ਮਹਾਸ਼ਿਵਰਾਤਰੀ ਦਿਹਾੜੇ 'ਤੇ ਵਿਸ਼ੇਸ਼: ਭਗਤਾਂ ਦਾ ਸਹਾਰਾ ਭਗਵਾਨ ਸ਼ਿਵ

3/11/2021 3:24:56 PM

ਮਹਾਸ਼ਿਵਰਾਤਰੀ ਉਤਸਵ ਮਾਂ ਜਗਦੰਬਾ ਪਾਰਵਤੀ ਜੀ ਅਤੇ ਸ਼ੰਕਰ ਜੀ ਦੇ ਵਿਆਹ ਦੀ ਰਾਤ ਹੈ ਅਤੇ ਮਹਾਸ਼ਿਵਰਾਤਰੀ ਉਤਸਵ ਨਿਰੰਕਾਰ ਭਗਵਾਨ ਸ਼ਿਵਜੀ ਦੇ ਸਾਕਾਰ ਸ਼ਿਵਲਿੰਗ ਦੇ ਰੂਪ ਵਿਚ ਪ੍ਰਗਟ ਹੋਣ ਦੀ ਰਾਤ ਵੀ ਹੈ। ਫੱਗਣ ਮਹੀਨੇ ਦੇ ਕ੍ਰਿਸ਼ਨ ਪਕਸ਼ ਦੀ ਚਤੁਦਰਸ਼ੀ ਨੂੰ ਮਨਾਇਆ ਜਾਣ ਵਾਲਾ ਮਹਾਸ਼ਿਵਰਾਤਰੀ ਉਤਸਵ ਸਾਲ ਭਰ ਦਾ ਬਹੁਤ ਹੀ ਇੰਤਜ਼ਾਰ ਕੀਤੇ ਜਾਣ ਵਾਲਾ ਤਿਉਹਾਰ ਹੈ। ਭਗਵਾਨ ਸ਼ਿਵ ਦੀ ਮਹਿਮਾ ਅਤੇ ਸ਼ਕਤੀਆਂ ਅਨੰਤ ਹਨ। ਉਨ੍ਹਾਂ ਦੀਆਂ ਵਿਭੂਤੀਆਂ ਨਾਲ ਵੇਦ ਪੁਰਾਣ ਆਦਿ ਧਰਮ ਗ੍ਰੰਥ ਪਰੀਪੂਰਣ ਹਨ। ਭਗਵਾਨ ਸ਼ਿਵ ਦੀ ਕ੍ਰਿਪਾ ਪ੍ਰਾਪਤ ਹੋਣ ’ਤੇ ਮਨੁੱਖ ਅਭਏ ਨੂੰ ਪ੍ਰਾਪਤ ਹੋ ਜਾਂਦਾ ਹੈ।

PunjabKesari

ਭਗਵਾਨ ਸ਼ੰਕਰ ਨਾਲ ਪਾਰਵਤੀ ਜੀ ਦਾ ਵਿਆਹ
ਭਗਵਾਨ ਸ਼ਿਵ ਦੀਆਂ ਸ਼ਕਤੀਆਂ ਹਨ, ਮਾਂ ਭਗਵਤੀ ਦੁਰਗਾ ਜਿਨ੍ਹਾਂ ਨੇ ਪਹਿਲੇ ਦਕਸ਼ ਪ੍ਰਜਾਪਤੀ ਦੀ ਪੁਤਰੀ ਸਤੀ ਜੀ ਦੇ ਰੂਪ ਵਿਚ ਭਗਵਾਨ ਸ਼ਿਵ ਨੂੰ ਪਤੀ ਦੇ ਰੂਪ ਵਿੱਚ ਪ੍ਰਾਪਤ ਕੀਤਾ । ਅਗਲੇ ਜਨਮ ਵਿਚ ਹਿਮਾਲਿਆ ਦੀ ਪੁੱਤਰੀ ਪਾਰਵਤੀ ਜੀ ਦੇ ਰੂਪ ਵਿਚ ਭਗਵਾਨ ਸ਼ਿਵ ਨੂੰ ਵਰ ਰੂਪ ਵਿਚ ਪਾਇਆ। ਮਹਾਸ਼ਿਵਰਾਤਰੀ ਉਤਸਵ ਮਾਂ ਜਗਦੰਬਾ ਪਾਰਵਤੀ ਜੀ ਅਤੇ ਸ਼ੰਕਰ ਜੀ ਦੇ ਵਿਆਹ ਦੀ ਰਾਤ ਹੈ ਅਤੇ ਨਿਰੰਕਾਰ ਭਗਵਾਨ ਸ਼ਿਵਜੀ ਦੇ ਸਾਕਾਰ ਸ਼ਿਵਲਿੰਗ ਦੇ ਰੂਪ ਵਿਚ ਪ੍ਰਗਟ ਹੋਣ ਦੀ ਰਾਤ ਵੀ ਹੈ। ਜੋ ਪਰਮਾਨੰਦਮਈ ਹੈ, ਜਿਨ੍ਹਾਂ ਦੀਆਂ ਲੀਲਾਵਾਂ ਅਨੰਤ ਹਨ, ਜੋ ਈਸ਼ਵਰਾਂ ਦੇ ਵੀ ਈਸ਼ਵਰ, ਸਰਬ-ਵਿਆਪਕ, ਮਹਾਨ, ਗੌਰੀ ਦੇ ਪ੍ਰੀਤਮ ਅਤੇ ਸਵਾਮੀ ਕਾਰਤਿਕ ਅਤੇ ਵਿਘਨਰਾਜ ਗਣੇਸ਼ ਜੀ ਨੂੰ ਪੈਦਾ ਕਰਨ ਵਾਲੇ ਹਨ, ਉਸ ਆਦਿ ਦੇਵ ਸ਼ੰਕਰ ਜੀ ਨੂੰ ਮੈਂ ਨਮਸਕਾਰ ਕਰਦਾ ਹਾਂ। ਇਸ ਸਾਰੇ ਜਗਤ ਵਿਚ ਭਗਵਾਨ ਸ਼ਿਵ ਨੂੰ ਖੁਸ਼ ਕਰਨਾ ਸਭ ਪਾਪਾਂ ਨੂੰ ਨਾਸ਼ ਕਰਨ ਵਾਲਾ ਅਤੇ ਪਰਮ ਗੁਣਕਾਰੀ ਹੈ। ਇਕ ਵਾਰ ਪਾਰਵਤੀ ਜੀ ਨੇ ਭਗਵਾਨ ਸ਼ਿਵ ਸ਼ੰਕਰ ਤੋਂ ਪੁੱਛਿਆ, ‘ਅਜਿਹਾ ਕਿਹੜਾ ਸ੍ਰੇਸ਼ਟ ਅਤੇ ਸਰਲ ਵਰਤ-ਪੂਜਨ ਹੈ ਜਿਸ ਦੇ ਨਾਲ ਮ੍ਰਿਤਲੋਕ ਦੇ ਪ੍ਰਾਣੀ ਤੁਹਾਡੀ ਕ੍ਰਿਪਾ ਸਹਿਜੇ ਹੀ ਪ੍ਰਾਪਤ ਕਰ ਲੈਂਦੇ ਹਨ?’

