ਆਪੁ ਗਵਾਈਐ ਤਾ ਸਹੁ ਪਾਈਐ: ਨਾਨਕ ਦੀਵਾਨਾ ਹੋ ਗਿਆ।।

9/19/2019 10:06:50 AM

(ਕਿਸ਼ਤ ਉਨ੍ਹੀਵੀਂ)
ਆਪੁ ਗਵਾਈਐ ਤਾ ਸਹੁ ਪਾਈਐ: ਨਾਨਕ ਦੀਵਾਨਾ ਹੋ ਗਿਆ।।


ਮਹਿਤਾ ਕਾਲੂ ਜੀ ਚਾਹੁੰਦੇ ਸਨ ਕਿ ਮੇਰਾ ਪੁੱਤਰ ਕਿਸੇ ਤਰੀਕੇ, ਫਕੀਰੀ ਰੰਗ 'ਚੋਂ ਬਾਹਰ ਆਵੇ। ਅੰਤਰਮੁੱਖਤਾ ਤਿਆਗ ਬਾਹਰਮੁੱਖੀ ਬਣੇ ਪਰ ਉਨ੍ਹਾਂ ਦੀ ਚਾਹਤ ਦੇ ਐਨ ਉਲਟ ਹਾਲਾਤ ਇਹ ਸਨ ਕਿ ਨਾਨਕ ਸਾਹਿਬ 'ਤੇ ਚੜ੍ਹਿਆ ਪ੍ਰਭੂ-ਪ੍ਰੇਮ/ਫਕੀਰੀ ਦਾ ਰੰਗ ਦਿਨ-ਬਦਿਨ ਸਗੋਂ ਹੋਰ ਤਿੱਖਾ, ਡੂੰਘਾ ਅਤੇ ਗਾੜ੍ਹਾ ਹੁੰਦਾ ਜਾ ਰਿਹਾ ਸੀ। ਉਹ ਅੱਠੇ ਪਹਿਰ ਅਕਾਲ ਪੁਰਖ ਪਰਮਾਤਮਾ ਦੇ ਰੰਗ 'ਚ ਰੰਗੇ ਰਹਿੰਦੇ ਸਨ। ਆਪ ਜੁੜੇ ਰਹਿਣ ਅਤੇ ਸਾਰੇ ਜਗਤ ਦੇ ਜੀਵਾਂ ਨੂੰ ਪ੍ਰਭੂ ਨਾਲ ਜੋੜਨ ਨੂੰ ਉਨ੍ਹਾਂ ਨੇ ਆਪਣੀ ਜਿੰਦਗੀ ਦਾ ਪਰਮ ਟੀਚਾ ਮਿੱਥਿਆ ਹੋਇਆ ਸੀ। ਸੱਪ ਵਲੋਂ ਚਿਹਰੇ ਉੱਪਰ ਛਾਂ ਕਰਨ ਦੀ ਘਟਨਾ ਤੋਂ ਬਾਅਦ, ਅਗਲੇ ਕੁੱਝ ਦਿਨਾਂ ਤੱਕ ਨਾਨਕ ਸਾਹਿਬ ਮੱਝੀਆਂ ਚਾਰਨ ਦਾ ਕਾਰਜ ਕਰਦੇ ਰਹੇ। ਫਿਰ ਅਚਾਨਕ ਇਕ ਦਿਨ ਪ੍ਰਭੂ ਬੰਦਗੀ 'ਚ ਏਨੇ ਜ਼ਿਆਦਾ ਮਖਮੂਰ ਅਤੇ ਲਿਵਲੀਨ ਹੋਏ ਕਿ ਮੱਝਾਂ ਛੇੜਨ ਦਾ ਕੰਮ ਬੰਦ ਹੋ ਗਿਆ।
