ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ: ਲੜੀਵਾਰ ਬਿਰਤਾਂਤ

6/19/2020 3:47:01 PM

(ਕਿਸ਼ਤ ਤੇਤੀਵੀਂ)

ਸੱਚਾ ਸੌਦਾ : ਵਿਭਿੰਨ ਦ੍ਰਿਸ਼ਟੀਕੋਣ

ਪਿਤਾ ਜੀ ਦੇ ਇਹ ਸਾਰੇ ਦਿੱਲ ਅਤੇ ਹੌਂਸਲਾ ਵਧਾਊ ਬਚਨ, ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਧਿਆਨ ਨਾਲ ਸੁਣੇ। ਉਪਰੰਤ ਡੂੰਘਾ ਸਾਹ ਲੈਂਦਿਆਂ ਆਖਿਆ, ਅੱਛਾ ਪਿਤਾ ਜੀ ! ਜਿਵੇਂ ਆਖੋ, ਤਿਵੇਂ ਸਹੀ। ਨਾਨਕ ਨਿਰੰਕਾਰੀ ਨੂੰ ਸੰਸਾਰੀ, ਕਾਰੋਬਾਰੀ ਅਤੇ ਵਿਉਪਾਰੀ ਨਾਨਕ ਬਣਾਉਣ ਦੇ ਮੰਤਵ ਨਾਲ, ਪਿਤਾ ਮਹਿਤਾ ਕਾਲੂ ਜੀ ਵੱਲੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨਾਲ ਕੀਤੀ ਗਈ ਉਪਰੋਕਤ ਸਾਰੀ ਗੱਲ-ਬਾਤ ਨੂੰ ਭਾਈ ਬਾਲਾ ਵਾਲੀ ਜਨਮ ਸਾਖੀ ਅੰਦਰ ‘ਖਰਾ ਸੌਦਾ’ ਕਰਕੇ ਆਉਣ ਵਾਲੀ ਸਾਖੀ ਵਜੋਂ, ਬਿਆਨਿਆ ਗਿਆ ਹੈ।

ਅਰਥਾਤ ਸ੍ਰੀ ਗੁਰੂ ਨਾਨਕ ਸਾਹਿਬ ਜੀ ਵੱਲੋਂ 20 ਰੁਪਏ ਨਾਲ ਕੀਤੇ ਜਾਣ ਵਾਲੇ ਵਣਜ-ਵਪਾਰ ਜਾਂ ਕਾਰੋਬਾਰ ਨੂੰ ‘ਖਰਾ ਸੌਦਾ’ ਆਖਿਆ ਗਿਆ ਹੈ।

ਖਰੇ ਸੌਦੇ ਦਾ ਸੰਕਲਪ ਅਤੇ ਸਿਧਾਂਤ ਡਾਢਾ ਡੂੰਘਾ, ਬਹੁ-ਅਰਥੀ, ਮਹੱਤਵਪੂਰਣ ਅਤੇ ਕੀਮਤੀ ਹੈ। ਦੁਨੀਆਦਾਰ ਪਿਤਾ ਮਹਿਤਾ ਕਾਲੂ ਜੀ ਦੀ ਨਜ਼ਰ ਵਿੱਚ ਇਸਦਾ ਮਤਲਬ ਇਹ ਹੈ ਕਿ ਪੁੱਤਰ ਨਾਨਕ ਕੋਈ ਐਸਾ ਵਧੀਆ ਲਾਹੇਵੰਦਾ ਜਾਂ ਮੁਨਾਫ਼ੇ ਵਾਲਾ ਸੌਦਾ ਕਰੇ ਕਿ ਜਿਸ ਨਾਲ ਖਰਚ ਕੀਤੀ ਗਈ ਰਕਮ ਤੋਂ ਵੱਧ ਰਕਮ ਪ੍ਰਾਪਤ ਹੋ ਜਾਵੇ। ਦੁਨਿਆਵੀ ਵਣਜ-ਵਪਾਰ ਦੇ ਪੱਖ ਤੋਂ ਨਿਰਸੰਦੇਹ ਇਹੀ ਖਰਾ ਸੌਦਾ ਹੈ ਪਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਨਿਰਾਲੀ ਨਿਰੰਕਾਰੀ ਨਜ਼ਰ ਵਿੱਚ ਖਰਾ ਜਾਂ ਸੱਚਾ ਸੌਦਾ ਕਿਹੜਾ ਹੋਵੇਗਾ ? ਇਹ ਦਿਲਚਸਪ ਰਾਜ਼ ਬਾਅਦ ਵਿੱਚ ਖੁਲ੍ਹੇਗਾ।

