ਲਾਸਾਨੀ ਸਖ਼ਸ਼ੀਅਤ : ਸੱਯਦ ਬਦਰੁਦੀਨ ਉਰਫ਼ ਪੀਰ ਬੁੱਧੂ ਸ਼ਾਹ ਜੀ

6/21/2020 12:46:11 PM

ਅਲੀ ਰਾਜਪੁਰਾ 
9417679302

ਜ਼ਿਲ੍ਹਾ ਯਮੁਨਾ ਨਗਰ ਦਾ ਮਸ਼ਹੂਰ ਸ਼ਹਿਰ ਸਢੌਰਾ। ਜਿੱਥੇ ਸੱਯਦ ਖ਼ਾਨ ਦੇ ਪਤਵੰਤੇ ਗ਼ੁਲਾਮ ਸ਼ਾਹ ਦੇ ਘਰ 13 ਜੂਨ 1647 ਈ. ਨੂੰ ਬਦਰੂਦੀਨ ਉਰਫ਼ ਪੀਰ ਬੁੱਧੂ ਸ਼ਾਹ ਨੇ ਜਨਮ ਲਿਆ। ਮੁਗਲ ਰਾਜ ਵੱਲੋਂ ਇਸ ਖ਼ਾਨਦਾਨ ਨੂੰ ਜਗੀਰ ਬਖ਼ਸ਼ੀ ਗਈ ਤੇ ਇਹ ਖ਼ਾਨਦਾਨ ਸਮਾਣਾ ( ਪਟਿਆਲਾ ) ਤੋਂ ਸਢੌਰੇ ਆਣ ਵਸਿਆ ਸੀ। ਜੇ ਕਰ ਸਢੌਰੇ ਦੇ ਇਤਿਹਾਸਕ ਪਿਛੋਕੜ ਵੱਲ ਝਾਤੀ ਮਾਰੀਏ ਤਾਂ ਕਈ ਤਰ੍ਹਾਂ ਦੀਆਂ ਗਾਥਾਵਾਂ-ਦੰਦ ਗਾਥਾਵਾਂ ਸਾਹਮਣੇ ਆਉਂਦੀਆਂ ਹਨ ਜਿਵੇਂ ਦੱਸਿਆ ਜਾਂਦਾ ਹੈ ਕਿ ਇਸ ਦਾ ਪੁਰਾਤਨ ਨਾਮ ‘ਸਾਧੂ ਰਾਹ’ ਜਾਂ ‘ਸਾਧੂ ਵਾੜਾ’ ਸੀ। ਇਸ ਤੋਂ ਭਾਵ ਹੈ ਸੰਤਾ ਦਾ ਮਾਰਗ। ਜਦੋਂ ਸਾਧੂ ਪਹਾੜਾਂ ਵੱਲ ਜਾਂਦੇ ਸਨ ਤਾਂ ਇਸ ਸਥਾਨ ’ਤੇ ਪੜਾਅ ਕਰਦੇ। ਇੱਥੋਂ ਹੀ ਵਿਗੜ ਕੇ ਇਸ ਦਾ ਨਾਮ ਸਢੌਰਾ ਪੈ ਗਿਆ। ਮੁਗ਼ਲ ਰਾਜ ਦੌਰਾਨ ਸਢੌਰਾ ਸਰਹਿੰਦ ਦੇ ਅਠਾਈ ਪਰਗਨਿਆਂ ਵਿੱਚੋਂ ਇਹ ਇਕ ਪਰਗਨੇ ਦਾ ਪ੍ਰਧਾਨ ਨਗਰ ਸੀ।

ਪੀਰ ਬੁੱਧੂ ਸ਼ਾਹ ਦਾ ਮੁੱਢੋਂ ਹੀ ਧਿਆਨ ਰੱਬ ਵੱਲ ਸੀ। ਇਹ ਗੰਭੀਰ ਤੇ ਘੱਟ ਬੋਲਣ ਵਾਲੇ ਸਨ। ਕੁਝ ਲੋਕ ਉਦੋਂ ਬਦਰੂਦੀਨ ਨੂੰ ਬੁੱਧੂ ਕਹਿ ਕੇ ਬੁਲਾਉਂਦੇ ਸਨ। ਪਰ ਆਪ ਕਦੇ ਲੋਕਾਂ ਦੀਆਂ ਗੱਲਾਂ ਦਾ ਬੁਰਾ ਨਹੀਂ ਮਨਾਉਂਦੇ ਸਨ। ਸਮੇਂ ਨਾਲ ਆਪ ਦਾ ਨਾਂ ਬੁੱਧੂ ਸ਼ਾਹ ਪੱਕ ਗਿਆ। ਆਪ ਜੀ ਦਾ ਜ਼ਿਆਦਾ ਸਮਾਂ ਇਬਾਦਤ ਵਿਚ ਗੁਜ਼ਰਦਾ ਸੀ, ਇਸੇ ਕਰਕੇ ਕੁਝ ਲੋਕਾਂ ਨੇ ਆਪ ਜੀ ਨੂੰ ‘ਪੀਰ’ ਜੀ ਆਖਣਾ ਸ਼ੁਰੂ ਕਰ ਦਿੱਤਾ।

