ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਸਲਮਾਨ ਸ਼ਰਧਾਲੂ : ‘ਖ਼ਲੀਫਾ ਬੱਕਰ’

5/11/2020 11:19:31 AM

ਅਲੀ ਰਾਜਪੁਰਾ
94176-79302

ਖ਼ਲੀਫਾ ਬੱਕਰ 

ਸ੍ਰੀ ਗੁਰੂ ਨਾਨਕ ਦੇਵ ਜੀ ਉਦਾਸੀਆਂ ਦੌਰਾਨ ਜਦੋਂ ਬਗਦਾਦ ਪਹੁੰਚੇ ਤਾਂ ਪੂਰਬ ਵੱਲ ਪਹਾੜੀ ਹੇਠਾਂ ਬਿਰਾਜਮਾਨ ਹੋਏ। ਗੁਰੂ ਜੀ ਨੇ ਇਸ ਅਸਥਾਨ ਉੱਤੇ ਬੈਠ ਕੇ ਬੰਦਗੀ ਕਰਨੀ ਸ਼ੁਰੂ ਕਰ ਦਿੱਤੀ। ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਜਦੋਂ ਖ਼ਲੀਫਾ ਬੱਕਰ ਨੂੰ ਪਤਾ ਲੱਗਿਆ ਤਾਂ ਉਹ ਵੀ ਗੁਰੂ ਜੀ ਦੇ ਦਰਸ਼ਨਾਂ ਲਈ ਆਇਆ। ਖ਼ਲੀਫਾ ਬੱਕਰ, ਜੋ ਕਿ ਇਕ ਮੁਸਲਮਾਨ ਬਾਦਸ਼ਾਹ ਜੀ ਜੋ ਕਰਾਮਤਾਂ ਵਿਚ ਯਕੀਨ ਰੱਖਦਾ ਸੀ। ਖ਼ਲੀਫਾ ਦੇ ਦਾਦਾ ਜੀ ਦਾ ਨਾਂ ਖ਼ਲੀਫਾ ਵਲੀਦ ਸੀ। ਇਹ ਆਪ ਅਬਦੁੱਲ ਰਹਿਮਾਨ ਦਾ ਉਸਤਾਦ ਸੀ। ਇਸ ਦਾ ਸੁਭਾਅ ਕਠੋਰ ਸੀ ਤੇ ਇਹ ਬਗਦਾਦ ਫੇਰੀ ਪਾਉਣ ਆਏ ਫਕੀਰਾਂ-ਸਾਧੂਆਂ ਨੂੰ ਕੈਦ ਕਰ ਲੈਂਦਾ ਸੀ। ਜਦੋਂ ਇਹ ਗੁਰੂ ਜੀ ਦੇ ਕੋਲ ਦਰਸ਼ਨਾਂ ਲਈ ਆਇਆ ਤਾਂ ਗੁਰੂ ਜੀ ਨੂੰ ਕਰਾਮਾਤ ਦਿਖਾਉਣ ਲਈ ਕਹਿਣ ਲੱਗਿਆ। ਗੁਰੂ ਜੀ ਬੋਲੇ ਕਿ ਸਾਧੂ-ਸੰਤ ਨੂੰ ਕਰਾਮਾਤਾਂ ਨਹੀਂ ਦਿਖਾਉਣੀਆਂ ਚਾਹੀਦੀਆਂ, ਤੂੰ ਰੱਬ ਤੋਂ ਡਰ, ਕੈਦ ਕੀਤੇ ਸਾਧੂ ਸੰਤ ਰੱਬ ਦੇ ਬੰਦੇ ਹਨ, ਤੂੰ ਇਨ੍ਹਾਂ ਨੂੰ ਰਿਹਾਅ ਕਰ ਦੇ। ਰੱਬ ਤੈਨੂੰ ਪੁੱਤਰ ਦੀ ਦਾਤ ਬਖ਼ਸ਼ੇਗਾ। ਖ਼ਲੀਫਾ ਗੁਰੂ ਜੀ ਦੇ ਬੋਲ ਸੁਣ ਕੇ ਹੈਰਾਨ ਹੋ ਗਿਆ। ਉਸ ਦੇ ਕੈਦ ਕੀਤੇ ਸਾਧੂ-ਫ਼ਕੀਰ ਰਿਹਾਅ ਕਰ ਦਿੱਤੇ। ਉਹ ਪੱਕੇ ਤੌਰ 'ਤੇ ਗੁਰੂ ਜੀ ਦਾ ਸ਼ਰਧਾਲੂ ਬਣ ਗਿਆ। 