ਪਿਤਾ ਦੀ ਇੱਛਾ ਪੂਰਤੀ ਨੂੰ ਮੁੱਖ ਰੱਖਦਿਆਂ, ਸ੍ਰੀ ਗੁਰੂ ਨਾਨਕ ਸਾਹਿਬ ਜੀ ਖਰਾ ਸੌਦਾ ਕਰਨ ਹਿਤ, ਘਰੋਂ ਬਾਹਰ ਜਾਣ ਲਈ ਤਿਆਰ ਹੋ ਗਏ। ਇਸ ਸਮੇਂ ਉਨ੍ਹਾਂ ਦੀ ਉਮਰ ਅੰਦਾਜ਼ਨ 13-14 ਸਾਲ ਸੀ। ਇਸ ਹਿਸਾਬ ਨਾਲ ਇਹ ਗੱਲ ਸੰਨ 1482-83 ਈਸਵੀ ਦੇ ਨੇੜ੍ਹੇ-ਤੇੜੇ ਦੀ ਹੋਵੇਗੀ। ਸ੍ਰੀ ਗੁਰੂ ਨਾਨਕ ਸਾਹਿਬ ਜੀ ਕਾਰੋਬਾਰ ਦੇ ਸਿਲਸਲੇ ਵਿੱਚ ਕਿਉਂਕਿ ਪਹਿਲੀ ਵਾਰ ਘਰੋਂ ਬਾਹਰ ਜਾ ਰਹੇ ਸਨ, ਇਸ ਲਈ ਪਿਤਾ ਸ੍ਰੀ ਨੇ ਇੱਕ ਸਾਥੀ, ਸਹਿਯੋਗੀ ਅਤੇ ਸਲਾਹਕਾਰ ਦੇ ਰੂਪ ਵਿੱਚ ਆਪਣੇ ਇੱਕ ਬਹੁਤ ਹੀ ਵਿਸ਼ਵਾਸ਼ਪਾਤਰ ਘਰੇਲੂ ਨੌਕਰ ਭਾਈ ਬਾਲਾ ਨੂੰ ਉਚੇਚੇ ਤੌਰ ’ਤੇ ਉਨ੍ਹਾਂ ਦੇ ਨਾਲ ਤੋਰਿਆ। 

ਭਾਈ ਬਾਲਾ, ਸੰਧੂ ਗੋਤ ਦੇ ਜੱਟਾਂ ਦਾ ਮੁੰਡਾ ਸੀ। ਉਨ੍ਹਾਂ ਦੇ ਪਿਤਾ ਜੀ ਦਾ ਨਾਂ ਚੰਦਰ ਭਾਨ ਸੰਧੂ ਸੀ। ਭਾਈ ਬਾਲਾ ਵਾਲੀ ਜਨਮ ਸਾਖੀ ਵਿੱਚ ਮਿਲਦੇ ਹਵਾਲੇ/ਇਸ਼ਾਰੇ ਅਨੁਸਾਰ ਭਾਈ ਬਾਲਾ ਜੀ, ਸ੍ਰੀ ਗੁਰੂ ਨਾਨਕ ਸਾਹਿਬ ਜੀ ਨਾਲੋਂ ‘ਸਿਆਣੀ’ ਭਾਵ ਵਡੇਰੀ ਉਮਰ ਦੇ ਸਨ। ਉਹ ਉਮਰ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਨਾਲੋਂ ਕਿੰਨੇ ਵੱਡੇ ਸਨ ? ਇਸ ਬਾਰੇ ਸਿੱਖ ਇਤਿਹਾਸ ਚੁੱਪ ਹੈ। ਉਪਰੋਕਤ ਮਿਲਦੇ ਹਵਾਲੇ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਉਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਸ਼ਾਇਦ ਤਿੰਨ ਜਾਂ ਚਾਰ ਸਾਲ ਵੱਡੇ ਸਨ। ਇਸ ਹਿਸਾਬ ਨਾਲ ਉਹ ਉਸ ਸਮੇਂ ਅੰਦਾਜ਼ਨ 17-18 ਵਰ੍ਹਿਆਂ ਦੇ ਸਨ।

