ਨਰਾਤਿਆਂ ਦੇ ਦਿਨਾਂ 'ਚ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਘਰ 'ਚ ਆਉਣਗੀਆਂ ਖ਼ੁਸ਼ੀਆਂ

10/18/2023 2:34:51 PM

ਜਲੰਧਰ - ਨਰਾਤਿਆਂ ਦਾ ਤਿਉਹਾਰ ਹਿੰਦੂ ਧਰਮ 'ਚ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਨਰਾਤਿਆਂ ਦੇ 9 ਦਿਨਾਂ ਤੱਕ ਮਾਂ ਦੁਰਗਾ ਨੂੰ ਖ਼ੁਸ਼ ਕਰਨ ਲਈ ਸ਼ਰਧਾਲੂ ਪੂਰੀ ਸ਼ਰਧਾ ਨਾਲ ਮਾਂ ਦੀ ਪੂਜਾ ਕਰਦੇ ਹਨ। ਭਗਵਤੀ ਮਾਂ ਦਾ ਆਸ਼ੀਰਵਾਦ ਲੈਣ ਲਈ ਲੋਕ ਵੱਖ-ਵੱਖ ਉਪਾਅ ਵੀ ਕਰਦੇ ਹਨ। ਮੰਨਿਆ ਜਾਂਦਾ ਹੈ ਕਿ ਜਿਹਨਾਂ ਵਿਅਕਤੀਆਂ 'ਤੇ ਮਾਂ ਆਪਣੀ ਕਿਰਪਾ ਬਰਸਾਉਂਦੀ ਹੈ, ਉਨ੍ਹਾਂ ਦੇ ਸਾਰੇ ਦੁੱਖ, ਦਰਦ, ਸਮੱਸਿਆਵਾਂ ਅਤੇ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਅਜਿਹੇ ਲੋਕਾਂ ਦੇ ਘਰ ਖ਼ੁਸ਼ੀਆਂ ਆਉਂਦੀਆਂ ਹਨ। ਇਸ ਦੇ ਇਲਾਵਾ ਨਰਾਤਿਆਂ ਦੇ ਦਿਨਾਂ 'ਚ ਘਰ ਦੀ ਨਾਕਾਰਾਤਮਕ ਊਰਜਾ ਦੂਰ ਕਰਨ ਲਈ ਕੁਝ ਖ਼ਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਦੇ ਬਾਰੇ ਆਓ ਜਾਣਦੇ ਹਾਂ... 

ਸਵਾਸਤਿਕ ਬਣਾਉ
ਨਰਾਤਿਆਂ ਦੇ ਦਿਨਾਂ 'ਚ ਘਰ ਦੇ ਮੁੱਖ ਦਰਵਾਜ਼ੇ 'ਤੇ ਦੋਵਾਂ ਪਾਸੇ ਸਵਾਸਤਿਕ ਜ਼ਰੂਰ ਬਣਾਓ। ਮੰਨਿਆ ਜਾਂਦਾ ਹੈ ਕਿ ਘਰ ਦੇ ਦਰਵਾਜ਼ੇ 'ਤੇ ਸਵਾਸਤਿਕ ਬਣਾਉਣ ਨਾਲ ਘਰ 'ਚ ਆਉਣ ਵਾਲੀ ਨੈਗੇਟਿਵ ਊਰਜਾ ਦੂਰ ਹੁੰਦੀ ਹੈ ਅਤੇ ਘਰ 'ਚ ਖੁਸ਼ੀਆਂ ਆਉਂਦੀਆਂ ਹਨ। 

