ਕਰਮ ਦੇ ਆਧਾਰ ’ਤੇ ਸ਼ੁੱਭ ਫ਼ਲ ਦਿੰਦੇ ਹਨ ‘ਸ਼ਨੀਦੇਵ’, ਜਾਣੋ ਕਿਵੇਂ ਹੁੰਦੇ ਹਨ ਖੁਸ਼

5/20/2023 11:42:41 AM

ਹਿੰਦੂ ਸ਼ਾਸਤਰਾਂ ਦੇ ਅਨੁਸਾਰ ਸ਼ਨੀ ਦੇਵ ਦਾ ਜਨਮ ਜੇਠ ਮਹੀਨੇ ਦੀ ਮੱਸਿਆ ਵਾਲੇ ਦਿਨ ਹੋਇਆ ਸੀ। ਇਸ ਲਈ ਇਹ ਦਿਨ ਸ਼ਨੀ ਦੇਵ ਨੂੰ ਸਮਰਪਿਤ ਹੈ। ਇਸ ਦਿਨ ਸ਼ਨੀ ਦੀ ਪੂਜਾ ਕਰਨਾ ਲਾਭਦਾਇਕ ਮੰਨਿਆ ਜਾਂਦਾ ਹੈ। ਹਿੰਦੂ ਦੇਵੀ-ਦੇਵਤਿਆਂ ’ਚ ਸ਼ਨੀ ਦੇਵ ਨੂੰ ਅਹਿਮ ਸਥਾਨ ਦਿੱਤਾ ਗਿਆ ਹੈ। ਸੂਰਜ ਪੁੱਤਰ ਸ਼ਨੀ ਦੇਵ ਦਾ ਜਨਮ ਮਾਤਾ ਛਾਇਆ ਦੀ ਕੁੱਖ ’ਚੋਂ ਹੋਇਆ ਸੀ। ਕਰਮਫਲ ਦਾਤਾ ਸ਼ਨੀ ਦੇਵ ਦੀ ਜੋ ਭਗਤ ਵਿਧੀ-ਵਿਧਾਨ ਨਾਲ ਪੂਜਾ ਕਰਦਾ ਹੈ, ਉਸ ਨੂੰ ਸ਼ੁੱਭ ਫਲ ਪ੍ਰਾਪਤ ਹੁੰਦਾ ਹੈ।

ਸ਼ਨੀ ਦੇਵ ਦੀ ਪੂਜਾ ਕਰਦੇ ਸਮੇਂ ਕਦੇ ਵੀ ਉਨ੍ਹਾਂ ਦੀਆਂ ਅੱਖਾਂ ’ਚ ਨਹੀਂ ਦੇਖਣਾ ਚਾਹੀਦਾ, ਕਿਉਂਕਿ ਜੋ ਵੀ ਵਿਅਕਤੀ ਉਨ੍ਹਾਂ ਦੀ ਪੂਜਾ ਕਰਦੇ ਸਮੇਂ ਉਨ੍ਹਾਂ ਦੀਆਂ ਅੱਖਾਂ ’ਚ ਦੇਖਦਾ ਹੈ ਉਹ ‘ਵਕਰੀ ਦ੍ਰਿਸ਼ਟੀ’ ਤੋਂ ਪੀੜਤ ਹੋ ਸਕਦਾ ਹੈ। ਸ਼ਨੀ ਦੇਵ ਦੀ ਪੂਜਾ ਕਰਦੇ ਸਮੇਂ ਹਮੇਸ਼ਾ ਆਪਣੀ ਨਜ਼ਰ ਉਨ੍ਹਾਂ ਦੇ ਪੈਰਾਂ ’ਤੇ ਰੱਖੋ, ਇਸ ਨਾਲ ਸ਼ਨੀ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ। ਜਦੋਂ ਸ਼ਨੀ ਦੇਵ ਮਾਤਾ ਛਾਇਆ ਦੇ ਗਰਭ ’ਚ ਸੀ ਤਾਂ ਛਾਇਆ ਨੇ ਭਗਵਾਨ ਸ਼ਿਵ ਦੀ ਕਠੋਰ ਤਪੱਸਿਆ ਕੀਤੀ। ਭੁੱਖ ਪਿਆਸ, ਧੁੱਪ-ਗਰਮੀ ਸਹਿਣ ਕਾਰਨ ਉਸ ਦਾ ਪ੍ਰਭਾਵ ਛਾਇਆ ਦੇ ਗਰਭ ’ਚ ਪਲ ਰਹੇ ਬੱਚੇ ’ਤੇ ਵੀ ਪਿਆ, ਜਦੋਂ ਸ਼ਨੀ ਦੇਵ ਦਾ ਜਨਮ ਹੋਇਆ ਤਾਂ ਉਨ੍ਹਾਂ ਦਾ ਰੰਗ ਕਾਲਾ ਸੀ। 