ਪੀਰ ਬੁੱਧੂ ਸ਼ਾਹ ਦਾ ਸਢੌਰਾ ਸ਼ਹਿਰ ਦੇ ਸਵਾਨੀਆਂ ਮਹੁੱਲੇ ਵਿਚ ਵਾਸਾ ਸੀ, ਜਿੱਥੇ ਜ਼ਿਆਦਾ ਸੱਯਦ ਹੀ ਰਹਿੰਦੇ ਸਨ। ਸ਼ਾਹ ਅਬਦੁੱਲ ਵਹਾਬ ਪੀਰ ਜੀ ਦੇ ਵੱਡਿਆ ਵਿੱਚੋਂ ਸਨ, ਜਿਨ੍ਹਾਂ ਦੀ ਯਾਦ ਵਿਚ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੇ ਆਪ ਮਕਬਰਾ ਬਣਾਇਆ ਸੀ। ਇਸ ਮਕਬਰੇ ਉੱਤੇ ਲਿਖੀ ਕੁੱਤਬ ਤੋਂ ਪਤਾ ਲੱਗਦਾ ਹੈ ਕਿ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਇਸ ਖ਼ਾਨਦਾਨ ਦਾ ਦਿਲੋਂ ਸਤਿਕਾਰ ਕਰਦਾ ਸੀ। ਭੁਪਿੰਦਰ ਕੌਰ ਸਢੌਰਾ ਦੀ ਪੁਸਤਕ “ ਗੁਰੂ ਭਗਤ ਪੀਰ ਬੁੱਧੂ ਸ਼ਾਹ ” ਅਨੁਸਾਰ ਆਪ ਦੇ ਬਜ਼ੁਰਗ ਸਿਆਣਪ ਕਰਦੇ ਸਨ। ਪਰ ਆਪ ਨੇ ਅਜਿਹਾ ਕੋਈ ਰਾਹ ਨਾ ਅਪਣਾਇਆ। ਆਪ ਦਾ ਮਨ ਕੇਵਲ ਧਾਰਮਿਕ ਕਿਤਾਬਾਂ ਵਿਚ ਹੀ ਲੱਗਦਾ ਸੀ। ਆਪ ਦੇ ਮਨ ’ਚ ਰੱਬ ਦੇ ਪਿਆਰਿਆਂ ਪ੍ਰਤੀ ਸੰਗਤ ਦੀ ਲਾਲਸਾ ਰਹਿੰਦੀ ਸੀ। ਜਦੋਂ ਆਪ ਨੂੰ ਕਿਤਾਬੀ ਗਿਆਨ ਤੋਂ ਵੀ ਤਸੱਲੀ ਨਾ ਹੋਈ ਤਾਂ ਘੁੜਾਮ (ਪਟਿਆਲਾ) ਦੇ ਪ੍ਰਸਿੱਧ ਫ਼ਕੀਰ ਭੀਖਣ ਸ਼ਾਹ ਨੇ ਹੀ ਦੱਸਿਆ ਕਿ ਪਟਨਾ (ਬਿਹਾਰ) ’ਚ ਇਕ ਬਾਲ ਗੋਬਿੰਦ ਰਾਇ ਦੇ ਰੂਪ ਵਿਚ ਅਧਿਆਤਮਕ ਦਾ ਸੂਰਜ ਉਦੇ ਹੋ ਰਿਹਾ ਹੈ ਤੇ ਭੀਖਣ ਸ਼ਾਹ ਤੋਂ ਹੀ ਪੀਰ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਗਿਆਨ ਹੋਇਆ ਦੱਸਿਆ ਜਾਂਦਾ ਹੈ ਕਿ, “ਫ਼ਕੀਰ ਜੀ ਨੇ ਕਈ ਵਾਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਦਰਸ਼ਨ ਕੀਤੇ ਹਨ ਤੇ ਜਿਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਟਨਾ ਵਿਖੇ ਜਨਮ ਹੋਇਆ ਤਾਂ ਉਸ ਦਿਨ ਨਮਾਜ਼ ਵੀ ਪੂਰਬ ਵੱਲ ਅਦਾ ਕੀਤੀ ਸੀ।”

ਭੀਖਣ ਸ਼ਾਹ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਪਮਾ ਸੁਣ ਕੇ ਪੀਰ ਬੁੱਧੂ ਸ਼ਾਹ ਜੀ ਦੇ ਮਨ ’ਚ ਗੁਰੂ ਜੀ ਦੇ ਦਰਸ਼ਨਾਂ ਦੀ ਲਾਲਸਾ ਪੈਦਾ ਹੋ ਗਈ।

1664 ਈ. ਵਿਚ ਪੀਰ ਜੀ ਦਾ ਵਿਆਹ ਨਸੀਰਾਂ ਨਾਲ ਹੋਇਆ। ਨਸੀਰਾਂ ਦੇ ਪਿਛੋਕੜ ’ਚੋਂ ਇਕ ਭਰਾ ਸੈਦਖ਼ਾਨ ਜੋ ਕਿ ਔਰੰਗਜ਼ੇਬ ਦੀ ਫੌਜ ਦਾ ਵਫ਼ਾਦਾਰ ਜਰਨੈਲ ਸੀ। ਬੀਬੀ ਨਸੀਰਾਂ ਦੇ ਪਰਿਵਾਰ ’ਚ ਭਰਾ ਜਰਨੈਲ ਸੈਦ ਖ਼ਾਨ ਤੋਂ ਬਿਨਾਂ ਹੋਰ ਕਿਸੇ ਬਾਰੇ ਵੀ ਵਿਸਥਾਰਤ ਜਾਣਕਾਰੀ ਨਹੀਂ ਮਿਲਦੀ। ਬੀਬੀ ਨਸੀਰਾਂ ਵੀ ਪੀਰ ਜੀ ਵਾਂਗ ਧਾਰਮਿਕ ਵਿਚਾਰਾਂ ਵਾਲੀ ਸੁਘੜ ਸਾਊ ਔਰਤ ਸੀ। ਨਸੀਰਾਂ ਦੀ ਕੁੱਖੋਂ ਚਾਰ ਹੋਣਹਾਰ ਸਪੁੱਤਰਾਂ ਸੱਯਦ ਮੁਹੰਮਦ ਬਖ਼ਸ਼, ਸੱਯਦ ਸ਼ਾਹ ਹੁਸੈਨ, ਸੱਯਦ ਅਸ਼ਰਫ ਅਤੇ ਸੱਯਦ ਮੁਹੰਮਦ ਸ਼ਾਹ ਨੇ ਜਨਮ ਲਿਆ।

