ਭਲਕੇ ਲੱਗੇਗਾ ਸਾਲ ਦਾ ਦੂਜਾ ਅਤੇ ਆਖਰੀ 'ਸੂਰਜ ਗ੍ਰਹਿਣ', ਜਾਣੋ ਸਮਾਂ ਅਤੇ ਸਥਾਨ
10/13/2023 11:38:35 AM
ਜਲੰਧਰ - ਜੋਤਿਸ਼ ਸ਼ਾਸਤਰ ਵਿੱਚ ਗ੍ਰਹਿਣ ਨੂੰ ਸ਼ੁਭ ਨਹੀਂ ਮੰਨਿਆ ਜਾਂਦਾ, ਕਿਉਂਕਿ ਇਸ ਸਮੇਂ ਦੌਰਾਨ ਨਕਾਰਾਤਮਕ ਊਰਜਾ ਵਧਣ ਲੱਗਦੀ ਹੈ। ਇਸ ਦਾ ਬੁਰਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਪੰਚਾਂਗ ਮੁਤਾਬਕ ਤੁਹਾਨੂੰ ਦੱਸ ਦੇਈਏ ਕਿ ਸਾਲ 2023 ਦਾ ਆਖਰੀ ਅਤੇ ਦੂਜਾ ਸੂਰਜ ਗ੍ਰਹਿਣ 14 ਅਕਤੂਬਰ ਨੂੰ ਲੱਗਣ ਵਾਲਾ ਹੈ। ਸਾਲ 2023 ਦਾ ਪਹਿਲਾ ਸੂਰਜ ਗ੍ਰਹਿਣ 20 ਅਪ੍ਰੈਲ ਨੂੰ ਲੱਗਾ ਸੀ। ਜਦੋਂ ਚੰਦਰਮਾ ਧਰਤੀ ਅਤੇ ਸੂਰਜ ਦੇ ਵਿਚਕਾਰ ਆਉਂਦਾ ਹੈ, ਤਾਂ ਸੂਰਜ ਗ੍ਰਹਿਣ ਹੁੰਦਾ ਹੈ। ਜੋਤਿਸ਼ ਸ਼ਾਸ਼ਤਰ ਅਨੁਸਾਰ ਸੂਰਜ ਗ੍ਰਹਿਣ ਨੂੰ ਮਹੱਤਵਪੂਰਨ ਖਗੋਲੀ ਘਟਨਾਵਾਂ ਵਿੱਚ ਗਿਣਿਆ ਜਾਂਦਾ ਹੈ। ਜੇਕਰ ਇਸ ਨੂੰ ਅਧਿਆਤਮਿਕ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਇਹ ਬਹੁਤ ਮਹੱਤਵਪੂਰਨ ਹੁੰਦਾ ਹੈ।
ਸੂਰਜ ਗ੍ਰਹਿਣ ਲੱਗਣ ਦਾ ਸਮਾਂ
ਪੰਚਾਂਗ ਦੇ ਅਨੁਸਾਰ ਸੂਰਜ ਗ੍ਰਹਿਣ 14 ਅਕਤੂਬਰ ਦੀ ਰਾਤ 8:34 ਵਜੇ ਸ਼ੁਰੂ ਹੋਵੇਗਾ, ਜੋ ਰਾਤ ਦੇ 2:25 ਵਜੇ ਖ਼ਤਮ ਹੋਵੇਗਾ। ਇਸ ਦਿਨ ਸ਼ਨੀ ਅਮਾਵਸਿਆ ਦਾ ਵਰਤ ਵੀ ਰੱਖਿਆ ਜਾਵੇਗਾ। ਜੋਤਸ਼ੀਆਂ ਅਨੁਸਾਰ ਇਹ ਗ੍ਰਹਿਣ ਭਾਰਤ ਵਿੱਚ ਨਹੀਂ ਦਿਖਾਈ ਦੇਵੇਗਾ। ਸੂਤਕ ਕਾਲ ਨਾ ਹੋਣ ਦੇ ਕਾਰਨ ਇਸ ਦੌਰਾਨ ਕੋਈ ਵੀ ਸ਼ੁਭ ਕੰਮ ਕਰਨ ਦੀ ਮਨਾਹੀ ਨਹੀਂ ਹੈ ਅਤੇ ਨਾ ਹੀ ਪੂਜਾ ਦੌਰਾਨ ਕੋਈ ਰੁਕਾਵਟ ਆਵੇਗੀ।
