ਜਨਮ-ਸਾਖੀ ਸਾਹਿਤ : ਸਾਖੀ ਰਾਇ ਬੁਲਾਰ ਖਾਨ ਸਾਹਿਬ ਜੀ ਦੀ

6/9/2019 11:30:01 AM

ਕਾਲਮ  : ਜਨਮ-ਸਾਖੀ ਸਾਹਿਤ 
ਭਾਗ - 6


ਭਾਈ ਮਰਦਾਨੇ ਨੇ ਕਿਹਾ- ਬਾਬਾ ਜੀ ਰਾਇ ਸਾਹਿਬ ਬਹੁਤ ਯਾਦ ਕਰਦੇ ਹਨ। ਉਨ੍ਹਾਂ ਘਲਿਆ ਹੈ ਮੈਨੂੰ। ਦੀਦਾਰ ਲਈ ਅਰਜ਼ ਗੁਜ਼ਾਰੀ ਹੈ। ਬਾਬਾ ਜੀ ਚੁਪ ਕਰ ਗਏ। ਫਿਰ ਕਿਹਾ, ''ਠੀਕ ਹੈ। ਚਲਦੇ ਹਾਂ।'' ਭਾਈ ਲਾਲੋ ਨੇ ਕਿਹਾ- ਬਾਬਾ ਤੁਸੀਂ ਇਕ ਮਹੀਨਾ ਅਸਾਂ ਪਾਸ ਰਹਿਣ ਦਾ ਬਚਨ ਕੀਤਾ ਸੀ। ਅਜੇ ਪੱਚੀ ਦਿਨ ਹੋਏ ਹਨ। ਬਾਬਾ ਜੀ ਨੇ ਕਿਹਾ, ''ਪੰਜ ਦਿਨ ਬਕਾਏ ਦੇ ਰਹੇ ਅਸਾਂ ਸਿਰ। ਫੇਰ ਰਹਾਂਗੇ। ਹੁਣ ਜਾਣਾ ਪਵੈਗਾ।'' ਭਾਈ ਲਾਲੋ ਨੇ ਕਿਹਾ, ''ਜੀ ਤਕੜਿਆਂ ਅਗੈ ਕੀ ਜੋਰ। ਜੋ ਰਜਾਇ।'' ਬਾਬਾ ਜੀ ਨੇ ਵਿਦਾਇਗੀ ਮੰਗੀ ਤੇ ਅਸੀਸਾਂ ਦੇ ਕੇ ਪਿੰਡ ਦਾ ਰੁਖ ਕੀਤਾ। ਆਪਣੇ ਘਰ ਨਹੀਂ ਗਏ। ਰਾਇ ਦੀ ਹਵੇਲੀ ਪੁੱਜੇ। ਰਾਇ ਦੀਵਾਨ ਉਪਰ ਬੈਠੇ ਸਨ। ਉਮਰ ਵਧੀਕ ਹੋ ਗਈ ਸੀ। ਮਹਾਰਾਜ ਨੂੰ ਦੇਖਦਿਆਂ ਦੀਵਾਨ ਤੋਂ ਉਠਣ ਦਾ ਯਤਨ ਕਰਨ ਲੱਗੇ ਪਰ ਉਠਿਆ ਨਾ ਗਿਆ। ਬਾਬਾ ਜੀ ਤੇਜ਼ ਕਦਮੀ ਅਗੇ ਆਏ ਤੇ ਰਾਇ ਬੁਲਾਰ ਜੀ ਦੇ ਗੋਡਿਆਂ ਉਪਰ ਦੋਵੇਂ ਹੱਥ ਰੱਖੇ। ਰਾਇ ਨੇ ਕਿਹਾ, ''ਬਾਬਾ ਵੱਡਾ ਜੁਲਮ ਕੀਤੋ ਮੈਂ ਉਪਰ। ਤੁਸਾਂ ਨੂੰ ਸੱਦਿਆ ਸੀ, ਜੋ ਕਦਮ ਚੁੰਮਾਂ। ਸਾਡੀ ਦੇਹ ਨੂੰ ਹੱਥ ਕਿਉਂ ਲਾਇਆ ਬਾਬਾ। ਸਾਨੂੰ ਮਾਰ ਨਾਂਹ।'' 