PunjabKesari
ਜਵਾਬ ਵਿਚ ਸ਼ਿਵਜੀ ਨੇ ਪਾਰਵਤੀ ਜੀ ਨੂੰ ‘ਸ਼ਿਵਰਾਤਰੀ’ ਦੇ ਵਰਤ ਦਾ ਵਿਧਾਨ ਦੱਸਿਆ ਅਤੇ ਇਹ ਕਥਾ ਵੀ ਦੱਸੀ ਕਿ ਕਿਸ ਤਰ੍ਹਾਂ ਚਿਤਰਭਾਨੂ ਨਾਂ ਦੇ ਸ਼ਿਕਾਰੀ ਨੇ ਸ਼ਿਕਾਰ ਦੀ ਖੋਜ ਵਿਚ ਇਕ ਰੁੱਖ ’ਤੇ ਬੈਠ ਕੇ ਅਣਜਾਨੇ ਵਿਚ ਸ਼ਿਵ ਪੂਜਨ ਕੀਤਾ। ਉਸ ਦਿਨ ਮਹਾਸ਼ਿਵਰਾਤਰੀ ਸੀ ਅਤੇ ਭੋਲੇਨਾਥ ਜੀ ਨੇ ਖੁਸ਼ ਹੋ ਕੇ ਉਸ ਨੂੰ ਦਰਸ਼ਨ ਦਿੱਤੇ। ਇਸ ਤਰ੍ਹਾਂ ਉਸ ਨੂੰ ਸ਼ਿਵ ਕ੍ਰਿਪਾ ਪ੍ਰਾਪਤ ਹੋਈ। ਕਹਿਣ ਦਾ ਅਰਥ ਇਹ ਹੈ ਕਿ ਭਗਵਾਨ ਸ਼ਿਵ ਦੀ ਭਗਤੀ ਦਾ ਸਧਾਰਣ ਨਿਯਮ ਇਹੀ ਹੈ ਕਿ ਮਨੁੱਖ ਜੇਕਰ ਹੰਕਾਰ ਭਾਵ ਛੱਡ ਕੇ ਸਮਰਪਣ ਭਾਵ ਨਾਲ ਸ਼ਿਵ ਅਰਾਧਨਾ ਕਰ ਲੈਂਦਾ ਹੈ ਤਾਂ ਉਸ ਦਾ ਕਲਿਆਣ ਨਿਸ਼ਚਿਤ ਹੈ। ਦੇਵਤਾ, ਯਕਸ਼, ਦਾਨਵ, ਸਿੱਧ, ਰਿਸ਼ੀ-ਮੁਨੀ ਅਤੇ ਮਨੁੱਖ ਆਦਿ ਕੁਲ ਚਰ ਅਚਰ ਪ੍ਰਾਣੀ ਸਾਰੇ ਭਗਵਾਨ ਸ਼ਿਵ ਦੀ ਕ੍ਰਿਪਾ ਪ੍ਰਾਪਤ ਕਰ ਨਿਡਰ ਹੋ ਜਾਂਦੇ ਹਨ।