ਪੀਰ ਬੁੱਧੂ ਸ਼ਾਹ ਨੇ ਕੁਰਾਨ-ਏ-ਪਾਕ ਤੇ ਹੋਰ ਇਸਲਾਮਿਕ ਕਿਤਾਬਾਂ ਦਾ ਅਧਿਐਨ ਕੀਤਾ ਸੀ। ਇਸੇ ਲਈ ਉਨ੍ਹਾਂ ਨੂੰ ਸਿੱਖ ਸਿਧਾਂਤ ਅਤੇ ਇਸਲਾਮਿਕ ਸਿਧਾਂਤ ਇਕ ਦੂਜੇ ਨੇ ਅਨੁਕੂਲ ਜਾਪੇ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ, ਸਮਾਨਤਾ ਤੇ ਸਾਂਝ ਤੋਂ ਬੇਹੱਦ ਪ੍ਰਭਾਵਿਤ ਹੋਏ ਤੇ ਪੀਰ ਜੇ ਨੇ ਦੁਬਾਰਾ ਫੇਰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ ਚਾਹੇ। ਨਾਹਣ ਦੇ ਰਾਜਾ ਮੇਦਨੀ ਪ੍ਰਕਾਸ਼ ਦੀ ਬੇਨਤੀ ’ਤੇ ਯਮੁਨਾ ਕੰਢੇ ਪਾਉਂਟਾ ਸਾਹਿਬ ਦਰਸ਼ਨ ਨਸੀਬ ਹੋਏ। ਵਿਦਵਾਨ ਪ੍ਰੋ. ਕਿਰਪਾਲ ਸਿੰਘ ਇਸ ਮਿਲਣੀ ਦਾ ਵਰਣਨ ਕੁਝ ਇਸ ਤਰ੍ਹਾਂ ਕਰਦੇ ਹਨ ਕਿ, “ਪੀਰ ਬੁੱਧੂ ਸ਼ਾਹ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਧਿਆਤਮਕ ਸ਼ਕਤੀ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਸਹੀ ਅਰਥਾਂ ਵਿਚ ਉਹ ਦਸਮ ਪਾਤਸ਼ਾਹ ਦੇ ਸ਼ਸ਼ ਬਣ ਗਏ। ਪਰ ਆਪਣਾ ਮੂਲ ਧਰਮ ਨਹੀਂ ਤਿਆਗਿਆ। ”

ਗੁਰੂ ਸਾਹਿਬ ਜੀ ਦੇ ਸੱਚੇ ਪਿਆਰ ਦੀ ਬੁੱਧੂ ਸ਼ਾਹ ਦੇ ਸਰੀਰ, ਮਨ, ਆਤਮਾ, ਉੱਪਰ ਇਕ ਮਹਾਨ ਜਿੱਤ ਸੀ ਅਤੇ ਇਸ ਤਰ੍ਹਾਂ ਦੇ ਵੱਖੋ-ਵੱਖਰੇ ਮਤਾਂ ਦੇ ਅਨੁਯਾਈ ਹੁੰਦੇ ਹੋਏ ਵੀ, ਪੀਰ ਬੁੱਧੂ ਸ਼ਾਹ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਕ-ਦੂਜੇ ਨੇ ਨੇੜੇ ਹੁੰਦੇ ਆਏ। ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕਿਆ, ਕਿਉਂਕਿ ਇਹ ਦੋਵੇਂ ਰੂਹਾਂ ਧਾਰਮਿਕ ਕੱਟੜਤਾ ਤੋਂ ਰਹਿਤ ਸਨ। ਸ਼ੁਰੂ ਤੋਂ ਹੀ ਗੁਰੂ ਜੀ ਦੇ ਸਾਂਝੀਵਾਲਤਾ ਦੇ ਸੰਦੇਸ਼ ਨੇ ਪੀਰ ਬੁੱਧੂ ਸ਼ਾਹ ਨੂੰ ਬੇਅੰਤ ਪ੍ਰਭਾਵਿਤ ਕੀਤਾ। ਗੁਰੂ ਜੀ ਦੇ ਮਿਲਣ ਪਿਛੋਂ ਪੀਰ ਜੀ ਦੀ ਮੁਰਸ਼ਦ ਵਾਲੀ ਭਾਲ ਹੁੱਣ ਮੁੱਕ ਚੁੱਕੀ ਸੀ।

