ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ

6/6/2020 9:47:58 AM

ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਜਿਹੀ ਹਸਤੀ ਦੇ ਮਾਲਕ ਸਨ, ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਧਰਮ ਤੇ ਨੇਕੀ ਨੂੰ ਜ਼ੱਰੇ-ਜ਼ੱਰੇ ਵਿਚ ਸੁਰਜੀਤ ਕਰਨ ਲਈ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਅਤੇ ਤਲਵਾਰ ਵਰਗੇ ਮਾਨਵਘਾਤੀ ਹਥਿਆਰ ਨੂੰ ਕ੍ਰਿਪਾਨ ਦਾ ਰੂਪ ਬਖਸ਼ ਦਿੱਤਾ। ਆਪ ਜੀ ਨੇ ਰਾਜਨੀਤੀ ਨੂੰ ਧਰਮ ਦੇ ਅਧੀਨ ਕਰਕੇ ਪਾਪੀ ਹਾਕਮਾਂ ਨੂੰ ਨੱਥ ਪਾਉਣ ਦਾ ਮਹਾਨ ਕਾਰਜ ਕੀਤਾ। ਉਹੀ ਤਲਵਾਰ, ਜੋ ਮਜ਼ਲੂਮਾਂ ਤੇ ਜ਼ੁਲਮ ਢਾਹੁੰਦੀ ਸੀ, ਹੁਣ ਗਰੀਬਾਂ ਦੀ ਰੱਖਿਅਕ ਬਣ ਗਈ। ਸਿੱਖ ਧਰਮ ਦੇ ਵਿਕਾਸ-ਮਾਰਗ ’ਤੇ ਇਹ ਅਜਿਹਾ ਪੜਾਅ ਸੀ, ਜਿਸ ਵਿਚ ਫਕੀਰੀ ਵਿੱਚੋਂ ਮੀਰੀ ਵੀ ਪ੍ਰਗਟ ਹੋਈ। 

ਮੁਕਤੀ ਦੇ ਦਾਤੇ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ 6 ਜੂਨ 1590 ਈ. ਨੂੰ ਵਡਾਲੀ ਗ੍ਰਾਮ (ਜ਼ਿਲਾ ਅੰਮ੍ਰਿਤਸਰ) ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਮਾਤਾ ਗੰਗਾ ਜੀ ਦੇ ਉਦਰ ਤੋਂ ਹੋਇਆ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਸ ਸਮੇਂ ਇਹ ਸ਼ਬਦ ਉਚਾਰਣ ਕੀਤਾ :

ਸਤਿਗੁਰ ਸਾਚੈ ਦੀਆ ਭੇਜਿ ।। ਚਿਰੁ ਜੀਵਨੁ ਉਪਜਿਆ ਸੰਜੋਗਿ।।
ਉਦਰੈ ਮਾਹਿ ਆਇ ਕੀਆ ਨਿਵਾਸੁ ।। ਮਾਤਾ ਕੈ ਮਨਿ ਬਹੁਤੁ ਬਿਗਾਸੁ।। (ਪੰਨਾ -386)

