ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ: ਲੜੀਵਾਰ ਬਿਰਤਾਂਤ

7/10/2020 12:23:17 PM

(ਕਿਸ਼ਤ ਛੱਤੀਵੀਂ)

ਤਲਵੰਡੀ ਨੂੰ ਵਾਪਸੀ : ਨਾਨਕ ਸਾਹਿਬ ਅਤੇ ਬਾਲਾ ਜੀ ਦੇ ਮਨ ਦੀ ਦਸ਼ਾ ਅਤੇ ਦਿਸ਼ਾ

ਸੰਤਰੇਣ ਸੰਪਰਦਾਇ ਦਾ ਇਤਿਹਾਸ ਦੱਸਦਾ ਹੈ ਕਿ ਸਵਾਮੀ ਸੰਤਰੇਣ (ਪਹਿਲਾ ਨਾਂ ਦਿਊ ਕੰਵਰ) ਜੀ ਇਸ ਸੰਪਰਦਾਇ ਦੇ ਮੋਢੀ ਸੰਚਾਲਕ ਹੋਣ ਤੋਂ ਇਲਾਵਾ ਬੜੇ ਗੈਰਤਮੰਤ ਅਤੇ ਪਹੁੰਚੇ ਹੋਏ ਵਿਦਵਾਨ ਸੰਤ ਸਨ। ਉਨ੍ਹਾਂ ਦੀ ਸੰਪਰਦਾਇ ਵਿੱਚ ਸ਼ਾਮਲ ਸਾਰੇ ਦੇ ਸਾਰੇ ਸੰਤ ਮਹਾਤਮਾ, ਉਨ੍ਹਾਂ ਵਾਂਗ ਬੜੇ ਅਸੂਲਪ੍ਰਸਤ, ਪੜ੍ਹ-ਲਿਖੇ ਵਿਦਵਾਨ ਅਤੇ ਆਪਣੇ ਮਿਸ਼ਨ ਦੇ ਬੜੇ ਪੱਕੇ ਸਨ। ਅਣਖੀ, ਅਸੂਲੀ, ਸੱਚੇ ਅਰਥਾਂ ਵਿੱਚ ਅਧਿਆਤਮਕ ਪਾਂਧੀ ਅਤੇ ਤਪੱਸਵੀ ਹੋਣ ਕਾਰਣ, ਇਨ੍ਹਾਂ ਦਾ ਪਹਿਲਾ ਸੁਨਹਿਰੀ ਨਿਯਮ ਜਾਂ ਕਾਅਦਾ ਇਹ ਸੀ ਕਿ ਇਹ ਮੰਗ ਕੇ ਖਾਣ ਨੂੰ ਬਿਲਕੁਲ ਵੀ ਪਸੰਦ ਨਹੀਂ ਸਨ ਕਰਦੇ। ਆਪਣੇ ਅਧਿਆਤਮਕ ਗਿਆਨ ਅਤੇ ਬਲ ਦੁਆਰਾ ਲੋਕਾਂ ਨੂੰ ਸੱਚ ਤੋਂ ਜਾਣੂ ਕਰਵਾਉਣ ਨੂੰ ਇਹ ਲੋਕ ਆਪਣਾ ਪਰਮ ਧਰਮ ਜਾਂ ਫ਼ਰਜ਼ ਸਮਝਦੇ ਸਨ। ਇਹ ਲੋਕ ਇਸ ਖ਼ਿਆਲ ਦੇ ਵੀ ਧਾਰਨੀ ਸਨ ਕਿ ਜੇਕਰ ਲੋਕ ਸਾਡੀ ਸਮਾਜ ਪ੍ਰਤੀ ਦੇਣ ਤੋਂ ਪ੍ਰਭਾਵਿਤ ਹੋ ਕੇ, ਆਪਣੀ ਮਰਜ਼ੀ ਨਾਲ ਸਾਨੂੰ ਭੋਜਨ ਜਾਂ ਕੋਈ ਹੋਰ ਭੇਟਾਵਾਂ ਆਦਿ ਦਿੰਦੇ ਹਨ, ਤਾਂ ਉਨ੍ਹਾਂ ਨੂੰ ਪ੍ਰਵਾਨ ਕਰਨ ਵਿੱਚ ਕੋਈ ਹਰਜ਼ ਨਹੀਂ ਹੈ।

ਇਸ ਸੰਪਰਦਾਇ ਦਾ ਦੂਜਾ ਨਿਯਮ ਇਹ ਸੀ ਕਿ ਜੰਗਲੀ ਜੜ੍ਹੀਆਂ-ਬੂਟੀਆਂ ਤੋਂ ਆਯੂਰਵੈਦਿਕ ਪੱਧਤੀ ਅਨੁਸਾਰ ਦਵਾਈਆਂ ਬਣਾ ਕੇ, ਇਨ੍ਹਾਂ ਨਾਲ ਰੋਗੀ ਲੋਕਾਂ ਦਾ ਇਲਾਜ ਕਰਕੇ, ਉਨ੍ਹਾਂ ਨੂੰ ਰੋਗ ਮੁਕਤ ਕਰਨਾ ਅਤੇ ਸੁੱਖ ਪਹੁੰਚਾਉਣਾ ਬਹੁਤ ਜ਼ਰੂਰੀ ਹੈ। ਇਲਾਜ ਕਰਦਿਆਂ ਉਚੇਚਾ ਖ਼ਿਆਲ ਇਹ ਰੱਖਣਾ ਹੈ ਕਿ ਗਰੀਬ ਰੋਗੀਆਂ ਪਾਸੋਂ ਕਦੇ ਕੋਈ ਪੈਸਾ ਨਹੀਂ ਲੈਣਾ ਪਰ ਧਨਵਾਨ ਰੋਗੀਆਂ ਕੋਲੋਂ ਇਲਾਜ/ਦਵਾਈ ਦੇ ਪੈਸੇ ਜ਼ਰੂਰ ਲੈਣੇ ਹਨ।

ਸੰਤਰੇਣ ਪ੍ਰਚਾਰਕ ਜਾਂ ਸੰਤ-ਮੰਡਲੀ ਦਾ ਤੀਸਰਾ ਨਿਯਮ ਇਹ ਸੀ ਕਿ ਆਪਣੇ ਮੱਤ ਦੇ ਪ੍ਰਚਾਰ-ਪ੍ਰਸਾਰ ਦਾ ਸਮੁੱਚਾ ਕਾਰਜ ਸੱਤਾਧਾਰੀਆਂ ਅਰਥਾਤ ਵਿਦੇਸ਼ੀ ਹੁਕਮਰਾਨਾਂ ਦੀ ਵਿਸ਼ਿਸ਼ਟ ਬੋਲੀ (ਅਰਬੀ, ਫ਼ਾਰਸੀ ਅਤੇ ਪਸ਼ਤੋ) ਵਿੱਚ ਨਹੀਂ ਸਗੋਂ ਆਪਣੀਆਂ ਸਥਾਨਕ ਲੋਕ ਬੋਲੀਆਂ (ਪੰਜਾਬੀ, ਪਾਲੀ, ਹਿੰਦੀ, ਬ੍ਰਜ ਆਦਿ) ਵਿੱਚ ਕਰਨਾ ਹੈ।

ਇਵੇਂ ਗਿਆਨਵਾਨ ਮਹਾਤਮਾਵਾਂ ਦੀ ਇਸ ਸੰਪਰਦਾਇ ਦੀ ਵਿਚਾਰਧਾਰਾ, ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਨਿਰਮਲ ਸੋਚਧਾਰਾ ਨਾਲ ਕਾਫ਼ੀ ਮਿਲਦੀ-ਜੁਲਦੀ ਸੀ। ਇਹ ਵੀ ਸੱਚ ਹੈ ਕਿ ‘ਖਰਾ ਸੌਦਾ’ ਕਰਨ ਵਾਲੇ ਸਮੁੱਚੇ ਘਟਨਾਕ੍ਰਮ ਅਤੇ ਬਿਰਤਾਂਤ ਤੋਂ ਬਾਅਦ, ਇਸ ਸੰਪਰਦਾਇ ਦੇ ਮੋਢੀ ਸਵਾਮੀ ਸੰਤਰੇਣ ਜੀ ਅਤੇ ਉਨ੍ਹਾਂ ਦੀ ਮੰਡਲੀ ਦੇ ਬਹੁਗਿਣਤੀ ਸਾਧੂ, ਗੁਰੂ ਨਾਨਕ ਸਾਹਿਬ ਦੇ ਜੀਵਨ, ਦਰਸ਼ਨ ਅਤੇ ਸਿੱਖਿਆ-ਸੰਸਾਰ ਤੋਂ ਪ੍ਰਭਾਵਿਤ ਹੋ ਕੇ, ਉਨ੍ਹਾਂ ਦੇ ਪੱਕੇ ਸ਼ਰਧਾਲੂ ਅਤੇ ਪੈਰੋਕਾਰ ਹੋ ਗਏ ਸਨ। ਇਸ ਪ੍ਰਸੰਗ ਵਿੱਚ ਇਹ ਤੱਥ ਵੀ ਉਲੇਖਯੋਗ ਹੈ ਕਿ ਇਸ ਪ੍ਰਚਾਰਕ ਮੰਡਲੀ ਦੇ ਕਈ ਸਾਰੇ ਬੰਦਗੀ ਵਾਲੇ ਸਾਧੂ, ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਹਿਲਾਂ ਤੋਂ ਹੀ ਜਾਣੂ ਅਤੇ ਸ਼ਰਧਾਲੂ ਸਨ।  