ਪੀਰ ਬੁੱਧੂ ਸ਼ਾਹ ਨੂੰ ਦਾਮਲਾ ( ਯਮੁਨਾ ਨਗਰ ) ਦੇ ਲਗਭਗ ਪੰਜ ਸੌ ਪਠਾਣ ਸਢੌਰਾ ਆਣ ਨਿਲੇ ਜਿਨ੍ਹਾਂ ਨੂੰ ਔਰੰਗਜ਼ੇਬ ਨੇ ਨੌਕਰੀ ਤੋਂ ਕੱਢ ਦਿੱਤਾ ਅਤੇ ਐਲਾਨ ਕੀਤਾ ਕਿ “ਜਿਹੜਾ ਇਨ੍ਹਾਂ ਨੂੰ ਮੁੜ ਨੌਕਰੀ ’ਤੇ ਰੱਖੇਗਾ ਉਹ ਮੇਰਾ ਗੁਨਾਹਗਾਰ ਹੋਵੇਗਾ।” ਬੁੱਧੂ ਸ਼ਾਹ ਨੂੰ ਪਠਾਣਾਂ ਨੇ ਆਪਣੀ ਸਾਰੀ ਹੱਡ-ਬੀਤੀ ਦੱਸੀ। ਪੀਰ ਬੁੱਧੂ ਸ਼ਾਹ ਉਨ੍ਹਾਂ ਪਠਾਣਾਂ ਨੂੰ ਨਾਲ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਾਉਂਟਾ ਸਾਹਿਬ ਆਣ ਮਿਲੇ। ਗੁਰੂ ਸਾਹਿਬ ਜੀ ਨੇ ਪੀਰ ਜੀ ਦੀ ਗੱਲ ਮੰਨਦਿਆਂ ਉਨ੍ਹਾਂ ਨੂੰ ਨੌਕਰੀ ਉੱਤੇ ਰੱਖ ਲਿਆ।

ਦੂਜੇ ਪਾਸੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਧਦੀ ਤਾਕਤ ਤੋਂ ਬਾਈਧਾਰ ਦੇ ਪਹਾੜੀ ਰਾਜੇ ਬਹੁਤ ਦੁਖੀ ਸਨ। ਇਨ੍ਹਾਂ ਪਹਾੜੀ ਰਾਜਿਆਂ ਵਿੱਚੋਂ ਭੀਮ ਚੰਦ ਕੁਝ ਜ਼ਿਆਦਾ ਹੀ ਦੁੱਖ ਮਹਿਸੂਸ ਕਰਦਾ ਸੀ। ਆਸਾਮ ਦੇ ਰਾਜਾ ਰਤਨ ਰਾਇ ਨੇ ਗੁਰੂ ਜੀ ਦੇ ਦਰਸ਼ਨਾਂ ਸਮੇਂ ਬਹੁਤ ਕੀਮਤੀ ਵਸਤੂਆਂ ਭੇਂਟ ਕੀਤੀਆਂ ਸਨ ਤੇ ਕਾਬਲ ਦੇ ਇਕ ਸੱਖ ਨੇ ਇਕ ਚੰਦੋਆ ਵੀ ਭੇਂਟ ਕੀਤਾ ਸੀ, ਜਿਸ ਦੀ ਕੀਮਤ ਉਸ ਵੇਲ਼ੇ ਲਗਭਗ ਦੋ ਲੱਖ ਦੱਸੀ ਜਾਂਦੀ ਹੈ। ਪਹਾੜੀ ਰਾਜਾ ਭੀਮ ਚੰਦ ਦੀ ਨੀਅਤ ਬੇਈਮਾਨ ਸੀ ਉਹ ਇਹ ਕੀਮਤੀ ਵਸਤੂਆਂ ਹਾਸਲ ਕਰਨਾ ਚਾਹੁੰਦਾ ਸੀ। ਨਾਹਣ ਦੇ ਰਾਜਾ ਮੇਦਨੀ ਪ੍ਰਕਾਸ਼ ਤੋਂ ਬਿਨਾਂ ਬਾਕੀ ਪਹਾੜੀ ਰਾਜੇ ਕਹਿਲੂਰ ਦਾ ਰਾਜਾ ਭੀਮ ਚੰਦ, ਗੜ੍ਹਵਾਲ ਦਾ ਰਾਜਾ ਫ਼ਤਿਹ ਸ਼ਾਹ, ਗੋਲਬਰ ਦਾ ਰਾਜਾ-ਗੋਪਾਲ ਚੰਦ, ਕਾਂਗੜਾ ਦਾ ਰਾਜਾ ਕ੍ਰਿਪਾਲ ਚੰਦ, ਮੰਡੀ ਦਾ ਰਾਜਾ ਬੀਰ ਸੈਣ, ਜਸਵਾਲ ਦਾ ਰਾਜਾ ਕੇਸਰੀ ਚੰਦ, ਕਾਠਗੜ੍ਹ ਦਾ ਰਾਜਾ ਦਿਆਲ ਚੰਦ, ਹਿਡੌਰ ਦਾ ਰਾਜਾ ਹਰੀ ਚੰਦ, ਭੰਬੋਰ ਦਾ ਰਾਜਾ ਕਰਮਚੰਦ, ਨੂਰਪੁਰ ਦਾ ਰਾਜਾ ਦਇਆ ਸਿੰਘ, ਤਰਲੋਕ ਪੁਰ ਦਾ ਰਾਜਾ ਭਾਗ ਸਿੰਘ, ਇੰਦੌਰ ਦਾ ਰਾਜਾ ਗੁਰਭਜ, ਨਾਰਦਨ ਦਾ ਰਾਜਾ ਸੰਸਾਰ ਚੰਦ, ਕੋਟੀਵਾਲ ਦਾ ਰਾਜਾ ਹਰੀ ਚੰਦ ਅਤੇ ਸ਼ਿਮਲਾ ਦਾ ਰਾਜਾ ਲੱਛੂ ਚੰਦ, ਇਨ੍ਹਾਂ ਸਭ ਰਾਜਿਆਂ ਨੇ ਗੁਰੂ ਸਾਹਿਬ ’ਤੇ ਹੱਲਾ ਬੋਲ ਦਿੱਤਾ।

