21 ਜੂਨ ਦਾ ਕੰਗਣਾਕਾਰ ਸੂਰਜ ਗ੍ਰਹਿਣ : ਭਾਗ 3

5/29/2020 3:46:20 PM

ਸੂਰਜ ਗ੍ਰਹਿਣ ਬਾਰੇ ਲੇਖਾਂ ਦੀ ਇਸ ਲੜੀ ਦੀਆਂ ਪਹਿਲਾਂ ਪ੍ਰਕਾਸ਼ਿਤ ਦੋ ਕੜੀਆਂ ਵਿੱਚ ਤੁਸੀਂ ਸੂਰਜ ਗ੍ਰਹਿਣ ਲੱਗਣ ਦੀ ਵਿਧੀ ਅਤੇ ਸੂਰਜ ਗ੍ਰਹਿਣ ਦੀਆਂ ਕਿਸਮਾਂ ਬਾਰੇ ਪੜ੍ਹ ਚੁੱਕੇ ਹੋ। ਅੱਜ ਅਸੀਂ ਗੱਲ ਕਰਾਂਗੇ ਇਸ ਵਿਸ਼ੇ ਪ੍ਰਤੀ ਮਨੁੱਖੀ ਉਤਸੁਕਤਾ ਦੀ। ਸਦੀਆਂ ਤੋਂ ਮਨੁੱਖ ਸੂਰਜ ਗ੍ਰਹਿਣ ਬਾਰੇ ਬਹੁਤ ਜ਼ਿਆਦਾ ਉਤਸੁਕ ਰਿਹਾ ਹੈ। ਮਹਾਭਾਰਤ ਸਣੇ ਕਈ ਪੁਰਾਣੇ ਦਸਤਾਵੇਜ਼ਾਂ ਵਿੱਚ ਸੂਰਜ ਗ੍ਰਹਿਣ ਦਾ ਜ਼ਿਕਰ ਮਿਲਦਾ ਹੈ।

ਪੁਰਾਤਨ ਕਥਾਵਾਂ ਅਨੁਸਾਰ ਰਾਹੂ ਅਤੇ ਕੇਤੂ ਬਦਲਾ ਲੈਣ ਲਈ ਸੂਰਜ ਨੂੰ ਕਦੇ-ਕਦੇ ਨਿਗਲ ਲੈਂਦੇ ਹਨ, ਜਿਸ ਕਾਰਨ ਸੂਰਜ ਗ੍ਰਹਿਣਿਆ ਜਾਂਦਾ ਹੈ। ਇਸ ਮੰਨਤ ਪਿੱਛੇ 'ਸਾਗਰ ਮੰਥਣ' ਵਾਲੀ ਕਹਾਣੀ ਕੰਮ ਕਰਦੀ ਹੈ। ਇਸ ਕਹਾਣੀ ਅਨੁਸਾਰ ਸਮੁੰਦਰ ਨੂੰ ਰਿੜਕਣ ਉਪਰੰਤ ਨਿਕਲੇ ਅਮ੍ਰਿਤ ਨੂੰ ਪੀਣ ਲਈ ਦੇਵਤੇ ਜਦੋਂ ਦਾਨਵਾਂ ਨੂੰ ਚਕਮਾ ਦੇਣ 'ਚ ਕਾਮਯਾਬ ਹੋ ਗਏ ਤਾਂ ਇੱਕ ਦਾਨਵ ਨੂੰ ਇਹ ਸਾਰੀ ਖੇਡ ਸਮਝ ਆ ਗਈ। ਉਸ ਨੇ ਦੇਵਤਾ ਰੂਪ ਬਣਾ ਕੇ ਵੰਡਿਆ ਜਾ ਰਿਹਾ ਕੁਝ ਕੁ ਅਮ੍ਰਿਤ ਪੀ ਲਿਆ। ਸੂਰਜ ਅਤੇ ਚੰਦਰਮਾ ਦੇਵਤਾਵਾਂ ਨੇ ਇਹ ਭਾਂਪ ਲਿਆ ਅਤੇ ਉਸ ਦੀ ਸ਼ਿਕਾਇਤ ਕਰ ਦਿੱਤੀ। ਭਗਵਾਨ ਵਿਸ਼ਨੂੰ ਨੇ ਇਸ ਦਾਨਵ ਦਾ ਸਿਰ ਵੱਢ ਦਿੱਤਾ। ਉਸ ਦੇ ਸਰੀਰ ਦੇ ਇਹ ਦੋਵੇਂ ਭਾਗ ਰਾਹੂ ਅਤੇ ਕੇਤੂ ਬਣ ਗਏ, ਜੋ ਹੁਣ ਬਦਲਾ ਲੈਣ ਲਈ ਕਦੇ ਸੂਰਜ ਅਤੇ ਕਦੇ ਚੰਨ ਨੂੰ ਖਾ ਜਾਂਦੇ ਹਨ, ਜਿਸ ਕਾਰਨ ਕਦੇ ਸੂਰਜ ਅਤੇ ਕਦੇ ਚੰਨ ਨੂੰ ਗ੍ਰਹਿਣ ਲੱਗਦਾ ਹੈ।

