ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ‘ਮੁਸਲਮਾਨ ਮੁਰੀਦ’

7/6/2020 12:07:33 PM

ਅਲੀ ਰਾਜਪੁਰਾ
9417679302        
    

ਕਾਬੁਲ (ਅਫ਼ਗਾਨਿਸਤਾਨ) ਛੋਟੇ-ਛੋਟੇ ਕਬੀਲਿਆਂ ’ਚ ਵੰਡਿਆ ਹੋਇਆ ਸੀ। ਉੱਥੇ ਇਕ ਵਾਰ ਇਕ ਰਾਜੇ ਦੇ ਮਨ ਵਿਚ ਆਪਣੇ ਦੂਜੇ ਭਰਾ ਨੂੰ ਮਾਰ ਕੇ ਰਾਜ ਭਾਗ ਸਾਂਭਣ ਦੀ ਲਾਲਸਾ ਜਾਗ ਪਈ। ਜਦੋਂ ਉਸ ਦੇ ਭਤੀਜੇ ਨੂੰ ਇਸ ਸਭ ਕਾਸੇ ਦੀ ਸੂਹ ਲੱਗੀ ਤਾਂ ਉਹ ਮੌਤ ਦੇ ਡਰੋਂ ਆਪਣੇ ਘਰੋਂ ਜੰਗਲਾਂ ਵਿਚ ਆਣ ਪਹੁੰਚਿਆ। ਭੁੱਖ ਪਿਆਸ ਨਾ ਝੱਲਦਾ ਹੋਇਆ ਉਹ ਬੇਹੋਸ਼ ਹੋ ਕੇ ਡਿੱਗ ਪਿਆ। ਕੋਲ਼ੋਂ ਗੁਜ਼ਰ ਰਹੇ ਸਿੱਖਾਂ ਦੇ ਇਕ ਕਾਫ਼ਲੇ ਦੀ ਨਜ਼ਰ ਪਈ। ਉਨ੍ਹਾਂ ਨੇ ਜਦੋਂ ਯਤਨ ਕਰਕੇ ਬੇਹੋਸ਼ੀ ਦੀ ਹਾਲਤ ’ਚੋਂ ਬਾਹਰ ਕੱਢਿਆ ਤਾਂ ਉਸ ਨੇ ਆਪਣਾ ਨਾਂ ਕਰੀਮ ਖ਼ਾਂ ਦੱਸਿਆ ਤੇ ਆਪਣੀ ਸਾਰੀ ਵਿਥਿਆ ਉਸ ਕਾਫ਼ਲੇ ਨਾਲ ਸਾਂਝੀ ਕੀਤੀ। ਉਹ ਕਾਫ਼ਲਾ ਅਨੰਦਪੁਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਜਾ ਰਿਹਾ ਸੀ।

ਜਦੋਂ ਅਨੰਦਪੁਰ ਪਹੁੰਚੇ ਤਾਂ ਉਸ ਤੋਂ ਅਗਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦੀਵਾਨ ਸਜਿਆ। ਜਿੱਥੇ ਸੰਗਤਾਂ ਅਰਦਾਸਾਂ ਕਰ ਰਹੀਆਂ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਰੀਮ ਖ਼ਾਂ ਨੂੰ ਕੋਲ਼ ਸੱਦਿਆ। ਬਾਲ ਕਰੀਮ ਖ਼ਾਂ ਨੇ ਗੁਰੂ ਸਾਹਿਬ ਜੀ ਨੂੰ ਝੁਕ ਕੇ ਫ਼ਤਹਿ ਬੁਲਾਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਰੀਮ ਖ਼ਾਂ ਤੋਂ ਦੁੱਖ ਪੁੱਛਿਆ ਤਾਂ ਉਸ ਨੇ ਆਪਣੀ ਸਾਰੀ ਕਹਾਣੀ ਦੱਸੀ ਰਾਜ ਭਾਗ ਤੋਂ ਲੈ ਕੇ ਗੁਰੂ ਦੇ ਤੱਕ ਦੀ, ਅਤੇ ਕਿਹਾ ਕਿ ਉਸ ਦੇ ਸਿਰੋਂ ਮਾਤਾ-ਪਿਤਾ ਦਾ ਸਾਇਆ ਉੱਠਣ ਦੇ ਨਾਲ-ਨਾਲ ਰਾਜ ਭਾਗ ਵੀ ਖੁੱਸ ਗਿਆ ਹੈ।