ਇਸ ਥਾਂ 'ਤੇ ਵਿਖਾਈ ਦੇਵੇਗਾ ਸੂਰਜ ਗ੍ਰਹਿਣ
ਜੋਤਿਸ਼ ਸ਼ਾਸਤਰ ਦੇ ਅਨੁਸਾਰ 14 ਅਕਤੂਬਰ ਨੂੰ ਲੱਗ ਰਿਹਾ ਸਾਲ ਦਾ ਆਖਰੀ ਸੂਰਜ ਗ੍ਰਹਿਣ ਭਾਰਤ ਵਿੱਚ ਦਿਖਾਈ ਨਹੀਂ ਦੇਵੇਗਾ। ਇਹ ਗ੍ਰਹਿਣ ਮੁੱਖ ਤੌਰ 'ਤੇ ਅਫਰੀਕਾ ਦੇ ਪੱਛਮੀ ਹਿੱਸੇ, ਪ੍ਰਸ਼ਾਂਤ, ਅਟਲਾਂਟਿਕ, ਆਰਕਟਿਕ, ਉੱਤਰੀ ਅਮਰੀਕਾ ਅਤੇ ਦੱਖਣੀ ਅਮਰੀਕਾ ਵਿੱਚ ਦਿਖਾਈ ਦੇਵੇਗਾ। ਇਹ ਗ੍ਰਹਿਣ ਕੁਝ ਹਿੱਸਿਆਂ ਵਿਚ ਪੂਰੀ ਤਰ੍ਹਾਂ ਦਿਖਾਈ ਦੇਵੇਗਾ ਅਤੇ ਕੁਝ ਹਿੱਸਿਆਂ ਵਿਚ ਇਸ ਦਾ ਕੁਝ ਹਿੱਸਾ ਹੀ ਦਿਖਾਈ ਦੇਵੇਗਾ।
ਜਾਣੋ ਸੂਤਕ ਕਾਲ ਲੱਗੇਗਾ ਜਾਂ ਨਹੀਂ
ਸ਼ਾਸਤਰਾਂ ਵਿੱਚ ਗ੍ਰਹਿਣ ਨਾਲ ਸਬੰਧਤ ਕਈ ਮਾਨਤਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਸ਼ਾਸਤਰਾਂ 'ਚ ਸੂਤਕ ਕਾਲ ਨੂੰ ਸ਼ੁਭ ਨਹੀਂ ਮੰਨਿਆ ਜਾਂਦਾ। ਗ੍ਰਹਿਣ ਲੱਗਣ ਤੋਂ 9 ਘੰਟੇ ਪਹਿਲਾਂ ਹੀ ਸੂਤਰ ਕਾਲ ਸ਼ੁਰੂ ਹੋ ਜਾਂਦਾ ਹੈ। ਇਸ ਸਮੇਂ ਬਹੁਤ ਸਾਰੇ ਕੰਮਾਂ ਨੂੰ ਕਰਨ ਦੀ ਮਨਾਹੀ ਹੁੰਦੀ ਹੈ। ਸੂਤਕ ਦੀ ਮਿਆਦ ਉਸ ਸਮੇਂ ਸ਼ੁਰੂ ਹੁੰਦੀ ਹੈ ਜਦੋਂ ਗ੍ਰਹਿਣ ਦਿਖਾਈ ਦਿੰਦਾ ਹੈ। ਇਹ ਗ੍ਰਹਿਣ ਭਾਰਤ ਵਿੱਚ ਦਿਖਾਈ ਨਹੀਂ ਦੇਵੇਗਾ। ਇਸ ਲਈ ਇੱਥੇ ਸੂਤਕ ਕਾਲ ਵੀ ਯੋਗ ਨਹੀਂ ਹੋਵੇਗਾ।