ਮਨੁੱਖੀ ਜ਼ਿੰਦਗੀ ਲਈ ਸੇਧ ਦਾ ਕੇਂਦਰੀ ਧੁਰਾ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’
7/28/2020 11:58:49 AM
ਸੰਸਾਰ ਦੀ ਮਨੁੱਖੀ ਸ਼੍ਰੇਣੀ ਨੂੰ ਸਦਾ ਇਸ ਤਰ੍ਹਾਂ ਦੀ ਸੇਧ ਦੀ ਜ਼ਰੂਰਤ ਰਹਿੰਦੀ ਹੈ, ਜਿਸ ਨਾਲ ਮਨੁੱਖ ਆਪਣੀ ਜਾਤੀ ਜਮਾਤੀ ਜ਼ਿੰਦਗੀ ਨੂੰ ਸਵਾਰ ਅਤੇ ਸ਼ਿੰਗਾਰ ਸਕੇ। ਸੰਸਾਰ ਭਰ ਵਿਖੇ ਵੱਖ-ਵੱਖ ਮਜ਼ਹਬੀ ਆਗੂਆਂ ਦੁਆਰਾ ਮਨੁੱਖੀ ਸਮਾਜ ਨੂੰ ਜ਼ਿੰਦਗੀ ਜੀਊਣ ਲਈ ਆਪੋ-ਆਪਣੇ ਅਨੁਭਵਾਂ ਰਾਹੀਂ ਅਤੇ ਉਪਦੇਸ਼ ਕਲਮਬੰਦ ਕਰ ਕਰਵਾ ਕੇ ਗਿਆਨ ਭੰਡਾਰ ਗ੍ਰੰਥਾਂ ਰਾਹੀਂ ਅਗਵਾਈ ਦਿੱਤੀ ਹੈ। ਮਨੁੱਖੀ ਸੁਭਾਅ ਦੀਆਂ ਕਈ ਕਮਜ਼ੋਰੀਆਂ ਅੰਦਰ ਇਕ ਖ਼ਾਸ ਕਮਜ਼ੋਰੀ ਹੈ ਕਿ ਇਹ ਚੰਗੇ ਕੰਮ ਲਈ ਆਲਸੀ-ਦਲਿੱਦਰੀ ਹੋ ਜਾਂਦਾ ਹੈ।
ਗੁਰਬਾਣੀ ਗਿਆਨ ਦੇ ਮੁਬਾਰਕ ਬੋਲ ਹਨ : "ਚੰਗਿਆਈ ਆਲਕੁ ਕਰੇ ਬੁਰਿਆਈਂ ਹੋਇ ਸੇਰੁ॥
ਚੰਗੇ ਕੰਮਾਂ ਵਿਚ ਆਲਸ ਤੇ ਭੈੜੇ ਕੰਮਾਂ ਲਈ ਸ਼ੇਰ। ਜਦੋਂ ਸੰਸਾਰ ਭਰ ਦੇ ਧਰਮ ਗ੍ਰੰਥਾਂ ਦੀ ਦੇਣ ਬਾਰੇ ਉਸਾਰੂ ਚਰਚਾ ਕੀਤੀ ਜਾਂਦੀ ਹੈ ਤਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਂ ਵਰਤਮਾਨ ਸਮੇਂ ਬੜੇ ਅਦਬ ਨਾਲ ਲਿਆ ਜਾਂਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਮਨੁੱਖ ਦੀ ਸਮੁੱਚੀ ਜ਼ਿੰਦਗੀ ਦੀ ਘਾੜਤ 'ਤੇ ਕੇਂਦ੍ਰਿਤ ਹੈ। ਮਨੁੱਖ ਕੁਦਰਤ ਦੇ ਕਾਦਰ ਦੀ ਮਹੱਤਵਪੂਰਨ ਕ੍ਰਿਤ ਹੈ। ਮਨੁੱਖ ਨੂੰ ਇਹ ਅਹਿਸਾਸ ਕਰਵਾਉਣਾ, ਜ਼ਿੰਦਗੀ ਨੂੰ ਸਵਾਰਨ ਸੁਧਾਰਨ ਲਈ ਉਪਦੇਸ਼ ਅਤੇ ਜੀਵਨ ਅਮਲ ਰਾਹੀਂ ਅਗਵਾਈ ਕਰਨੀ ਧਰਮ ਗੁਰੂ ਦੇ ਹਿੱਸੇ ਆਉਂਦਾ ਹੈ। ਪਹਿਲਾ ਉਪਦੇਸ਼ ੴ ਹੈ। ਇਸ ਉਪਦੇਸ਼ ਨੂੰ ਸਮਝਣ ਤੇ ਅਪਣਾਏ ਬਗੈਰ ਦੁਨੀਆਂ ਦਾ ਕੋਈ ਮਨੁੱਖ ਜੀਵਨ ਲਕਸ਼ ਦੀ ਪ੍ਰਾਪਤੀ ਨਹੀਂ ਕਰ ਸਕਦਾ। ਨਿਰਸੰਦੇਹ ਇਕ ਨਿਬੇੜਾ ਮਨੁੱਖ ਨੂੰ ਅਤੇ ਮਜ਼੍ਹਬਾਂ ਦੇ ਆਗੂਆਂ ਨੂੰ ਕਰ ਲੈਣਾ ਚਾਹੀਦਾ ਹੈ; ਉਹ ਹੈ ਰੱਬੀ ਹੋਂਦ ਬਾਰੇ, ਉਸ ਦੀ ਵਿਆਪਕਤਾ ਬਾਰੇ ਅਤੇ ਹੁਕਮੀ ਵਰਤਾਰੇ ਬਾਰੇ। ਗੁਰੂ ਨਾਨਕ ਸਾਹਿਬ ਜੀ ਦਾ ਸੰਸਾਰ ਦੇ ਮਨੁੱਖ ਨੂੰ ਪਹਿਲਾ ਉਪਦੇਸ਼ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ "ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ" ਹੈ। ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ 33 ਵਾਰ ਦਰਜ ਹੈ। "ੴ" ਰੱਬ, ਪ੍ਰਮਾਤਮਾ, ਈਸ਼ਵਰ, ਅੱਲ੍ਹਾ, ਵਾਹਿਗੁਰੂ ਇਕ ਹੈ।
ਇਸੇ ਗਿਆਨ ਦੀ ਹੋਰ ਦ੍ਰਿੜ੍ਹਤਾ ਹੈ : ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥
ਸ਼ਬਦ-ਗੁਰੂ ਦੇ ਗਿਆਨ ਸਾਗਰ ਅੰਦਰ ਸਚਿਆਰ ਮਨੁੱਖ ਦਾ ਸੰਕਲਪ ਹੈ। ਗੁਰੂ ਜੀ ਨੇ ਸੰਸਾਰ ਦੀ ਧਰਤੀ' ਤੇ ਮਨੁੱਖਤਾ ਨੂੰ ਸੜਦਿਆਂ ਬਲਦਿਆਂ ਤੱਕਿਆ ਸੀ।
ਭਾਈ ਗੁਰਦਾਸ ਜੀ ਅਨੁਸਾਰ : ਬਾਬਾ ਦੇਖੈ ਧਿਆਨ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ।
ਗੁਰੂ ਜੀ ਨੇ ਮਨੁੱਖਤਾ ਦੇ ਇਸ ਦਸ਼ਾ ਤੱਕ ਚਲੇ ਜਾਣ ਦਾ ਕਾਰਨ ਆਸਾ ਰਾਗ ਅੰਦਰ ਬਿਆਨ ਕੀਤਾ ਹੈ। ਪਾਵਨ ਬੋਲ ਹਨ : ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ॥ ਮਨੁੱਖਾਂ ਦਾ ਸਮੂਹ ਹੀ ਸਮਾਜ ਬਣਦਾ ਹੈ। ਜੇਕਰ ਮਨੁੱਖ ਸਚਿਆਰ ਹੋਵੇਗਾ ਤਾਂ ਹੀ ਸਮਾਜ ਕੂੜ ਮੁਕਤ ਹੋ ਸਕਦਾ ਹੈ। ਬੇਗਮਪੁਰਾ ਸ਼ਹਿਰ ਦੀ ਨਾਗਰਿਕਤਾ ਨਸੀਬ ਹੋ ਸਕੇਗੀ। ਹਲੇਮੀ ਰਾਜ-ਭਾਗ ਦਾ ਦਰਸ਼ਨ ਹੋ ਸਕੇਗਾ। ਗੁਰੂ ਜੀ ਨੇ ਬੁਨਿਆਦੀ ਨੁਕਤੇ ਨੂੰ ਫੜ ਕੇ ਅੱਗੇ ਵਧਣ ਦੀ ਨਿੱਗਰ ਸੋਚ ਬਖਸ਼ੀ ਹੈ। ਅੱਜ 21ਵੀਂ ਸਦੀ ਦੇ ਦੂਜੇ ਦਹਾਕੇ ਦੇ ਅੰਤਮ ਦਿਨਾਂ ਅੰਦਰ ਜਦੋਂ ਸੰਸਾਰ ਭਰ ਦੇ ਮਨੁੱਖੀ ਵਰਤਾਰਿਆਂ ਦਾ ਮੁਤਾਲਿਆ ਕਰਾਂਗੇ ਤਾਂ ਨਤੀਜਾ ਨਫ਼ਰਤ, ਹਿੰਸਾ, ਤਣਾਉ, ਪਦਾਰਥਕ ਦੌੜ, ਅਹੰਕਾਰ ਅਤੇ ਫੋਕੇ ਪ੍ਰਦਰਸ਼ਨ ਆਦਿ ਦਾ ਹੈ। ਦੁਨਿਆਵੀ ਸੁੱਖ ਸਹੂਲਤਾਂ ਦੇ ਬਾਵਜੂਦ ਵੀ ਅਸਲ ਸੁੱਖ ਨਹੀਂ ਹੈ। ਇਸ ਸਥਿਤੀ ਵਿਚ ਸਚਿਆਰ ਮਨੁੱਖ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਅਮਲੀ ਕਰਮ ਦੀ ਲੋੜ ਹੈ।
ਗੁਰੂ ਨਾਨਕ ਸਾਹਿਬ ਜੀ ਨੇ ਸਵਾਲ ਖੜ੍ਹਾ ਕੀਤਾ ਹੈ : ਕਿਵ ਸਚਿਆਰਾ ਹੋਈਐ ਕਿਵੁ ਕੂੜੈ ਤੁਟੈ ਪਾਲਿ॥
ਗੁਰੂ ਜੀ ਦੇ ਇਨ੍ਹਾਂ ਸਵਾਲਾਂ ਰਾਹੀਂ ਸੁਧਾਰ ਦਾ ਮਾਨਵਵਾਦੀ ਪੱਖ ਉਭਰਦਾ ਹੈ। ਇਥੇ ਇਲਾਕਾ, ਜਾਤ, ਨਸਲ, ਰੰਗ ਆਦਿ ਦੀ ਕੋਈ ਥਾਂ ਨਹੀਂ ਹੈ। ਇਸ ਮਹਾਨ ਵਿਸ਼ਾਲਤਾ ਨੂੰ ਸੰਭਾਲਣ, ਪ੍ਰਚਾਰਨ ਅਤੇ ਪ੍ਰਸਾਰਨ ਲਈ ਸੁਹਿਰਦਤਾ ਤੇ ਸਮਰਪਣ ਦੇ ਮਜ਼ਬੂਤ ਪੱਖ ਦੀ ਹੋਂਦ ਲੋੜੀਂਦੀ ਹੈ।
ਅੱਜ ਦੇ ਸਮੇਂ ਸਮਾਜ ਨੂੰ ਉੱਚੀ-ਸੁੱਚੀ ਦਿਸ਼ਾ ਦੇਣ ਲਈ, ਜੋ ਨਿਰਦੇਸ਼ ਲੋੜੀਂਦੇ ਹਨ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਮੌਜੂਦ ਹਨ। ਸੰਸਾਰ ਅੰਦਰ ਰੂਹ ਦੀ ਆਜ਼ਾਦੀ ਦੇ ਝਲਕਾਰੇ ਲੈਣ ਦੇ ਮਤਵਾਲਿਆਂ ਨੇ ਮਜ਼੍ਹਬੀ ਹੱਦਾਂ ਪਾਰ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਾਨਵਤਾ ਦੇ ਗੁਰੂ ਵਜੋਂ ਸਵੀਕਾਰ ਕਰ ਲਿਆ ਹੈ। ਸਦੀਆਂ ਪਹਿਲਾਂ ਭਗਤ ਕਬੀਰ ਜੀ ਗਿਆਨ ਦੀ ਅਹਿਮੀਅਤ ਉਜਾਗਰ ਕਰਦਿਆਂ ਗਿਆਨ ਮੁਤੱਲਕ ਇਹ ਕੂਕ ਕੂਕ ਆਖਣ ਦੀ ਪਹਿਲ ਕਰਦੇ ਹਨ : ਕੋਈ ਗਾਵੈ ਕੋ ਸੁਣੈ ਹਰਿ ਨਾਮਾ ਚਿਤੁ ਲਾਇ॥ ਕਹੁ ਕਬੀਰ ਸੰਸਾ ਨਹੀ ਅੰਤਿ ਪਰਮ ਗਤਿ ਪਾਏ॥