ਪਟਵਾਰੀ ਹੋਣ ਕਰਕੇ ਮਹਿਤਾ ਕਾਲੂ ਜੀ ਦਾ ਜੱਟਾਂ ਨਾਲ ਅਤਿ ਨੇੜ੍ਹਲਾ ਸੰਬੰਧ ਅਤੇ ਸਹਿਚਾਰ ਸੀ। ਇਹੀ ਕਾਰਣ ਹੈ ਕਿ ਬਾਲਾ ਸੰਧੂ ਖੱਤਰੀ ਬੇਦੀ ਪਰਿਵਾਰ ਦਾ ਇੱਕ ਅਤਿ ਵਿਸ਼ਵਾਸ਼ਪਾਤਰ ਘਰੇਲੂ ਨੌਕਰ ਸੀ। ਘਰੇਲੂ ਨੌਕਰ ਹੋਣ ਦੇ ਨਾਤੇ ਹੀ ਉਹ ਅਕਸਰ ਬਾਹਰ-ਅੰਦਰ ਜਾਣ ਸਮੇਂ ਉਸਨੂੰ ਆਪਣੇ ਨਾਲ ਲੈ ਜਾਣ ਤੋਂ ਇਲਾਵਾ ਲੋੜ ਅਨੁਸਾਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਬਾਹਰ-ਅੰਦਰ ਜਾਣ ਵਕਤ, ਉਨ੍ਹਾਂ ਦੇ ਨਾਲ ਵੀ ਭੇਜ ਦਿਆ ਕਰਦੇ ਸਨ। ਭਾਈ ਬਾਲਾ ਜੀ ਨੇ ਯਾਤਰਾ ਲਈ ਲੋੜੀਂਦਾ ਆਪਣਾ ਅਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਸਮਾਨ ਗੱਠੜੀ ਵਿੱਚ ਬੰਨ੍ਹ, ਉਸਨੂੰ ਮਗਰ ਪਿੱਛੇ ਪਾ ਲਿਆ। ਉਪਰੰਤ ਕਮਰਕੱਸੇ ਕਰਕੇ ਚਾਲੇ ਪਾ ਦਿੱਤੇ। ਦੋਹਾਂ ਨੂੰ ਤੋਰਨ ਲਈ ਮਹਿਤਾ ਕਾਲੂ ਜੀ ਪਿੰਡ ਦੇ ਬਾਹਰ ਤੱਕ ਨਾਲ ਆਏ। ਪਿੰਡੋਂ ਬਾਹਰਵਾਰ ਜਦੋਂ ਦੋਨੋਂ ਜਣੇ ਪੱਛਮ ਦਿਸ਼ਾ ਵੱਲ ਰਵਾਨਾ ਹੋ ਗਏ ਤਾਂ ਉਹ ਮੋਹਵੱਸ ਹੋਏ, ਦੋਹਾਂ ਨੂੰ ਜਾਂਦੇ ਹੋਏ ਮੁੜ-ਮੁੜ ਵੇਖਦਿਆਂ, ਹੌਲੀ-ਹੌਲੀ ਵਾਪਸ ਘਰ ਪਰਤ ਆਏ।

