰਵੱਈਆ ਇਹ ਸੀ ਕਿ ਉਹ ਨਾ ਤਾਂ ਆਪ ਹੀ ਵੀਰ ਨੂੰ ਕੁੱਝ ਆਖਦੇ ਅਤੇ ਨਾ ਹੀ ਮਾਤਾ-ਪਿਤਾ ਨੂੰ ਕੁੱਝ ਆਖਣ ਦਿੰਦੇ। ਜਦੋਂ ਵੀ ਕਿਤੇ ਕੋਈ ਗੱਲ ਚੱਲਦੀ ਤਾਂ ਉਹ ਇਹੋ ਆਖ ਕੇ ਗੱਲ ਮੁਕਾ ਦਿੰਦੇ ਕਿ ਮੇਰਾ ਵੀਰ ਵੱਡਾ ਦਰਵੇਸ਼ ਹੈ, ਬਹੁਤ ਉੱਚਾ ਹੈ, ਪਿਆਰਾ ਹੈ, ਚੋਜੀ ਹੈ। ਤੁਸੀਂ ਇਸਨੂੰ ਕੁੱਝ ਨਾ ਆਖੋ। ਇਹ ਆਪੇ ਜੋ ਚਾਹੇਗਾ, ਸੋ ਕਰੇਗਾ।

ਇਸ ਪ੍ਰਕਾਰ ਦੇ ਪਰਿਵਾਰਕ ਮਾਹੌਲ ਵਿੱਚ ਸਮਾਂ ਆਪਣੀ ਚਾਲੇ ਚੱਲ ਰਿਹਾ ਸੀ। ਇੱਕ ਦਿਨ ਸੰਸਾਰੀ ਅਤੇ ਕਾਰੋਬਾਰੀ ਪਿਤਾ ਮਹਿਤਾ ਕਾਲੂ ਜੀ ਨੇ ਜਦੋਂ ਆਪਣੇ ਨਿਰੰਕਾਰੀ ਪੁੱਤਰ ਨਾਨਕ ਸਾਹਿਬ ਜੀ ਨੂੰ ਬੜੇ ਖੇੜੇ ਵਾਲੇ ਰਉਂ ਵਿੱਚ ਤੱਕਿਆ ਤਾਂ ਮਨ ਵਿੱਚ ਖ਼ਿਆਲ ਆਇਆ ਕਿ ਮੇਰਾ ਪੁੱਤਰ ਫਿਰਨ-ਤੁਰਨ ਦਾ ਵਾਹਵਾ ਸ਼ੌਕੀਨ ਹੈ। ਕਿਉਂ ਨਾ ਇਸਨੂੰ ਕਿਸੇ ਐਸੇ ਕਿੱਤੇ ਵਿੱਚ ਲਾਵਾਂ ਕਿ ਜਿੱਥੇ ਇਸਦਾ ਤੋਰਾ-ਫੇਰਾ (ਰਮਤਾਪਣ) ਵੀ ਹੁੰਦਾ ਰਹੇ ਅਤੇ ਨਾਲ ਦੀ ਨਾਲ ਵਣਜ-ਵਪਾਰ ਵੀ ਹੋ ਜਾਵੇ। ਉਨ੍ਹਾਂ ਦੇ ਤਿੱਖੇ ਕਾਰ-ਵਿਹਾਰੀ ਅਤੇ ਵਿਉਪਾਰੀ ਮਨ ਅੰਦਰ ਪੁੱਤਰ ਨੂੰ ਵਣਜਾਰਾ ਅਥਵਾ ਸੌਦਾਗਰ ਬਣਾਉਣ ਦਾ ਸੁਪਨਾ ਖੌਰੂ ਪਾਉਣ ਲੱਗਾ। 

ਵੇਖੇ ਸੁਪਨੇ ਨੂੰ ਸਾਕਾਰ ਕਰਨ ਲਈ, ਢੁੱਕਵਾਂ ਮੌਕਾ ਜਾਣਦਿਆਂ, ਉਨ੍ਹਾਂ ਨਾਨਕ ਸਾਹਿਬ ਜੀ ਨੂੰ ਪਿਆਰ ਸਹਿਤ ਪਾਸ ਬੁਲਾਇਆ। ਕੋਲ ਬਿਠਾ ਕੇ ਲਾਡ ਲਡਾਇਆ। ਉਪਰੰਤ ਸਿਰ ਪਲੋਸਦਿਆਂ ਸਮਝਾਉਣਾ ਸ਼ੁਰੂ ਕੀਤਾ, ਹੇ ਨਾਨਕ ! ਤੂੰ ਮੇਰਾ ਇੱਕੋ ਇੱਕ ਪੁੱਤਰ, ਅੱਖਾਂ ਦਾ ਚਾਨਣ, ਜਗ ਦੀ ਰੌਸ਼ਨੀ ਹੈਂ। ਤੇਰੇ ਚਾਲੇ ਹੁਣ ਤੱਕ ਅਤੀਤਾਂ ਵਾਲੇ ਰਹੇ ਹਨ। ਹੁਣ ਸ਼ੁਕਰ ਹੈ ਕਿ ਤੇਰੇ ਮਨ ਨੇ ਮੋੜਾ ਖਾਧਾ ਹੈ ਅਤੇ ਹੁਣ ਤੂੰ ਗ੍ਰਹਿਸਥੀਆਂ ਵਾਂਗ ਹੱਸਣ-ਬੋਲਣ ਅਤੇ ਵਿਚਰਣ ਲੱਗਾ ਹੈਂ। ਮੇਰਾ ਖ਼ਿਆਲ ਸੀ ਕਿ ਤੂੰ ਮੇਰਾ ਬੜਾ ਸਿਆਣਾ ਅਤੇ ਕਮਾਊ ਪੁੱਤਰ ਨਿਕਲੇਂਗਾ ਅਤੇ ਜਗ ਵਿੱਚ ਮੇਰਾ ਅਤੇ ਮੇਰੀ ਕੁੱਲ ਦਾ ਨਾਂ ਰੌਸ਼ਨ ਕਰੇਂਗਾ। 

ਤੈਨੂੰ ਸੰਸਾਰਕ ਕਾਰ-ਵਿਹਾਰ ਵਾਲੇ ਪਾਸੇ ਲਾਉਣ ਲਈ ਅੱਜ ਤੱਕ ਮੈਂ ਜਿੰਨੇ ਵੀ ਯਤਨ ਕੀਤੇ ਹਨ, ਉਹ ਸਾਰੇ ਨਿਸਫਲ ਗਏ ਹਨ ਅਤੇ ਇਸ ਕਾਰਣ ਸਮੇਤ ਮੇਰੇ ਸਾਡੇ ਸਾਰੇ ਪਰਿਵਾਰ ਦੇ ਪੱਲੇ ਨਿਰਾਸਤਾ ਅਤੇ ਜਗ-ਹਸਾਈ ਤੋਂ ਬਿਨਾਂ ਕੁੱਝ ਪੱਲੇ ਨਹੀਂ ਪਿਆ। ਹੁਣ ਜੇ ਤੂੰ ਮੇਰਾ ਕਿਹਾ ਮੰਨੇ ਅਤੇ ਵੱਡੇ-ਵਡੇਰਿਆਂ ਦੀ ਰਹੁਰੀਤਿ ’ਤੇ ਚੱਲਦਿਆਂ ਕੁੱਝ ਕੰਮ-ਕਾਰ, ਮੇਰੇ ਜਿਉਂਦੇ ਜੀਅ ਸੰਭਾਲ ਲਵੇਂ ਤਾਂ ਮੈਨੂੰ ਬਹੁਤ ਚੰਗਾ ਲੱਗੇਗਾ। ਇਸ ਪ੍ਰਕਾਰ ਦੋ ਘੜੀਆਂ ਤੱਕ, ਮਹਿਤਾ ਕਾਲੂ ਜੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਸਮਝਾਉਂਦੇ ਰਹੇ ਅਤੇ ਉਹ ਚੁੱਪ ਚਾਪ ਬੈਠੇ, ਧੀਰਜ ਨਾਲ ਸੁਣਦੇ ਰਹੇ। 