ਪੀਰ ਬੁੱਧੂ ਸ਼ਾਹ ਨੇ ਜਿਹੜੇ ਪੰਜ ਸੌ ਪਠਾਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫ਼ੌਜ ਵਿਚ ਸਿਪਾਹੀ ਭਰਤੀ ਕਰਵਾਏ ਸਨ, ਉਨ੍ਹਾਂ ’ਚੋਂ ਕਾਲੇ ਖਾਨ ਨੂੰ ਛੱਡ ਕੇ ਬਾਕੀ ਸਾਰੇ ਗੁਰੂ ਜੀ ਦਾ ਸਾਥ ਛੱਡ ਗਏ। ਗੁਰੂ ਜੀ ਨੇ ਉਨ੍ਹਾਂ ਪਠਾਣ ਸਿਪਾਹੀਆਂ ਨੂੰ ਤਨਖਾਹ ਵਿਚ ਚੋਖਾ ਵਾਧਾ ਕਰਨ ਦਾ ਵੀ ਲਾਲਚ ਦਿੱਤਾ ਪਰ ਉਹ ਟੱਸ ਤੋਂ ਮੱਸ ਨਾ ਹੋਏ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੀਰ ਬੁੱਧੂ ਸ਼ਾਹ ਨੂੰ ਪੱਤਰ ਭੇਜਿਆ ਕਿ “ਤੁਹਾਡੇ ਭਰਤੀ ਕਰਵਾਏ ਪੰਜ ਸੌ ਸਿਪਾਹੀ ਹੁਣ ਤੱਕ ਤਨਖਾਹ ਲੈਂਦੇ ਰਹੇ ਤੇ ਅੱਜ ਯੁੱਧ ਵੇਲੇ ਸਾਡਾ ਸਾਥ ਛੱਡ ਗਣੇ ਹਨ। ਇਕੱਲਾ ਕਾਲ਼ੇ ਖਾਨ ਹੀ ਸਾਡੇ ਨਾਲ ਇਸ ਨਾਜ਼ੁਕ ਘੜੀ ’ਚ ਮੋਢਾ ਜੋੜੀ ਖੜ੍ਹਿਆ ਹੈ। ” ਪੀਰ ਬੁੱਧੂ ਸ਼ਾਰ ਨੂੰ ਇਹ ਸੁਣ ਕੇ ਦੁੱਖ ਵੀ ਲੱਗਾ ਅਤੇ ਭਾਰੀ ਨਿਰਾਸ਼ਾ ਵੀ ਹੋਈ। ਪੀਰ ਜੀ ਇਸ ਦਾਗ਼ ਨੂੰ ਧੋਣ ਲਈ ਆਪਣੇ ਚਾਰ ਪੁੱਤਰਾਂ ਸੱਯਦ ਮੁਹੰਮਦ ਸ਼ਾਹ, ਸੱਯਦ ਮੁੰਹਮਦ ਬਖ਼ਸ਼, ਸੱਯਦ ਸ਼ਾਹ ਹੁਸੈਨ, ਸੱਯਦ ਅਸ਼ਰਫ ਭਗਵਾਂ ਤੇ ਆਪਣੇ ਕਈ ਮੁਰੀਦਾਂ ਨੂੰ ਨਾਲ ਲੈ ਕੇ ਗੁਰੂ ਸਾਹਿਬ ਕੋਲ਼ ਪਾਉਂਟਾ ਸਾਹਿਬ ਜਾ ਪਹੁੰਚੇ। ਅੱਗੇ ਗੁਰੂ ਜੀ ਭੰਗਾਣੀ ਦੇ ਯੁੱਧ ਵਿਚ ਜਾ ਚੁੱਕੇ ਸਨ। ਬੁੱਧੂ ਸ਼ਾਹ ਜੀ ਆਪਣੇ ਪੁੱਤਰਾਂ ਅਤੇ ਸਾਥੀਆਂ ਨਾਲ ਭੰਗਾਣੀ ਜਾ ਪਹੁੰਚੇ। ਗੁਰੂ ਸਾਹਿਬ ਜੀ ਉਨ੍ਹਾਂ ਨੂੰ ਦੇਖ ਕੇ ਖੁਸ਼ ਹੋਏ। ਗੁਰੂ ਜੀ ਦੀ ਭੂਆ ਬੀਬੀ ਵੀਰੋ ਦਾ ਪੁੱਤਰ ਸੰਗੋ ਸ਼ਾਹ ਗੁਰੂ ਸਾਹਿਬ ਜੀ ਦੀਆਂ ਫ਼ੌਜਾਂ ਦੀ ਅਗਵਾਈ ਕਰ ਰਿਹਾ ਸੀ। ਇਸ ਘਮਸਾਣ ਯੁੱਧ ਵਿਚ ਪੀਰ ਬੁੱਧੂ ਸ਼ਾਹ ਜੀ ਆਪਣੇ ਸਪੁੱਤਰ ਸੱਯਦ ਅਸ਼ਰਫ ਦੇ ਸ਼ਰੀਦ ਹੋ ਜਾਣ ’ਤੇ ਵੀ ਢੋਲੇ ਨਾ, ਸਗੋਂ ਪੂਰੇ ਹੌਸਲੇ ਨਾਲ ਲੜਦੇ ਰਹੇ। ਸਪੁੱਤਰ ਸੱਯਦ ਮੁਹੰਮਦ, ਤੇ ਭਰਾ ਦੀ ਸ਼ਹੀਦੀ ਦੇ ਕੇ ਗੁਰੂ ਸਾਹਿਬ ਜੀ ਨਾਲ ਵਫ਼ਾ ਨਿਭਾਈ। ਅੰਤ ਨੂੰ ਗੁਰੂ ਸਾਹਿਬ ਜੀ ਨੇ ਇਸ ਯੁੱਧ ਵਿਚ ਜਿੱਤ ਹਾਸਲ ਕੀਤੀ।

ਪੀਰ ਬੁੱਧੂ ਸ਼ਾਹ ਨੇ ਆਪਣੇ ਸਪੁੱਤਰਾਂ ਤੇ 700 ਦੇ ਕਰੀਬ ਮੁਰੀਦਾਂ ਨਾਲ ਗੁਰੂ ਸਾਹਿਬ ਜੀ ਦੀ ਨਾਜ਼ੁਕ ਸਮੇਂ ਵਿੱਚ ਮਦਦ ਕੀਤੀ ਹੋਣ ਕਰਕੇ ਗੁਰੂ ਜੀ ਵੀ ਖੁਸ਼ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭੰਗਾਣੀ ਦੇ ਯੁੱਧ ਵਿੱਚ ਆਈ ਸੰਗਤ ਨਾਲ ਪੀਰ ਜੀ ਨੂੰ ਵਿਸ਼ੇਸ਼ ਤੌਰ ’ਤੇ ਨਿਵਾਜਿਆ। ਜਦੋਂ ਸਾਰੇ ਸ਼ੌਕ ਪ੍ਰਗਟ ਕਰਨ ਲੱਗੇ ਤਾਂ ਪੀਰ ਜੀ ਨੇ ਬੜੀ ਦਲੇਰੀ ਨਾਲ ਕਿਹਾ, “ ਇੱਥੇ ਕਿਸੇ ਨੇ ਨਹੀਂ ਰਹਿਣਾ, ਮੌਤ ਰੂਪੀ ਦਰਵਾਜ਼ੇ ਵਿੱਚੋਂ ਸਭ ਨੇ ਲੰਘਣਾ ਹੈ ਭਾਵ ਸਭ ਨੇ ਮਰਨਾ ਹੈ, ਮੈਨੂੰ ਇਸ ਗੱਲ ’ਤੇ ਮਾਣ ਹੈ ਕਿ ਮੇਰੇ ਸਪੁੱਤਰ ਨੇਕ ਕਾਰਜ ਲਈ ਸ਼ਹੀਦ ਹੋਏ ਹਨ। ਮੈਨੂੰ ਉਨ੍ਹਾਂ ਦੀ ਸ਼ਹੀਦੀ ਦਾ ਬਿਲਕੁਲ ਵੀ ਅਫਸੋਸ ਨਹੀਂ….ਸਗੋਂ ਮਾਣ ਹੈ….। ”

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੁਸ਼ ਹੋ ਕੇ ਕੁਝ ਕੀਮਤੀ ਵਸਤਾਂ ਦੇਣੀਆ ਚਾਹੀਆਂ ਪਰ ਪੀਰ ਜੀ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਗੁਰੂ ਜੀ ਨੇ ਪੀਰ ਜੀ ਨੂੰ ਦਸਤਾਰ, ਹੁਕਮਨਾਮਾ ਤੇ ਕਟਾਰ ਭੇਂਟ ਕੀਤੀ। ਪਰ, ਪੀਰ ਜੀ ਨੇ ਗੁਰੂ ਜੀ ਤੋਂ ‘ ਕੰਘੇ’ ਦੀ ਮੰਗ ਕੀਤੀ, ਜਿਸ ਵਿੱਚ ਗੁਰੂ ਸਾਹਿਬ ਜੀ ਦੇ ਕੇਸ ਅੜੇ ਹੋਏ ਸਨ। ਇੰਨਾ ਸੁਣ ਗੁਰੂ ਜੀ ਨੇ ਖੁਸ਼ੀ ਨਾਲ ਪੀਰ ਜੀ ਨੂੰ ਕੇਸਾਂ ਸਮੇਤ ਕੰਘਾ ਭੇਂਟ ਕੀਤਾ। ਜਿਸ ਨੂੰ ਪੀਰ ਬੁੱਧੂ ਸ਼ਾਹ ਨੇ ਭੰਗਾਣੀ ਦੇ ਯੁੱਧ ਦੇ ‘ਵਿਜੈ ਚਿੰਨ੍ਹ’ ਵਜੋਂ ਸਵੀਕਾਰ ਕੀਤਾ। ਪੀਰ ਜੀ ਨੇ ਇਨ੍ਹਾਂ ਪਵਿੱਤਰ ਤੇ ਅਨਮੋਲ ਵਸਤੂਆਂ ਨੂੰ ਅੱਖਾਂ ਨਾਲ ਛੁਹਾਇਆ।