ਗੁਰੂ ਜੀ ਨੇ ਉਸ ਨੂੰ ਹੌਸਲਾ ਦਿੱਤਾ ਕਿ, “ ਗੁਰੂ ਘਰ ਦੇ ਦਰਵਾਜ਼ੇ ਸਾਰੀਆਂ ਕੋਮਾਂ ਲਈ ਹਮੇਸ਼ਾ ਖੁੱਲ੍ਹੇ ਹਨ, ਤੁਸੀਂ ਬੇ-ਫ਼ਿਕਰ ਰਹੋ। ਤੁਹਾਨੂੰ ਸਭ ਕੁਝ ਮਿਲੇਗਾ। ” ਗੁਰੂ ਜੀ ਦੇ ਹੁਕਮ ਨਾਲ ਉਸ ਨੂੰ ਮਕਾਨ, ਘੋੜਾ ਤੇ ਹੋਰ ਜ਼ਿੰਦਗੀ ਦੀਆਂ ਲੋੜਾ ਪੂਰੀਆਂ ਕੀਤੀਆਂ। ਸਮਾਂ ਪਾ ਕੇ ਉਸ ਦਾ ਇਕ ਪਠਾਣ ਦੀ ਧੀ ਨਾਲ ਨਿਕਾਹ ਕਰਵਾਇਆ ਗਿਆ।

ਕਰੀਮ ਖ਼ਾਂ ਦਾ ਜ਼ਿਆਦਾ ਸਮਾਂ ਗੁਰੂ ਘਰ ਬੀਤਣ ਲੱਗਿਆ। ਉਹ ਰੋਜ਼ਾਨਾ ਦੀਵਾਨ ਵਿਚ ਆਉਂਦਾ, ਬਾਣੀ ਸੁਣਦਾ। ਬਾਣੀ ਦੇ ਗਿਆਨ ਲਈ ਕਰੀਮ ਖ਼ਾਂ ਨੇ ਭਾਈ ਮਤੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਦੀ ਸੰਗਤ ਕਰਨੀ ਸ਼ੁਰੂ ਕੀਤੀ। ਹੌਲੇ-ਹੌਲੇ ਉਸ ’ਤੇ ਬਾਣੀ ਦਾ ਇੰਨਾ ਪ੍ਰਭਾਵ ਹੋਇਆ ਕਿ ਉਹ ਗੁਰੂ ਦਾ ਸਿੰਘ ਸਜ ਗਿਆ। 

