Raksha Bandhan 2023 : ਇਸ ਸਾਲ 2 ਦਿਨ ਮਨਾਇਆ ਜਾਵੇਗਾ ਰੱਖੜੀ ਦਾ ਤਿਉਹਾਰ! ਜਾਣੋ ਕਾਰਨ ਤੇ ਸ਼ੁੱਭ ਸਮਾਂ

8/21/2023 1:41:59 PM

ਜਲੰਧਰ - ਰੱਖੜੀ ਦਾ ਤਿਉਹਾਰ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਤਿਉਹਾਰ ਹੁੰਦਾ ਹੈ। ਇਹ ਤਿਉਹਾਰ ਹਰ ਸਾਲ ਸਾਵਣ ਮਹੀਨੇ ਦੀ ਪੂਰਨਮਾਸ਼ੀ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਗੁੱਟ 'ਤੇ ਰੱਖੜੀ ਬੰਨ੍ਹਦੀਆਂ ਹਨ ਅਤੇ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ। ਇਸ ਵਾਰ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਲੋਕ ਭੰਬਲਭੂਸੇ 'ਚ ਪਏ ਹੋਏ ਹਨ ਕਿ ਰੱਖੜੀ 30 ਅਗਸਤ ਨੂੰ ਹੈ ਜਾਂ 31 ਨੂੰ ਅਤੇ ਇਸ ਦਾ ਸ਼ੁਭ ਸਮਾਂ ਕੀ ਹੈ? ਇਸ ਵਾਰ ਭੱਦਰਾ ਦਾ ਪਰਛਾਵਾਂ ਰੱਖੜੀ 'ਤੇ ਹੋਵੇਗਾ। ਭੱਦਰ ਦੇ ਸਮੇਂ ਰੱਖੜੀ ਬੰਨ੍ਹਣਾ ਅਸ਼ੁੱਭ ਮੰਨਿਆ ਜਾਂਦਾ ਹੈ।

PunjabKesari

ਰੱਖੜੀ ਬੰਨ੍ਹਣ ਦਾ ਸ਼ੁੱਭ ਸਮਾਂ
ਪੰਚਾਂਗ ਦੇ ਅਨੁਸਾਰ ਸਾਲ 2023 ਵਿੱਚ ਰੱਖੜੀ ਦਾ ਤਿਉਹਾਰ 30 ਅਤੇ 31 ਅਗਸਤ ਯਾਨੀ ਦੋ ਦਿਨ ਮਨਾਇਆ ਜਾਵੇਗਾ। ਮਾਨਤਾਵਾਂ ਅਨੁਸਾਰ ਜੇਕਰ ਪੂਰਨਮਾਸ਼ੀ 'ਤੇ ਭੱਦਰ ਦਾ ਪਰਛਾਵਾਂ ਹੈ ਤਾਂ ਰੱਖੜੀ ਨਹੀਂ ਬੰਨ੍ਹੀ ਜਾ ਸਕਦੀ। ਇਸ ਤੋਂ ਬਾਅਦ ਹੀ ਰੱਖੜੀ ਬੰਨ੍ਹਣੀ ਸ਼ੁੱਭ ਮੰਨੀ ਜਾਂਦੀ ਹੈ। ਇਸ ਸਾਲ ਪੂਰਨਮਾਸ਼ੀ ਤਾਰੀਖ਼ ਸਵੇਰੇ 10.13 ਵਜੇ ਸ਼ੁਰੂ ਹੋਵੇਗੀ ਅਤੇ 31 ਅਗਸਤ ਸਵੇਰੇ 7.46 ਵਜੇ ਤੱਕ ਜਾਰੀ ਰਹੇਗੀ। 

PunjabKesari

ਭੱਦਰਕਾਲ ਸ਼ੁਰੂ ਹੋਣ ਦਾ ਸਮਾਂ
ਇਸ ਦੇ ਨਾਲ ਹੀ 30 ਅਗਸਤ ਦੇ ਦਿਨ 10:13 ਵਜੇ ਭੱਦਰਕਾਲ ਵੀ ਸ਼ੁਰੂ ਹੋ ਜਾਵੇਗਾ ਅਤੇ ਇਹ ਰਾਤ 8:47 ਤੱਕ ਰਹੇਗਾ। ਇਸ ਕਾਰਨ ਭੱਦਰਕਾਲ ਦੀ ਸਮਾਪਤੀ ਤੋਂ ਬਾਅਦ ਹੀ ਰੱਖੜੀ ਬੰਨ੍ਹੀ ਜਾਵੇਗੀ। ਭੱਦਰਕਾਲ ਦੇ ਕਾਰਨ ਰੱਖੜੀ ਬੰਨ੍ਹਣ ਦਾ ਕੋਈ ਸ਼ੁਭ ਸਮਾਂ ਦਿਨ ਵਿੱਚ ਨਹੀਂ ਹੈ। ਇਸ ਲਈ ਰੱਖੜੀ 30 ਅਗਸਤ ਨੂੰ ਰਾਤ 9 ਵਜੇ ਤੋਂ ਬਾਅਦ ਅਤੇ 31 ਅਗਸਤ ਨੂੰ ਸਵੇਰੇ 7 ਵਜੇ ਤੋਂ ਪਹਿਲਾਂ ਬੰਨ੍ਹੀ ਜਾਵੇਗੀ।

PunjabKesari

ਜਾਣੋ ਕਿਉਂ ਨਹੀਂ ਬੰਨ੍ਹੀ ਜਾਂਦੀ ਭੱਦਰਕਾਲ ਦੇ ਸਮੇਂ ਰੱਖੜੀ
ਭੱਦਰ ਕਾਲ ਦੇ ਸਮੇਂ ਰੱਖੜੀ ਬੰਨ੍ਹਣੀ ਸ਼ੁਭ ਨਹੀਂ ਮੰਨੀ ਜਾਂਦੀ। ਕਿਹਾ ਜਾਂਦਾ ਹੈ ਕਿ ਇਸ ਸਮੇਂ ਰੱਖੜੀ ਬੰਨ੍ਹਣ ਨਾਲ ਭੈਣ-ਭਰਾ ਦੋਵਾਂ ਦੀ ਜ਼ਿੰਦਗੀ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਕਥਾਵਾਂ ਦੇ ਅਨੁਸਾਰ ਸ਼ਰੂਪਨਖਾ ਨੇ ਭੱਦਰ ਕਾਲ ਵਿੱਚ ਆਪਣੇ ਭਰਾ ਰਾਵਣ ਦੇ ਰੱਖੜੀ ਬੰਨ੍ਹੀ ਸੀ ਅਤੇ ਇਸ ਕਾਰਨ ਉਸ ਦਾ ਸਾਰਾ ਕਬੀਲਾ ਤਬਾਹ ਹੋ ਗਿਆ ਸੀ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾਂਦਾ ਹੈ ਕਿ ਭੱਦਰ ਵਿੱਚ ਰੱਖੜੀ ਬੰਨ੍ਹਣ ਨਾਲ ਭਰਾ ਦੀ ਉਮਰ ਘੱਟ ਜਾਂਦੀ ਹੈ।

PunjabKesari


rajwinder kaur

Content Editor rajwinder kaur