ਜਦੋਂ ਪਿਤਾ ਸ੍ਰੀ ਨੇ ਆਪਣੇ ਮਨ ਦੇ ਸਾਰੇ ਵਲਵਲੇ, ਅਰਮਾਨ, ਰੋਸ ਅਤੇ ਗੁੱਸੇ-ਗਿਲੇ ਕੱਢ ਲਏ ਅਤੇ ਮਨ ਠੰਢਾ ਹੋ ਗਿਆ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਬੋਲੇ, ਪਿਤਾ ਜੀ ! ਤੁਹਾਨੂੰ ਦੁੱਖੀ ਕਰਨ ਦਾ ਮੇਰਾ ਕਦੇ ਕੋਈ ਇਰਾਦਾ ਨਹੀਂ ਰਿਹਾ। ਅਤੀਤ ਵਿੱਚ ਜਾਣੇ-ਅਣਜਾਣੇ ਵਿੱਚ ਜੇਕਰ ਤੁਹਾਨੂੰ ਮੇਰੇ ਕਾਰਣ ਕੋਈ ਦੁੱਖ ਪਹੁੰਚਿਆ ਹੈ ਤਾਂ ਮੈਨੂੰ ਇਸਦਾ ਬੜਾ ਕਸ਼ਟ, ਅਫ਼ਸੋਸ ਅਤੇ ਖੇਦ ਹੈ। ਅਸਲੀਅਤ ਇਹ ਹੈ ਕਿ ਮੇਰੇ ਹੱਥ ਵੱਸ ਕੁੱਝ ਨਹੀਂ। ਜੋ ਕੁੱਝ ਵੀ ਹੁੰਦਾ ਹੈ, ਉਹ ਕਿਤੋਂ ਹੋਰ ਥਾਂਓਂ ਹੁੰਦਾ ਹੈ। ਫਿਰ ਵੀ “ਜੇ ਤੁਸਾਨੂੰ ਰੰਜ ਹੋਇਆ ਹੈ ਤਾਂ ਮੈਨੂੰ ਖਿਮਾ ਕਰੋ ਤੇ ਅੱਗੋਂ ਆਗਿਯਾ ਕਰੋ, ਜੋ ਸਰ ਬਣ ਆਇਆ ਮੈਂ ਕਰੂੰ, ਪਰ ਮੇਰੇ ਅਧੀਨ ਕੁਛ ਨਹੀਂ, ਮੈਂ ਆਪੂੰ ਕੁਛ ਵਿਗਾੜ ਨਹੀਂ ਕਰਾਂਗਾ।”

ਪੁੱਤਰ ਨਾਨਕ ਦੇ ਐਸੇ ਨਿਰਛੱਲ, ਸੁਹਿਰਦਤਾ ਭਰਪੂਰ ਅਤੇ ਧਰਵਾਸਮਈ ਬਚਨ ਸੁਣ ਕੇ, ਮਹਿਤਾ ਕਾਲੂ ਜੀ ਨੇ ਪਛਾਤਾ ਕਿ ਹੁਣ ਪੁੱਤਰ ਟਿਕਾਣੇ ਆ ਗਿਆ ਹੈ। ਲੋਹਾ ਤਪਿਆ ਹੈ, ਬਸ ਹੁਣ ਮੌਕੇ ਮੁਤਾਬਕ ਲੋੜੀਂਦੀ ਸੱਟ ਮਾਰਨ ਦਾ ਢੁੱਕਵਾਂ ਸਮਾਂ ਆ ਗਿਆ ਹੈ। ਗਰਦਨ ਤਿਆਰ ਹੈ, ਬਸ ਪੰਜਾਲੀ ਪਾਉਣ ਦੀ ਜ਼ਰੂਰਤ ਹੈ। ਜੇਕਰ ਹੁਣ ਮੈਂ ਇਸਨੂੰ ਕਿਸੇ ਕੰਮ ਵਿੱਚ ਫਸਾ ਦਿਆਂ ਤਾਂ ਬਹੁਤ ਵਧੀਆ ਹੋਵੇਗਾ। ਸੋ ਆਖਣ ਲੱਗੇ, ਪੁੱਤਰ ਜੀ ! ਪਾਂਧੇ ਅਤੇ ਮੁਲਾਂ ਜੀ ਪਾਸ ਪੜ੍ਹਾ-ਲਿਖਾ ਕੇ, ਖੇਤੀ ਦੇ ਕੰਮ ਵਿੱਚ ਪਾ ਕੇ ਅਤੇ ਕੋਈ ਵੱਖਰਾ ਪਿੰਡ ਵਸਾ ਕੇ, ਪਹਿਲਾਂ ਮੇਰੀ ਰੀਝ ਤੈਨੂੰ ਰਾਇ ਬੁਲਾਰ ਸਾਹਿਬ ਵਰਗਾ ਇੱਕ ਤਕੜਾ ਜ਼ਿਮੀਦਾਰ, ਰਾਇ ਜਾਂ ਰਾਠ ਬਣਾਉਣ ਦੀ ਸੀ ਪਰ ਇਹ ਗੱਲ ਬੀਤੇ ਸਮੇਂ ਦੀ ਹੈ। ਹੁਣ ਮੇਰੀ ਦਿਲੀ ਇੱਛਾ ਇਹ ਹੈ ਕਿ ਤੂੰ ਕੋਈ ਵੱਡਾ ਵਪਾਰੀ, ਕਾਰੋਬਾਰੀ, ਸੌਦਾਗਰ ਜਾਂ ਸੇਠ ਆਦਮੀ ਬਣ।

