Navratri 2022: ਨਰਾਤਿਆਂ ’ਚ ਅਖੰਡ ਜੋਤ ਜਗਾਉਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਜ਼ਰੂਰ ਰੱਖੋ ਖ਼ਾਸ ਧਿਆਨ
9/26/2022 4:06:30 PM
ਜਲੰਧਰ (ਬਿਊਰੋ) - ਅੱਸੂ ਦੇ ਨਰਾਤੇ 26 ਅਕਤੂਬਰ, 2022 ਤੋਂ ਸ਼ੁਰੂ ਹੋ ਗਏ ਹਨ। ਨਰਾਤਿਆਂ ਦੇ 9 ਦਿਨ ਮਾਂ ਦੁਰਗਾ ਦੇ 9 ਰੂਪਾਂ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਨਰਾਤਿਆਂ ਦੀ ਸ਼ੁਰੂਆਤ ਤੋਂ ਲੈ ਕੇ ਆਖਰੀ ਦਿਨ ਤੱਕ ਅਖੰਡ ਜੋਤ ਜਗਾਉਣ ਨਾਲ ਮਾਂ ਦੁਰਗਾ ਖ਼ੁਸ਼ ਹੋ ਜਾਂਦੀ ਹੈ, ਜਿਸ ਨਾਲ ਸ਼ਰਧਾਲੂਆਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਜੇਕਰ ਤੁਸੀਂ ਵੀ ਇਸ ਸਾਲ ਨਰਾਤਿਆਂ 'ਚ ਅਖੰਡ ਜੋਤੀ ਦੀ ਸਥਾਪਨਾ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਕੁਝ ਨਿਯਮਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
ਨਰਾਤੇ ਦੇ ਦਿਨਾਂ ’ਚ ਇਸ ਤਰੀਕੇ ਨਾਲ ਜਗਾਓ ਅਖੰਡ ਜੋਤ
ਟੁੱਟਿਆ ਹੋਇਆ ਨਾ ਹੋਵੇ ਦੀਵਾ
ਨਰਾਤੇ ਦੇ ਦਿਨਾਂ ’ਚ ਅਖੰਡ ਜੋਤ ਦੀ ਸ਼ੁਰੂਆਤ ਕਿਸੇ ਪਿੱਤਲ ਜਾਂ ਫਿਰ ਮਿੱਟੀ ਦੇ ਦੀਵੇ ’ਚ ਕਰ ਸਕਦੇ ਹੋ। ਨਰਾਤਿਆਂ ਦੇ ਪੂਰੇ ਨੌਂ ਦਿਨ ਇਹ ਅਖੰਡ ਜੋਤੀ ਜਗਦੀ ਰਹਿਣੀ ਚਾਹੀਦੀ ਹੈ। ਧਿਆਨ ਰੱਖੋ ਕਿ ਜਿਸ ਭਾਂਡੇ ਵਿਚ ਤੁਸੀਂ ਅਖੰਡ ਜੋਤ ਜਗਾ ਰਹੇ ਹੋ, ਉਹ ਟੁੱਟਾ ਹੋਇਆ ਨਹੀਂ ਹੋਣਾ ਚਾਹੀਦਾ।