PunjabKesari

‘ਓਮ ਨਮ: ਸ਼ਿਵਾਏ’ ਮੰਤਰ ਹੈ ਸ਼ਿਵ ਸਵਰੂਪ

ਭਗਵਾਨ ਸ਼ਿਵ ਦੀ ਕ੍ਰਿਪਾ ਨਾਲ ਹੀ ਮਾਰਕੰਡੇਏ ਵਰਗੇ ਸੋਲਾਂ ਸਾਲ ਦੀ ਘੱਟ ਉਮਰ ਪ੍ਰਾਪਤ ਬਾਲਕ ਨੇ ਚਿਰੰਜੀਵੀ ਹੋਣ ਦਾ ਵਰ ਪ੍ਰਾਪਤ ਕਰ ਲਿਆ। ‘‘ਚੰਦ੍ਰਸ਼ੇਖਰਮਾਸ਼ਰਏ ਮਮ ਕਿੰ ਕਰਿਸ਼ਯਤੀ ਵੈ ਯਮ:।’’ਮੈਂ ਭਗਵਾਨ ਚੰਦਰਸ਼ੇਖਰ ਦੇ ਸਹਾਰੇ ਵਿਚ ਹਾਂ ਤਾਂ ਯਮ ਮੇਰਾ ਕੀ ਬੁਰਾ ਕਰ ਸਕਦਾ ਹੈ। ਇਸ ਪ੍ਰਕਾਰ ਉਨ੍ਹਾਂ ਨੇ ਭਗਵਾਨ ਸ਼ਿਵ ਦੀ ਅਰਾਧਨਾ ਕਰ ਸ਼ਿਵ ਕ੍ਰਿਪਾ ਪ੍ਰਾਪਤ ਕੀਤੀ। ਭਗਵਾਨ ਸ਼੍ਰੀ ਰਾਮ ਜੀ ਨੇ ਰਾਵਣ ਨਾਲ ਯੁੱਧ ਅਰੰਭ ਹੋਣ ਤੋਂ ਪਹਿਲਾਂ ਭਗਵਾਨ ਸ਼ਿਵ ਸ਼ੰਭੁ ਜੀ ਦੀ ਅਰਾਧਨਾ ਕੀਤੀ। ‘‘ਨਮਾਮਿ ਸ਼ੰਭੁੰ ਪੁਰਸ਼ੰ ਪੁਰਾਣੰ ਨਮਾਮਿ ਸਰਵਗਿਅ ਮਪਾਰਭਾਵੰ।’’
ਸ਼੍ਰੀਰਾਮ ਬੋਲੇ, ‘‘ਮੈਂ ਪੁਰਾਣ ਪੁਰਖ ਸ਼ੰਭੁ ਨੂੰ ਨਮਸਕਾਰ ਕਰਦਾ ਹਾਂ ਜਿਨ੍ਹਾਂ ਦੀ ਬੇਅੰਤ ਸੱਤਾ ਦਾ ਕਿਤੇ ਪਾਰ ਜਾਂ ਅੰਤ ਨਹੀਂ ਹੈ, ਉਸ ਸਰਵਗਿਅ ਸ਼ਿਵ ਨੂੰ ਮੈਂ ਪ੍ਰਣਾਮ ਕਰਦਾ ਹਾਂ।’’ ਜਿਸ ਦੇ ਮੂੰਹ ਤੋਂ ਸ਼ਿਵ ਇਹ ਮੰਗਲ ਨਾਮ ਹਮੇਸ਼ਾ ਨਿਕਲਦਾ ਹੈ ਉਸ ਪੁਰਖ ਦੇ ਸਿਰਫ ਦਰਸ਼ਨ ਨਾਲ ਦੂਜੇ ਪ੍ਰਾਣੀ ਹਮੇਸ਼ਾ ਪਵਿਤਰ ਹੋ ਜਾਂਦੇ ਹਨ। ਚਾਰਾਂ ਵੇਦਾਂ ਵਿਚ ਲਿੰਗਾਰਚਨ ਤੋਂ ਵਧ ਕੇ ਕੋਈ ਪੁੰਨ ਨਹੀਂ ਹੈ। ਕੇਵਲ ਸ਼ਿਵਲਿੰਗ ਦੀ ਪੂਜਾ ਨਾਲ ਸਾਰੇ ਚਰਾਚਰ ਜਗਤ ਦੀ ਪੂਜਾ ਕੀਤੀ ਜਾਂਦੀ ਹੈ। ਸੰਪੂਰਨ ਸ਼ਿਵ ਪੁਰਾਣ ਅਤੇ ਸ਼ਿਵ ਤੱਤ ਦਾ ਸਾਰ ਹੈ ਪੰਚਾਕਸ਼ਰੀ ਮੰਤਰ ‘ਓਮ ਨਮ: ਸ਼ਿਵਾਏ’।
‘ਓਮ ਨਮ: ਸ਼ਿਵਾਏ’ ਮੰਤਰ ਸ਼ਿਵ ਸਵਰੂਪ ਹੈ। ਇਹ ਪੰਚਾਕਸ਼ਰ ਮੰਤਰ ਸਾਰਿਆਂ ਮਨੋਰਥਾਂ ਦੀ ਸਿੱਧੀ ਪ੍ਰਦਾਨ ਕਰਨ ਵਾਲਾ ਹੈ। ਭਗਵਾਨ ਸ਼ਿਵ ਦੀ ਪੂਜਾ ਦਾ ਵਿਧਾਨ ਇੰਨਾ ਸਰਲ ਹੈ ਕਿ ਉਹ ਪੰਚਾਕਸ਼ਰੀ ਮੰਤਰ ਅਤੇ ਬਿਲਵ ਪੱਤਰ ਹਾਸਲ ਕਰਨ ਨਾਲ ਹੀ ਸੰਤੁਸ਼ਟ ਅਤੇ ਖੁਸ਼ ਹੋ ਜਾਂਦੇ ਹਨ। ਓਮ ਨਮ: ਸ਼ਿਵਾਏ ਮੰਤਰ ਯੋਗੀਜਨਾਂ ਲਈ ਪਰਮ ਔਸ਼ਧੀ ਰੂਪ ਹੈ।

