ਸਿਰਜਣਾ ਦਿਹਾੜਾ ‘ਸ੍ਰੀ ਅਕਾਲ ਤਖ਼ਤ ਸਾਹਿਬ’
7/1/2020 12:38:02 PM
ਅੰਮ੍ਰਿਤਸਰ 'ਚ ਸਿੱਖਾਂ ਦੇ ਪ੍ਰਮੁੱਖ ਕੇਂਦਰੀ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦੇ ਸਨਮੁੱਖ ਸ੍ਰੀ ਅਕਾਲ ਤਖ਼ਤ ਸਾਹਿਬ ਸ਼ੁਸ਼ੋਭਿਤ ਹੈ। ਇਹ ਸਿੱਖਾਂ ਦਾ ਪਹਿਲਾ ਤਖਤ ਹੈ। ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 1606 ਈ. 'ਚ ਇਸਦੀ ਸਿਰਜਨਾ ਕੀਤੀ। ਪਹਿਲਾਂ ਇਸਦਾ ਨਾਮ ਅਕਾਲ ਬੁੰਗਾ ਸੀ, ਜੋ ਬਾਅਦ 'ਚ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੋਇਆ । 'ਅਕਾਲ ਤਖ਼ਤ' ਸਾਹਿਬ ਦੋ ਸ਼ਬਦਾਂ ਦਾ ਸੁਮੇਲ ਹੈ। 'ਅਕਾਲ' ਭਾਵ ਪ੍ਰਮਾਤਮਾ ਜਿਸ 'ਤੇ ਕਾਲ ਭਾਵ ਸਮੇਂ ਦਾ ਅਸਰ ਨਹੀਂ ।
'ਤਖ਼ਤ' ਫਾਰਸੀ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਸ਼ਾਹੀ ਤਖ਼ਤ ਜਾਂ ਰਾਜ ਸਿੰਘਾਸਨ। ਇਸ ਤਰਾਂ ਅਕਾਲ ਤਖ਼ਤ ਦਾ ਭਾਵ, ਉਹ ਤਖ਼ਤ ਜੋ ਸਦਾ ਕਾਇਮ ਰਹਿਣ ਵਾਲਾ ਹੈ। ਦੂਜੇ ਸ਼ਬਦਾਂ 'ਚ 'ਤਖ਼ਤ' ਸ਼ਬਦ ਦਾ ਅਰਥ ਬੈਠਣ ਦੀ ਚੌਂਕੀ ਜਾਂ ਰਾਜ ਸਿੰਘਾਸਨ ਹੈ, ਜਿੱਥੇ ਬੈਠਕੇ ਰਾਜਾ ਆਪਣੇ ਰਾਜ ਦੇ ਕੰਮ ਕਰਦਾ ਹੈ ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਿਰਜਤ ਸ੍ਰੀ ਅਕਾਲ ਤਖਤ ਦੀ ਉਸਾਰੀ ਦਾ ਕਾਰਜ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਕੀਤਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸੇ ਤਖ਼ਤ ਤੋਂ ਦੋ ਤਲਵਾਰਾਂ ਮੀਰੀ ਤੇ ਪੀਰੀ ਧਾਰਨ ਕੀਤੀਆਂ ਤੇ ਸਿੱਖਾਂ ਨੂੰ ਸ਼ਸ਼ਤਰਧਾਰੀ ਹੋਣ ਦਾ ਹੁਕਮ ਜਾਰੀ ਕੀਤਾ। ਇੱਥੋਂ ਹੀ ਸਿੱਖਾਂ ਨੂੰ ਚੰਗੇ ਸ਼ਸ਼ਤਰ ਘੋੜੇ ਤੇ ਆਪਣੀਆਂ ਜੁਆਨੀਆਂ ਭੇਂਟ ਕਰਨ ਦਾ ਹੁਕਮ ਜਾਰੀ ਹੋਇਆ। ਸ੍ਰੀ ਅਕਾਲ ਤਖ਼ਤ ਸਿੱਖਾਂ ਦੀ ਸੁਤੰਤਰ ਸੋਚ ਨੂੰ ਰੂਪਮਾਨ ਕਰਦਾ ਹੈ ਤੇ ਸਮੇਂ-ਸਮੇਂ 'ਤੇ ਸਿੱਖ ਪੰਥ ਨੇ ਇੱਥੇ ਸਰਬੱਤ ਖਾਲਸੇ ਦੇ ਇਕੱਠ ਕਰਕੇ ਅਹਿਮ ਫੈਸਲੇ ਲਏ । ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਭਾਵੇਂ ਕਈ ਵਾਰ ਢਹਿ-ਢੇਰੀ ਕਰ ਦਿੱਤੀ ਗਈ ਪਰ ਅੱਜ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕੇਸਰੀ ਪਰਚਮ ਝੂਲਦੇ ਹਨ ਤੇ ਇੱਥੋਂ ਜਾਰੀ ਹਰ ਹੁਕਮ ਨੂੰ ਗੁਰਸਿੱਖ ਖਿੜੇ ਮੱਥੇ ਪ੍ਰਵਾਨ ਕਰਦੇ ਹਨ ।
ਨੋਟ-ਨਾਨਕਸ਼ਾਹੀ ਕੈਲੰਡਰ ਮੁਤਾਬਕ
18 ਹਾੜ 1 ਜੁਲਾਈ ਨੂੰ ਸਿਰਜਣਾ ਦਿਵਸ ਸ੍ਰੀ ਅਕਾਲ ਤਖ਼ਤ ਸਾਹਿਬ।