ਸ਼ਹੀਦੀ ਦਿਹਾੜੇ ’ਤੇ ਵਿਸ਼ੇਸ਼: ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹ ਦਸੇਰਾ ਬਣੀ ਸਾਹਿਬਜ਼ਾਦਿਆਂ ਦੀ ਅਨੋਖੀ ਸ਼ਹਾਦਤ
12/26/2020 5:13:18 PM
ਸ੍ਰੀ ਫਤਿਹਗੜ੍ਹ ਸਾਹਿਬ-ਸ਼ਹਾਦਤਾਂ ਦੀ ਲੋਅ ਆਉਣ ਵਾਲੀਆਂ ਨਸਲਾਂ ਲਈ ਰਾਹ ਦਸੇਰਾ ਬਣਦੀ ਹੈ ਪਰ ਤਵਾਰੀਖ ਦੇ ਕਈ ਫੱਟ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਦੀ ਚੀਸ ਸਦੀਵੀ ਕਾਲ ਲਈ ਮਨੁੱਖਤਾ ਦੇ ਜ਼ਿਹਨ ’ਚ ਨਸੂਰ ਬਣ ਰੜਕਦੀ ਰਹਿੰਦੀ ਹੈ। ਇਹੋ ਸੱਚ ਹੈ ਕਿ ਸਾਕਾ-ਏ-ਸਰਹਿੰਦ ਸਵਾ ਤਿੰਨ ਸਦੀਆਂ ਦਾ ਅਰਸਾ ਬੀਤਣ ਦੇ ਬਾਵਜੂਦ ਅੱਜ ਇਨਸਾਫ਼ਪ੍ਰਸਤ ਮਾਨਵਤਾ ਦੀ ਰੂਹ ਨੂੰ ਪੱਛ ਰਿਹਾ ਹੈ ਅਤੇ ਕਾਇਨਾਤ ਦੇ ਹਸ਼ਰ ਤਕ ਇਹ ਲੋਕਾਈ ਨੂੰ ਰੂਹ ਤਕ ਪੀੜਤ ਕਰਦਾ ਰਹੇਗਾ।ਇਹ ਇਸਲਾਮ ਦਾ ਸਿਧਾਂਤਕ ਸੱਚ ਹੈ ਕਿ ਅੱਲਾ ਪਾਕ ਦਾ ਨਿਜ਼ਾਮ ਕਿਧਰੇ ਵੀ ਮਾਸੂਮਾਂ ਨੂੰ ਜ਼ਾਲਮਾਨਾ ਢੰਗ ਨਾਲ ਕਤਲ ਕਰਨ ਦੀ ਇਜਾਜ਼ਤ ਨਹੀ ਦਿੰਦਾ। ਇਸਲਾਮ ਅੰਦਰ ਕਿਸੇ ਮਾਸੂਮ ਦੇ ਲਹੂ ਦੇ ਇਕ ਸੂਖਮ ਤੁਪਕੇ ਨੂੰ ਜ਼ਮੀਨ ’ਤੇ ਡਿੱਗਣਾ ਹਰਾਮ ਮੰਨਿਆ ਗਿਆ ਹੈ। ਇਹ ਸਿਤਮਜ਼ਰੀਫੀ ਹੈ ਕਿ ਤਤਕਾਲੀ ਮੁਗਲ ਹਕੂਮਤ ਨੇ ਜਿਸ ਮਜ਼੍ਹਬ ਦਾ ਫਰਜ਼ੀ ਲੇਬਲ ਲਾ ਕੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹਾਦਤ ਦੇ ਪੰਧ ’ਤੇ ਤੋਰਿਆ, ਉਸ ਪੰਧ ਪ੍ਰਤੀ ਇਸਲਾਮ ਦਾ ਮੁਕੱਦਸ ਅਤੇ ਬੁਨਿਆਦੀ ਸਿਧਾਂਤ ਦਾ ਇਕ-ਇਕ ਹਰਫ ਸੱਚੇ ਇਸਲਾਮਪ੍ਰਸਤ ਨੂੰ ਕਦਮ-ਦਰ-ਕਦਮ ਖ਼ਬਰਦਾਰ ਕਰਦਾ ਹੈ। ਕਾਸ਼! ਉਦੋਂ ਤਕਕਾਲੀ ਹਕੂਮਤ ਦੀ ਅੱਖ ’ਚ ਪੀਰ ਬੁੱਧੂ ਸ਼ਾਹ ਜਿਹੇ ਇਲਾਹੀ ਨੂਰ ਨੂੰ ਪਛਾਣ ਦੇ ਸਮਰੱਥ ਜੋਤ ਹੁੰਦੀ? ਕਾਸ਼! ਮੌਕੇ ਦਾ ਨਾਜ਼ਮ ਜੋਗੀ ਅੱਲਾ ਯਾਰ ਖਾਂ ਵਰਗੇ ਤੱਸਵਰ ਦਾ ਪ੍ਰਤੀਕ ਹੁੰਦਾ? ਕਾਸ਼! ਕਾਜੀ ਦੇ ਫਤਵੇ ਦਾ ਸਿਆਸੀਕਰਨ ਨਾ ਹੋਇਆ ਹੁੰਦਾ?... ਫਿਰ ਜ਼ਰੂਰ ਅਜੋਕੀ ਤਵਾਰੀਖ ਦਾ ਮਜ਼ਮੂਨ ਅੱਜ ਵਰਗਾ ਨਾ ਹੁੰਦਾ ਅਤੇ ਨਾ ਹੀ ਮੁਗਲ ਸਲਤਨਤ ਨੂੰ ਉਸ ਰੋਹ ਦਾ ਜ਼ੋਖਮ ਹੰਢਾਉਣਾ ਪੈਂਦਾ ਜੋ ਉਸਨੇ ਸਾਕਾ ਸਰਹਿੰਦ ਤੋਂ ਬਾਅਦ ਪਸ਼ੂਆਂ ਵਾਂਗ ਹੰਢਾਇਆ।
ਸਾਕਾ ਸਰਹਿੰਦ ਦੀ ਲਹੂ ਨਾਲ ਲੱਥ-ਪੱਥ ਤਵਾਰੀਖ ਦਾ ਮੁੱਖ ਬੋਧ 11 ਪੋਹ ਨੂੰ ਠੰਡੇ ਬੁਰਜ ਤੋਂ ਉਦੋਂ ਲਿਖਿਆ ਗਿਆ ਜਦੋਂ 7 ਅਤੇ 9 ਸਾਲ ਦੇ ਮਾਸੂਮ ਛੋਟੇ ਸਾਹਿਬਜ਼ਾਦਿਆਂ ਅਤੇ 80 ਵਰਿਆਂ ਦੀ ਗੁਰਦੇਵ ਮਾਤਾ ਗੁਜਰੀ ਜੀ ਨੂੰ ਕੈਦ ਕਰਕੇ ਮੁਗਲਾਂ ਨੇ ਆਪਣੇ ਜ਼ੁਲਮ ਦੀ ਇਬਾਰਤ ’ਤੇ ਪਹਿਲੇ ਹਸਤਾਖਰ ਕੀਤੇ। ਇਤਿਹਾਸ ਗਵਾਹੀ ਭਰਦਾ ਹੈ ਕਿ ਇਸ ਤੋਂ ਪਿਛਲੀਆਂ ਰਾਤਾਂ ਵੀ ਉਨ੍ਹਾਂ ਲਈ ਕੋਈ ਘੱਟ ਜ਼ੋਖਮ ਭਰਪੂਰ ਨਹੀ ਸੀ ਗੁਜ਼ਰੀਆਂ। ਠੰਡੇ ਬੁਰਜ ਤੋਂ ਪਹਿਲਾਂ ਉਨ੍ਹਾਂ ਨੂੁੰ ਸਰਸਾ ਨਦੀ ਅਤੇ ਕੰਡਿਆਲੇ ਪੈਂਡਿਆਂ ਨੇ ਜ਼ੁਲਮ ਦੀ ਇੰਤਹਾਅ ਤੱਕ ਪਰਖਿਆ ਸੀ ਪਰ ਉਹ ਅੱਜ ਜਿਸ ਬੁਰਜ ’ਚ ਕੈਦ ਸਨ ਉਹ ਜ਼ਮੀਨੀ ਤਲ ਤੋਂ ਕਈ ਗਜ਼ ਉੱਚਾ ਅਤੇ ਚਾਰੇ ਪਾਸਿਓਂ ਖੁੱਲ੍ਹਾ ਸੀ। ਉਸਦੇ ਆਲੇ-ਦੁਆਲੇ ਤਲਾਬਨੁੰਮਾ ਪਾਣੀ ਦੇ ਚਸ਼ਮੇ ਸਨ ਜੋ ਉਸ ਵੱਲ ਜਾਂਦੀਆਂ ਪੌਣਾਂ ਨੂੰ ਲਬਰੇਜ਼ ਕਰਦੇ ਸਨ। ਸਾਹਿਬਜ਼ਾਦਿਆਂ ਨੂੰ ਮਾਤਾ ਦੀ ਗੈਰਤਮੰਦ ਮਮਤਾ ਅਗਲੇਰੇ ਦਿਨਾਂ ਦੇ ਇਮਤਿਹਾਨ ਦੇ ਸਮਰੱਥ ਬਣਾਉਣ ਲਈ ਮਮਤਾ ਦਾ ਨਿੱਘ ਪ੍ਰਦਾਨ ਕਰ ਰਹੀ ਸੀ।
11 ਪੋਹ ਦੀ ਪਹੁ ਫਟੀ ਅਤੇ ਸਾਹਿਬਜ਼ਾਦਿਆਂ ਨੂੰ ਪਹਿਲੀ ਪੇਸ਼ੀ ਲਈ ਸੂਬੇ ਦੀ ਕਚਹਿਰੀ ਲਿਜਾਇਆ ਗਿਆ। ਸੀਸ ਝੁਕਾਉਣ ਦੀ ਥਾਂ ਪੈਰ ਖਿੜਕੀ ’ਚ ਰੱਖ ਕੇ ਅਗਾਂਹ ਲੰਘਣ ਦਾ ਮਾਣਮੱਤਾ ਕਦਮ ਸੂਬੇ ਨੂੰ ਅਕਲੋਂ ਹਲੂਣ ਕੇ ਰੱਖ ਗਿਆ। ਲੋਭ-ਲਾਲਚ ਅਤੇ ਡਰਾਵਿਆਂ ਦਾ ਸਿਲਸਿਲਾ ਸਿੱਦਕ ਨੂੰ ਟਸ ਤੋਂ ਮਸ ਨਾ ਕਰ ਸਕਿਆ। ਅਗਲੀ ਰਾਤ ਮੁੜ ਰਾਜ ਸ਼ਕਤੀ ਗੁਰੂਕਿਆਂ ਅਤੇ ਗੁਰਦੇਵ ਮਾਤਾ ਦਾ ਸਿੱਦਕ ਪਰਖਣ ਦਾ ਭਰਮ ਪਾਲ ਬਹਿ ਗਈ। 13 ਪੋਹ ਦੇ ਦਿਨ ਮੁੱਦਾ ਆਰ-ਪਾਰ ਹੋਣਾ ਸੀ। ਹਕੂਮਤ ਹਰ ਸ਼ਕਤੀ ਮਾਸੂਮਾਂ ਨੂੰ ਦੀਨ-ਏ-ਇਸਲਾਮ ਕਬੂਲ ਕਰਵਾਉਣ ਲਈ ਬਹਿਬਲ ਹੋਈ ਪਰ ਖੰਡੇ ਦੀ ਪਾਹੁਲ ਦੀ ਪਾਕ ਸ਼ਕਤੀ ਉਸ ’ਤੇ ਵੀ ਭਾਰੂ ਪੈ ਗਈ। ਨਵਾਬ ਸ਼ੇਰ ਮੁਹੰਮਦ ਖਾਂ ਮਲੇਰਕੋਟਲਾ ਨੇ ਹਾਅ ਦਾ ਨਾਅਰਾ ਮਾਰਿਆ। ਇਸਲਾਮ ਦੇ ਇਲਾਹੀ ਸੱਚ ਨੇ ਵਜ਼ੀਦਖਾਨ ਨੂੰ ਫੈਸਲੇ ’ਤੇ ਪੁਨਰ-ਵਿਚਾਰ ਕਰਨ ਲਈ ਮਜਬੂਰ ਕਰ ਦਿੱਤਾ। ਸੁੱਚਾ ਨੰਦ ਦੀ ਜ਼ੁਬਾਨੋਂ ਨਾਪਾਕ ਨੀਤੀ ਨੇ ਮੁੜ ਕਰਵਟ ਲਈ। ਸੂਬੇ ਨੇ ਆਪਣੇ ਹੀ ਸ਼ਾਸਨ ਦੇ ਪਤਨ ਦੇ ਵਾਰੰਟਾਂ ’ਤੇ ਹਸਤਾਖਰ ਕਰ ਦਿੱਤੇ। ਕਾਜੀ ਨੇ ਮਾਸੂਮਾਂ ਨੂੰ ਨੀਹਾਂ ’ਚ ਚਿਣਵਾਉਣ ਦਾ ਸਿਆਸੀ ਅਤੇ ਫਰਜ਼ੀ ਫਤਵਾ ਸੁਣਾਇਆ ਤਾਂ ਸੱਚਖੰਡ ਦੇ ਵਾਸੀ ਕੰਧਾਂ ’ਚ ਖੜ ਕੇ ਵੀ ਜੈਕਾਰੇ ਗੁੰਜਾਉਂਦੇ ਰਹੇ। ਆਸ਼ਰ-ਬੇਗ ਅਤੇ ਵਾਸਰ ਬੇਗ ਨੂੰ ਸਜ਼ਾ-ਏ-ਮੌਤ ਤੋਂ ਮੁਕਤ ਕਰਨ ਦਾ ਲਾਲਚ ਮਾਸੂਮਾਂ ਦੀਆਂ ਸਾਹ ਰਗਾਂ ਕੱਟਣ ਲਈ ਮਜਬੂਰ ਕਰ ਗਿਆ। ਠੰਡੇ ਬੁਰਜ ’ਚੋਂ ਮਾਤਾ ਜੀ ਦੀ ਆਤਮਾ ਸਿਦਕ ਪ੍ਰੀਖਿਆ ’ਚੋਂ ਸਾਹਿਬਜ਼ਾਦਿਆਂ ਦੇ ਪਾਸ ਹੋਣ ਦੀ ਖ਼ਬਰ ਪਾ ਕੇ ਪਰਵਾਜ਼ ਭਰ ਗਈ।
ਦੋ ਰਾਤਾਂ ਬਾਬਾ ਮੋਤੀ ਰਾਮ ਮਹਿਰਾ ਜਿਉਂਦੇ ਜੀਅ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ’ਚ ਦੁੱਧ ਪਿਲਾ ਕੇ ਸਿੱਦਕ ਪਾਲਦਾ ਰਿਹਾ ਸੀ ਪਰ ਮਾਸੂਮ ਲਾਸ਼ਾਂ ਦੇ ਸੰਸਕਾਰ ਲਈ ਖੜੀਆਂ ਸੋਨੇ ਦੀਆਂ ਅਸ਼ਰਫੀਆਂ ਦੇ ਬਰਾਬਰ ਜ਼ਮੀਨ ਖਰੀਦ ਕੇ ਦੀਵਾਨ ਟੋਡਰ ਮੱਲ ਇਸ ਇਤਿਹਾਸ ਦੇ ਪੰਨਿਆਂ ਦਾ ਸਲਾਹੁਣਯੋਗ ਪਾਤਰ ਬਣ ਗਿਆ। ਤਵਾਰੀਖ ਦਾ ਇਹ ਲਹੂ-ਲੂਹਾਣ ਮਾਰਗ ਪੋਹ ਦੀਆਂ ਕਕਰੀਲੀਆਂ ਰਾਤਾਂ ’ਚ ਅੱਜ ਲੋਕਾਈ ਸਦੀਆਂ ਬਾਅਦ ਵੀ ਆਪਣੀਆਂ ਰੂਹਾਂ ’ਤੇ ਹੰਢਾਉਦੀ ਹੈ। ਜ਼ਖਮੀ ਅੱਖਾਂ ਰੋ-ਰੋ ਕੇ ਸਾਹਿਬਜ਼ਾਦਿਆਂ ਅਤੇ ਮਾਤਾ ਨੂੰ ਅਕੀਦਤ ਦੇ ਫੁੱਲ ਅਰਪਿਤ ਕਰਦੀਆਂ ਹਨ। ਸ਼ਾਇਦ, ਰਹਿੰਦੀ ਦੁਨੀਆ ਤੱਕ ਇਹ ਪੀੜ ਲੋਕਾਈ ਤੋਂ ਨਾ ਸਮੇਟੀ ਜਾਵੇ ਅਤੇ ਨਾ ਹੀ ਇਹ ਸਦੀਵੀ ਨਸੂਰ ਰਿਸਣੋ ਬੰਦ ਹੋ ਸਕੇ। ਇਹੋ ਇਸ ਘਟਨਾਕ੍ਰਮ ਦਾ ਤਵਾਰੀਖੀ ਸੱਚ ਹੈ।
ਸ਼ਮਸ਼ੇਰ ਸਿੰਘ ਡੂਮੇਵਾਲ