ਅਸਲ ਵਿੱਚ ਸੂਰਜ ਗ੍ਰਹਿਣ ਵਿੱਚ ਮਨੁੱਖੀ ਦਿਲਚਸਪੀ ਹੋਣਾ ਸੁਭਾਵਿਕ ਹੀ ਹੈ। ਪੁਰਾਤਨ ਸਮਿਆਂ ਤੋਂ ਹੀ ਸੂਰਜ ਪੂਰਨ ਕਾਇਨਾਤ ਲਈ ਪ੍ਰਾਣ ਦਾਇਕ ਬਣਿਆ ਹੋਇਆ ਹੈ। ਇਸ ਧਰਤੀ ਉੱਪਰ ਊਰਜਾ ਦਾ ਕੋਈ ਵੀ ਸੋਮਾ ਕਿਉਂ ਨਾ ਹੋਵੇ, ਉਸ ਵਿਚਲੀ ਊਰਜਾ ਆਖਰਕਾਰ ਸੂਰਜ ਤੋਂ ਹੀ ਆਈ ਹੋਈ ਹੁੰਦੀ ਹੈ। ਇਸ ਤਰ੍ਹਾਂ ਸੂਰਜ ਹੀ ਸਾਡੇ ਸਭ ਦੇ ਜੀਵਨ ਦਾ ਅਧਾਰ ਹੈ। ਸੋ, ਸੂਰਜ ਦੀ ਰੋਸ਼ਨੀ ਜਦੋਂ ਕਦੇ ਅਚਾਨਕ ਅਤੇ ਅਣਕਿਆਸੇ ਢੰਗ ਨਾਲ ਦਿਨ ਵੇਲੇ ਲੁਪਤ ਹੁੰਦੀ ਤਾਂ ਵਿਗਿਆਨਕ ਸਮਝ ਦੀ ਘਾਟ ਹੋਣ ਕਾਰਨ ਮਨੁੱਖ ਭੈਅ-ਭੀਤ ਹੋ ਜਾਂਦਾ। ਅਜਿਹੀ ਸਥਿਤੀ ਵਿੱਚ ਉਸ ਨੂੰ ਜੋ ਕੁਝ ਦੱਸ ਦਿੱਤਾ ਜਾਂਦਾ, ਘਬਰਾਹਟ ਵੱਸ ਉਹ ਉਸੇ ਨੂੰ ਸੱਚ ਮੰਨ ਲੈਂਦਾ – ਹੋਰ ਕੋਈ ਚਾਰਾ ਵੀ ਤਾਂ ਨਹੀਂ ਸੀ ਹੁੰਦਾ।