ਜ਼ਮੀਨ ’ਤੇ ਨਾ ਰੱਖੋ ਦੀਵਾ
ਨਰਾਤਿਆਂ ’ਚ ਅਖੰਡ ਜੋਤ ਵਾਲੇ ਦੀਵੇ ਨੂੰ ਜ਼ਮੀਨ 'ਤੇ ਨਾ ਰੱਖੋ। ਪੂਜਾ ਦੀ ਚੌਂਕੀ ’ਤੇ ਤੁਸੀਂ ਅਸ਼ਟਭੁਜ ਬਣਾ ਕੇ ਮਾਂ ਦੁਰਗਾ ਦੀ ਮੂਰਤੀ ਦੇ ਸਾਹਮਣੇ ਅਖੰਡ ਜੋਤੀ ਜਗਾਓ। ਅਖੰਡ ਜੋਤ ਲਈ ਤੁਸੀਂ ਸਿਰਫ਼ ਗਾਂ ਦੇ ਘਿਓ ਦੀ ਵਰਤੋਂ ਕਰੋ। ਇਸ ਤੋਂ ਇਲਾਵਾ ਤੁਸੀਂ ਤਿਲ ਦਾ ਤੇਲ ਜਾਂ ਸ਼ੁੱਧ ਸਰ੍ਹੋਂ ਦੇ ਤੇਲ ਦੀ ਵੀ ਵਰਤੋਂ ਕਰ ਸਕਦੇ ਹੋ।
ਮਾਂ ਦੀ ਮੂਰਤੀ ਦੇ ਸੱਜੇ ਪਾਸੇ ਰੱਖੋ ਅਖੰਡ ਜੋਤ
ਅਖੰਡ ਜੋਤ ਦਾ ਦੀਵਾ ਮਾਂ ਦੁਰਗਾ ਦੀ ਮੂਰਤੀ ਦੇ ਸੱਜੇ ਪਾਸੇ ਰੱਖਣਾ ਚਾਹੀਦਾ ਹੈ। ਜੇਕਰ ਮਾਂ ਦੁਰਗਾ ਲਈ ਤੇਲ ਦਾ ਦੀਵਾ ਜਗਾ ਰਹੇ ਹੋ ਤਾਂ ਉਸ ਨੂੰ ਮੂਰਤੀ ਦੇ ਖੱਬੇ ਪਾਸੇ ਰੱਖੋ। ਦੀਵਾ ਜਗਾਉਣ ਤੋਂ ਬਾਅਦ ਸੱਚੇ ਮਨ ਨਾਲ ਮਾਂ ਦੀ ਪੂਜਾ ਕਰਨ ਦਾ ਪ੍ਰਣ ਲਓ। ਇਸ ਤੋਂ ਬਾਅਦ ਜੋਤ ਜਗਾਓ ਅਤੇ ਸਭ ਤੋਂ ਪਹਿਲਾਂ ਭਗਵਾਨ ਗਣੇਸ਼, ਮਾਤਾ ਪਾਰਵਤੀ ਅਤੇ ਭਗਵਾਨ ਸ਼ੰਕਰ ਦਾ ਧਿਆਨ ਕਰੋ। ਫਿਰ ਮਨੋਕਾਮਨਾ ਪੂਰੀ ਕਰਨ ਦੀ ਪ੍ਰਾਥਨਾ ਕਰਦੇ ਹੋਏ ਅਖੰਡ ਜੋਤ ਦਾ ਦੀਵਾ ਜਗਾਓ।
ਘਰ ਨੂੰ ਤਾਲਾ ਨਾ ਲਗਾਓ
ਨਰਾਤੇ ਦੇ ਦਿਨਾਂ ’ਚ ਜੇਕਰ ਤੁਸੀਂ ਆਪਣੇ ਘਰ ’ਚ ਅਖੰਡ ਜੋਤੀ ਜਗਾਈ ਹੋਈ ਹੈ, ਤਾਂ ਭੁੱਲ ਕੇ ਵੀ ਘਰ ਨੂੰ ਤਾਲਾ ਨਾ ਲਾਓ। ਅਖੰਡ ਜੋਤ ਜਗਾਉਣ ਤੋਂ ਬਾਅਦ ਘਰ ਵਿਚ ਹਮੇਸ਼ਾ ਇਕ ਵਿਅਕਤੀ ਜ਼ਰੂਰ ਹੋਵੇ ਅਤੇ ਘਰ ਨੂੰ ਖਾਲੀ ਨਾ ਰਹਿਣ ਦਿੱਤਾ ਜਾਵੇ।