PunjabKesari

ਸ੍ਰਿਸ਼ਟੀ ਦੀ ਉਤਪਤੀ ਕਰਨ ਵਾਲੇ ਸ਼ਿਵ ਸ਼ੰਭੂ
ਤਿੰਨੋਂ ਦੇਵਤਾਵਾਂ ਵਿਚੋ ਭਗਵਾਨ ਸ਼ਿਵ ਸੰਹਾਰ ਦੇ ਦੇਵਤੇ ਮੰਨੇ ਗਏ ਹਨ। ਸ੍ਰਿਸ਼ਟੀ ਦੀ ਉਤਪਤੀ, ਸਥਿਤੀ ਅਤੇ ਸੰਹਾਰ ਤਿੰਨੋ ਭਗਵਾਨ ਸ਼ਿਵ ਦੇ ਅਧੀਨ ਹਨ ਪਰ ਭਗਵਾਨ ਸ਼ਿਵ ਦੁੱਖਾਂ ਨੂੰ ਖਤਮ ਕਰਨ ਵਾਲੇ ਵੀ ਹਨ। ਇਸ ਲਈ ਭਗਵਾਨ ਸ਼ਿਵ ਦਾ ਸਵਰੂਪ ਕਲਿਆਣਕਾਰਕ ਹੈ।
ਜਿਸ ਤਰ੍ਹਾਂ ਲੋਕ ਕਲਿਆਣ ਲਈ ਸਮੁੰਦਰ ਮੰਥਨ ਸਮੇਂ ਭਿਆਨਕ ਹਲਾਹਲ ਜ਼ਹਿਰ ਨੂੰ ਭਗਵਾਨ ਸ਼ਿਵ ਨੇ ਕੰਠ ਵਿਚ ਧਾਰਨ ਕੀਤਾ ਅਤੇ ਨੀਲਕੰਠ ਕਹਾਏ, ਉਸੇ ਤਰ੍ਹਾਂ ਭੋਲੇਨਾਥ ਨੇ ਜਗਤ ਕਲਿਆਣ ਲਈ ਜੋ ਲੀਲਾਵਾਂ ਕੀਤੀਆਂ, ਉਨ੍ਹਾਂ ਤੋਂ ਉਨ੍ਹਾਂ ਦੇ ਅਨੇਕਾਂ ਪ੍ਰਸਿੱਧ ਨਾਮ ਹੋਏ ਜਿਨ੍ਹਾਂ ਵਿਚ ਮਹਾਕਾਲ, ਆਦਿਦੇਵ, ਕਿਰਾਤ, ਆਸ਼ੁਤੋਸ਼, ਸ਼ੰਕਰ, ਚੰੰਦਰਸ਼ੇਖਰ, ਜਟਾਧਾਰੀ, ਨਾਗਨਾਥ, ਮ੍ਰਤਿਊਜੈ, ਤ੍ਰਿਅੰਬਕ, ਮਹੇਸ਼, ਵਿਸ਼ੇਵਸ, ਮਹਾਰੁਦ੍ਰ, ਨੀਲਕੰਠ, ਮਹਾਸ਼ਿਵ, ਉਮਾਪਤੀ, ਕਾਲ ਭੈਰਵ, ਭੂਤਨਾਥ, ਰੁਦ੍ਰ, ਸ਼ਸ਼ੀਭੂਸ਼ਣ ਆਦਿ ਪ੍ਰਸਿੱਧ ਹਨ। ਭਗਵਾਨ ਸ਼ਿਵ ਦੀ ਭਗਤੀ ਸ਼ਰਣਾਗਤੀ ਭਗਤਾਂ ਦੇ ਪਾਪ ਰੂਪੀ ਜੰਗਲ ਨੂੰ ਸਾੜਨ ਲਈ ਅਗਨੀ ਸਰੂਪ ਹੈ।

