ਗ੍ਰਹਿਸਥੀ ਦਾ ਮੂਲਮੰਤਰ
6/20/2020 10:59:36 AM
ਸੰਤ ਕਬੀਰ ਰੋਜ ਸਤਿਸੰਗ ਕਰਿਆ ਕਰਦੇ ਸਨ। ਇਕ ਦਿਨ ਸਤਿਸੰਗ ਖਤਮ ਹੋਣ ’ਤੇ ਇਕ ਆਦਮੀ ਨੇ ਪੁਛਿਆ
ਮੈਂ ਗ੍ਰਹਿਸਥੀ ਹਾਂ, ‘ਘਰ ਵਿਚ ਸਾਰੇ ਲੋਕਾਂ ਨਾਲ ਮੇਰੀ ਲੜਾਈ ਹੁੰਦੀ ਰਹਿੰਦੀ ਹੈ। ਮੈਂ ਜਾਨਣਾ ਚਾਹੁੰਦਾ ਹਾਂ ਕਿ ਮੇਰੇ ਘਰ ਕਲੇਸ਼ ਕਿਉਂ ਹੁੰਦਾ ਹੈ ਅਤੇ ਇਹ ਕਿਵੇਂ ਦੂਰ ਹੋ ਸਕਦਾ ਹੈ?’ ਕਬੀਰ ਥੋੜ੍ਹੀ ਦੇਰ ਚੁਪ ਰਹੇ, ਉਨ੍ਹਾਂ ਨੇ ਆਪਣੀ ਪਤਨੀ ਨੂੰ ਕਿਹਾ, ਲਾਲਟੈਨ ਜਲਾ ਕੇ ਲਿਆਓ। ਪਤਨੀ ਲਾਲਟੈਨ ਜਲਾ ਕੇ ਲੈ ਆਈ। ਉਹ ਆਦਮੀ ਸੋਚਣ ਲੱਗਾ ਇੰਨੀ ਦੁਪਹਿਰ ਨੂੰ ਕਬੀਰ ਨੇ ਲਾਲਟੈਨ ਕਿਉਂ ਮੰਗਵਾਈ।
ਥੋੜ੍ਹੀ ਦੇਰ ਬਾਅਦ ਕਬੀਰ ਬੋਲੇ, ਕੁਝ ਮਿੱਠਾ ਦੇ ਜਾਣਾ। ਇਸ ਵਾਰ ਉਨ੍ਹਾਂ ਦੀ ਪਤਨੀ ਮਿੱਠੇ ਦੀ ਬਜਾਏ ਨਮਕੀਨ ਦੇ ਕੇ ਚੱਲੀ ਗਈ। ਆਦਮੀ ਬੋਲਿਆ, ਕਬੀਰ ਜੀ ਮੈਂ ਚੱਲਦਾ ਹਾਂ। ਕਬੀਰ ਨੇ ਪੁੱਛਿਆ, ਤੁਹਾਨੂੰ ਆਪਣੀ ਸਮੱਸਿਆ ਦਾ ਹੱਲ ਮਿਲਿਆ ਜਾਂ ਅਜੇ ਕੁਝ ਭਰਮ ਬਾਕੀ ਹੈ? ਉਹ ਵਿਅਕਤੀ ਬੋਲਿਆ, ਮੇਰੀ ਸਮਝ ਵਿਚ ਕੁਝ ਨਹੀਂ ਆਇਆ।
ਕਬੀਰ ਨੇ ਕਿਹਾ, ‘ਜਦੋਂ ਮੈਂ ਲਾਲਟੈਨ ਮੰਗਵਾਈ ਤਾਂ ਮੇਰੀ ਪਤਨੀ ਕਹਿ ਸਕਦੀ ਸੀ ਕਿ ਇੰਨੀ ਦੁਪਹਿਰ ਵਿਚ ਲਾਲਟੈਨ ਦੀ ਕੀ ਜਰੂਰਤ । ’ ਪਰ ਨਹੀਂ, ਉਸ ਨੇ ਸੋਚਿਆ ਕਿ ਜਰੂਰ ਕਿਸੇ ਕੰਮ ਲਈ ਲਾਲਟੈਨ ਮੰਗਵਾਈ ਹੋਵੇਗੀ।
ਮਿੱਠਾ ਮੰਗਵਾਇਆ ਤਾਂ ਨਮਕੀਨ ਦੇ ਕੇ ਚੱਲੀ ਗਈ। ਹੋ ਸਕਦਾ ਹੈ ਘਰ ਵਿਚ ਕੋਈ ਮਿੱਠੀ ਚੀਜ਼ ਨਾ ਹੋਵੇਂ। ਇਹ ਸੋਚ ਕੇ ਮੈਂ ਚੁੱਪ ਰਿਹਾ। ਇਸ ਵਿਚ ਤਕਰਾਰ ਕੀ? ਆਪਸੀ ਵਿਸ਼ਵਾਸ ਵਧਾਉਣ ਅਤੇ ਤਕਰਾਰ ਵਿਚ ਨਾ ਫੱਸਣ ਨਾਲ ਔਖੀ ਪਰਿਸਥਿਤੀ ਖੁਦ ਹੀ ਦੂਰ ਹੋ ਜਾਂਦੀ ਹੈ। ਆਦਮੀ ਸਮਝ ਗਿਆ ਕਿ ਕਬੀਰ ਨੇ ਇਹ ਸਭ ਉਸ ਨੂੰ ਦੱਸਣ ਲਈ ਕੀਤਾ ਸੀ ।
ਕਬੀਰ ਨੇ ਫਿਰ ਕਿਹਾ, ‘ਗ੍ਰਹਿਸਥੀ ਵਿਚ ਆਦਮੀ ਤੋਂ ਗਲਤੀ ਹੋਵੇਂ ਤਾਂ ਔਰਤ ਸੰਭਾਲ ਲਵੇਂ ਅਤੇ ਔਰਤ ਤੋਂ ਕੋਈ ਗਲਤੀ ਹੋ ਜਾਵੇ ਤਾਂ ਪਤੀ ਉਸ ਨੂੰ ਨਜ਼ਰਅੰਦਾਜ ਕਰ ਦੇਵੇਂ। ਇਹ ਹੀ ਗ੍ਰਹਿਸਥੀ ਦਾ ਮੂਲਮੰਤਰ ਹੈ।’
-ਸੰਤੋਸ਼ ਚਤੁਰਵੇਦੀ