ਪਰ ਆਪ ਜੀ ਦੇ ਤਾਇਆ ਪ੍ਰਿਥੀ ਚੰਦ ਅਤੇ ਉਨ੍ਹਾਂ ਦੀ ਸੁਪਤਨੀ ਕਰਮੋ ਨੂੰ ਇਸਦੀ ਬਿਲਕੁਲ ਖੁਸ਼ੀ ਨਾ ਹੋਈ, ਉਹ ਸਗੋਂ ਈਰਖਾ ਦੀ ਅਗਨ ਵਿਚ ਸੜਨ ਲੱਗੇ, ਕਿਉਂਕਿ ਉਹ ਗੁਰਗੱਦੀ ਦੇ ਵਾਰਿਸ ਆਪ ਬਣਨਾ ਚਾਹੁੰਦੇ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਵਿਖੇ ਬਾਲਕ ਦਾ ਜਨਮ ਉਨ੍ਹਾਂ ਨੂੰ ਆਪਣੇ ਰਾਹ ਵਿਚ ਰੋੜਾ ਜਾਪਿਆ। ਉਨ੍ਹਾਂ ਨੇ (ਗੁਰੂ) ਹਰਿਗੋਬਿੰਦ ਜੀ ਨੂੰ ਖਤਮ ਕਰਨ ਲਈ ਕਈ ਸਾਜਿਸ਼ਾਂ ਰਚੀਆਂ  ਪਰ ਅਸਫਲ ਰਹੇ। ਮਾਤਾ ਗੰਗਾ ਜੀ ਨੇ ਗੁਰੂ ਜੀ ਨੂੰ ਬਹੁਤ ਲਾਡਾਂ ਨਾਲ ਪਾਲਿਆ ਅਤੇ ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਗੁਰੂ ਜੀ ਨੂੰ ਸ਼ਸਤਰ ਵਿਦਿਆ ਦੇ ਵੀ ਧਨੀ ਬਣਾਇਆ।

ਗੁਰੂ ਜੀ 11 ਵਰ੍ਹਿਆਂ ਦੇ ਸਨ ਜਦੋਂ ਉਨ੍ਹਾਂ ਦੇ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਅਸਹਿ ਤੇ ਅਕਹਿ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਪੰਚਮ ਪਾਤਸ਼ਾਹ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਗੁਰਿਆਈ ਬਖਸ਼ ਕੇ ਅਕਾਲ ਪੁਰਖ ਦਾ ਭਾਣਾ ਮੰਨਦਿਆਂ ਸ਼ਾਂਤ ਚਿੱਤ ਰਹਿ ਸ਼ਹੀਦੀ ਜਾਮ ਪੀਤੇ। ਛੇਵੇਂ ਪਾਤਸ਼ਾਹ ਨੇ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਮੀਰੀ-ਪੀਰੀ ਦਾ ਸੰਕਲਪ ਪੈਦਾ ਕਰਕੇ ਸਿੱਖ ਸੰਗਤਾਂ ਵਿਚ ਬੰਦਗੀ ਦੇ ਨਾਲ-ਨਾਲ ਸ਼ਕਤੀ ਦਾ ਵੀ ਵਿਗਾਸ ਕੀਤਾ ਅਤੇ ਆਪਣੇ ਸਿੱਖਾਂ ਨੂੰ ਸ਼ਸਤਰਧਾਰੀ ਬਣਾਇਆ ਨਾਲ ਹੀ ਅਕਾਲ ਬੁੰਗੇ ਦੀ ਸਥਾਪਨਾ ਕੀਤੀ। ਇਸ ਨਾਲ ਇਕ ਰਾਜ ਦੇ ਅੰਦਰ ਸਿੱਖਾਂ ਦਾ ਆਪਣਾ ਸੁਤੰਤਰ ਰਾਜ ਸਥਾਪਿਤ ਹੋ ਗਿਆ। ਜਿਸਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇੱਥੇ ਭਜਨ-ਬੰਦਗੀ ਤੋਂ ਇਲਾਵਾ ਸਮਾਜ-ਭਲਾਈ ਨਾਲ ਸੰਬੰਧਤ ਵਿਚਾਰਾਂ ਵੀ ਹੁੰਦੀਆਂ ਸਨ। ਮਾਝੇ, ਮਾਲਵੇ, ਦੁਆਬੇ ਦੇ 500 ਸਿੱਖਾਂ ਨੇ ਗੁਰੂ ਸਾਹਿਬ ਜੀ ਅੱਗੇ ਆਪਾ ਸਮਰਪਿਤ ਕੀਤਾ ਅਤੇ ਗੁਰੂ ਸਾਹਿਬ ਜੀ ਨੇ ਇਨ੍ਹਾਂ ਸਾਰੇ ਸਿੱਖਾਂ ਨੂੰ ਘੋੜ-ਸਵਾਰੀ ਅਤੇ ਸ਼ਸਤਰ ਵਿੱਦਿਆ ਸਿਖਾ ਕੇ ਇਕ ਸੈਨਾ ਤਿਆਰ ਕਰ ਲਈ। ਗੁਰੂ ਸਾਹਿਬ ਜੀ ਨੇ ਮੁਗ਼ਲਾਂ ਦੀਆਂ ਗਲਤ ਅਤੇ ਲੋਕਮਾਰੂ ਨੀਤੀਆਂ ਦੇ ਕਾਰਨ ਕਈ ਵਾਰ ਉਨ੍ਹਾਂ ਨਾਲ ਲੋਹਾ ਲਿਆ ਅਤੇ ਜੰਗ ਦੇ ਮੈਦਾਨ ਵਿਚ ਨਿੱਤਰੇ। 