ਮਹਾਰਾਜ ਨੇ ਫੁਰਮਾਇਆ, ''ਰਾਇ ਜੀ ਤੁਸੀਂ ਵੱਡੇ ਹੋ। ਅਸੀਂ ਤੁਹਾਡੀ ਪਰਜਾ ਹਾਂ।'' ਰਾਇ ਬੋਲੇ, ''ਬਾਬਾ ਮੈਨੂੰ ਤੂੰ ਬਖਸ਼। ਅਰ ਕਰਤਾਰ ਤੋਂ ਬੀ ਬਖਸ਼ਾ।'' ਗੁਰੂ ਬਾਬੇ ਬੋਲੇ, ''ਤੁਸੀਂ ਧੁਰੋਂ ਬਖਸੇ ਹੋਏ ਹੋ।'' ਰਾਇ ਨੇ ਫਿਰ ਕਿਹਾ, ''ਮੈਂ ਉਪਰ ਆਪਣੀ ਬੀ ਕੁਛ ਮਿਹਰਬਾਨੀ ਕਰ ਬਾਬਾ ਜਾਂ ਫਿਰ ਇਹ ਦਸ ਮੈਂ ਮਿਹਰਬਾਨੀ ਦਾ ਹੱਕਦਾਰ ਨਹੀਂ।'' ਬਾਬੇ ਫਰਮਾਇਆ, ''ਰਾਇ ਜੀ ਜਿਥੈ ਅਸੀਂ ਤਿਥੈ ਤੁਸੀਂ।'' ਰਾਇ ਨੇ ਕਿਹਾ, ''ਰੀਝ ਪੂਰੀ, ਤਾਂ ਹੋਵੈ ਬਾਬਾ ਜੇ ਮੱਥਾ ਕਦਮਾਂ ਉਪਰ ਰੱਖਣ ਦੀ ਇਜਾਜ਼ਤ ਮਿਲੇ।'' ਰਾਇ ਬਹੁਤ ਅਧੀਰ ਹੋਇਆ ਤਾਂ ਬਾਬੇ ਦੀ ਆਗਿਆ ਨਾਲ ਸਿਰ ਕਦਮਾਂ ਤੇ ਰੱਖਿਆ ਅਰ ਬਹੁਤ ਬਿਗਸਿਆ। ਬਾਬੇ ਨੇ ਅਸੀਸਾਂ ਦਿੱਤੀਆਂ। ਫਿਰ ਰਾਏ ਨੇ ਹਮੀਦੇ ਨੌਕਰ ਨੂੰ ਬੁਲਾਇਆ ਤੇ ਕਿਹਾ, ''ਸੁਧੇ ਬਾਹਮਣ ਨੂੰ ਬੁਲਾ ਲਿਆ। ਕਮਾਲ ਖਾਣਾ ਉਹੋ ਬਣਾ ਸਕਦਾ ਹੈ।'' ਹਮੀਦਾ ਗਿਆ ਤਾਂ ਪੁੱਛਿਆ, ''ਦਸੋ ਬਾਬਾ ਜੀ ਕੀ ਛਕਣਾ ਹੈ।'' ਬਾਬਾ ਜੀ ਨੇ ਕਿਹਾ, ''ਕਰਤਾਰ ਜੋ ਭੇਜਦਾ ਹੈ ਖਾ ਲੈਂਦੇ ਹਾਂ।'' ਰਾਇ ਨੇ ਪੁੱਛਿਆ, ''ਆਗਿਆ ਹੋਵੇ ਤਾਂ ਬੱਕਰਾ ਬਣਾ ਲਈਏ?'' ਬਾਬਾ ਜੀ ਨੇ ਕਿਹਾ, ''ਪੁੱਛਣ ਦੱਸਣ ਫਰਮਾਇਸ਼ਾਂ ਦੀ ਕੀ ਲੋੜ ਇਥੇ। ਖੁਸ਼ ਹੋ ਕੇ ਜੋ ਖੁਆਓਗੇ ਖਾਵਾਂਗੇ। ਜੋ ਤੁਸਾਂ ਨੂੰ ਭਾਵੇ ਸੋਈ ਅਸਾਂ ਲਈ ਅੱਛਾ ਹੈ।'' ਰਾਇ ਨੇ ਰਸੋਈਏ ਨੂੰ ਕਿਹਾ, ''ਪਹਿਲੋਂ ਮਿੱਠਾ ਬਣਾਉ। ਸਲੂਣਾ ਬਾਅਦ ਵਿਚ ਛਕਾਂਗੇ।'' ਇਹ ਪ੍ਰਸੰਗ ਭਾਈ ਬਾਲੇ ਜੀ ਦੀ ਸਾਖੀ ਵਿਚੋਂ ਹੈ। ਮਾਤਾ ਪਿਤਾ ਇਸ ਹਵੇਲੀ ਵਿਚ ਮਿਲ ਕੇ ਚਲੇ ਗਏ। 