ਨਿਰਸੰਦੇਹ ਮਹਿਤਾ ਕਾਲੂ ਜੀ ਇੱਕ ਪਿਓ ਅਤੇ ਦੁਨੀਆਦਾਰ ਬੰਦੇ ਹਨ। ਇੱਕ ਪਿਤਾ ਅਤੇ ਸੰਸਾਰੀ ਮਨੁੱਖ ਹੋਣ ਦੇ ਨਾਤੇ, ਉਨ੍ਹਾਂ ਦਾ ਆਪਣੇ ਪੁੱਤਰ ਨਾਨਕ ਜੀ ਨੂੰ ਇੱਕ ਵੱਡਾ ਕਾਰੋਬਾਰੀ, ਵਪਾਰੀ ਜਾਂ ਸੌਦਾਗਰ ਬਣਾਉਣ ਬਾਰੇ ਸੋਚਣਾ, ਕੋਈ ਗ਼ਲਤ ਅਤੇ ਅਲੋਕਾਰ ਗੱਲ ਨਹੀਂ ਹੈ। ਹਰ ਦੁਨੀਆਦਾਰ ਪਿਓ ਥੋੜੇ-ਬਹੁਤ ਫ਼ਰਕ ਨਾਲ ਇਹੋ-ਕੁੱਝ ਹੀ ਸੋਚਦਾ ਅਤੇ ਕਰਦਾ ਹੈ। ਇਸੇ ਸੋਚ ਅਤੇ ਕਾਰਜ-ਸ਼ੈਲੀ ਮੁਤਾਬਕ ਪਿਤਾ ਕਾਲੂ ਜੀ ਨੇ ਉਸ ਸਮੇਂ ਦੇ ਹਿਸਾਬ ਨਾਲ ਇੱਕ ਵੱਡੀ ਰਕਮ (20 ਰੁਪਏ) ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਕੋਈ ਵਿਉਪਾਰ ਆਰੰਭ ਕਰਨ ਲਈ ਦਿੱਤੀ।

ਸ੍ਰੀ ਗੁਰੂ ਨਾਨਕ ਸਾਹਿਬ ਜੀ ਇੱਕ ਆਗਿਆਕਾਰ ਪੁੱਤਰ ਤਾਂ ਹੈ ਹੀ ਸਨ, ਹਿਸਾਬ-ਕਿਤਾਬ ਵਿੱਚ ਵੀ ਪੂਰੇ ਹੁਸ਼ਿਆਰ ਅਤੇ ਮਾਹਰ ਸਨ। ਪਰ ਸਮੱਸਿਆ ਇਹ ਸੀ ਕਿ ਅਜੇ ਤੱਕ ਕਿਸੇ ਪ੍ਰਕਾਰ ਦਾ ਵਣਜ-ਵਿਉਪਾਰ ਕਰਨ ਦਾ, ਵਸਤਾਂ ਖਰੀਦਣ-ਵੇਚਣ ਦਾ ਉਨ੍ਹਾਂ ਨੂੰ ਕੋਈ ਤਜਰਬਾ ਨਹੀਂ ਸੀ। ਸੋ ਪਿਤਾ ਵੱਲੋਂ ਦਿੱਤੀ ਰਾਸ-ਪੂੰਜੀ ਫੜਨ ਪਿਛੋਂ ਮਾਸੂਮ ਅਦਾ ਵਿੱਚ ਝਿਜਕਦਿਆਂ ਬੇਨਤੀ ਕੀਤੀ, ਪਿਤਾ ਜੀਓ ! ਤੁਹਾਡੀ ਗੱਲ ਠੀਕ ਹੈ ਪਰ ਵਣਜ-ਵਪਾਰ ਦੇ ਮਾਮਲੇ ਵਿੱਚ ਮੈਂ ਹਾਲੇ ਬਿਲਕੁਲ ਕੋਰਾ ਅਤੇ ਅਣਜਾਣ ਹਾਂ। ਇਸ ਲਈ ਦਿੱਕਤ ਆਵੇਗੀ। ਪਿਤਾ ਆਖਿਆ, ਪੁੱਤਰ ਜੀ ! ਤੁਸੀਂ ਇਸ ਗੱਲ ਦੀ ਚਿੰਤਾ ਨਾ ਕਰੋ। ਬਹੁਤ ਸਰਲ ਅਤੇ ਸੌਖਾ ਕੰਮ ਹੈ। 