ਸਚਿਆਰ ਹੋਣ ਵਾਲੇ ਅਤੇ ਕੂੜ ਦੀ ਕੰਧ ਤੋੜਨ ਵਾਲੇ ਸਵਾਲਾਂ ਦਾ ਜਵਾਬ ਬਖਸ਼ਿਸ਼ ਦੇ ਰੂਪ ਵਿਚ ਝੋਲੀ ਪੈਂਦਾ ਹੈ : ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥
ਬਿਨਾਂ ਸ਼ੱਕ ਹੁਕਮ ਤਾਂ ਕਰਤੇ ਦਾ ਚੱਲਣਾ ਹੀ ਚੱਲਣਾ ਹੈ। ਜੋ ਰਜ਼ਾ ਵਿਚ ਹੁਕਮ ਮੰਨਣ ਲਈ ਰਾਜ਼ੀ ਹੁੰਦੇ ਹਨ ਉਹ ਸਚਿਆਰ ਹੋ ਨਿਬੜਦੇ ਹਨ। ਸਚਿਆਰ ਸਭ ਨਾਲ ਗੁਣਾਂ ਦੀ ਸਾਂਝ ਕਰਨ ਦਾ ਪਾਂਧੀ ਬਣ ਪਦਵੀ ਪਾ ਬਹਿੰਦਾ ਹੈ "ਭੇਦ ਨ ਜਾਣਹੁ ਮੂਲ ਸਾਂਈ ਜੇਹਾ" ।
ਐਸੇ ਆਤਮਿਕ ਬ੍ਰਹਿਮੰਡ ਦਾ ਵਾਸ਼ਿੰਦਾ ਭੈ-ਮੁਕਤ ਹੋ ਜਾਂਦਾ ਹੈ ਤੇ ਕੇਵਲ ਇਕ ਦਾ ਭੈ ਮੰਨਦਾ ਹੈ : "ਬਿਨ ਹਰਿ ਭਉ ਕਾਹੇ ਕਾ ਮਾਨਹਿ"।
ਅਗਲੀ ਅਵਸਥਾ ਜੋ ਜੀਵਨ ਸ਼ਿੰਗਾਰ ਬਣਦੀ ਹੈ ਉਹ ਹੈ ਨਿਰਵੈਰ ਅਵਸਥਾ। ਅਹਿਸਾਸ ਕਰੀਏ ਕਿ ਰੱਬੀ ਹੁਕਮ ਕਬੂਲ ਕਰਨ ਵਾਲੀਆਂ ਰੂਹਾਂ ਸਮਾਜ ਸੁਧਾਰ ਤਬਦੀਲੀ ਦੀਆਂ ਸ਼ਕਤੀਆਂ ਸਿਧ ਹੋਈਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੱਬੀ ਗਿਆਨ ਕੱਚ ਜੈਸੇ ਜੀਵਨ ਨੂੰ ਕੰਚਨ (ਸੋਨਾ), ਵਿਸ਼ੈਲੀ ਜ਼ਹਿਰ ਤੋਂ ਅੰਮ੍ਰਿਤਮਈ, ਲੋਹੇ ਤੋਂ ਕੀਮਤੀ ਲਾਲ, ਪੱਥਰ ਤੋਂ ਸੁੱਚੇ ਮੋਤੀ ਅਤੇ ਲੱਕੜ ਤੋਂ ਚੰਦਨ ਬਣਾ ਦੇਂਦਾ ਹੈ। ਸੰਸਾਰ ਦੇ ਜਿਸ ਵੀ ਮਨੁੱਖ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨੂੰ ਪਰਸ ਲਿਆ ਉਨ੍ਹਾਂ ਅੰਦਰ ਇਕ ਪਾਰਸ ਕਲਾ ਵਰਤ ਗਈ। ਪਸ਼ੂ ਅਤੇ ਪ੍ਰੇਤ ਬਿਰਤੀ ਤੋਂ ਮੁਕਤ ਹੋ ਮਨੁੱਖ ਸ਼੍ਰੋਮਣੀ ਅਰਥਾਤ ਦੇਵਤਾ ਹੋ ਗਿਆ।
ਗਿਆਨੀ ਕੇਵਲ ਸਿੰਘ
ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ।
95920-93472