ਹਕੀਮ ਅਬੂ ਤ੍ਰਾਬ   

ਹਕੀਮ ਅਬੂ ਤ੍ਰਾਬ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੇ ਸਭ ਤੋਂ ਵੱਧ ਇਤਬਾਰੀ ਸਿਪਾਹੀਆਂ ’ਚੋਂ ਇਕ ਸੀ। ਔਰੰਗਜ਼ੇਬ ਨੇ ਅਬੂ ਤ੍ਰਾਬ ਨੂੰ ਭੇਸ ਬਦਲਾਅ ਕੇ ਅਨੰਦਪੁਰ ਸਾਹਿਬ ਵਿਖੇ ਸੂਰ ਲੈਣ ਲਈ ਤੋਰਿਆ। ਹਕੀਮ ਅਬੂ ਤ੍ਰਾਬ ਗੋਲਕੁੰਡਾ ਰਿਆਸਤ ਵਿਚ ਬ੍ਰਾਹਮਣੀ ਖ਼ਾਨਦਾਨ ’ਚੋਂ ਸੀ। ਇਸ ਨੇ ਆਪਣੀ ਰਿਆਸਤ ਦੇ ਗੁਪਤ ਭੇਦ ਦੱਸ ਕੇ ਔਰੰਗਜ਼ੇਬ ਪਾਸੋਂ ਭਾਰੀ ਜਗੀਰ ਹਾਸਲ ਕੀਤੀ। ਜਦੋਂ ਔਰੰਗਜ਼ੇਬ ਨੇ ਇਸ ਨੂੰ ਅਨੰਦਪੁਰ ਸਾਹਿਬ ਵੱਲ ਤੋਰਿਆ ਤਾਂ ਇਹ ਆਪਣੇ ਨਾਲ ਆਪਣੇ ਸੇਵਕ ਗੁਲਾਬਾ ਤੇ ਉਸ ਦੀ ਪਤਨੀ ਗੁਲਾਬੀ ਨੂੰ ਹਿੰਦੂ ਭੇਸ ’ਚ ਬਦਲ ਕੇ ਲੈ ਗਿਆ। ਜਿਨ੍ਹਾਂ ਨੂੰ ਗੁਰੂ ਘਰ ਦੇ ਭੇਦ ਜਾਨਣ ਦਾ ਕੰਮ ਸੌਂਪਿਆ। ਆਪ ਉਹ ਪਿੰਡਾਂ ’ਚ ਫਿਰ ਕੇ ਜਾਸੂਸੀ ਕਰਨ ਲੱਗਿਆ। ਗੁਲਾਬੇ ਭਾਈ ਕੇਸਰ ਸਿੰਘ ਤੋਂ ਸੇਵਾ ਮੰਗੀ ਤਾਂ ਉਨ੍ਹਾਂ ਨੂੰ ਬਾਗ਼ ਦੀ ਦੇਖ-ਰੇਖ ਦੀ ਸੇਵਾ ਸੌਂਪੀ। ਸਮਾਂ ਬੀਤਦਾ ਗਿਆ। ਗੁਲਾਬੇ ਦੇ ਦਿਲ ਉੱਤੇ ਹਕੀਮ ਵੱਲੋਂ ਸੰਭਾਲੀ ਜ਼ਿੰਮੇਵਾਰੀ ਦਾ ਬੋਝ ਚੁੱਕਣਾ ਔਖਾ ਹੋ ਗਿਆ। ਉਹ ਹੁਣ ਭਾਈ ਕੇਸਰ ਸਿੰਘ ਦੇ ਬਹੁਤ ਕਰੀਬ ਹੋ ਗਿਆ ਸੀ। ਆਖ਼ਰ ਇਕ ਦਿਨ ਉਸ ਨੇ ਆਪਣੀ ਸਾਰੀ ਕਹਾਣੀ ਤੇ ਮਕਸਦ ਭਾਈ ਕੇਸਰ ਸਿੰਘ ਨੂੰ ਦੱਸਿਆ ਕਿ ਅਸੀਂ ਕਿਸ ਕਾਰਜ ਲਈ ਅਨੰਦਪੁਰ ਸਾਹਿਬ ਪਹੁੰਚੇ ਹਾਂ ਤੇ ਸਾਨੂੰ ਧੱਕੇ ਨਾਲ ਇਸਲਾਮ ਕਬੂਲ ਕਰਵਾਇਆ ਗਿਆ ਹੈ। ਭਾਈ ਕੇਸਰ ਸਿੰਘ ਨੇ ਉਸ ਦੀ ਗੱਲ ਬੜੇ ਧਿਆਨ ਨਾਲ ਸੁਣੀ ਤੇ ਕਿਹਾ, “ ਤੁਸੀਂ  ਹੌਂਸਲਾ ਰੱਖੋ….। ਇਥੇ ਤਾਂ ਹੁਣ ਤੁਸੀਂ ਵੀ ਜਾਣੂੰ ਹੋ ਕਿ ਇੱਥੇ ਕਿਸੇ ਨਾਲ ਕੋਈ ਜਾਤੀ ਤੌਰ ’ਤੇ ਪੱਖਪਾਤ ਨਹੀਂ ਕੀਤਾ ਜਾਂਦਾ। ਹਰ ਮਨੁੱਖ ਗੁਰੂ ਦੇ ਘਰ ਇਕ ਸਮਾਨ ਹੈ। ”