ਸੂਰਜ ਗ੍ਰਹਿਣ ਸਾਲ ਵਿੱਚ ਵੱਧ ਤੋਂ ਵੱਧ ਪੰਜ ਵਾਰੀ ਲੱਗ ਸਕਦਾ ਹੈ। ਕਈ ਗ੍ਰਹਿਣ ਤਾਂ ਮਿੰਟਾਂ-ਸਕਿੰਟਾਂ ਲਈ ਲੱਗਦੇ ਹਨ। ਐਨਾਂ ਹੀ ਨਹੀਂ ਕਿਉਂਕਿ ਧਰਤੀ ਦਾ ਜ਼ਿਆਦਾਤਰ ਹਿੱਸਾ ਸਮੁੰਦਰਾਂ ਜਾਂ ਅਜਿਹੇ ਧਰਤਾਲ ਨਾਲ ਢਕਿਆ ਹੋਇਆ ਹੈ ਜਿੱਥੇ ਜਾਣਾ ਸੰਭਵ ਨਹੀਂ ਹੁੰਦਾ, ਬਹੁਤੇ ਸੂਰਜ ਗ੍ਰਹਿਣਾਂ ਨੂੰ ਅਸੀਂ ਦੇਖ ਨਹੀਂ ਪਾਉਂਦੇ। ਇਸ ਸਭ ਨੇ ਸੂਰਜ ਗ੍ਰਹਿਣ ਵਿੱਚ ਮਨੁੱਖੀ ਦਿਲਚਸਪੀ ਤਾਂ ਵਧਾਈ ਹੀ, ਸੂਰਜ ਗ੍ਰਹਿਣ ਨਾਲ ਜੁੜੀਆਂ ਕਥਾ-ਕਹਾਣੀਆਂ ਅਤੇ ਡਰ ਦੀ ਭਾਵਨਾ ਨੂੰ ਵੀ ਬਲ ਬਖਸ਼ਿਆ।

ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ। ਸੋ, ਜ਼ਰੂਰੀ ਹੈ ਕਿ ਇਸ ਬਾਬਤ ਵਿਗਿਆਨਕ ਨਜ਼ਰੀਏ ਤੋਂ ਕੁਝ ਗੱਲ ਕੀਤੀ ਜਾਵੇ। ਉੱਜ ਵੀ ਮੌਜੂਦਾ ਕੋਰੋਨਾ ਮਹਾਮਾਰੀ ਨੇ ਸਾਨੂੰ ਦਿਖਾ ਹੀ ਦਿੱਤਾ ਹੈ ਕਿ ਮੂਰਤੀਆਂ, ਇਮਾਰਤਾਂ ਅਤੇ ਧਾਰਮਿਕ ਸਥਾਨ ਆਪਣੀ ਥਾਂ, ਵਿਗਿਆਨ ਤੋਂ ਬਿਨਾ ਮਨੁੱਖ ਦਾ ਗੁਜ਼ਾਰਾ ਅਸੰਭਵ ਹੈ। ਜੇਕਰ ਜ਼ਿਆਦਾ ਲੋਕ ਵਿਗਿਆਨਕ ਨਜ਼ਰੀਏ ਦੇ ਮਾਲਕ ਹੋਣਗੇ ਤਾਂ ਅਜਿਹੀਆਂ ਮਹਾਮਾਰੀਆਂ ਨਾਲ ਜੰਗ ਵਧੇਰੇ ਸੌਖਿਆਂ ਲੜੀ ਜਾ ਸਕੇਗੀ।