ਤੁਸਾਂ ਬਸ ਕਿਸੇ ਦੂਰ-ਨੇੜ੍ਹੇ ਦੇ ਨਗਰ ਵਿੱਚ ਜਾਣਾ ਹੈ। ਉਥੋਂ ਕੁੱਝ ਵਸਤਾਂ ਸਸਤੇ ਭਾਅ ’ਤੇ ਖਰੀਦ ਕੇ ਅਗਾਂਹ ਮੁਨਾਫ਼ਾ ਲੈਂਦਿਆਂ, ਮਹਿੰਗੇ ਭਾਅ ’ਤੇ ਵੇਚ ਦੇਣੀਆਂ ਹਨ। ਮੁਨਾਫ਼ੇ ਦੀ ਖੱਟੀ ਕਮਾਈ ਨਾਲ ਹੌਲੀ-ਹੌਲੀ ਆਪਣੀ ਰਾਸ ਵਧਾਈ ਜਾਣੀ ਹੈ। ਤੇਰੇ ਮੁਨਾਫ਼ੇ ਦੇ ਹਿਸਾਬ ਨਾਲ ਮੈਂ ਵੀ ਨਾਲ-ਨਾਲ ਤੁਹਾਨੂੰ ਹੋਰ ਰਕਮ ਦਿੰਦਾ ਜਾਵਾਂਗਾ। ਇਵੇਂ ਸਹਿਜੇ-ਸਹਿਜੇ ਤੁਸੀਂ ਇਸ ਕੰਮ ਵਿੱਚ ਪ੍ਰਬੀਨ ਹੋ ਜਾਓਗੇ ਅਤੇ ਫੇਰ ਇੱਕ ਬੇਹੱਦ ਧਨਵਾਨ ਅਤੇ ਤਕੜੇ ਕਾਰੋਬਾਰੀ ਪੁਰਸ਼ ਬਣ ਜਾਓਗੇ। ਨਾਲੇ ਇਸ ਕੰਮ ਵਿੱਚ ਤੇਰੀ ਮਦਦ ਲਈ ਮੈਂ ਆਪਣਾ ਇੱਕ ਇਤਬਾਰੀ ਅਤੇ ਸਿਆਣਾ ਬੰਦਾ ਤੇਰੇ ਨਾਲ ਘੱਲਾਂਗਾ। ਤੁਸੀਂ ਕੋਈ ਫ਼ਿਕਰ ਨਹੀਂ ਕਰਨਾ।
                                                                                                          ਚਲਦਾ...........
                                                                                                                                           

ਜਗਜੀਵਨ ਸਿੰਘ (ਡਾ.)
ਐਸੋਸੀਏਟ ਪ੍ਰੋਫ਼ੈਸਰ,
ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ
570, ਨਰਦੀਪ ਮਾਰਗ, ਹੀਰਾ ਮਹਿਲ ਕਾਲੋਨੀ, ਨਾਭਾ, ਜ਼ਿਲ੍ਹਾ ਪਟਿਆਲਾ
ਫੋਨ:  99143-01328, Email: jsdeumgc@gmail.com


rajwinder kaur

Content Editor rajwinder kaur