ਇਹ ਦੇਖ ਕੇ ਸੂਰਜ ਦੇਵ ਨੂੰ ਲੱਗਾ ਕਿ ਇਹ ਤਾਂ ਮੇਰਾ ਪੁੱਤਰ ਨਹੀਂ ਹੋ ਸਕਦਾ। ਉਨ੍ਹਾਂ ਨੇ ਛਾਇਆ ’ਤੇ ਸ਼ੱਕ ਪ੍ਰਗਟ ਕਰ ਕੇ ਉਸ ਨੂੰ ਅਪਮਾਨਿਤ ਕੀਤਾ। ਮਾਂ ਦੇ ਤਪ ਦੀ ਸ਼ਕਤੀ ਸ਼ਨੀ ਦੇਵ ’ਚ ਆ ਗਈ ਸੀ। ਉਨ੍ਹਾਂ ਨੇ ਗੁੱਸੇ ਹੋ ਕੇ ਆਪਣੇ ਪਿਤਾ ਨੂੰ ਦੇਖਿਆ ਤਾਂ ਸੂਰਜ ਸ਼ਨੀ ਦੀ ਸ਼ਕਤੀ ਨਾਲ ਕਾਲੇ ਪੈ ਗਏ ਅਤੇ ਉਨ੍ਹਾਂ ਨੂੰ ਕੁਸ਼ਠ ਰੋਗ ਹੋ ਗਿਆ। ਉਦੋਂ ਘਬਰਾ ਕੇ ਸੂਰਜ-ਦੇਵ ਭਗਵਾਨ ਸ਼ਿਵ ਦੀ ਸ਼ਰਨ ’ਚ ਪਹੁੰਚੇ। ਭਗਵਾਨ ਸ਼ਿਵ ਨੇ ਸੂਰਜ ਦੇਵ ਨੂੰ ਉਨ੍ਹਾਂ ਦੀ ਗਲਤੀ ਦਾ ਅਹਿਸਾਸ ਕਰਾਇਆ। ਉਨ੍ਹਾਂ ਨੂੰ ਆਪਣੀ ਕਰਨੀ ’ਤੇ ਦੁੱਖ ਹੋਇਆ ਅਤੇ ਉਨ੍ਹਾਂ ਨੇ ਮੁਆਫ਼ੀ ਮੰਗੀ। ਉਦੋਂ ਉਨ੍ਹਾਂ ਦਾ ਅਸਲੀ ਰੂਪ ਉਨ੍ਹਾਂ ਨੂੰ ਵਾਪਸ ਮਿਲਿਆ ਪਰ ਇਸ ਘਟਨਾ ਨਾਲ ਪਿਤਾ-ਪੁੱਤਰ ਦੇ ਸੰਬੰਧ ਹਮੇਸ਼ਾ ਲਈ ਖ਼ਰਾਬ ਹੋ ਗਏ।