ਅੱਜ ਦੇ ਵਿਗਿਆਨਕ ਯੁੱਗ ਵਿੱਚ ਵੀ ਸੂਰਜ ਗ੍ਰਹਿਣ ਪ੍ਰਤੀ ਦਿਲਚਸਪੀ ਪੂਰੀ ਤਰ੍ਹਾਂ ਬਰਕਰਾਰ ਹੈ। ਅੱਜ ਵਿਗਿਆਨ ਹਰ ਗ੍ਰਹਿਣ ਬਾਰੇ ਸਹੀ-ਸਹੀ ਜਾਣਕਾਰੀ ਕਾਫੀ ਅਰਸਾ ਪਹਿਲਾਂ ਹੀ ਦੇ ਦਿੰਦਾ ਹੈ। ਇਸ ਦੀ ਅਵਧੀ ਅਤੇ ਸਮਾਂ, ਜੋ ਭਿੰਨ-ਭਿੰਨ ਸਥਾਨਾਂ ਲਈ ਭਿੰਨ-ਭਿੰਨ ਹੁੰਦਾ ਹੈ, ਬਾਰੇ ਵੀ ਅਗਾਊਂ ਸੂਚਨਾ ਮਿਲ ਜਾਂਦੀ ਹੈ। ਵਿਗਿਆਨ ਪ੍ਰਿਆਕਰਨ ਦੇ ਖੇਤਰ ਵਿੱਚ ਕੰਮ ਕਰ ਰਹੀਆਂ ਸੰਸਥਾਵਾਂ ਅਤੇ ਵਿਗਿਆਨ ਕਾਰਜਕਰਤਾ ਹਰ ਗ੍ਰਹਿਣ ਤੋਂ ਕਾਫੀ ਪਹਿਲਾਂ ਕਾਰਜਸ਼ਾਲਾਵਾਂ ਦਾ ਆਯੋਜਨ ਕਰਦੇ ਹਨ, ਪੜ੍ਹਣ ਸਮੱਗਰੀ ਛਾਪੀ ਅਤੇ ਪ੍ਰਚਾਰੀ ਜਾਂਦੀ ਹੈ। ਇਸ ਵਾਰ ਕੋਰੋਨਾ ਲਾਗ (ਮਹਾਂਮਾਰੀ) ਕਾਰਨ ਸਰੀਰਕ ਦੂਰੀ ਬਣਾਈ ਰੱਖੀ ਜਾਣੀ ਸੀ। ਸੋ, ਵੈਬੀਨਾਰਾਂ ਅਤੇ ਇੰਟਰਨੈੱਟ ਅਧਾਰਤ ਕਾਰਜਸ਼ਾਲਾਵਾਂ ਦਾ ਆਯੋਜਨ ਹੋ ਰਿਹਾ ਹੈ ਤਾਂ ਜੋ ਇਸ ਦੁਰਲਭ ਖਗੋਲੀ ਘਟਨਾ ਦੇ ਵਿਗਿਆਨਕ ਤੱਥਾਂ ਬਾਰੇ ਆਮ ਨਾਗਰਿਕਾਂ ਦੀ ਸਮਝ ਵਧਾਈ ਜਾ ਸਕੇ।

ਭਾਵੇਂ ਅੱਜ ਵਿਗਿਆਨ ਕਿਸੇ ਪੁਰਾਤਨ ਕਥਾ-ਕਹਾਣੀ, ਡਰ-ਭੈਅ ਜਾਂ ਦਾਨ-ਪੁੰਨ ਨੂੰ ਸੂਰਜ ਗ੍ਰਹਿਣ ਨਾਲ ਨਹੀਂ ਜੋੜਦਾ ਪਰ ਇਸ ਪ੍ਰਤੀ ਦਿਲਚਸਪੀ ਬਰਕਰਾਰ ਰਹਿਣ ਦੇ ਕਈ ਕਾਰਨ ਹਨ। ਸੂਰਜ ਦਾ ਪ੍ਰਕਾਸ਼ ਐਨਾ ਤੇਜ਼ ਹੁੰਦਾ ਹੈ (ਇਸ ਬਾਰੇ ਗੱਲ ਭਵਿੱਖੀ ਕੜੀ ਵਿੱਚ ਕਰਾਂਗੇ – ਜਦੋਂ ਚਰਚਾ ਕਰਾਂਗੇ ਕਿ ਸੂਰਜ ਗ੍ਰਹਿਣ ਕਿਵੇਂ ਦੇਖਿਆ ਜਾ ਸਕਦਾ ਹੈ) ਕਿ ਇਸ ਵੱਲ ਕਿਸੇ ਵੀ ਤਰ੍ਹਾਂ ਦੇਖਿਆ ਨਹੀਂ ਜਾ ਸਕਦਾ। ਵਿਗਿਆਨੀਆਂ ਨੇ ਚੰਨ, ਮੰਗਲ, ਸ਼ੁੱਕਰ ਆਦਿ ਉੱਪਰ/ਵੱਲ ਕਈ ਪੁਲਾੜੀ ਮਿਸ਼ਨ ਭੇਜੇ ਹਨ। ਸੂਰਜ ਸਬੰਧੀ ਅਜਿਹਾ ਕੋਈ ਵੀ ਉਪਰਾਲਾ ਅਜੇ ਸੰਭਵ ਨਹੀਂ ਹੈ। ਸੂਰਜ ਦਾ ਤਾਪਮਾਨ ਐਨਾ ਜ਼ਿਆਦਾ ਹੈ ਕਿ ਕੋਈ ਵੀ ਪੁਲਾੜੀ ਮਿਸ਼ਨ ਸੂਰਜ ਦੇ ਨੇੜੇ ਵੀ ਨਹੀਂ ਢੁੱਕ ਸਕਦਾ। 

ਅਜਿਹੀ ਤੇਜ਼ ਚਮਕ ਅਤੇ ਤਪਸ਼ ਕਾਰਨ ਸੂਰਜ ਗ੍ਰਹਿਣ ਇੱਕ ਵਧੀਆ ਮੌਕਾ ਹੁੰਦਾ ਹੈ ਜਦੋਂ ਵਿਗਿਆਨੀ ਸੂਰਜ ਵੱਲ ਆਪਣੀਆਂ ਦੂਰਬੀਨਾਂ ਅਤੇ ਹੋਰ ਯੰਤਰ ਬੀੜ ਸਕਦੇ ਹਨ ਅਤੇ ਜਿੰਨੀ ਦੇਰ ਸੂਰਜ ਗ੍ਰਹਿਣ ਲੱਗਿਆ ਰਹਿੰਦਾ ਹੈ, ਬੇਚਾਰੇ ਕਮਲਿਆਂ ਵਾਂਗ ਅੰਕੜੇ ਇਕੱਠੇ ਕਰਦੇ ਰਹਿੰਦੇ ਹਨ ਤਾਂ ਜੋ ਬਾਅਦ ਵਿੱਚ ਵਿਸ਼ਲੇਸ਼ਣ ਕਰਕੇ ਇਹੀ ਗਿਆਨ ਮਨੁੱਖਤਾ ਦੀ ਭਲਾਈ ਲਈ ਵਰਤਿਆ ਜਾ ਸਕੇ।

ਸੂਰਜ ਦੁਆਲੇ ਅਤਿ ਚਮਕਦਾਰ ਪਲਾਜ਼ਮਾ-ਖੇਤਰ ਹੈ, ਜਿਸ ਨੂੰ 'ਸੂਰਜੀ ਕੋਰੋਨਾ' ਕਹਿੰਦੇ ਹਨ (ਦੱਸ ਦੇਈਏ ਕਿ ਇਸ ਦਾ ਮੌਜੂਦਾ ਕੋਰੋਨਾ ਲਾਗ (ਮਹਾਂਮਾਰੀ) ਨਾਲ ਕੋਈ ਸਬੰਧ ਨਹੀਂ ਹੈ – ਕੇਵਲ ਨਾਮ ਹੀ ਸਾਂਝਾ ਹੈ)। ਇਹ ਖੇਤਰ, ਜਿਸ ਦਾ ਤਾਪਮਾਨ ਦਸ ਲੱਖ ਡਿਗਰੀ ਸੈਲਸੀਅਸ ਦੇ ਕਰੀਬ ਹੋਣ ਦਾ ਅਨੁਮਾਨ ਹੈ, ਕੇਵਲ ਸੂਰਜ ਗ੍ਰਹਿਣ ਸਮੇਂ ਹੀ ਦੇਖਿਆ ਜਾ ਸਕਦਾ ਹੈ।

