Janmashtami : ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਦਾ ਵਰਤ ਰੱਖਣ ਤੋਂ ਪਹਿਲਾਂ ਪੜ੍ਹੋ ਪੂਰੀ Information
8/24/2024 1:35:51 PM
ਨਵੀਂ ਦਿੱਲੀ (ਬਿਊਰੋ) : ਹਿੰਦੂ ਕੈਲੰਡਰ ਦੇ ਅਨੁਸਾਰ, ਭਗਵਾਨ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਹਰ ਸਾਲ ਭਾਦ੍ਰਪਦ ਮਹੀਨੇ ਦੀ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਿਥੀ ਨੂੰ ਮਨਾਇਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਕ੍ਰਿਸ਼ਨ ਦਾ ਜਨਮ ਭਾਦੋ ਮਹੀਨੇ ਦੀ ਅਸ਼ਟਮੀ ਤਿਥੀ ਨੂੰ ਰੋਹਿਣੀ ਨਕਸ਼ਤਰ ਵਿੱਚ ਅੱਧੀ ਰਾਤ ਨੂੰ ਹੋਇਆ ਸੀ।
ਇਸ ਦਿਨ ਭਗਵਾਨ ਕ੍ਰਿਸ਼ਨ ਦੀ ਪੂਜਾ ਰੀਤੀ ਰਿਵਾਜਾਂ ਅਨੁਸਾਰ ਕੀਤੀ ਜਾਂਦੀ ਹੈ ਅਤੇ ਵਰਤ ਰੱਖਿਆ ਜਾਂਦਾ ਹੈ। ਕ੍ਰਿਸ਼ਨ ਜਨਮ ਅਸ਼ਟਮੀ ਨੂੰ ਕ੍ਰਿਸ਼ਨ ਜਨਮਾਸ਼ਟਮੀ, ਗੋਕੁਲਾਸ਼ਟਮੀ, ਅਸ਼ਟਮੀ ਰੋਹਿਣੀ, ਸ਼੍ਰੀ ਕ੍ਰਿਸ਼ਨ ਜਯੰਤੀ ਅਤੇ ਸ਼੍ਰੀ ਜਯੰਤੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਆਓ ਜਾਣਦੇ ਹਾਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ 'ਤੇ ਪੂਜਾ ਅਤੇ ਵਰਤ ਸਬੰਧੀ ਪੂਰੀ ਜਾਣਕਾਰੀ-
ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਕਦੋਂ ਹੈ - ਅਸ਼ਟਮੀ ਤਿਥੀ 26 ਅਗਸਤ ਨੂੰ ਸਵੇਰੇ 03:39 ਵਜੇ ਸ਼ੁਰੂ ਹੋਵੇਗੀ ਅਤੇ 27 ਅਗਸਤ ਨੂੰ ਸਵੇਰੇ 02:19 ਵਜੇ ਸਮਾਪਤ ਹੋਵੇਗੀ। ਇਸ ਸਾਲ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਸੋਮਵਾਰ, 26 ਅਗਸਤ 2024 ਨੂੰ ਮਨਾਇਆ ਜਾਵੇਗਾ।