ਇਸ ਤਰ੍ਹਾਂ ਹੁੰਦੇ ਹਨ ਖੁਸ਼
. ਸ਼ਨੀ ਜਯੰਤੀ ’ਤੇ ਕਾਲੀ ਦਾਲ, ਉੜਦ ਦੇ ਲੱਡੂਆਂ ਦਾ ਭੋਗ, ਮਿੱਠੇ ਭੋਜਨ ਦਾ ਭੋਗ, ਵੇਸਣ ਦੇ ਲੱਡੂ, ਸ਼ਨੀ ਦੇ ਨਮਿੱਤ ਕਾਲੇ ਕੱਪੜੇ ਦਾਨ ਕਰਨੇ, ਸਰ੍ਹੋਂ ਦੇ ਤੇਲ ਦਾ ਦੀਵਾ ਜਗਾਉਣ ਨਾਲ ਸ਼ਨੀ ਖੁਸ਼ ਹੁੰਦੇ ਹਨ। ਜਿਸ ਵਿਅਕਤੀ ਨੂੰ ਸ਼ਨੀ ਸਾੜ੍ਹਸਤੀ ਜਾਂ ਉਨ੍ਹਾਂ ਦੀ ਮਹਾਦਸ਼ਾ ਚਲ ਰਹੀ ਹੋਵੇ, ਉਸ ਨੂੰ ਸ਼ਨੀ ਜਯੰਤੀ ’ਤੇ ਰੈਗੂਲਰ ਤੌਰ ’ਤੇ ਪੂਜਾ-ਅਰਚਨਾ ਕਰਨ ਨਾਲ ਕਾਫ਼ੀ ਲਾਭ ਹੁੰਦਾ ਹੈ।
. ਜੇਕਰ ਕੋਈ ਇਨਸਾਨ ਗ਼ਰੀਬ, ਲਾਚਾਰ, ਕਮਜ਼ੋਰ ਆਦਿ ਲੋਕਾਂ ਨੂੰ ਪ੍ਰੇਸ਼ਾਨ ਕਰਦਾ ਹੈ ਤਾਂ ਉਹ ਸ਼ਨੀ ਦੀ ਕੁਦ੍ਰਿਸ਼ਟੀ ਤੋਂ ਨਹੀਂ ਬਚ ਸਕਦਾ। ਉਨ੍ਹਾਂ ਲੋਕਾਂ ਦੀ ਮਦਦ ਕਰਨ ਨਾਲ ਲਾਭ ਹੁੰਦਾ ਹੈ। ਛਲ-ਕਪਟ ਅਤੇ ਗਲਤ ਕੰਮ ਕਦੇ ਵੀ ਨਾ ਕਰੋ। ਸ਼ਨੀ ਜਯੰਤੀ ਦੇ ਦਿਨ ਲੋਹੇ ਅਤੇ ਕੱਚ ਦੀ ਕੋਈ ਚੀਜ਼ ਨਾ ਖਰੀਦੋ। ਇਸ ਦਿਨ ਲੱਕੜੀ, ਮਾਂਹ ਦੀ ਦਾਲ, ਤੇਲ ਆਦਿ ਨਾ ਖ਼ਰੀਦੋ। ਚੱਪਲ-ਜੁੱਤੀ ਨਹੀਂ ਖਰੀਦਣੇ ਚਾਹੀਦੇ।
. ਸ਼ਨੀਵਾਰ ਵਾਲੇ ਦਿਨ ਪਿੱਪਲ, ਤੁਲਸੀ, ਬੇਲਪੱਤਰ ਦੇ ਪੌਦਿਆਂ ਨੂੰ ਨਹੀਂ ਕੱਟਣਾ ਚਾਹੀਦਾ। ਵਾਲ ਕਟਵਾਉਣ ਅਤੇ ਨਹੁੰ ਕੱਟਣ ਤੋਂ ਵੀ ਪ੍ਰਹੇਜ਼ ਕਰਨਾ ਚਾਹੀਦਾ ਹੈ। ਸ਼ਨੀ ਦੀ ਦ੍ਰਿਸ਼ਟੀ ਤੋਂ ਬਚਣ ਲਈ ਇਸ ਦਿਨ ਹਨੂੰਮਾਨ ਜੀ ਦਾ ਪੂਜਾ-ਪਾਠ ਕਰਨ ਨਾਲ ਵੀ ਲਾਭ ਹੁੰਦਾ ਹੈ।

ਕ੍ਰਿਸ਼ਣ ਪਾਲ ਛਾਬੜਾ
 


rajwinder kaur

Content Editor rajwinder kaur