ਤਲਵੰਡੀ ਤੋਂ ਪੱਛਮ ਦਿਸ਼ਾ ਵੱਲ ਚੱਲਦਿਆਂ-ਚੱਲਦਿਆਂ ਜਦੋਂ ਦੋਵੇਂ ਜਣੇ ਤਕਰੀਬਨ 12 ਕੋਹ (ਲਗਭਗ 48 ਕਿਲੋਮੀਟਰ) ਦਾ ਪੰਧ ਮੁਕਾ ਚੁੱਕੇ ਤਾਂ ਉਨ੍ਹਾਂ ਨੂੰ ਦੂਰ ਇੱਕ ਨਗਰ ਨਜ਼ਰ ਆਇਆ। ਇਹ ਨਗਰ ਚੂੜ੍ਹਕਾਣਾ ਸੀ। ਬਾਲੇ ਦੀ ਮਰਜ਼ੀ ਤਾਂ ਇਹ ਸੀ ਕਿ ਏਸ ਸ਼ਹਿਰੋਂ ਕੋਈ ਮਾਲ ਖਰੀਦ ਕੇ ਲੈ ਚੱਲਾਂਗੇ ਪਰ ਏਨੇ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਇਸ ਕਸਬੇ ਦੇ ਬਾਹਰਵਾਰ ਸਥਿਤ ਸੰਘਣੇ ਰੁੱਖਾਂ ਦੀ ਇੱਕ ਰਮਣੀਕ ਝਿੜੀ (ਝੰਗੀ) ਦਿਸ ਪਈ, ਜਿਸ ਦੇ ਵਿਚਾਲੇ ਇੱਕ ਛੰਭ ਵੀ ਸੀ। ਇਹ ਉਹੀ ਪਵਿੱਤਰ ਇਤਿਹਾਸਕ ਥਾਂ ਹੈ, ਜਿੱਥੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਕੀਤੇ ‘ਸੱਚੇ ਸੌਦੇ’ ਦੀ ਯਾਦ ਵਿੱਚ ਗੁਰਦੁਆਰਾ ਸੱਚਾ ਸੌਦਾ ਸਾਹਿਬ ਸੁਭਾਇਮਾਨ ਹੈ। ਇਹ ਗੁਰਦੁਆਰਾ ਪਾਕਿਸਤਾਨੀ ਪੰਜਾਬ ਦੇ ਜ਼ਿਲ੍ਹਾ ਸ਼ੇਖੂਪੁਰਾ ਦੇ ਇੱਕ ਨਗਰ ਚੂਹੜਕਾਣਾ, ਜਿਸਦਾ ਮੌਜੂਦਾ ਨਾਂ ਫ਼ਰੂਕਾਬਾਦ ਹੈ, ਦੀਆਂ ਦੋ ਵੱਡੀਆਂ ਆਬਾਦੀਆਂ ਦੇ ਬਿਲਕੁਲ ਵਿਚਕਾਰ ਪੈਂਦਾ ਹੈ। ਰਾਇ ਭੋਇ ਦੀ ਤਲਵੰਡੀ (ਨਾਨਕਿਆਣਾ ਸਾਹਿਬ) ਤੋਂ ਇਸ ਗੁਰਦੁਆਰਾ ਸਾਹਿਬ ਦੀ ਦੂਰੀ ਤਕਰੀਬਨ 45 ਕਿਲੋਮੀਟਰ ਹੈ।

ਰੱਬ ਦੀ ਕਰਣੀ ਕੁਦਰਤ-ਪ੍ਰੇਮੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਕਦਮ ਸ਼ਹਿਰ ਵੱਲ ਵਧਣ ਦੀ ਥਾਂ, ਆਪਮੁਹਾਰੇ ਇਸ ਝਿੜੀ ਵੱਲ ਮੁੜ ਪਏ। ਭਾਈ ਬਾਲਾ ਵੀ ਇਹ ਸੋਚਦਿਆਂ ਨਾਲ ਤੁਰ ਪਏ ਕਿ ਛਾਂਦਾਰ ਦਰਖ਼ਤਾਂ ਦੀ ਇਸ ਰਮਣੀਕ ਝਿੜੀ ਵਿੱਚਦੀ ਲੰਘਦਿਆਂ, ਸੁੰਦਰ ਬਨਸਪਤੀ ਅਤੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਂਦਿਆਂ, ਮਜ਼ੇ ਮਜ਼ੇ ਸ਼ਹਿਰ ਪਹੁੰਚ ਜਾਵਾਂਗੇ। ਜਿਵੇਂ ਹੀ ਦੋਵੇਂ ਜਣੇ ਇਸ ਸੰਘਣੀ ਝਿੜੀ ਦੇ ਅੰਦਰ ਗਏ ਤਾਂ ਕੀ ਵੇਖਦੇ ਹਨ ਕਿ ਉੱਥੇ ਰਮਤੇ ਸਾਧੂਆਂ ਦਾ ਇੱਕ ਟੋਲਾ (ਸੰਤ-ਮੰਡਲ) ਉਤਰਿਆ ਹੋਇਆ ਹੈ ਅਤੇ ਉਨ੍ਹਾਂ ਨੇ ਜੰਗਲ ਵਿੱਚ ਮੰਗਲ ਵਾਲਾ ਮਾਹੌਲ ਬਣਾਇਆ ਹੋਇਆ ਹੈ। 

