ਇਸ 'ਸ਼ਿਵ ਮੰਦਰ' 'ਚੋਂ ਆਉਂਦੀ ਹੈ ਠੰਡੀ ਹਵਾ, ਭਿਆਨਕ ਗਰਮੀ 'ਚ ਵੀ ਪੁਜਾਰੀ ਲੈਂਦੇ ਨੇ ਕੰਬਲ

10/7/2020 8:07:05 AM

ਸ਼ਸਤਰਾਂ ਦੀ ਗੱਲ, ਜਾਣੋ ਧਰਮ ਦੇ ਨਾਲ
ਅੱਜ ਅਸੀਂ ਤੁਹਾਨੂੰ ਓਡਿਸ਼ਾ ਦੇ ਇਕ ਸ਼ਿਵ ਮੰਦਰ ਦੇ ਦਰਸ਼ਨ ਕਰਵਾਵਾਂਗੇ, ਜਿੱਥੇ ਸ਼ਿਵਲਿੰਗ ਤੋਂ ਠੰਡੀ ਹਵਾ ਨਿਕਲਦੀ ਹੈ। ਇਹ ਸੁਣ ਕੇ ਯਕੀਨ ਨਹੀਂ ਹੋਵੇਗਾ ਪਰ ਇਹ ਸੱਚ ਹੈ। ਓਡਿਸ਼ਾ ਦੇ ਟਿਟਲਾਗੜ੍ਹ ਸ਼ਹਿਰ 'ਚ ਸਥਿਤ ਇਸ ਸ਼ਿਵ ਮੰਦਰ 'ਚ 24 ਘੰਟੇ ਸ਼ਿਵਲਿੰਗ 'ਚੋਂ ਠੰਡੀ ਹਵਾ ਨਿਕਲਦੀ ਰਹਿੰਦੀ ਹੈ। ਦੱਸ ਦੇਈਏ ਕਿ ਇਸ ਮੰਦਰ 'ਚ ਏ. ਸੀ. ਤਾਂ ਦੂਰ ਪੱਖਿਆਂ ਦਾ ਇੰਤਜ਼ਾਮ ਵੀ ਨਹੀਂ ਹੈ। ਇਸ ਦੇ ਬਾਵਜੂਦ ਵੀ ਇਸ ਮੰਦਰ 'ਚ ਇੰਨੀ ਠੰਡ ਹੁੰਦੀ ਹੈ ਕਿ ਪੁਜਾਰੀਆਂ ਨੂੰ ਭਿਆਨਕ ਗਰਮੀ 'ਚ ਵੀ ਕੰਬਲ ਲੈਣੇ ਪੈਂਦੇ ਹਨ।

PunjabKesari

ਇਹ ਮੰਦਰ ਓਡਿਸ਼ਾ ਦੇ ਕੁਮਹੜਾ ਪਹਾੜ ਦੇ ਇਕ ਹਿੱਸੇ 'ਚ ਬਣਿਆ ਹੋਇਆ ਹੈ। ਪਥਰੀਲੀਆਂ ਚੱਟਾਨਾਂ ਵਾਲੇ ਇਸ ਪਹਾੜ ਦੀ ਉਚਾਈ 'ਤੇ ਤਾਪਮਾਨ 55 ਡਿਗਰੀ ਤੱਕ ਪਹੁੰਚ ਜਾਂਦਾ ਹੈ ਪਰ ਇਸ ਮੰਦਰ 'ਚ ਏ. ਸੀ. ਤੋਂ ਵੀ ਜ਼ਿਆਦਾ ਠੰਡਕ ਰਹਿੰਦੀ ਹੈ। ਮੰਦਰ 'ਚ ਭਗਵਾਨ ਸ਼ਿਵ-ਪਾਰਵਤੀ ਦੀ ਮੂਰਤੀ ਸਥਾਪਿਤ ਕੀਤੀ ਗਈ ਹੈ। ਮੰਦਰ ਦੇ ਪੁਜਾਰੀਆਂ ਮੁਤਾਬਕ ਮਾਨਤਾ ਹੈ ਕਿ ਇੱਥੇ ਸਥਾਪਿਤ ਦੇਵ ਮੂਰਤੀਆਂ 'ਚੋਂ ਹੀ ਠੰਡਕ ਆਉਂਦੀ ਹੈ। ਮੰਦਰ ਦੇ ਬਾਹਰ ਦੇ ਵਾਤਾਵਰਣ 'ਚ ਜਿਵੇਂ-ਜਿਵੇਂ ਧੁੱਪ ਵੱਧਦੀ ਹੈ, ਮੰਦਰ ਦੇ ਅੰਦਰ ਠੰਡ ਵੱਧਦੀ ਜਾਂਦੀ ਹੈ। ਪੁਜਾਰੀ ਦੱਸਦੇ ਹਨ ਕਿ ਮੰਦਰ ਦਾ ਦਰਵਾਜ਼ਾ ਬੰਦ ਕਰਨ 'ਤੇ ਉਸ ਠੰਡੀ ਹਵਾ ਨਾਲ ਪੂਰਾ ਮੰਦਰ ਠੰਡਾ ਹੋ ਜਾਂਦਾ ਹੈ।