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪਹਿਲੀ ਲੜਾਈ 1628 ਈ. ਵਿਚ ਅੰਮ੍ਰਿਤਸਰ ਦੇ ਨੇੜੇ ਹੋਈ, ਜਿਸਦਾ ਕਾਰਣ ਇਕ ਬਾਜ਼ ਬਣਿਆ। ਸ਼ਾਹਜਹਾਨ ਆਪਣੇ, ਅਹਿਲਕਾਰਾਂ ਦੇ ਨਾਲ ਅੰਮ੍ਰਿਤਸਰ ਸ਼ਿਕਾਰ ਖੇਡਣ ਲਈ ਆਇਆ ਤਾਂ ਉਸਦਾ ਇਕ ਬਾਜ਼ ਸਿੱਖਾਂ ਦੇ ਹੱਥ ਆ ਗਿਆ। ਸ਼ਾਹ ਜਹਾਨ ਦੇ ਆਦਮੀਆਂ ਨੇ ਬੜੇ ਰੋਹਬ ਲਾ ਬਾਜ ਮੰਗਿਆ ਪਰ ਸਿੱਖਾਂ ਨੇ ਉਨ੍ਹਾਂ ਦਾ ਆਕੜ ਭਰਿਆ ਰਵੱਈਆਂ ਦੇਖ ਕੇ ਬਾਜ ਦੇਣ ਤੋਂ ਇਨਕਾਰ ਕਰ ਦਿੱਤਾ। ਸ਼ਾਹਜਹਾਨ ਨੇ ਗੁਰੂ ਸਾਹਿਬ ਜੀ ’ਤੇ ਚੜ੍ਹਾਈ ਕਰਨ ਲਈ ਸੈਨਾ ਭੇਜ ਦਿੱਤੀ। ਤਿੰਨ ਦਿਨ ਗਹਿਗੱਚ ਲੜਾਈ ਹੋਈ ਅਤੇ ਜਿੱਤ ਗੁਰੂ ਸਾਹਿਬ ਜੀ ਦੀ ਹੋਈ। ਦੂਸਰੀ ਲੜਾਈ ਹਰਿਗੋਬਿੰਦਪੁਰ ਵਿਖੇ 1630 ਈ. ਵਿਚ ਹੋਈ। ਜਦੋਂ ਗੁਰੂ ਸਾਹਿਬ ਹਰਿਗੋਬਿੰਦਪੁਰ ਰਹਿਣ ਲਈ ਆਏ ਤਾਂ ਇੱਥੋਂ ਦੇ ਵਸਨੀਕ ਭਗਵਾਨ ਦਾਸ ਕਰੋੜੀਏ (ਜੋ ਮਾਮਲਾ ਵਸੂਲ ਕਰਦਾ ਸੀ) ਨੇ ਸਿੱਖਾਂ ਨਾਲ ਜਾਣਬੁੱਝ ਕੇ ਛੇੜਖਾਨੀ ਕਰਨੀ ਸ਼ੁਰੂ ਕਰ ਦਿੱਤੀ। ਮਸਲਾ ਇੰਨਾ ਵਧ ਗਿਆ ਕਿ ਮੁਗ਼ਲ ਫ਼ੌਜ ਤੇ ਸਿੱਖ ਫ਼ੌਜ ਆਹਮੋ-ਸਾਹਮਣੇ ਆ ਗਈ ਗੁਰੂ ਸਾਹਿਬ ਜੀ ਨੇ ਜਲੰਧਰ ਦੇ ਫ਼ੌਜਦਾਰ ਅਬਦੁੱਲਾ ਖਾ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ। 