ਆਪਣੇ ਸਾਥੀ ਭਾਈ ਬਾਲਾ ਜੀ ਦੇ ਨਾਲ ਤਲਵੰਡੀ ਦੇ ਰਾਹ ਤੁਰੇ ਜਾਂਦੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਜਦੋਂ ਤੱਕ ਤਲਵੰਡੀ (ਸੰਸਾਰ ਅਤੇ ਸੰਸਾਰਕ ਕਾਰ-ਵਿਹਾਰ) ਤੋਂ ਵਾਹਵਾ ਦੂਰ ਸਨ ਤਾਂ ਉਨ੍ਹਾਂ ਦਾ ਮਨ ਬੜਾ ਖ਼ੁਸ਼ ਸੀ ਕਿ ਗਿਆਨਵਾਨ ਭੁੱਖੇ ਸਾਧਾਂ ਉੱਪਰ 20 ਰੁਪਏ ਖਰਚ ਕੇ, ਉਨ੍ਹਾਂ ਨੇ ਬੜਾ ਚੰਗਾ ਅਤੇ ਪੁੰਨ ਦਾ ਕੰਮ ਕੀਤਾ ਹੈ। ਪਰ ਜਿਉਂ-ਜਿਉਂ ਉਨ੍ਹਾਂ ਦੇ ਕਦਮ ਤਲਵੰਡੀ ਵੱਲ ਵਧ ਰਹੇ ਸਨ ਤਾਂ ਮਨ ’ਤੇ ਤਾਰੀ ਖੇੜੇ ਦਾ ਇਹ ਭਾਵ ਮੱਧਮ ਪੈਣ ਲੱਗਾ। ਤੁਰਦਿਆਂ-ਤੁਰਦਿਆਂ ਜਦੋਂ ਲਗਭਗ ਅੱਧਾ ਪੰਧ ਮੁਕਾ ਲਿਆ ਤਾਂ ਪਿਤਾ ਮਹਿਤਾ ਕਾਲੂ, ਦੁਨੀਆ ਅਤੇ ਦੁਨੀਆਦਾਰੀ ਦੇ ਖ਼ਿਆਲਾਂ ਨੇ ਉਨ੍ਹਾਂ ਦੇ ਮਨ ਦਾ ਵਿਹੜਾ ਮੱਲ ਲਿਆ। ਦੁਬਿਧਾ ਦਾ ਭਾਵ ਭਾਰੂ ਹੋ ਗਿਆ।

ਨਾਲ ਤੁਰੇ ਜਾਂਦੇ ਭਾਈ ਬਾਲਾ ਜੀ ਨੂੰ ਸੁਤੇਸਿੱਧ ਹੀ ਪੁੱਛਣਾ ਕੀਤਾ, ਭਾਈ ਬਾਲਾ ! ਕੀ ਅਸਾਂ ਜੋ ਕੀਤਾ ਹੈ, ਉਹ ਠੀਕ ਕੀਤਾ ਹੈ? ਕੀ ਕਿਤੇ ਕੋਈ ਕੁਤਾਹੀ ਜਾਂ ਗ਼ਲਤੀ ਤਾਂ ਨਹੀਂ ਹੋ ਗਈ। ਸੁਭਾਵਕ ਹੀ ਅੱਗੋਂ ਭਾਈ ਬਾਲਾ ਜੀ ਨੇ ਆਪਣੀ ਹੈਸੀਅਤ, ਸੀਮਾ ਅਤੇ ਸੋਚ ਅਨੁਸਾਰ ਜਵਾਬ ਦੇਣਾ ਸੀ। ਉਨ੍ਹਾਂ ਦੇ ਮਨ ਉੱਪਰ ਤਾਂ ਪਹਿਲਾਂ ਹੀ ਆਪਣੇ ਮਾਲਕ, ਮਹਿਤਾ ਕਾਲੂ ਜੀ ਦਾ ਡਰ ਪੂਰੀ ਤਰ੍ਹਾਂ ਤਾਰੀ ਸੀ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਸਵਾਲ ਸੁਣ, ਉਹ ਇੱਕਦਮ ਹੋਰ ਵੀ ਤ੍ਰਬਕ ਅਤੇ ਦੁਬਕ ਗਏ। ਡਰਦਿਆਂ ਬੇਨਤੀ ਗੁਜ਼ਾਰੀ, ਮਾਲਕੋ ! ਇਸ ਵਿੱਚ ਮੇਰਾ ਕੋਈ ਦੋਸ਼ ਨਹੀਂ। ਮੈਂ ਤਾਂ ਕੁੱਝ ਵੀ ਨਹੀਂ ਕੀਤਾ। ਜੋ ਕੀਤਾ ਤੁਸਾਂ ਕੀਤਾ। 