ਰਾਤ-ਦਿਨ ਘਰ ਦੇ ਕਿਸੇ ਕੋਨੇ 'ਚ ਏਕਾਂਤ ਅਵਸਥਾ 'ਚ ਅੱਖਾਂ ਮੁੰਦ ਕੇ, ਚੌਂਕੜਾ ਮਾਰ ਕੇ ਧਿਆਨ-ਮਗਨ ਬੈਠੇ ਰਹਿੰਦੇ ਜਾਂ ਲੰਮੇ ਪਏ ਰਹਿੰਦੇ। ਸੁੱਧ-ਬੁੱਧ ਵਿਸਾਰ ਆਪਣੇ ਆਪ'ਚ ਗਵਾਚੇ ਰਹਿੰਦੇ, ਮਸਤ ਰਹਿੰਦੇ। ਅਵਸਥਾ ਇਕ ਪ੍ਰਕਾਰ ਨਾਲ‘'ਆਪ ਗਵਾਈਐ ਤਾ ਸਹੁ ਪਾਈਐ' ਵਾਲੀ ਹੋ ਗਈ। ਕਿਸੇ ਨਾਲ ਕੋਈ ਗੱਲ-ਬਾਤ ਨਾ ਕਰਦੇ। ਧਿਆਨ ਮਗਨਤਾ ਏਨੀ ਵਧੀ ਕਿ ਖਾਣਾ-ਪੀਣਾ ਅਤੇ ਪਹਿਨਣਾ-ਪਚਰਨਾ ਵੀ ਵਿਸਰ ਗਿਆ। ਕਦੇ-ਕਦੇ ਜਦੋਂ ਕੋਈ ਲਹਿਰ ਆਉਂਦੀ, ਮਸਤੀ ਦੀ ਕਾਂਗ ਚੜ੍ਹਦੀ ਤਾਂ ਉੱਚੀ ਆਵਾਜ਼ 'ਚ ਕੋਈ ਗੀਤ (ਸ਼ਬਦ) ਗਾਉਂਦੇ। ਉਪਰੰਤ ਫੇਰ ਡੂੰਘੀ ਖਾਮੋਸ਼ੀ ਛਾ ਜਾਂਦੀ। ਕਈ ਦਿਨਾਂ ਤੱਕ ਜਦੋਂ ਇਹੀ ਅਵਸਥਾ ਬਣੀ ਰਹੀ ਤਾਂ ਘਰ ਅੰਦਰ ਮਾਹੌਲ ਸੋਗ ਵਾਲਾ ਹੋ ਗਿਆ। ਪਿੰਡ 'ਚ ਚਰਚਾ ਚੱਲ ਪਈ ਕਿ ਮਹਿਤੇ ਦਾ ਪੁੱਤਰ ਨਾਨਕ ਦੀਵਾਨਾ ਹੋ ਗਿਆ ਹੈ, ਕਮਲਾ-ਰਮਲਾ ਹੋ ਗਿਆ ਹੈ।|ਫਕੀਰੀ ਅਤੇ ਬੇਨਿਆਜ਼ੀ ਦਾ ਭਾਵ ਉਸ ਅੰਦਰ ਏਨਾ ਘਰ ਕਰ ਗਿਆ ਹੈ ਕਿ ਉਹ ਹੁਣ ਕਿਸੇ ਵੇਲੇ ਵੀ ਘਰ-ਬਾਰ ਤਿਆਗ, ਸੰਨਿਆਸੀ ਹੋ ਸਕਦਾ ਹੈ।|