ਇਸ ਸਾਖੀ ਬਾਰੇ ਭਾਈ ਕਾਨ੍ਹ ਸਿੰਘ ਨਾਭਾ ‘ਮਹਾਨ ਕੋਸ਼’ ਅਨੁਸਾਰ ‘ਜੰਗ ਸਮਾਪਤੀ ਪੁਰ ਕਲਗੀਧਰ ਨੇ ਆਪਣੀ ਦਸਤਾਰ, ਕੰਘੇ ਸਹਿਤ ਵਾਹੇ ਹੋਏ ਕੇਸ ਅਤੇ ਛੋਟੀ ਕ੍ਰਿਪਾਨ ਬੱਧੂ ਸ਼ਾਹ ਨੂੰ ਹੁਕਮਨਾਮੇ ਸਹਿਤ ਬਖ਼ਸ਼ੀ।’

ਭੇਂਟ ਕੀਤੀਆਂ ਇਹ ਕੀਮਤੀ ਵਸਤਾਂ ਅੱਜਕਲ੍ਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੁਸ਼ੋਭਿਤ ਹਨ।

PunjabKesari

ਪਹਾੜੀ ਰਾਜਿਆਂ ਨੇ ਪੀਰ ਬੁੱਧੂ ਸ਼ਾਹ ਜੀ ਦੇ ਵਿਰੁੱਧ ਦਿੱਲੀ ਦਰਬਾਰ ਵਿਚ ਸ਼ਿਕਾਇਤ ਕੀਤੀ ਕਿ ਆਲਮਗੀਰ ਸ਼ਹਿਨਸ਼ਾਹ। ਤੇਗ਼ ਬਹਾਦਰ ਦੇ ਪੁੱਤਰ ਨੇ ਇਕ ਇਨਕਲਾਬੀ ਜਥਾ ਸੰਗਠਨ ਕੀਤਾ ਹੈ ਜਿਹੜਾ ਇਕ ਦਿਨ ਦਿੱਲੀ ਦੇ ਤਖ਼ਤ ਲਈ ਬਾਰੀ ਖ਼ਤਰਾ ਸਾਬਤ ਹੋਵੇਗਾ। ਅਸਾਂ ਇਸ ਅੰਦੋਲਣ ਨੂੰ ਕੁਚਲਨ ਦਾ ਯਤਨ ਕੀਤਾ, ਪਰ ਜਨਾਬ, ਬੁੱਧੂ ਸ਼ਾਹ ਆਪਣੇ ਬਹੁਤ ਸਾਰੇ ਸੇਵਕਾ, ਸਪੁੱਤਰਾਂ ਤੇ ਸੰਬੰਧੀਆਂ ਨੂੰ ਸਾਡੇ ਖ਼ਿਲਾਫ ਲੜਨ ਲਈ ਲੈ ਆਇਆ। ਇਵੇਂ ਉਸ ਨੇ ਖ਼ਤਰਨਾਕ ਜਮਾਤ ਦੀ ਮਦਦ ਕੀਤੀ। ਇਸ ਕਾਫ਼ਰ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।

ਪੀਰ ਬੁੱਧੂ ਸ਼ਾਹ ਜੀ ਦਾ ਸਾਲਾ ਸੈਦਖਾਨ ਦਿੱਲੀ ਦਰਬਾਰ ਵਿਚ ਵਫ਼ਾਦਾਰ ਸਿਪਾਹੀ ਹੋਣ ਕਰਕੇ ਉਸ ਪੱਤਰ ਨੂੰ ਲੈ ਕੇ ਆਉਣ ਵਾਲ਼ੇ ਵਿਅਕਤੀ ਨੂੰ ਸੈਦ ਖ਼ਾਨ ਨੇ ਇਹ ਕਹਿ ਕੇ ਵਾਪਿਸ ਮੋੜ ਦਿੱਤਾ ਸੀ ਕਿ ਆਲਮ ਪਨਾਹ, ਇਸ ਮਾਮਲੇ ’ਤੇ ਵਿਚਾਰ ਕਰਨਗੇ।

ਜਦੋਂ ਨਸੀਰਾਂ ਨੂੰ ਆਪਣੇ ਪੁੱਤਰਾਂ ਦੇ ਸ਼ਹੀਦ ਹੋਣ ਬਾਰੇ ਪਤਾ ਲੱਗਿਆ ਤਾਂ ਉਹ ਬੇ-ਸੁੱਧ ਹੋ ਗੀ। ਔਰਤਾਂ ਅਫ਼ਸੋਸ ਕਰਨ ਆਈਆਂ ਤਾਂ ਪੀਰ ਜੀ ਨੇ ਕਿਹਾ ਕਿ “ ਮੈਨੂੰ ਆਪਣੇ ਪੁਤਰਾਂ ਦੇ ਮਾਰੇ ਜਾਣ ਦਾ ਕੋਈ ਦੁੱਖ ਨਹੀੰ, ਉਹ ਜ਼ੁਲਮ ਦੀ ਲੜਾਈ ਵਿਚ ਸ਼ਹੀਦ ਹੋਏ ਹਨ। ਮੈਨੂੰ ਇਸ ਗੱਲ ਦਾ ਫ਼ਖ਼ਰ ਹੈ ਕਿ ਮੇਰੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦੇ ਕੰਮ ਆ ਸਕੇ। ” ਨਸੀਰਾਂ ਨੂੰ ਜਦੋਂ ਪੀਰ ਜੀ ਨੇ ਗੁਰੂ ਜੀ ਵੱਲੋਂ ਬਖ਼ਸ਼ਿਆ ਕੰਘਾ ਦਿਖਾਇਆ ਤਾਂ ਨਸੀਰਾਂ ਉਸ ਨੂੰ ਧਿਆਨ ਨਾਲ ਦੇਖਣ ਲੱਗੀ। ਨਸੀਰਾਂ ਨੂੰ ਉਸ ਕੰਘੇ ’ਚੋਂ ਆਪਣੇ ਸਪੁੱਤਰਾਂ ਦੇ ਹੱਸਦੇ ਚਿਹਰੇ ਦਿਸਣ ਲੱਗੇ। ਹੁਣ ਬੇਗ਼ਮ ਨਸੀਰਾਂ ਨੂੰ ਯਕੀਨ ਹੋ ਗਿਆ ਕਿ ਉਸ ਦੇ ਸਪੁੱਤਰ ਸਚਮੁੱਚ ਸੱਚੇ ਕਾਰਜ ਲਈ ਸ਼ਹੀਦ ਹੋਏ ਹਨ। ਨਸੀਰਾਂ ਨੇ ਕੰਘਾ ਚੁੰਮਿਆ। ਰੁਮਾਲ ਵਿੱਚ ਲਪੇਟ ਕੇ ਸੰਦੂਕ ’ਚ ਟਿਕਾ ਦਿੱਤਾ।