ਮਾਂ ਲਕਸ਼ਮੀ ਦੇ ਪੈਰਾਂ ਦੇ ਨਿਸ਼ਾਨ
ਨਰਾਤਿਆਂ ਦੇ ਦਿਨਾਂ 'ਚ ਲੋਕਾਂ ਵਲੋਂ ਮਾਂ ਦੁਰਗਾ ਦੇ 9 ਵੱਖ-ਵੱਖ ਸਰੂਪਾਂ ਦੀ ਪੂਰੇ ਰੀਤੀ-ਰਿਵਾਜਾਂ ਨਾਲ ਪੂਜਾ ਕੀਤੀ ਜਾਂਦੀ ਹੈ। ਅਜਿਹੇ 'ਚ ਘਰ ਦੇ ਮੁੱਖ ਦਰਵਾਜ਼ੇ 'ਤੇ ਮਾਂ ਲਕਸ਼ਮੀ ਦੇ ਪੈਰਾਂ ਦੇ ਨਿਸ਼ਾਨ ਬਣਾਉਣੇ ਚਾਹੀਦੇ ਹਨ। ਇਸ ਨਾਲ ਸਾਰੇ ਵਿਗੜਦੇ ਕੰਮ ਬਣਨ ਲੱਗਦੇ ਹਨ ਤੇ ਘਰ 'ਚ ਸੁੱਖ-ਸ਼ਾਂਤੀ ਆਉਂਦੀ ਹੈ। 

ਕਿੱਥੇ ਰੱਖੀਏ ਮਾਂ ਦੀ ਚੌਂਕੀ
ਨਰਾਤਿਆਂ ਦੇ 9 ਦਿਨ ਮਾਤਾ ਰਾਣੀ ਦੇ ਵੱਖ-ਵੱਖ ਰੂਪਾ ਦੀ ਪੂਜਾ ਕੀਤੀ ਜਾਂਦੀ ਹੈ। ਵਾਸਤੂ ਸ਼ਾਸਤਰ ਮੁਤਾਬਕ ਪੂਜਾ ਕਰਨ ਲਈ ਉੱਤਰ ਅਤੇ ਉੱਤਰ-ਪੂਰਬ ਦਿਸ਼ਾ ਸ਼ੁੱਭ ਮੰਨੀ ਜਾਂਦੀ ਹੈ। ਕਲਸ਼ ਦੀ ਸਥਾਪਨਾ ਵੀ ਇਸੇ ਦਿਸ਼ਾ 'ਚ ਕਰਨੀ ਚਾਹੀਦੀ ਹੈ। 

ਅੰਬ ਤੇ ਅਸ਼ੋਕ ਦੇ ਪੱਤਿਆਂ ਦੀ ਕਤਾਰ
ਪਾਠ-ਪੂਜਾ ਦੌਰਾਨ ਅੰਬ ਅਤੇ ਅਸ਼ੋਕ ਦੇ ਪੱਤਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਵਾਸਤੂ ਸ਼ਾਸਤਰ 'ਚ ਇਨ੍ਹਾਂ ਦੋਵਾਂ ਪੱਤਿਆਂ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਨਰਾਤਿਆਂ 'ਚ ਘਰ ਦੇ ਮੁੱਖ ਦਰਵਾਜ਼ੇ 'ਤੇ ਅੰਬ ਤੇ ਅਸ਼ੋਕ ਦੇ ਪੱਤਿਆਂ ਦੀ ਮਾਲਾ ਬੰਨਣ ਨਾਲ ਬੁਰੀਆਂ ਸ਼ਕਤੀਆਂ ਘਰ 'ਚ ਪ੍ਰਵੇਸ਼ ਨਹੀਂ ਕਰਦੀਆਂ।

ਕਾਲੇ ਰੰਗ ਦੇ ਕੱਪੜਿਆਂ ਤੋਂ ਕਰੋ ਪ੍ਰਹੇਜ਼
ਵਾਸਤੂ ਸ਼ਾਸਤਰ ਮੁਤਾਬਕ ਨਰਾਤਿਆਂ ਦੇ ਦਿਨਾਂ 'ਚ ਮਾਤਾ ਦੀ ਪੂਜਾ ਕਰਦੇ ਸਮੇਂ ਕਾਲੇ ਰੰਗ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ। ਇਹ ਰੰਗ ਮਾਂ ਦੀ ਪੂਜਾ ਲਈ ਸ਼ੁੱਭ ਨਹੀਂ ਮੰਨਿਆ ਜਾਂਦਾ। ਇਸ ਲਈ ਕੋਸ਼ਿਸ਼ ਕਰੋ ਕਿ ਕਾਲੇ ਰੰਗ ਦੇ ਕੱਪੜੇ ਪਾ ਕੇ ਕੋਈ ਸ਼ੁਭ ਕੰਮ ਨਾ ਕੀਤਾ ਜਾਵੇ।


rajwinder kaur

Content Editor rajwinder kaur