PunjabKesari

ਸਾਈਂ ਬੁੱਢਣ ਸ਼ਾਹ 
ਕੀਰਤਪੁਰ ਸਾਹਿਬ, ਸਤਲੁਜ ਦਰਿਆ ਦੇ ਨੇੜੇ ਇਕ ਪਹਾੜੀ 'ਤੇ ਸਾਈਂ ਬੁੱਢਣ ਸ਼ਾਹ ਨਾਂ ਦਾ ਫ਼ਕੀਰ ਰਹਿੰਦਾ ਸੀ। ਜਿਸ ਨੇ ਬੱਕਰੀਆਂ ਤੇ ਸ਼ੇਰ ਇਕੱਠੇ ਰੱਖੇ ਹੋਏ ਦੱਸੇ ਜਾਂਦੇ ਹਨ। ਉਦਾਸੀਆਂ ਕਰਨ ਵੇਲ਼ੇ ਇਨ੍ਹਾਂ ਦਾ ਮੇਲ ਗੁਰੂ ਨਾਨਕ ਦੇਵ ਜੀ ਨਾਲ ਹੋਇਆ.....। ਸਾਈਂ ਬੁੱਢਣ ਸ਼ਾਹ ਨੇ ਗੁਰੂ ਜੀ ਨੂੰ ਕਿਹਾ ਕਿ ਇਸ ਤਰ੍ਹਾਂ ਰੱਬ ਦੀ ਬੰਦਗੀ ਕਰਨੀ ਔਖੀ ਹੈ। ਬੰਦਗੀ ਲਈ ਇਕਾਂਤ-ਇਕਾਗਰਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਇੰਨਾ ਸੁਣ ਕੇ ਗੁਰੂ ਜੀ ਨੇ ਕਿਹਾ ਕਿ ਸਭ ਤੋਂ ਵੱਡੀ ਇਕਾਂਤ-ਇਕਾਗਰਤਾ ਮਨੁੱਖ ਨੂੰ ਹਰ ਘੜੀ ਆਪਣੇ ਸਾਹਾਂ ਦੇ ਨੇੜੇ ਮਹਿਸੂਸ ਕਰਨਾ ਚਾਹੀਦਾ ਹੈ, ਜਿਸ ਨਾਲ ਉਸ ਦੀ ਸੁਰਤੀ ਭੰਗ ਨਾ ਹੋਵੇ। ਸਤਿਸੰਗਤ ਕਰਨ ਨਾਲ ਜੀਵਨ ਰੂਪੀ ਫੁੱਲ ਪੱਕਦਾ ਹੈ। ਸਾਈਂ ਜੀ ਗੁਰੂ ਜੀ ਦੇ ਬਚਨਾਂ ਤੋਂ ਪ੍ਰਭਾਵਿਤ ਹੋਏ ਤੇ ਕਹਿਣ ਲੱਗੇ ਕਿ ਆਪ ਜੀ ਹਮੇਸ਼ਾ ਮੇਰੇ ਕੋਲ਼ ਰਹੋ ਤੇ ਮੈਂ ਆਪ ਜੀ ਦੀ ਸੰਗਤ ਕਰਨੀ ਲੋਚਦਾ ਹਾਂ। 
ਜਦੋਂ ਸਾਈਂ ਜੀ ਨੇ ਗੁਰੂ ਜੀ ਨੂੰ ਪੀਣ ਲਈ ਦੁੱਧ ਭੇਂਟ ਕੀਤ ਤਾਂ, ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ, ''ਇਹ ਸਾਡੀ ਅਮਾਨਤ ਹੈ ਅਸੀਂ ਫੇਰ ਛਕਾਂਗੇ...।'' ਸਮਾਂ ਪਾ ਕੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕੀਰਤਪੁਰ ਪਹੁੰਚੇ ਤਾਂ ਬੁੱਢਣ ਸ਼ਾਹ ਬੰਦਗੀ ਵਿਚ ਲੀਨ ਸਨ। ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਕਿਰਾ, ''ਸਾਈਂ ਜੀ ਨੇਤਰ ਖੋਲ੍ਹੋ..।'' ਸਾਈਂ ਜੀ ਗੁਰੂ ਜੀ ਨੂੰ ਸਾਹਮਣੇ ਖੜ੍ਹਾ ਦੇਖ ਬਹੁਤ ਖ਼ੁਸ਼ ਹੋਏ। ਸਾਈਂ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਸੰਭਾਲੀ ਅਮਾਨਤ ਦੁੱਧ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਛਕਾਇਆ। ਸਾਈਂ ਜੀ ਦੀ ਉਸ ਜਗ੍ਹਾ ਕਬਰ ਅੱਜ ਵੀ ਮੌਜੂਦ ਹੈ। 


rajwinder kaur

Content Editor rajwinder kaur