ਕਿਵੇਂ ਮਨਾਈਏ ਜਨਮ ਅਸ਼ਟਮੀ- ਵਰਤ ਵਾਲੇ ਦਿਨ ਸਵੇਰੇ ਇਸ਼ਨਾਨ ਕਰਕੇ ਸਾਰੇ ਦੇਵਤਿਆਂ ਨੂੰ ਨਮਸਕਾਰ ਕਰਕੇ ਪੂਰਬ ਜਾਂ ਉੱਤਰ ਵੱਲ ਮੂੰਹ ਕਰਕੇ ਬੈਠੋ। ਹੱਥਾਂ ਵਿੱਚ ਪਾਣੀ, ਫਲ ਅਤੇ ਫੁੱਲ ਲੈ ਕੇ, ਸੰਕਲਪ ਕਰ ਕੇ ਦੁਪਹਿਰ ਨੂੰ ਕਾਲੇ ਤਿਲ ਦਾ ਪਾਣੀ ਛਿੜਕ ਕੇ ਦੇਵਕੀ ਜੀ ਲਈ ਪ੍ਰਸੂਤੀ ਘਰ ਬਣਾਉ ਅਤੇ ਇਸ ਸੂਤਿਕਾ ਗ੍ਰਹਿ ਵਿੱਚ ਇੱਕ ਸੁੰਦਰ ਬਿਸਤਰਾ ਵਿਛਾਓ ਅਤੇ ਇਸ ਉੱਤੇ ਇੱਕ ਸ਼ੁਭ ਕਲਸ਼ ਰੱਖੋ। ਪੂਜਾ ਵਿੱਚ ਦੇਵਕੀ, ਵਾਸੂਦੇਵ, ਬਲਦੇਵ, ਨੰਦ, ਯਸ਼ੋਦਾ ਅਤੇ ਲਕਸ਼ਮੀ ਦਾ ਕ੍ਰਮਵਾਰ ਨਾਮ ਲੈ ਕੇ ਪੂਜਾ ਕਰਨੀ ਚਾਹੀਦੀ ਹੈ। ਜਨਮ ਅਸ਼ਟਮੀ ਦਾ ਇਹ ਵਰਤ ਅੱਧੀ ਰਾਤ 12 ਵਜੇ ਤੋਂ ਬਾਅਦ ਹੀ ਤੋੜਿਆ ਜਾਂਦਾ ਹੈ। ਇਸ ਵਰਤ ਵਿੱਚ ਅਨਾਜ ਦੀ ਵਰਤੋਂ ਨਹੀਂ ਕੀਤੀ ਜਾਂਦੀ। ਫਲ ਦੇ ਸੇਵਨ ਦੇ ਨਾਲ ਵਰਤ 'ਚ ਖਾਣ ਵਾਲੇ ਕੁੱਟੂ ਦੇ ਆਟੇ ਦੇ ਪਕੌੜੇ, ਮਾਵੇ ਦੀ ਬਰਫੀ ਤੇ ਸੰਘਾੜੇ ਦੇ ਆਟੇ ਦਾ ਹਲਵਾ ਲਿਆ ਜਾਂਦਾ ਹੈ।
ਜਨਮ ਅਸ਼ਟਮੀ ਦੀ ਪੂਜਾ ਵਿਧੀ : ਮੈਂ ਤੁਹਾਨੂੰ ਪੂਜਾ ਦੀ ਇੱਕ ਹੋਰ ਵਿਧੀ ਵੀ ਦੱਸਣਾ ਚਾਹਾਂਗਾ। ਚੌਕੀ 'ਤੇ ਲਾਲ ਕੱਪੜਾ ਵਿਛਾਓ ਅਤੇ ਭਾਂਡੇ 'ਚ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਬਾਲ ਰੂਪ ਨੂੰ ਰੱਖੋ। ਫਿਰ ਲੱਡੂ ਗੋਪਾਲ ਨੂੰ ਪੰਚਾਮ੍ਰਿਤ ਅਤੇ ਗੰਗਾ ਜਲ ਨਾਲ ਇਸ਼ਨਾਨ ਕਰਕੇ ਨਵੇਂ ਕੱਪੜੇ ਪਹਿਨਾਓ। ਉਨ੍ਹਾਂ ਨੂੰ ਰੋਲੀ ਅਤੇ ਅਕਸ਼ਤ ਨਾਲ ਤਿਲਕ ਕਰੋ। ਹੁਣ ਮੱਖਣ ਮਿਸ਼ਰੀ ਨੂੰ ਲੱਡੂ ਗੋਪਾਲ ਭੇਂਟ ਕਰੋ। ਸ਼੍ਰੀ ਕ੍ਰਿਸ਼ਨ ਨੂੰ ਤੁਲਸੀ ਦੇ ਪੱਤੇ ਵੀ ਚੜ੍ਹਾਓ। ਭੇਟਾ ਦੇ ਬਾਅਦ, ਸ਼੍ਰੀ ਕ੍ਰਿਸ਼ਨ ਨੂੰ ਗੰਗਾ ਜਲ ਵੀ ਚੜ੍ਹਾਓ ਅਤੇ ਹੱਥ ਜੋੜ ਕੇ ਆਪਣੇ ਪੂਜਣਯੋਗ ਦੇਵਤੇ ਦਾ ਸਿਮਰਨ ਕਰੋ।