ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜਨਮ ਅਸਥਾਨ ‘ਗੁ.ਸ਼ੀਸ਼ ਮਹਿਲ ਸਾਹਿਬ’

7/15/2020 10:57:39 AM

ਪੰਜਾਬ ‘ਚ ਕੀਰਤਪੁਰ ਸਾਹਿਬ ਉਹ ਇਤਿਹਾਸਕ ਸ਼ਹਿਰ ਹੈ, ਜਿਸਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਸ੍ਰੀ ਗੁਰੂ ਹਰਿਰਾਇ ਸਾਹਿਬ ਜੀ, ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਛਰਨ ਛੋਹ ਪ੍ਰਾਪਤ ਹੈ। ਪ੍ਰੋ. ਸਾਹਿਬ ਸਿੰਘ ਦੀ ਲਿਖਤ ਮੁਤਾਬਕ ਦੂਣ ਹੰਡੂਰ ਦੇ ਰਾਜਾ ਤਾਰਾ ਚੰਦ ਤੋਂ ਜ਼ਮੀਨ ਲੈਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਹੁਕਮ ਅਨੁਸਾਰ ਬਾਬਾ ਗੁਰਦਿੱਤਾ ਜੀ ਨੇ ਕੀਰਤਪੁਰ ਸਾਹਿਬ ਵਸਾਇਆ।

ਇਸ ਨਗਰ ‘ਚ ਛੇ ਗੁਰੂ ਸਾਹਿਬਾਨ ਤੋਂ ਇਲਾਵਾ ਬਾਬਾ ਸ੍ਰੀ ਚੰਦ ਜੀ, ਬਾਬਾ ਗੁਰਦਿੱਤਾ ਜੀ ਤੇ ਹੋਰ ਇਤਿਹਾਸਕ ਯਾਦਗਾਰਾਂ ਕਾਇਮ ਹਨ। ਕੀਰਤਪੁਰ ਸਾਹਿਬ ‘ਚ ਗੁਰਦੁਆਰਾ ਸ਼ੀਸ਼ ਮਹਿਲ ਦੇ ਇਤਿਹਾਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਜਨਮ 1656 ਨੂੰ ਹੋਇਆ। ਆਪ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਸਪੁੱਤਰ ਸਨ।  

PunjabKesari

ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਜੀ ਦਾ ਵੀ ਜਨਮ ਅਸਥਾਨ ਹੈ। ਇੱਥੇ ਸ੍ਰੀ ਗੁਰੂ ਹਰਿਰਾਇ ਜੀ ਦਾ ਜਨਮ 1630 ਨੂੰ ਹੋਇਆ। ਗੁਰੂ ਜੀ ਦੇ ਪਿਤਾ ਦਾ ਨਾਂ ਬਾਬਾ ਗੁਰਦਿੱਤਾ ਸੀ, ਜੋ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਵੱਡੇ ਸਪੁੱਤਰ ਸਨ।

ਜਦੋਂ ਕੀਰਤਪੁਰ ਸਾਹਿਬ ਦੀ ਨੀਂਹ ਰੱਖੀ ਗਈ ਤਾਂ ਸਭ ਤੋਂ ਪਹਿਲੀ ਇਮਾਰਤ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਦੇ ਅਸਥਾਨ ‘ਤੇ ਹੀ ਉਸਾਰੀ ਗਈ ਸੀ । ਇਹ ਬਾਬਾ ਗੁਰਦਿੱਤਾ ਜੀ ਦਾ ਘਰ ਸੀ, ਜਿਸ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਅਤੇ ਗੁਰੂ ਪਰਿਵਾਰ ਨੇ ਨਿਵਾਸ ਕੀਤਾ। ਇਸ ਵੇਲੇ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਦੀ ਸੁੰਦਰ ਇਮਾਰਤ ਉਸਾਰੀ ਹੋਈ ਹੈ ਤੇ ਬਾਹਰ ਦੋ ਨਿਸ਼ਾਨ ਸਾਹਿਬ ਸ਼ੋਭਦੇ ਹਨ।

PunjabKesari

ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਅੰਦਰ ਦੀਵਾਰਾਂ ‘ਤੇ ਸੋਨੇ ਦੀ ਪਾਨ ਚੜ੍ਹਾਈ ਗਈ ਹੈ ਅਤੇ ਸ਼ੀਸ਼ੇ ਜੜੇ ਹੋਏ ਹਨ । ਇਸ ਅਸਥਾਨ ਦੇ ਨਾਲ ਹੀ ਦਮਦਮਾ ਸਾਹਿਬ, ਗੁਰਦੁਆਰਾ ਤਖ਼ਤ ਕੋਟ ਸਾਹਿਬ ਤੇ ਗੁਰਦੁਆਰਾ ਹਰਿਮੰਦਰ ਸਾਹਿਬ ਪਾਤਸ਼ਾਹੀ ਛੇਵੀਂ ਸ਼ੁਸ਼ੋਭਿਤ ਹਨ।  


rajwinder kaur

Content Editor rajwinder kaur