ਰਾਇ ਬੁਲਾਰ ਨੇ ਸਾਰੀ ਉਮਰ ਬਾਬਿਆਂ ਦੇ ਨਾਮ ਦਾ ਸਿਮਰਨ ਕੀਤਾ। ਆਪਣੇ ਮੇਲੀਆਂ- ਜੋਲੀਆਂ, ਸਬੰਧੀਆਂ ਨਾਲ ਗੱਲਾਂ-ਬਾਤਾਂ ਕਰਦਿਆਂ ਆਖ ਦਿੰਦੇ, ''ਯਾਰੋ! ਕੌਣ 13 ਹੈ ਖੁਸ਼ਕਿਸਮਤ ਆਲਮ ਵਿਚ ਸਾਡੇ ਜਿਹਾ? ਅਸਾਂ ਉਹ ਕੁੱਝ ਦੇਖ ਲਿਆ ਜੋ ਦੇਖਣ ਲਈ ਜੰਗਲਾਂ ਵਿਚ ਤਪ ਕਰਦਿਆਂ ਉਮਰਾਂ ਬੀਤਦੀਆਂ ਹਨ, ਫਿਰ ਵੀ ਨਸੀਬ ਨਹੀਂ ਹੁੰਦਾ। ਬੈਠੇ ਬਠਾਏ ਅਸੀਂ ਕੇਹੇ ਧਨੀ ਹੋ ਗਏ ਬਿਨਾ ਕੁੱਝ ਕੀਤਿਆਂ ਕਰਾਇਆਂ। ਆਪਣੀ ਮਰਜ਼ੀ ਨਾਲ ਮਿਹਰਬਾਨ ਹੋ ਕੇ ਦੋਸਤਾਂ ਵਾਂਗ ਖੁਦਾਵੰਦ ਸਾਹਮਣੇ ਡੱਠੀ ਮੰਜੀ ਉਪਰ ਬੈਠ ਜਾਇਆ ਕਰਦਾ ਸੀ। ਰਸ਼ਕ ਕਰਨਗੇ ਜ਼ਮਾਨੇ। ਕੀ ਸੀ ਸਾਡੇ ਪਾਸ ਉਸ ਵਾਸਤੇ? ਖਿਦਮਤ ਸੀ ਇਕ, ਜੋ ਅਸਾਂ ਦਿਲੋਂ ਕੀਤੀ। ਇਸ ਗਰੀਬ ਸਾਦਿਕ (ਸਿਦਕਵਾਨ) ਪਾਸ ਹੋਰ ਕੱਖ ਨਹੀਂ ਸੀ। ਉਸ ਪਾਸ ਸਭ ਕੁੱਝ। ਉਹ ਚੰਦ ਤਾਰਿਆਂ ਦਾ ਮਾਲਕ।'' ਇਕ ਦਿਨ ਰਾਇ ਜੀ ਨੇ ਕਿਹਾ, ''ਬਾਬਾ, ਤੁਸਾਂ ਦੇ ਮਾਪੇ ਬਿਰਧ ਹੋ ਗਏ ਹਨ। ਪਤਾ ਨਹੀਂ ਕਿੰਨਾਂ ਕੁ ਚਿਰ ਹੋਰ ਹਨ। ਤੁਸੀਂ ਮੁੱਦਤਾਂ ਬਾਅਦ ਪਰਤਦੇ ਹੋ। ਮਾਪਿਆਂ ਨੂੰ ਮਿਲਣ ਲਈ ਆਉਂਦੇ ਸਉ ਤਾਂ ਅਸਾਂ ਨੂੰ ਭੀ ਦੀਦਾਰ ਨਸੀਬ ਹੋ ਜਾਂਦੇ। ਮਾਤਾ ਪਿਤਾ ਨਾ ਰਹੇ ਤਾਂ ਕਿਸ ਵਾਸਤੇ ਨਿਮਾਣੀ ਤਲਵੰਡੀ ਵਿਚ ਆਉਣਾ ਹੈ ਤੁਸੀਂ। ਫੇਰ ਅਸੀਂ ਕੀ ਕਰਾਂਗੇ।'' ਬਾਬਾ ਜੀ ਹੱਸ ਪਏ। ਕਿਹਾ, ''ਅਨਜਾਣ ਨਾ ਬਣੋ ਰਾਇ ਜੀ। ਹੋਰ ਕਿਸੇ ਨੂੰ ਪਤਾ ਹੋਵੇ ਨਾ ਹੋਵੇ। ਤੁਸਾਂ ਨੂੰ ਪਤਾ ਹੈ ਸਭ। ਤੁਸਾਂ ਨੂੰ ਮਿਲਣ ਆਂਵਦਾ ਮਾਪਿਆਂ ਨੂੰ ਭੀ ਮਿਲ ਜਾਂਦਾ। ਪਿਤਾ ਮੁਤਾਬਕ ਤਾਂ ਉਨ੍ਹਾਂ ਦਾ ਨਾਮ ਰੋਲਣ ਲਈ ਜੰਮਿਆਂ ਸੀ ਨਾਨਕ।'' 