ਪੁੱਤਰ ਦੀ ਗਹਿਰੀ ਉਪਰਾਮਤਾ ਨੂੰ ਵੇਖਦਿਆਂ ਅਤੇ ਲੋਕਾਂ ਦੀ ਚਰਚਾ ਨੂੰ ਸੁਣਦਿਆਂ ਮਾਪੇ ਡਾਢੇ ਦੁੱਖੀ ਅਤੇ ਫਿਕਰਮੰਦ ਹੋਏ। ਪਹਿਲਾਂ ਮਾਤਾ ਤ੍ਰਿਪਤਾ ਜੀ ਨੇ ਕੋਲ ਬੈਠ ਪਿਆਰ ਨਾਲ ਸਮਝਾਇਆ। ਇਥੋਂ ਤੱਕ ਆਖਿਆ ਕਿ ਤੂੰ ਕੰਮ ਚਾਹੇ ਕੋਈ ਨਾ ਕਰ ਪਰ ਦਿਲਗੀਰੀ ਛੱਡ, ਚੁੱਪ-ਚਾਪ ਰਹਿਣਾ ਛੱਡ, ਉੱਠ, ਤੁਰ-ਫਿਰ, ਖੇਡ-ਮੱਲ, ਖਾ-ਪੀ। ਅਸੀਂ ਤੈਨੂੰ ਇਵੇਂ ਚੁੱਪ-ਚਾਪ ਅਤੇ ਉਦਾਸ ਬੈਠਾ ਨਹੀਂ ਵੇਖ ਸਕਦੇ। ਨਾਨਕ ਸਾਹਿਬ ਆਪਣੇ ਮਾਪਿਆਂ ਦਾ ਦਿੱਲ ਨਹੀਂ ਸਨ ਦੁਖਾਉਣੇ ਚਾਹੁੰਦੇ ਪਰ ਰੱਬ ਦੀ ਬੰਦਗੀ ਨਹੀਂ ਸਨ ਛੱਡ ਸਕਦੇ। ਮਾਂ ਦੁਆਰਾ ਸਮਝਾਉਣ 'ਤੇ ਉਹ ਥੋੜ੍ਹਾ-ਬਹੁਤ ਖਾਣ-ਪੀਣ, ਬੋਲਣ ਅਤੇ ਤੁਰਨ-ਫਿਰਨ ਭਾਵੇਂ ਲੱਗ ਪਏ ਪਰ ਧਿਆਨ ਜਿਉਂ ਦਾ ਤਿਉਂ ਪਰਮਾਤਮਾ ਦੀ ਬੰਦਗੀ 'ਚ ਜੁੜਿਆ ਰਿਹਾ। ਪੁੱਤਰ ਨੂੰ ਮਾੜਾ-ਮੋਟਾ ਖਾਂਦਾ-ਪੀਂਦਾ, ਗੱਲ-ਬਾਤ ਕਰਦਾ ਅਤੇ ਫਿਰਦਾ-ਤੁਰਦਾ ਵੇਖ, ਮਾਂ-ਪਿਓ ਦੀ ਜਾਨ 'ਚ ਜਾਨ ਆ ਗਈ।
ਸੰਤੁਸ਼ਟੀ ਦਾ ਮੁਜੱਸਮਾ ਮਾਂ ਤ੍ਰਿਪਤਾ ਜੀ ਤਾਂ ਏੇਨੇ ਨਾਲ ਹੀ ਡਾਢੇ ਖੁਸ਼ ਅਤੇ ਤ੍ਰਿਪਤ ਸਨ ਕਿ ਮੇਰਾ ਪੁੱਤਰ ਥੋੜ੍ਹਾ-ਬਹੁਤ ਖਾ-ਪੀ ਰਿਹਾ ਹੈ, ਤੁਰ-ਫਿਰ ਰਿਹਾ ਹੈ। ਓਹ ਜਾਣੇ, ਜੇ ਕੋਈ ਕੰਮ ਨਹੀਂ ਵੀ ਕਰਦਾ ਤਾਂ ਕੋਈ ਗੱਲ ਨਹੀਂ। ਸਹਿਜੇ-ਸਹਿਜੇ ਸਭ ਠੀਕ ਹੋ ਜਾਵੇਗਾ। ਪੁੱਤਰ ਦੇ ਕੁੱਝ ਟਹਿਕ ਜਾਣ 'ਤੇ ਪਿਤਾ ਮਹਿਤਾ ਕਾਲੂ ਜੀ ਵੀ ਪ੍ਰਸੰਨ ਸਨ ਪਰ ਉਨ੍ਹਾਂ ਦਾ ਸੁਭਾਅ ਮਾਤਾ ਤ੍ਰਿਪਤਾ ਜੀ ਨਾਲੋਂ ਅੱਡਰਾ ਸੀ। ਦੁਨੀਆਦਾਰੀ ਦਾ ਅਸਰ ਉਨ੍ਹਾਂ ਦਾ ਖਹਿੜਾ ਨਹੀਂ ਸੀ ਛੱਡਦਾ।