ਤੀਸਰੀ ਜੰਗ ਮੇਹਰਾਜ ਦੀ ਜੰਗ ਦੇ ਨਾਮ ਨਾਲ ਜਾਣੀ ਜਾਂਦੀ ਹੈ। ਇਹ ਜੰਗ 1631 ਈ. ਵਿਚ ਗੁਰੂਸਰ ਮਹਿਰਾਜ ਵਿਖੇ ਲੱਲਾ ਬੇਗ ਅਤੇ ਕਮਰ ਬੇਗ ਨਾਲ ਹੋਈ। ਕਾਬਲ ਦਾ ਇਕ ਸਿੱਖ ਗੁਰੂ ਜੀ ਲਈ ਵਧੀਆ ਨਸਲ ਦੇ ਦੋ ਅਰਬੀ ਘੋੜੇ ਲੈ ਕੇ ਪੰਜਾਬ ਆ ਰਿਹਾ ਸੀ ਪਰ ਦੋਵੇਂ ਘੋੜੇ ਰਾਹ ਵਿਚ ਲਾਹੌਰ ਦੇ ਸੂਬੇ ਨੇ ਖੋਹ ਲਏ। ਭਾਈ ਬਿਧੀ ਚੰਦ ਦੋਵੇਂ ਘੋੜੇ ਮੁਗ਼ਲਾਂ ਦੇ ਕਬਜ਼ੇ 'ਚੋਂ ਛੁਡਾ ਕੇ ਗੁਰੂ-ਘਰ ਲੈ ਆਏ, ਜਿਸ ਤੋਂ ਚਿੜ ਕੇ ਲੱਲਾ ਬੇਗ ਤੇ ਕਮਰਬੇਗ ਨੇ ਗੁਰੂ ਸਾਹਿਬ ਜੀ ਵਿਰੁੱਧ ਕਾਫੀ ਗਿਣਤੀ ਵਿਚ ਸੈਨਾ ਭੇਜ ਦਿੱਤੀ। ਘਮਸਾਨ ਦਾ ਯੁੱਧ ਹੋਇਆ। ਲਲਾ ਬੇਗ ਗੁਰੂ ਜੀ ਦਾ ਵਾਰ ਸਹਿ ਨਾ ਸਕਿਆ ਅਤੇ ਥਾਂ ਹੀ ਢੇਰ ਹੋ ਗਿਆ। ਉਸਨੂੰ ਡਿੱਗਦਾ ਦੇਖ ਸੈਨਾ ਵੀ ਭੱਜ ਗਈ। ਗੁਰੂ ਜੀ ਨੇ ਜਿੱਤ ਦੀ ਖੁਸ਼ੀ ਵਿਚ ਇੱਥੇ ਸਰੋਵਰ ਬਣਵਾਇਆ। ਚੌਥੀ ਜੰਗ ਕਰਤਾਰਪੁਰ, ਜਲੰਧਰ ਵਿਖੇ 1634 ਈ. ਵਿਚ ਹੋਈ। ਇਸ ਜੰਗ ਦਾ ਕਾਰਨ ਗੁਰੂ ਸਾਹਿਬ ਜੀ ਦੇ ਲਾਡਲੇ ਪੈਂਦੇ ਖਾਨ ਦਾ ਹੰਕਾਰ ਅਤੇ ਗੱਦਾਰੀ ਬਣੇ।