ਰਾਇ ਨੇ ਕਿਹਾ, ''ਜੀ ਹੁਣ ਕਈ ਮਹੀਨੇ ਨਹੀਂ ਜਾਣ ਦੇਣਾ ਤੁਸਾਂ ਨੂੰ। ਸਾਡੀ ਅਰਜ਼ ਮੋੜਨੀ ਨਾਂਹ।'' ਬਾਬਾ ਜੀ ਨੇ ਕਿਹਾ, ''ਕੀ ਕਰਾਂਗੇ ਰਹਿ ਕੇ। ਇਸਨਾਨ ਕਰਨ ਵਾਸਤੇ ਪਾਣੀ ਨਹੀਂ ਲਭਦਾ ਇਥੇ। ਛੱਪੜ ਵੀ ਸੁੱਕਿਆ ਪਿਆ ਹੈ। ਦਰਿਆਵਾਂ ਸਮੁੰਦਰਾਂ ਦੇ ਦੋਸਤ ਇਥੇ ਨਹੀਂ ਰਹਿਣਗੇ। ਤਲਵੰਡੀ ਤੁਸਾਂ ਨੂੰ ਮੁਬਾਰਕ।'' ਰਾਇ ਨੇ ਕਿਹਾ, ''ਚਾਰ ਕੂੰਟਾਂ ਵਿਚ ਬਾਬਾ ਚਾਰ ਖੂਹ ਖੁਦਵਾਇ ਦੇਸਾਂ। ਅਰ ਚਲਵਾਇ ਦੇਸਾਂ ਸਦਾਬਰਤ ਲੰਗਰ ਤੁਸਾਂ ਦੇ ਮੁਬਾਰਕ ਹੱਥਾਂ ਦੀ ਛੁਹ ਨਾਲ। ਟਿਕਾਣਾ ਕਰਨ ਲਈ ਹਾਂ ਤਾਂ ਕਰੋ ਇਕ ਬਾਰ।'' ਬਾਬਾ ਜੀ ਨੇ ਕਿਹਾ, ''ਲੰਗਰ ਤਾਂ ਚਲੇਗਾ ਰਾਇ ਜੀ ਪਰ ਕਿਸੇ ਹੋਰ ਬਿਧ ਨਾਲ।'' ਗੁਰੂ ਜੀ ਨੇ ਫ਼ੈਸਲਾ ਕੀਤਾ ਕਿ ਅਗਲੀ ਯਾਤਰਾ ਉਤੇ ਜਾਣ ਤੋਂ ਪਹਿਲੋਂ ਰਾਇ ਜੀ ਨੂੰ ਵਿਦਾ ਕਰਕੇ ਜਾਵਾਂਗੇ। ਸੰਨ 1515 ਈਸਵੀ ਵਿੱਚ ਆਪਣੇ ਹੱਥੀਂ ਮਹਾਰਾਜ ਨੇ ਅਸੀਸਾਂ ਦੇ ਕੇ ਸੰਸਾਰ ਵਿਚੋਂ ਰਾਇ ਬੁਲਾਰ ਖਾਨ ਨੂੰ ਤੋਰਿਆ।