ਕੁੱਝ ਦਿਨ ਨਾਨਕ ਸਾਹਿਬ ਆਪਣੀ ਮੌਜ 'ਚ ਵਿਚਰਦੇ ਰਹੇ। ਮਹਿਤਾ ਜੀ ਦੜ ਵੱਟ ਸਮਾਂ ਗੁਜ਼ਾਰਦੇ ਰਹੇ। ਫੇਰ ਇਕ ਦਿਨ ਜਦੋਂ ਉਨ੍ਹਾਂ ਨੇ ਪੁੱਤਰ ਨੂੰ ਕੁੱਝ ਖੇੜੇ ਦੀ ਹਾਲਤ 'ਚ ਵੇਖਿਆ ਤਾਂ ਦਿੱਲ ਦੀ ਗੱਲ ਕਰਨੋਂ ਨਾ ਟਲੇ। ਢੁੱਕਵਾਂ ਮੌਕਾ ਜਾਣਦਿਆਂ, ਡਰਦਿਆਂ-ਡਰਦਿਆਂ ਅਤੇ ਝਕਦਿਆਂ-ਝਕਦਿਆਂ ਗੱਲ ਛੇੜੀ, ਪੁੱਤਰ ਜੀ 'ਮੈਂ ਚਾਹੁੰਦਾ ਹਾਂ ਕਿ ਤੁਸੀਂ ਖੇਤੀ ਸੰਭਾਲੋ', ਘਰ ਦੀ ਜ਼ਮੀਨ ਹੈ। ਤੁਸਾਂ ਕੋਈ ਆਪ ਕੰਮ ਥੋੜ੍ਹਾ ਕਰਨਾ ਹੈ, ਮੈਂ ਕਾਮੇ ਰੱਖ ਦੇਣੇ ਹਨ, ਉਨ੍ਹਾਂ ਨੇ ਸਾਰਾ ਕੰਮ ਕਰਨਾ ਹੈ। ਤੁਸੀਂ ਤਾਂ ਬਸ ਵਾਹੀ ਕਰਵਾਉਣੀ ਹੈ, ਨਿਗਰਾਨੀ ਰੱਖਣੀ ਹੈ। ਨਾਨਕ ਸਾਹਿਬ ਚੁੱਪ-ਚਾਪ ਸੁਣਦੇ ਰਹੇ।
ਜਦੋਂ ਪੁੱਤਰ ਵਲੋਂ ਕੋਈ ਹੁੰਗਾਰਾ ਨਾ ਮਿਲਿਆ ਤਾਂ ਨਾਰਾਜ਼ਗੀ ਤੋਂ ਡਰਦਿਆਂ ਇਕਦਮ ਪੈਂਤੜਾ ਬਦਲਦਿਆਂ ਆਖਣ ਲੱਗੇ, ਬੇਟਾ ਜੀ ਜ਼ਰੂਰੀ ਨਹੀਂ ਕਿ ਤੁਸੀਂ ਖੇਤੀ ਹੀ ਕਰੋ। ਜੇ ਖੇਤੀ ਕਰਨ ਨੂੰ ਚਿੱਤ ਨਾ ਕਰੇ ਤਾਂ ਹੱਟੀ ਪਾ ਲਓ। ਹੱਟ ਨੂੰ ਜੀਅ ਨਾ ਕਰੇ ਤਾਂ ਸੌਦਾਗਰੀ ਕਰੋ, ਘੋੜੇ ਲੈ ਦਿੰਦਾ ਹਾਂ। ਜੇ ਕੋਈ ਵੀ ਕਾਰੋਬਾਰ ਨਹੀਂ ਭਾਉਂਦਾ ਤਾਂ ਕਿਤੇ ਦੇਸ਼-ਪ੍ਰਦੇਸ਼ 'ਚ ਜਾ ਕੇ ਨੌਕਰੀ ਕਰ ਲਵੋ। ਬਸ ਰੱਬ ਦਾ ਵਾਸਤੈ, ਕੁੱਝ ਕਰ ਲਵੋ, ਵਿਹਲੇ ਨਾ ਰਹੋ। ਲੋਕ ਤੁਹਾਨੂੰ ਮਖੱਟੂ ਆਖਣਗੇ, ਵਿਹਲੜ ਆਖਣਗੇ। ਮਿਹਣੇ ਮਾਰਨਗੇ। ਸਾਡਾ ਜੀਊਣਾ ਹਰਾਮ ਕਰ ਦੇਣਗੇ। ਪਿਓ ਨੇ ਹੋਰ ਸਭ ਗੱਲਾਂ ਭਾਵੇਂ ਕੀਤੀਆਂ ਪਰ ਮਨ ਅੰਦਰਲਾ ਇਹ ਵੱਡਾ ਤੌਖਲਾ ਜ਼ਾਹਰ ਨਾ ਕੀਤਾ ਕਿ ਜੇ ਤੁਸੀਂ ਸਾਧ ਹੋ ਕੇ ਘਰੋਂ ਟੁਰ ਗਏ ਤਾਂ ਅਸੀਂ ਕਿਸ ਆਸਰੇ ਜੀਵਾਂਗੇ?
ਸੰਸਾਰੀ ਪਿਤਾ ਦੀਆਂ ਗੱਲਾਂ ਨੂੰ ਨਾਨਕ ਸਾਹਿਬ ਬਾਹਰੀ ਤੌਰ 'ਤੇ ਭਾਵੇਂ ਬੜੇ ਸੁਚੇਤ ਹੋ ਕੇ ਸੁਣ ਰਹੇ ਸਨ ਪਰ ਅਚੇਤ ਪੱਧਰ 'ਤੇ,  ਧਿਆਨ ਅੰਦਰਵਾਰ ਨਿਰੰਕਾਰ ਪਰਮਾਤਮਾ ਨਾਲ ਡੂੰਘਾ ਜੁੜਿਆ ਹੋਇਆ ਸੀ|। ਕੁੱਝ ਸਮਾਂ ਚੁੱਪ-ਚਾਪ ਬੈਠੇ ਰਹੇ। ਉਪਰੰਤ ਧਿਆਨ ਦੇ ਡੂੰਘੇ ਖੂਹ 'ਚੋਂ ਬਾਹਰ ਆਉਂਦਿਆਂ ਅਤੇ ਗਹਿਰੀ ਚੁੱਪੀ ਤੋੜਦਿਆਂ, ਆਵੇਸ਼ਮਈ ਬਚਨ ਕੀਤਾ, '' ਪਿਤਾ ਜੀ, ਹੁਣ ਖੇਤੀ ਦਾ ਹੀ ਕੰਮ ਹੋ ਰਿਹਾ ਹੈ, ਸੁਹਣੀ ਜੰਮ ਗਈ ਹੈ, ਨਿਰੰਕਾਰ ਪਕਾਵੇਗਾ। ਹੱਟ ਵੀ ਖੁੱਲ੍ਹ ਪਈ ਹੈ, ਨਿਰੰਕਾਰ ਨਫੇਵੰਦ ਕਰੇਗਾ।|ਸੌਦਾਗਰੀ ਵੀ ਟੁਰ ਪਈ ਹੈ, ਨਿਰੰਕਾਰ ਲਾਹੇ ਦਾ ਮੂੰਹ ਦਿਖਾਵੇਗਾ। ਚਾਕਰੀ ਵੀ ਹੋ ਆਈ ਹੈ, ਮਾਲਕ ਨਾਲ ਰਹਿ ਬਣ ਆਵੇਗੀ।”