ਸੰਤ ਮੰਡਲੀ ਦਾ ਮੋਹਰੀ ਮਹੰਤ ਛੰਭ ਕਿਨਾਰੇ ਮ੍ਰਿਗਸ਼ਾਲਾ ’ਤੇ ਪਦਮਾਸਣ ਵਿੱਚ ਬੈਠਾ ਹੈ। ਉਸਦੇ ਸਿਰ ’ਤੇ ਜਟਾਂ ਹਨ ਅਤੇ ਨੰਗੇ ਪਿੰਡੇ ’ਤੇ ਬਿਭੂਤ ਰਮਾਈ ਹੋਈ ਹੈ। ਅੱਗੇ ਧੂਣਾ ਤਪ ਰਿਹਾ ਹੈ। ਉਸਦੇ ਆਲੇ-ਦੁਆਲੇ ਅਨੇਕ ਸਾਧੂ ਆਪੋ-ਆਪਣੇ ਝੌਂਪੜਿਆਂ ਅੰਦਰ ਧੂਣੇ ਤਪਾਈ ਭਜਨ-ਬੰਦਗੀ ਅਤੇ ਤਪੱਸਿਆ ਕਰ ਰਹੇ ਹਨ। ਕੁੱਝ ਮੌਨ ਧਾਰਨ ਕਰਕੇ ਬੈਠੇ ਹਨ, ਕੁੱਝ ਪੋਥੀਆਂ ਦਾ ਅਧਿਐਨ ਕਰ ਰਹੇ ਹਨ ਅਤੇ ਕੁੱਝ ਜੰਗਲੀ ਜੜ੍ਹੀਆਂ-ਬੂਟੀਆਂ ਤੋਂ ਦਵਾਈਆਂ ਤਿਆਰ ਕਰ ਰਹੇ ਹਨ।

ਕੁਦਰਤ-ਪ੍ਰੇਮੀ ਹੋਣ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਮੁੱਢ ਤੋਂ ਹੀ ਵਿਦਵਾਨ ਅਤੇ ਬੰਦਗੀ ਵਾਲੇ ਸਾਧਾਂ-ਸੰਤਾਂ ਦੀ ਸੰਗਤ ਕਰਨ ਦੇ ਵੀ ਬੜੇ ਸ਼ੌਕੀਨ ਸਨ। ਸਾਧਾਂ-ਸੰਤਾਂ ਨਾਲ ਸੰਵਾਦ ਕਰਨਾ, ਗਿਆਨ-ਗੋਸ਼ਠ ਕਰਨਾ ਉਨ੍ਹਾਂ ਦਾ ਮਨ-ਭਾਉਂਦਾ ਸ਼ੌਂਕ ਸੀ। ਉਹ ਝਟਪਟ ਸਾਧੂਆਂ ਦੇ ਮੁਖੀ ਮਹੰਤ ਪਾਸ ਜਾ ਪਹੁੰਚੇ। ਸਾਦਰ ਨਮਸਕਾਰ ਕਰਕੇ, ਕੋਲ ਬਹਿ ਗਏ। ਉਨ੍ਹਾਂ ਗਹੁ ਨਾਲ ਤੱਕਿਆ ਕਿ ਸਮੇਤ ਮਹੰਤ ਸਾਰੇ ਸਾਧੂ ਲੋਕਾਂ ਦੇ ਚਿਹਰੇ ’ਤੇ ਭਾਵੇਂ ਨੂਰ ਹੈ ਪਰ ਉਹ ਸਰੀਰਕ ਪੱਖੋਂ ਕਮਜ਼ੋਰ ਹਨ ਅਤੇ ਉਨ੍ਹਾਂ ਦੇ ਸਰੀਰਾਂ ’ਤੇ ਤੇੜ ਲੰਗੋਟ ਤੋਂ ਬਿਨਾਂ ਹੋਰ ਕੋਈ ਵਸਤਰ ਵੀ ਨਹੀਂ ਹੈ। 
                                                                                              ਚਲਦਾ...........
                                                                                                                                           

ਜਗਜੀਵਨ ਸਿੰਘ (ਡਾ.)
ਐਸੋਸੀਏਟ ਪ੍ਰੋਫ਼ੈਸਰ,
ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ
570, ਨਰਦੀਪ ਮਾਰਗ, ਹੀਰਾ ਮਹਿਲ ਕਾਲੋਨੀ, ਨਾਭਾ, ਜ਼ਿਲ੍ਹਾ ਪਟਿਆਲਾ
ਫੋਨ: 99143-01328, Email: jsdeumgc@gmail.com


rajwinder kaur

Content Editor rajwinder kaur