ਚੌਥੀ ਜੰਗ ਗੁਰੂ ਸਾਹਿਬ ਨੇ ਕਰਤਾਰਪੁਰ (ਜਲੰਧਰ) ਵਿਖੇ 1634 ਈ. ਵਿਚ ਹੋਈ। ਇਸ ਲੜਾਈ ਦਾ ਕਾਰਨ ਪੈਂਦੇ ਖਾਂ ਜਿਸਨੂੰ ਗੁਰੂ ਸਾਹਿਬ ਨੇ ਪੁੱਤਰਾਂ ਦੀ ਤਰ੍ਹਾਂ ਪਾਲਿਆ ਸੀ, ਦਾ ਹੰਕਾਰ ਬਣਿਆ। ਹੰਕਾਰ ਨਾਲ ਭਰਿਆ ਪੈਂਦੇ ਖਾਂ ਹਾਰਿਆਂ ਨਾਲ ਰਲ ਗਿਆ ਤੇ ਗੁਰੂ ਸਾਹਿਬ ਦੇ ਖਿਲਾਫ਼ ਫ਼ੌਜ ਚੜ੍ਹਾ ਲਿਆਇਆ। ਇਸ ਲੜਾਈ ਵਿਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਛੋਟੇ ਸਪੁੱਤਰ ਸ੍ਰੀ (ਗੁਰੂ) ਤੇਗ ਬਹਾਦਰ ਜੀ ਨੇ ਤਲਵਾਰ ਦੇ ਖੂਬ ਜੌਹਰ ਵਿਖਾਏ। ਹੰਕਾਰ ਵਿਚ ਅੰਨ੍ਹੇ ਪੈਂਦੇ ਖਾਂ ਨੇ ਗੁਰੂ ਸਾਹਿਬ ਜੀ ’ਤੇ ਕਈ ਵਾਰ ਕੀਤੇ ਪਰ ਅਸਫ਼ਲ ਰਿਹਾ। ਗੁਰੂ ਜੀ ਦੇ ਇਕ ਵਾਰ ਨਾਲ ਹੀ ਉਹ ਥਾਂ ਹੀ ਢੇਰੀ ਹੋ ਗਿਆ। ਪੈਂਦੇ ਖਾਂ ਦੀ ਆਖਰੀ ਸਾਹਾਂ ਦੀ ਗੁਹਾਰ ਸੁਣ ਸਤਿਗੁਰੂ ਨੇ ਉਸਨੂੰ ਬਖਸ਼ ਦਿੱਤਾ। ਇਵੇਂ ਇਸ ਆਖਰੀ ਜੰਗ ਵਿਚ ਵੀ ਫ਼ਤਹਿ ਗੁਰੂ ਕੀਆਂ ਫ਼ੌਜਾਂ ਦੀ ਝੋਲੀ ਪਾਈ। ਇਸ ਤੋਂ ਬਾਅਦ ਗੁਰੂ ਸਾਹਿਬ ਕਰਤਾਰਪੁਰ ਵਿਖੇ ਹੀ ਵੱਸ ਗਏ ਤੇ ਲੋਕਾਈ ਦਾ ਭਲਾ ਕਰਨ ਲੱਗੇ। ਇੱਥੇ ਹੀ ਗੁਰੂ ਜੀ ਨੇ ਆਪਣੀ ਉਮਰ ਦੇ ਆਖਰੀ ਵਰ੍ਹੇ ਬਿਤਾਏ ਅਤੇ ਗੁਰਿਆਈ ਆਪਣੇ ਪੋਤਰੇ ਸ੍ਰੀ (ਗੁਰੂ) ਹਰਿਰਾਏ ਜੀ ਨੂੰ ਬਖਸ਼ ਕੇ 1644 ਈ. ਨੂੰ ਜੋਤੀ ਜੋਤਿ ਸਮਾਂ ਗਏ। 

ਬਲਵਿੰਦਰ ਸਿੰਘ ਜੌੜਾਸਿੰਘਾ
ਸਾਬਕਾ ਸਕੱਤਰ, ਧਰਮ ਪ੍ਰਚਾਰ ਕਮੇਟੀ ਐੱਸ. ਜੀ. ਪੀ. ਸੀ. ਅੰਮ੍ਰਿਤਸਰ
(ਮੋ. 9814898212)


rajwinder kaur

Content Editor rajwinder kaur