ਇਨ੍ਹਾਂ ਚੀਜ਼ਾਂ ਦੀ ਨਾ ਕਰੋ ਵਰਤੋਂ
ਨਰਾਤਿਆਂ ’ਚ ਜੇਕਰ ਤੁਸੀਂ ਆਪਣੇ ਘਰ ਵਿਚ ਅਖੰਡ ਜੋਤੀ ਸਥਾਪਤ ਕਰਨ ਜਾ ਰਹੇ ਹੋ ਤਾਂ ਘਰ ’ਚ ਹਰ ਦਿਨ ਸ਼ੁੱਧਤਾ ਬਣਾ ਕੇ ਰੱਖੋ। ਨਰਾਤੇ ਦੇ ਦਿਨਾਂ ’ਚ ਗੰਢੇ, ਲੱਸਣ, ਮਾਸ, ਸ਼ਰਾਬ ਆਦਿ ਦਾ ਇਸਤੇਮਾਲ ਨਾ ਕਰੋ।
ਅਖੰਡ ਜੋਤ ਜਗਾਉਣ ਦੇ ਫ਼ਾਇਦੇ
. ਨਰਾਤਿਆਂ ’ਚ ਅਖੰਡ ਜੋਤ ਜਗਾ ਕੇ ਸ਼ਰਧਾਲੂ ਆਪਣੀ ਸ਼ਰਧਾ ਦੇਵੀ-ਦੇਵਤਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ। ਨੌਂ ਦਿਨਾਂ ਤੱਕ ਅਖੰਡ ਜੋਤ ਜਗਾ ਕੇ ਰੱਖਣ ਨਾਲ ਸਾਰੇ ਕੰਮ ਪੂਰੇ ਹੋ ਜਾਂਦੇ ਹਨ। ਪਰਿਵਾਰ ਵਿੱਚ ਹਮੇਸ਼ਾ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ।
. ਅਖੰਡ ਜੋਤੀ ਜਗਾਉਣ ਨਾਲ ਘਰ ਦੀ ਨਕਾਰਾਤਮਕ ਊਰਜਾ ਖ਼ਤਮ ਹੁੰਦੀ ਹੈ। ਇਸ ਨਾਲ ਵਿਅਕਤੀ ਦੇ ਜੀਵਨ ਵਿੱਚੋਂ ਹਨੇਰਾ ਅਤੇ ਤਣਾਅ ਖ਼ਤਮ ਹੁੰਦਾ ਹੈ ਅਤੇ ਸਕਾਰਾਤਮਕ ਊਰਜਾ ’ਚ ਵਾਧਾ ਹੁੰਦਾ ਹੈ।
. ਅਖੰਡ ਜੋਤੀ ਪੂਰੀ ਹੋਣ ਤੋਂ ਬਾਅਦ ਤੁਸੀਂ ਬਾਕੀ ਪਏ ਘਿਓ ਜਾਂ ਤੇਲ ਨੂੰ ਆਪਣੇ ਸਰੀਰ 'ਤੇ ਲਗਾ ਸਕਦੇ ਹੋ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਸਰੀਰ ਦੀਆਂ ਸਾਰੀਆਂ ਬੀਮਾਰੀਆਂ ਖ਼ਤਮ ਹੋ ਜਾਂਦੀਆਂ ਹਨ।
. ਵਾਸਤੂ ਮਾਨਤਾਵਾਂ ਅਨੁਸਾਰ ਅਖੰਡ ਜੋਤੀ ਜਲਾਉਣ ਨਾਲ ਸ਼ਨੀ ਦੀ ਮਹਾਦਸ਼ੀ ਤੋਂ ਵੀ ਮੁਕਤੀ ਮਿਲਦੀ ਹੈ। ਇਸ ਨਾਲ ਘਰ ਦੇ ਵਾਸਤੂ ਨੁਕਸ ਖ਼ਤਮ ਹੋ ਜਾਂਦੇ ਹਨ।