ਸੂਰਜ ਗ੍ਰਹਿਣ ਦੌਰਾਨ ਮਾਨਵ-ਭਲਾਈ ਲਈ ਅੰਕੜੇ ਇਕੱਠੇ ਕਰਨ ਹਿੱਤ ਵਿਗਿਆਨੀ ਕਈ ਵਾਰ ਹਜ਼ਾਰਾਂ ਮੀਲ ਦੂਰ ਦੇ ਇਲਾਕਿਆਂ ਵਿੱਚ ਜਾ ਕੇ ਵੀ ਆਪਣੇ ਯੰਤਰ ਬੀੜਦੇ ਹਨ।

ਹੀਲੀਅਮ ਇਸ ਬ੍ਰਹਿਮੰਡ ਦਾ ਦੂਜਾ ਸਭ ਤੋਂ ਹਲਕਾ ਤੱਤ ਹੈ, ਜੋ ਗੈਸੀ ਰੂਪ ਵਿੱਚ ਮਿਲਦਾ ਹੈ ਅਤੇ ਕਈ ਖੇਤਰਾਂ ਵਿੱਚ ਉਪਯੋਗੀ ਹੁੰਦਾ ਹੈ ਜਿਵੇਂ ਸੁਪਰਕੰਡਕਟਿੰਗ ਚੁੰਬਕਾਂ ਨੂੰ ਠੰਡਾ ਕਰਨਾ, ਐੱਮ.ਆਰ.ਆਈ. ਸਕੈਨਿੰਗ ਮਸ਼ੀਨਾਂ ਵਿੱਚ ਵਰਤਣਾ, ਉਦਯੋਗਾਂ ਵਿੱਚ ਆਰਕ ਵੈਲਡਿੰਗ ਲਈ ਅਤੇ ਪਾਈਪਾਂ ਵਿੱਚ ਲੀਕੇਜ਼ ਦਾ ਪਤਾ ਲਾਉਣ ਲਈ ਵਰਤਣਾ, ਸੁਪਰਸੌਨਿਕ ਹਵਾ ਸੁਰੰਗਾਂ, ਗੈਸ ਕਰੋਮੈਟੋਗ੍ਰਾਫੀ ਅਤੇ ਪੈਰਸ਼ੂਟ ਟਾਈਪ ਗੁਬਾਰਿਆਂ 'ਚ ਭਰਨ ਲਈ ਵਰਤਣਾ। ਇਸ ਤੱਤ ਬਾਰੇ ਸਭ ਤੋਂ ਪਹਿਲਾਂ 18 ਅਗਸਤ, 1868 ਨੂੰ ਲੱਗੇ ਪੂਰਨ ਸੂਰਜ ਗ੍ਰਹਿਣ ਦੌਰਾਨ ਗੁੰਟੁਰ ਵਿਖੇ ਕੀਤੇ ਗਏ ਸਪੈਕਟ੍ਰੋਸਕੋਪਿਕ ਅਧਿਐਨਾਂ ਦੌਰਾਨ ਹੀ ਪਤਾ ਲੱਗਾ ਸੀ।