PunjabKesari

ਪੰਡਿਤ ਨੂੰ ਕਈ ਵਾਰ ਕੰਬਲ ਵੀ ਲੈਣਾ ਪੈਂਦਾ ਹੈ, ਜਦੋਂ ਕਿ ਉਸੇ ਸਮੇਂ ਜੇਕਰ ਕੋਈ ਆਦਮੀ ਮੰਦਰ ਦੇ ਬਾਹਰ 5 ਮਿੰਟ ਵੀ ਖੜ੍ਹਾ ਹੋ ਜਾਵੇਗਾ ਤਾਂ ਉਸ ਦੇ ਪਸੀਨੇ ਛੁੱਟ ਜਾਂਦੇ ਹਨ, ਹਾਲਾਂਕਿ ਅੱਜ ਤੱਕ ਇਸ ਦਾ ਕੋਈ ਸਪੱਸ਼ਟ ਕਾਰਨ ਪਤਾ ਨਹੀਂ ਲੱਗ ਸਕਿਆ ਹੈ। ਉੱਥੇ ਹੀ ਦੱਖਣੀ ਭਾਰਤ 'ਚ ਇਕ ਸ਼ਿਵ ਮੰਦਰ ਹੈ, ਜਿਸ ਦੀ ਬਣਾਵਟ ਬਾਕੀ ਮੰਦਰਾਂ ਤੋਂ ਬਿਲਕੁਲ ਵੱਖਰੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਅਦਭੁੱਤ ਮੰਦਰ ਬੜ ਅਤੇ ਪਿੱਪਲ ਦੇ ਦਰੱਖਤ ਤੋਂ ਬਣਿਆ ਹੈ। ਸ਼ਾਇਦ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਪਰ ਬੜ ਅਤੇ ਪਿੱਪਲ ਦੇ ਦਰੱਖਤ ਨਾਲ ਬਣਿਆ ਇਹ ਮੰਦਰ ਕਰੀਬ 300 ਸਾਲ ਪੁਰਾਣਾ ਹੈ। ਲੋਕ ਇੱਥੇ ਸ਼ਿਵਜੀ ਦੀ ਪੂਜਾ-ਅਰਾਧਨਾ ਅਤੇ ਮੋਨਕਾਮਨਾਵਾਂ ਦੀ ਪੂਰਤੀ ਲਈ ਆਉਂਦੇ ਹਨ ਅਤੇ ਇਹ ਮੰਦਰ ਦੇਸ਼ ਭਰ 'ਚ ਜਗਰਾਮੇਸ਼ਵਰ ਸ਼ਿਵ ਮੰਦਰ ਦੇ ਨਾਂ ਨਾਲ ਮਸ਼ਹੂਰ ਹੈ।

PunjabKesari

ਪੌਰਾਣਿਕ ਮਾਨਤਾਵਾਂ ਮੁਤਾਬਕ ਬੜ ਅਤੇ ਪਿੱਪਲ ਦੇ ਦਰੱਖਤ ਦੇ ਤਣੇ ਨਾਲ ਬਣੇ ਹੋਏ ਇਸ ਮੰਦਰ ਦੇ ਨਿਰਮਾਣ ਨੂੰ ਲੈ ਕੇ ਇਕ ਕਥਾ ਪ੍ਰਸਿੱਧ ਹੈ ਕਿ ਇਕ ਪੁਜਾਰੀ ਤਪੱਸਿਆ 'ਚ ਲੀਨ ਸਨ। ਇਸੇ ਦੌਰਾਨ ਉਨ੍ਹਾਂ ਨੂੰ ਉੱਪਰੋਂ ਇਕ ਮੰਦਰ ਲੰਘਣ ਦਾ ਅਹਿਸਾਸ ਹੋਇਆ। ਪੁਜਾਰੀ ਨੇ ਆਪਣੀ ਤਪੱਸਿਆ ਦੀ ਸ਼ਕਤੀ ਦੇ ਦਮ 'ਤੇ ਮੰਦਰ ਨੂੰ ਉੱਥੇ ਹੀ ਉਤਾਰ ਲਿਆ ਅਤੇ ਜਗਰਾਮ ਦੁਰਗ ਨੇੜੇ ਸਥਾਪਿਤ ਕੀਤਾ। ਅਜਿਹਾ ਕਿਹਾ ਜਾਂਦਾ ਹੈ ਕਿ ਇਹ ਮੰਦਰ ਦਰੱਖਤ 'ਤੇ ਹੀ ਉਤਾਰਿਆ ਗਿਆ ਸੀ, ਜਿਸ ਤੋਂ ਬਾਅਦ ਸੰਨ 1765 'ਚ ਇਸ ਮੰਦਰ 'ਚ ਮਹਾਂਦੇਵ ਦੀ ਮੂਰਤੀ ਸਥਾਪਿਤ ਕਰਕੇ ਇਸ ਦਾ ਨਾਂ ਜਗਰਾਮੇਸ਼ਵਰ ਰੱਖਿਆ ਗਿਆ। ਇਸ ਦੇ ਨਾਲ ਹੀ ਮੰਦਰ 'ਚ ਸ਼ਿਵ ਪਰਿਵਾਰ ਦੀ ਵੀ ਸਥਾਪਨਾ ਕੀਤੀ ਗਈ। ਦੱਸਣਯੋਗ ਹੈ ਕਿ ਮੰਦਰ ਕਰੀਬ 20 ਤੋਂ 25 ਫੁੱਟ ਦੀ ਉਚਾਈ 'ਤੇ ਹੈ। ਇਸ ਦੇ ਅੰਦਰ ਜਾਣ ਲਈ ਪੌੜੀਆਂ ਦਾ ਇਸਤੇਮਾਲ ਹੁੰਦਾ ਹੈ।


Babita

Content Editor Babita