PunjabKesari

ਮਹਾਦੇਵ ਸ਼ੰਭੁ ਮਹੇਸ਼ ਤ੍ਰਿਨੇਤਰ 

ਭਗਵਾਨ ਸ਼ਿਵ ਦੇ ਰੂਪ ਅਨੰਤ ਹਨ। ਉਨ੍ਹਾਂ ਦੇ ਅਸਲ ਸਰੂਪ ਦਾ ਗਿਆਨ ਕਿਸੇ ਨੂੰ ਨਹੀਂ ਹੈ। ਉਹ ਕਾਲ ਤੋਂ ਪਰੇਂ, ਆਪਣੀ ਇੱਛਾ ਨਾਲ ਪੁਰਖ ਰੂਪ ਧਾਰਨ ਕਰਨ ਵਾਲੇ ਤ੍ਰਿਗੁਣ ਸਰੂਪ ਅਤੇ ਕੁਦਰਤੀ ਸਰੂਪ ਹਨ। ਗੌਰੀਪਤੀ ਮ੍ਰਤਿਊਜੇਸ਼ਵਰ ਭਗਵਾਨ ਸ਼ੰਕਰ ਸਾਰੇ ਲੋਕਾਂ ਦੇ ਸਵਾਮੀ, ਮੁਕਤੀ ਦੇ ਅਧਿਪਤੀ ਸ਼ੁਤੀਆਂ ਅਤੇ ਸਮ੍ਰਿਤੀਆਂ ਦੇ ਅਧੀਸ਼ਵਰ, ਦੁਰਗਮ ਭਵਸਾਗਰ ਤੋਂ ਪਾਰ ਕਰਾਉਣ ਵਾਲੇ ਹਨ ਅਤੇ ਭਗਤਾਂ ਦੇ ਇਕਲੌਤੇ ਸਹਾਰੇ ਹਨ। ਆਦਿ ਸ਼ੰਕਰਾਚਾਰੀਆ ਭਗਵਾਨ ਵਿਸ਼ਵਨਾਥ ਦੀ ਵਡਿਆਈ ਵਿਚ ਕਹਿੰਦੇ ਹਨ :
‘‘ਪ੍ਰਭੋ ਸ਼ੂਲਪਾਣੇ ਵਿਭੋ ਵਿਸ਼ਵਨਾਥ, ਮਹਾਦੇਵ ਸ਼ੰਭੁ ਮਹੇਸ਼ ਤ੍ਰਿਨੇਤਰ।
ਸ਼ਿਵਾਕਾਂਤ ਸ਼ਾਂਤ ਸਮਰਾਰੇ ਪੁਰਾਰੇ, ਤਵਦਨਿਓ ਵਰੇਨਯੋ ਨਾ ਮਾਨਿਓ ਨਾ ਗਣਯ।’’
ਹੇ ਪ੍ਰਭੂ! ਹੇ ਵਿਸ਼ਵਨਾਥ! ਹੇ ਮਹਾਦੇਵ! ਹੇ ਸ਼ੰਭੋ! ਹੇ ਪਰਮੇਸ਼ਵਰ! ਹੇ ਤ੍ਰਿਨੇਤਰ! ਹੇ ਪਾਰਵਤੀ ਵੱਲਭ! ਹੇ ਤ੍ਰਿਪੁਰਾਰੇ! ਤੁਹਾਡੇ ਬਰਾਬਰ ਨਾ ਕੋਈ ਸ੍ਰੇਸ਼ਟ ਹੈ, ਨਾ ਮਾਣਯੋਗ ਹੈ ਅਤੇ ਨਾ ਗਣਨੀਯ ਹੈ।
ਹੇ ਨਾਥ, ਹੇ ਭਗਤਾਂ ਦੇ ਦਰਦ ਨੂੰ ਖਤਮ ਕਰਨ ਵਾਲੇ ਕ੍ਰਿਪਾਲੂ ਤੁਹਾਡੀ ਜੈ ਹੋ। ਹੇ ਸੰਸਾਰ ਸਾਗਰ ਤੋਂ ਪਾਰ ਲੰਘਾਉਣ ਵਾਲੇ ਤੁਹਾਡੀ ਜੈ ਹੋ।
 

ਲੇਖਕ-ਰਵਿਸ਼ੰਕਰ ਸ਼ਰਮਾ


Aarti dhillon

Content Editor Aarti dhillon