ਸੰਸਾਰੀ ਪਿਓ ਨੂੰ, ਨਿਰੰਕਾਰੀ ਪੁੱਤਰ ਦੀਆਂ ਡੂੰਘੀਆਂ ਅਤੇ ਉਚੇਰੀਆਂ ਰਮਜ਼ਮਈ ਗੱਲਾਂ ਕੱਖ ਪੱਲੇ ਨਾ ਪਈਆਂ। ਦਰਅਸਲ ਪਿਓ-ਪੁੱਤਰ ਦਰਮਿਆਨ ਰੌਲਾ ਹੀ ਇਹ ਸੀ ਕਿ ਪਿਓ ਸੰਸਾਰ ਦੇ ਨੀਵੇਂ ਤਲ 'ਤੇ ਵਿਚਰਦਾ ਸੀ ਅਤੇ ਪੁੱਤਰ ਨਿਰੰਕਾਰ ਦੇ ਉੱਚੇ ਤਲ 'ਤੇ। ਸੋ ਸੁਭਾਵਕ ਜਦੋਂ ਉੱਚੇ ਰੂਹਾਨੀ ਪੱਧਰ ਵਾਲੇ ਪੁੱਤਰ ਦੀ ਗੱਲ, ਨੀਵੇਂ ਸੰਸਾਰਕ ਪੱਧਰ ਵਾਲੇ ਪਿਓ ਦੇ ਸਿਰ ਦੇ ਉਤੋਂ ਦੀ ਲੰਘ ਜਾਂਦੀ ਸੀ ਤਾਂ ਉਹ ਡਾਢਾ ਅਚੰਭਿਤ ਹੋ ਜਾਂਦਾ ਸੀ। ਹੁਣ ਵੀ ਇੰਜ ਹੀ ਹੋਇਆ£ ਪੁੱਤਰ ਦੀਆਂ ਬੇ ਸਿਰ-ਪੈਰ, ਕਮਲੀਆਂ-ਰਮਲੀਆਂ ਅਤੇ ਅਨੋਖੀਆਂ ਗੱਲਾਂ (ਅਸਲ 'ਚ ਬਹੁਤ ਹੀ ਬੇਸ਼ਕੀਮਤੀ ਡੂੰਘੀਆਂ ਰਮਜ਼ਮਈ ਬਾਤਾਂ), ਜਦੋਂ ਪਿਓ ਨੂੰ ਸਮਝ ਨਾ ਪਈਆਂ, ਪਕੜ 'ਚ ਨਾ ਆਈਆਂ ਤਾਂ ਬੜੇ ਹੈਰਾਨ ਅਤੇ ਪਰੇਸ਼ਾਨ ਹੋਏ। ਆਖਣ ਲੱਗੇ, ਓਏ ਮੇਰਿਆ ਅਨੋਖਿਆ ਕਮਲਿਆ ਪੁੱਤਰਾ, ਤੂੰ ਕੀ ਆਖਿਐ? ਮੈਨੂੰ ਤਾਂ ਕੁੱਝ ਸਮਝ ਨਹੀਂ ਆਇਆ। ਤੇਰੀਆਂ ਤੂੰ ਹੀ ਜਾਣੇਂ।

ਚਲਦਾ...........


ਜਗਜੀਵਨ ਸਿੰਘ (ਡਾ.)
ਫੋਨ: 99143^01328


rajwinder kaur

Edited By rajwinder kaur