ਇਸੇ ਤਰ੍ਹਾਂ ਆਇੰਸਟੀਨ ਦੇ ਸਾਪੇਖਤਾ ਦੇ ਸਿਧਾਂਤ ਦਾ ਸਭ ਤੋਂ ਪਹਿਲਾ ਸਬੂਤ 29 ਮਈ, 1919 ਨੂੰ ਲੱਗੇ ਪੂਰਨ ਸੂਰਜ ਗ੍ਰਹਿਣ ਦੌਰਾਨ ਪ੍ਰਿੰਸੇਪੀ ਟਾਪੂ (ਅਫਰੀਕਾ ਦੇ ਪੱਛਮੀ ਤੱਟ ਕੋਲ) ਉੱਤੇ ਕੀਤੇ ਗਏ ਵਿਗਿਆਨਕ ਅਧਿਐਨਾਂ ਦੌਰਾਨ ਹੀ ਸਾਹਮਣੇ ਆਇਆ ਸੀ। ਅਜਿਹੇ ਅਧਿਐਨਾਂ ਲਈ ਭਾਵੇਂ ਹੁਣ ਅਸੀਂ ਕਈ ਨਵੀਆਂ ਮਸ਼ੀਨਾਂ ਬਣਾ ਲਈਆਂ ਹਨ, ਫਿਰ ਵੀ ਅੱਜਕਲ ਕਈ ਹੋਰ ਢੰਗਾਂ ਨਾਲ ਪੂਰਨ ਸੂਰਜ ਗ੍ਰਹਿਣਾ ਦੌਰਾਨ ਕਈ ਮਹੱਤਵਪੂਰਨ ਵਿਗਿਆਨਕ ਅਧਿਐਨ ਕੀਤੇ ਜਾ ਸਕਦੇ ਹਨ।

ਅੱਜਕਲ ਪੂਰਨ ਸੂਰਜ ਗ੍ਰਹਿਣ ਦਾ ਸਮਾਂ ਕਿਸੇ ਵਿਗਿਆਨਕ ਕਾਰਜਕਰਤਾ ਦੇ ਨਾਲ ਬਿਤਾ ਕੇ ਵਿਦਿਆਰਥੀ ਚੰਨ ਅਤੇ ਸੂਰਜ ਦੀ ਆਕ੍ਰਿਤੀ ਬਾਰੇ ਜਾਣ ਸਕਦੇ ਹਨ, ਸੂਰਜ ਦੁਆਲੇ ਘੁੰਮਦੇ ਗ੍ਰਹਿਆਂ ਬਾਰੇ ਜਾਣ ਸਕਦੇ ਹਨ, ਸੂਰਜ ਦੁਆਲੇ ਘੁੰਮਦੀ ਧਰਤੀ ਦੀ ਗਤੀ ਖੁਦ ਮਾਪ ਸਕਦੇ ਹਨ। ਦੱਸ ਦੇਈਏ ਕਿ ਸ਼ੁਰੂ-ਸ਼ੁਰੂ ਵਿੱਚ ਮਨੁੱਖ ਮੰਨਦਾ ਸੀ ਕਿ ਧਰਤੀ ਕੇਂਦਰ ਵਿੱਚ ਖੜ੍ਹੀ ਹੈ ਅਤੇ ਸੂਰਜ ਸਣੇ ਬਾਕੀ ਦੇ ਗ੍ਰਹਿ ਇਸ ਦੇ ਦੁਆਲੇ ਚੱਕਰ ਕੱਟਦੇ ਹਨ। ਬ੍ਰਹਿਮੰਡ ਦੇ ਇਸ 'ਧਰਤ-ਕੇਂਦਰੀ' ਮਾਡਲ ਦੀ ਥਾਂ ਅੱਜ ਵਾਲਾ 'ਸੂਰਜ-ਕੇਂਦਰੀ' ਮਾਡਲ ਦੇਣ ਵਾਲੇ ਉਦੋਂ ਦੇ ਕਈ ਫਿਲਾਸਫਰਾਂ ਨੂੰ ਚਰਚ ਵਿਰੋਧੀ ਹੋਣ ਦਾ ਦੋਸ਼ੀ ਘੋਸ਼ਿਤ ਕਰਕੇ ਧਰਮ ਦੇ 'ਰਖਵਾਲਿਆਂ' ਨੇ ਭਿਆਨਕ ਸਜ਼ਾਵਾਂ (ਸਣੇ ਮੌਤ ਦੀਆਂ ਸਜ਼ਾਵਾਂ) ਵੀ ਦਿੱਤੀਆਂ ਸਨ।