ਜਦੋਂ ਤੁਸੀਂ 20 ਰੁਪਏ ਸਾਧਾਂ ਨੂੰ ਦੇ ਰਹੇ ਸਉ, ਮੈਂ ਤਾਂ ਉਦੋਂ ਵੀ ਸੈਨਤ ਨਾਲ ਤੁਹਾਨੂੰ ਹੋੜਿਆ ਸੀ ਅਤੇ ਜਦੋਂ ਚੂਹੜਕਾਣੇ ਰਸਦਾਂ ਲੈਣ ਗਏ ਸਉ, ਮੈਂ ਉਦੋਂ ਵੀ ਤੁਹਾਨੂੰ ਮਨ੍ਹਾਂ ਕੀਤਾ ਸੀ। ਮੈਂ ਤਾਂ ਟਹਿਲੀਆ ਹਾਂ, ਤੁਹਾਨੂੰ ਬਾਹੋਂ ਫੜ ਕੇ ਤਾਂ ਰੋਕ ਨਹੀਂ ਸਾਂ ਸਕਦਾ। ਜੋ ਕੁੱਝ ਚੰਗਾ-ਮਾੜਾ ਹੋਇਆ ਹੈ, ਉਹ ਤੁਹਾਡੇ ਹੱਥੋਂ ਹੋਇਆ ਹੈ। ਹੁਣ ਫ਼ਿਕਰ ਕਿਉਂ ਕਰਦੇ ਹੋ? ਜੋ ਹੋਏਗਾ, ਝੱਲ ਲੈਣਾ ਪਰ ਮੈਨੂੰ ਗਰੀਬੜੇ ਨੂੰ ਜ਼ਰੂਰ ਬਚਾ ਲੈਣਾ। ਨੌਕਰ ਅਤੇ ਨਿਮਾਣਾ ਜਾਣ, ਮੇਰੇ ’ਤੇ ਦੋਸ਼ ਨਾ ਧਰਨਾ। ਇਹ ਸੁਣ ਕੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਚੁੱਪ ਕਰ ਗਏ। 

ਆਪਣੇ ਅਧੀਰ ਮਨ ਨੂੰ ਧਰਵਾਸ ਦੇਣ ਲਈ ਉਹ ਜਿਸ ਤਰ੍ਹਾਂ ਦਾ ਜਵਾਬ ਜਾਂ ਹੁੰਗਾਰਾ ਬਾਲਾ ਪਾਸੋਂ ਚਾਹੁੰਦੇ ਸਨ, ਉਹ ਮਿਲ ਨਹੀਂ ਸੀ ਰਿਹਾ। ਉਨ੍ਹਾਂ ਦੀ ਦਿਲੀ ਤਮੰਨਾ ਇਹ ਸੀ ਕਿ ਘੱਟੋ-ਘੱਟ ਕੋਈ (ਭਾਈ ਬਾਲਾ) ਤਾਂ ਉਨ੍ਹਾਂ ਦੀ ਹਾਮੀ ਭਰੇ। ਪਰ ਭਾਈ ਬਾਲਾ ਆਪਣੀ ਥਾਂ ’ਤੇ ਸੱਚਾ ਅਤੇ ਮਜਬੂਰ ਸੀ, ਲਾਚਾਰ ਸੀ। ਇਸ ਪ੍ਰਕਾਰ ਡੂੰਘੀ ਚਿੰਤਾ ਅਤੇ ਸੋਚ ਵਿੱਚ ਡੁੱਬੇ, ਦੋਵੇਂ ਜਣੇ, ਤਲਵੰਡੀ ਦੇ ਬਿਲਕੁਲ ਨੇੜ੍ਹੇ ਪੁੱਜ ਗਏ। ਵਿਸ਼ੇਸ਼ ਕਰਕੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਨਿਰੰਕਾਰੀ ਮਨ ਨੂੰ ਇਸ ਚਿੰਤਾ ਨੇ ਬੁਰੀ ਤਰ੍ਹਾਂ ਗ੍ਰਸਿਆ ਹੋਇਆ ਸੀ ਕਿ ਪਿਤਾ ਅਤੇ ਸੰਸਾਰ ਦੇ ਸਵਾਲਾਂ ਦਾ ਉਹ ਆਖ਼ਰ ਕੀ ਜਵਾਬ ਦੇਣਗੇ?