ਦੂਜੇ ਪਾਸੇ ਹਕੀਮ ਅਬੂ ਤ੍ਰਾਬ ਵੀ ਗੁਰਸਿੱਖਾਂ ਦੀਆ ਨਿੱਤ-ਨਵੀਆਂ ਵਡਿਆਈਆਂ ਸੁਣ ਕੇ ਹੈਰਾਨ ਸੀ। ਸਭ ਤੋਂ ਵੱਡੀ ਘਟਨਾ ਉਸ ਨਾਲ ਇਹ ਘਟੀ ਕਿ ਉਸ ਨੂੰ ਤਾਪ ਚੜ੍ਹ ਗਿਆ। ਜੋ ਕਿਤੋਂ ਨਹੀਂ ਸੀ ਲੱਥ ਰਿਹਾ। ਉਸ ਦੇ ਸੇਵਾਦਾਰ ਵੀ ਉਸ ਦਾ ਸਾਥ ਛੱਡ ਗਏ ਸਨ, ਉਹ ਬਿਲਕੁਲ ਇਕੱਲਾ ਰਹਿ ਗਿਆ ਸੀ। ਗੁਲਾਬੇ ਨੂੰ ਹਕੀਮ ਦੀ ਦਸ਼ਾ ਬਾਰੇ ਪਤਾ ਲੱਗਿਆ ਤੇ ਉਸ ਨੇ ਭਾਈ ਕੇਸਰ ਸਿੰਘ ਨੂੰ ਦੱਸਿਆ ਕਿ “ ਹਕੀਮ ਨੂੰ ਕੀਤੀ ਗ਼ਦਾਰੀ ਦੀ ਸਜ਼ਾ ਮਿਲ ਰਹੀ ਹੈ। ਅੱਜ ਉਹ ਬਿਲਕੁਲ ’ਕੱਲ੍ਹਾ ਪੈ ਗਿਆ ਹੈ। ” ਭਾਈ ਕੇਸਰ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕੀਤਾ, ਭਾਵੇਂ ਦੁਸ਼ਮਣ ਵੀ ਕਿਉਂ ਨਾ ਹੋਵੇ ਉਸ ਦਾ ਵੀ ਬੁਰਾ ਨਾ ਮਨਾਓ….। ਗੁਰੂ ਮਰਿਯਾਦਾ ਇਸ ਗੱਲ ਦੀ ਸਖ਼ਤ ਮਨਾਹੀ ਕਰਦੀ ਹੈ। ਕਿਸੇ ਨੂੰ ਮੰਦੇ ਹਾਲ ’ਚ ਇਕੱਲਾ ਨਾ ਛੱਡੋ….। ਭਾਈ ਕੇਸਰ ਸਿੰਘ ਆਪ ਹਕੀਮ ਦੀ ਸੇਵਾ ਕਰਦੇ। ਗੁਲਾਬਾ ਉਸ ਦੀ ਰੋਜ਼ ਦਵਾ ਦਾਰੂ ਕਰਨ ਲੱਗਾ। ਥੋੜ੍ਹੇ ਸਮੇਂ ਮਗਰੋਂ ਹਕੀਮ ਬਿਲਕੁਲ ਰਾਜ਼ੀ ਹੋ ਗਿਆ। ਉਸ ਨੂੰ ਆਪਣੀ ਕਰਨੀ ’ਤੇ ਸ਼ਰਮ ਆਉਣ ਲੱਗੀ ਕਿ ਉਹ ਗੁਰੂ ਪਿਆਰਿਆਂ ਬਾਰੇ ਕੀ ਸੋਚਦਾ ਸੀ। ਅੰਤ ਉਸ ਦਾ ਸਹਾਰਾ ਵੀ ਗੁਰੂ ਪਿਆਰਾ ਹੀ ਬਣਿਆ। ਜਿੱਥੇ ਉਸ ਦਾ ਸਾਥ ਉਸ ਦੇ ਆਪਣੇ ਛੱਡ ਗਏ ਸਨ ਉਸ ਮੋੜ ’ਤੇ ਉਸ ਦਾ ਸਾਥ ਪਰਾਇਆ ਨੇ ਦਿੱਤਾ। ਉਸ ਨੇ ਗੁਰੂ ਦਾ ਸਿੱਖ ਬਣਨ ਦੀ ਠਾਣ ਲਈ ਸੀ। ਪੋਹ ਸੁਦੀ ਸੱਤਵੀਂ ਨੂੰ ਗੁਰੂ ਜੀ ਦੇ ਜਨਮ ਦਿਹਾੜੇ ਮੌਕੇ ਗੁਲਾਬੇ, ਗੁਲਾਬੀ ਤੇ ਹਕੀਮ ਅਬੂ ਤ੍ਰਾਬ ਨੇ ਅੰਮ੍ਰਿਤ ਛਕਿਆ ਜਿਸ ਪਿੱਛੋਂ ਇਹ ਗੁਲਾਬਾ-ਹੀਰਾ ਸਿੰਘ, ਗੁਲਾਬੀ –ਹਰਵੰਤ ਕੌਰ ਬਣੀ ਅਤੇ ਹਕੀਮ ਅਬੂ ਤ੍ਰਾਬ-ਦੁਸ਼ਟ ਦਮਨ ਸਿੰਘ ਬਣਿਆ। ਗੁਰੂ ਜੀ ਨੇ ਦਮਨ ਸਿੰਘ ਨੂੰ ਘੋੜਿਆਂ ਦੇ ਅਸਤਬਲ ਦਾ ਦਰੋਗਾ ਨਿਯੁਕਤ ਕੀਤਾ। ਇਹ ਗੁਰੂ ਘਰ ਦੀ ਸੇਵਾ ਨਿਭਾਉਂਦਾ ਹੋਇਆ ਅਨੰਦਪੁਰ ਸਾਹਿਬ ਦੀ ਲੜਾਈ ਵਿਚ ਸ਼ਹੀਦ ਹੋ ਗਿਆ।


rajwinder kaur

Content Editor rajwinder kaur