PunjabKesari

ਇਸ ਤੋਂ ਇਲਾਵਾ ਸੂਰਜ ਗ੍ਰਹਿਣ ਦੌਰਾਨ ਵਿਦਿਅਰਥੀਆਂ ਨੂੰ ਇਸ ਗੱਲ ਦਾ ਵੀ ਸਿੱਧਾ ਤਜ਼ਰਬਾ ਦਿੱਤਾ ਜਾ ਸਕਦਾ ਹੈ ਕਿ ਸੂਰਜ ਦੀ ਰੋਸ਼ਨੀ ਰੁਕ ਜਾਣ ਕਾਰਨ ਸੂਰਜ ਗ੍ਰਹਿਣ ਦੌਰਾਨ ਕੁਦਰਤ ਵਿੱਚ ਕਿਸ ਤਰ੍ਹਾਂ ਦੇ ਅਸਥਾਈ ਪਰਿਵਰਤਨ ਆਉਂਦੇ ਹਨ ਜਿਵੇਂ ਕਿ ਪੱਤਿਆਂ ਜਾਂ ਫੁੱਲਾਂ ਦੀ ਆਕ੍ਰਿਤੀ ਵਿੱਚ ਪਰਿਵਰਤਨ ਜਾਂ ਸ਼ਾਮ ਹੋਈ ਦਾ ਭੁਲੇਖਾ ਪੈਣ ਨਾਲ ਪੰਛੀਆਂ ਦਾ ਦਿਨੇ ਹੀ ਆਪਣੇ ਆਲ੍ਹਣਿਆਂ ਵੱਲ ਵਾਪਸ ਮੁੜਣਾ ਆਦਿ।

ਡਾ. ਸੁਰਿੰਦਰ ਕੁਮਾਰ ਜਿੰਦਲ, 
ਮੋਹਾਲੀ
ਮੋ. 98761-35823
ਈ ਮੇਲ: drskjindal123@gmail.com

 

ਆਉਂਦੀ 21 ਜੂਨ ਨੂੰ ਲੱਗ ਰਹੇ ਵੱਡੇ ਸੂਰਜ ਗ੍ਰਹਿਣ ਦੇ ਮੱਦੇ ਨਜ਼ਰ ਅਸੀਂ ਆਪਣੇ ਪਾਠਕਾਂ ਲਈ ਛੋਟੇ-ਛੋਟੇ ਲੇਖਾਂ ਦੀ ਇੱਕ ਲੜੀ ਪ੍ਰਕਾਸ਼ਿਤ ਕਰ ਰਹੇ ਹਾਂ ਜਿਸ ਰਾਹੀਂ ਇਸ ਅਦਭੁਤ ਖਗੋਲੀ ਘਟਨਾ ਦੇ ਵਿਭਿੰਨ ਪਹਿਲੂਆਂ 'ਤੇ ਚਾਨਣਾ ਪਾਇਆ ਜਾਵੇਗਾ। ਇਸ ਲੇਖ ਦੀ ਅਗਲੀ ਕਿਸ਼ਤ ਤੁਸੀਂ ਆਉਣ ਵਾਲੇ ਸ਼ੁੱਕਰਵਾਰ ਪੜ੍ਹ ਸਕਦੇ ਹੋ... 


rajwinder kaur

Content Editor rajwinder kaur