ਸਾਖੀਕਾਰ ਇਥੇ ਸਾਖੀ ਖ਼ਤਮ ਕਰ ਦਿੰਦਾ ਹੈ। ਉਹ ਕਿਹੜੀ ਵਿਧੀ ਹੈ ਜਿਸ ਨਾਲ ਲੰਗਰ ਚਲੇਗਾ, ਨਹੀਂ ਦੱਸੀ। ਪਰ ਅਖੀਰ ਵਿਚ ਇਸ ਭੇਦ ਦਾ ਪਤਾ ਲਗਦਾ ਹੈ। ਜਦੋਂ ਭਾਈ ਮਰਦਾਨਾ ਜੀ ਦਾ ਅਫ਼ਗਾਨਿਸਤਾਨ ਦੇ ਦਰਿਆ 'ਕੁੱਰਮ' ਕਿਨਾਰੇ ਦੇਹਾਂਤ ਹੋ ਗਿਆ ਤਾਂ ਮਹਾਰਾਜ ਵਾਪਸ ਤਲਵੰਡੀ ਪਿੰਡ ਪਰਤੇ। ਫਿਰ ਯਾਤਰਾਵਾਂ ਤੇ ਨਹੀਂ ਗਏ। ਕਰਤਾਰਪੁਰ ਵਸਾ ਕੇ ਹਲ ਵਾਹਿਆ। ਖੇਤੀ ਕੀਤੀ। ਉਦੋਂ ਤਕ ਮਾਪੇ ਤੇ ਰਾਇ ਬੁਲਾਰ ਸਾਹਿਬ ਸੰਸਾਰ ਤੋਂ ਵਿਦਾ ਹੋ ਚੁਕੇ ਸਨ। ਜਿਹੜੀ ਫ਼ਸਲ ਹੋਈ, ਉਹ ਸਾਰੀ ਲੰਗਰ ਵਿਚ ਪਾ ਕੇ ਅਰਦਾਸ ਕੀਤੀ। ਸਿਖਾਂ ਨੂੰ 'ਦਸਵੰਧ' ਕੱਢਣ ਦਾ ਹੁਕਮ ਹੈ। ਬਾਬਾ ਜੀ ਨੇ ਸਾਰੀ ਫ਼ਸਲ 14 ਨਾਲ ਲੰਗਰ ਆਰੰਭਿਆ। ਦੱਸਣਾ ਸੀ ਕਿ ਕਿਰਤ ਸਰਬੋਤਮ ਹੈ। ਦੱਸਣਾ ਸੀ ਕਿ ਬਾਬਾ ਜੀ ਦੀ ਸਾਰੀ ਕਮਾਈ ਸਾਰੀ ਕਾਇਨਾਤ ਵਾਸਤੇ ਹੈ। ਕੇਵਲ ਬਾਣੀ ਨਹੀਂ, ਰਿਜ਼ਕ ਵੀ। ਲੋਕ ਸਾਰੀ ਉਮਰ ਕਿਰਤ ਕਰਦੇ ਹਨ, ਅਖੀਰ ਬੁਢੇਪੇ ਵਿਚ ਰੱਬ ਦਾ ਨਾਮ ਜਪਦੇ ਹਨ। ਗੁਰੂ ਬਾਬੇ ਨੇ ਦੁਨੀਆਂ ਤੋਂ ਉਲਟ ਕੀਤਾ। ਜੁਆਨ ਉਮਰ ਨਾਮ ਜਪਿਆ। ਬੁਢੇਵਾਰੇ ਖੇਤ ਵਾਹੇ, ਬੀਜੇ, ਵੱਢੇ। ਸਾਰੀ ਉਮਰ ਵਿਚ ਇਕ ਵੀ ਮਿਸਾਲ ਅਜਿਹੀ ਨਹੀਂ ਮਿਲਦੀ ਕਿ ਬਾਬਾ ਜੀ ਨੇ ਜੇਬ ਵਿਚ ਪੈਸੇ ਸੰਭਾਲੇ ਹੋਣ। 


rajwinder kaur

Edited By rajwinder kaur