ਇਸ ਘੋਰ ਮਨੋ-ਸੰਕਟ ਦੇ ਸਮੇਂ, ਭਾਈ ਬਾਲਾ ਉਨ੍ਹਾਂ ਦਾ ਇੱਕੋ ਇੱਕ ਆਸਰਾ ਜਾਂ ਹਮਾਇਤੀ ਹੋ ਸਕਦਾ ਸੀ ਪਰ ਜਦੋਂ ਉਸ ਨੇ ਵੀ ਹਮਾਇਤ ਦੀ ਹਾਮੀ ਨਾ ਭਰੀ ਤਾਂ ਪਿਤਾ ਮਹਿਤਾ ਕਾਲੂ ਜੀ ਦੇ ਗੁੱਸੇ ਦੇ ਤਿੱਖੇ ਡਰ ਕਾਰਣ, ਸ੍ਰੀ ਗੁਰੂ ਨਾਨਕ ਸਾਹਿਬ ਜੀ ਸਿੱਧੇ ਪਿੰਡ ਅਤੇ ਘਰ ਜਾਣ ਦਾ ਜਿਗਰਾ ਨਾ ਜੁਟਾ ਸਕੇ। ਉਨ੍ਹਾਂ ਨੇ ਆਪਣੇ ਸਾਥੀ ਭਾਈ ਬਾਲਾ ਨੂੰ ਆਖਿਆ ਕਿ ਪਹਿਲਾਂ ਉਹ ਇਕੱਲਾ ਹੀ ਪਿੰਡ/ਘਰ ਜਾਵੇ। ਜੇਕਰ ਉਸਨੂੰ ਲੱਗੇ ਕਿ ਪਿਤਾ ਕਾਲੂ ਜੀ ਦਾ ਹਾਵ-ਭਾਵ ਠੀਕ ਹੈ ਤਾਂ ਆ ਕੇ ਦੱਸ ਦੇਵੇ। ਨਹੀਂ ਤਾਂ ਉਹ ਅਜੇ ਹਾਲ ਦੀ ਘੜੀ ਆਪਣੇ ਘਰ ਜਾਣ ਦਾ ਜ਼ੋਖਮ ਨਹੀਂ ਉਠਾਉਣਗੇ। ਉਨ੍ਹਾਂ ਦੇ ਇਵੇਂ ਕਰਨ ਪਿੱਛੇ ਮਨਸ਼ਾ ਸ਼ਾਇਦ ਇਹ ਵੀ ਸੀ ਕਿ ਪਿਤਾ ਦੇ ਕ੍ਰੋਧ ਦਾ ਪਹਿਲਾ ਹੱਲਾ ਅਤੇ ਹੜ੍ਹ ਕਿਸੇ ਢੰਗ ਨਾਲ ਜ਼ਰਾ ਮੱਠਾ, ਢੈਲਾ ਅਤੇ ਖੁੰਡਾ ਪੈ ਜਾਵੇ।
                                        ਚਲਦਾ...........
                                                                                                                                          

ਜਗਜੀਵਨ ਸਿੰਘ (ਡਾ.)
ਐਸੋਸੀਏਟ ਪ੍ਰੋਫ਼ੈਸਰ,
ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ
570, ਨਰਦੀਪ ਮਾਰਗ, ਹੀਰਾ ਮਹਿਲ ਕਾਲੋਨੀ, ਨਾਭਾ, ਜ਼ਿਲ੍ਹਾ ਪਟਿਆਲਾ
ਫੋਨ: 99143-01328,  Email: jsdeumgc@gmail.com 


rajwinder kaur

Content Editor rajwinder kaur