ਔਰੰਗਜ਼ੇਬ ਗੁਰੂ ਸਾਹਿਬ ਦੀ ਚੜ੍ਹਤ ਦੇਖ ਦੇ ਦੁਖੀ ਸੀ। ਉਸਨੇ ਆਪਣੇ ਦਰਬਾਰੀ ਜਰਨੈਲਾਂ ਨੂੰ ਸੱਦ ਦੇ ਕਿਹਾ ਕਿ ਲਹਿਰ ਨੂੰ ਕੌਣ ਠੱਲ੍ਹ ਪਾਵੇਗਾ। ਸੈਦ ਖਾਨ ਨੇ ਆਪਣੇ ਸਿਰ ਜ਼ਿੰਮੇਵਾਰੀ ਲਈ। ਸੈਦ ਖ਼ਾਨ ਗੁਰੂ ਜੀ ਵਿਰੁੱਧ ਕੂਚ ਕਰਨ ਲਈ ਥਾਨੇਸਰ ਤੋਂ ਚੱਲਕੇ ਆਪਣੀ ਭੈਣ ਨਸੀਰਾਂ ਕੋਲ ਪਹੁੰਚਿਆ। ਨਸੀਰਾਂ ਨੂੰ ਜਦੋਂ ਪਤਾ ਲੱਗਿਆ ਤਾਂ ਉਸਨੇ ਕੋਸ਼ਿਸ਼ ਕੀਤੀ ਆਪਣੇ ਭਰਾਂ ਨੂੰ ਰੋਕਣ ਦੀ ਪਰ ਸੈਦ ਖ਼ਾਨ ਨਾ ਟਲ਼ਿਆ ਸਗੋਂ ਕਹਿਣ ਲੱਗਾ ਕਿ, “ਮੈਂ ਫ਼ੌਜੀ ਜਰਨੈਲ ਹਾਂ, ਸ਼ਹਿਨਸ਼ਾਹ ਦਾ ਵਫ਼ਾਦਾਰ ਸਿਪਾਹੀ ਤੇ ਉਨ੍ਹਾਂ ਲਈ ਲੜਨਾ ਮੇਰਾ ਫ਼ਰਜ਼ ਹੈ, ਜੇਕਰ ਗੁਰੂ ਗੋਬਿੰਦ ਸਿੰਘ ਮਹਾਨ ਹਨ ਤਾਂ ਮੇਰੇ ਨਾਲ ਮੈਦਾਨ ਵਿਚ ਆਕੇ ਟੱਕਰ ਲੈਣ, ” ਨਸੀਰਾਂ ਨੇ ਸੈਦ ਖ਼ਾਨ ਨੂੰ ਫੇਰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ, “ਤੂੰ ਬਦੀ ਦੇ ਰਾਹ ਤੁਰ ਪਿਆ ਏਂ…..। ”

ਜਦੋਂ ਗੁਰੂ ਸਾਹਿਬ ਸੈਦ ਖ਼ਾਨ ਦੇ ਸਾਹਮਣੇ  ਆਏ ਤਾਂ, ਗੁਰੂ ਜੀ ਨੇ ਕਿਹਾ, “ ਵਾਰ ਕਰ। ” ਸੈਦ ਖ਼ਾਨ ਤੋਂ ਵਾਰ ਨਾ ਕੀਤਾ ਗਿਆ। ਉਸ ਨੂੰ ਲੱਗਿਆ ਕਿ ਉਹ ਯੁੱਧ ਕਰਨ ਤੋਂ ਅਸਮਰੱਥਹੈ, ਉਹ ਹਥਿਆਰ ਸੁੱਟ ਕੇ ਗੁਰੂ ਜੀ ਦਾ ਸ਼ਰਧਾਲੂ ਬਣ ਗਿਆ। ਇਹ ਵੀ ਦੱਸਿਆ ਜਾਂਦਾ ਹੈ ਕਿ ਸੈਦ ਖ਼ਾਨ ਇਸ ਘਟਨਾ ਤੋਂ ਅਖ਼ੀਰੀ ਸਮੇਂ ਤੱਕ ਗੁਰੂ ਜੀ ਕੋਲ ਰਿਹਾ।

ਗੁਰੂ ਜੀ ਨੇ ਸੰਗਤਾਂ ਨੂੰ ਪਿੰਡ ਲਾਹੜਪੁਰ ਭੇਜ ਕੇ ਆਪ ਪਾਉਂਟਾ ਸਾਹਿਬ ਤੋਂ ਸਢੌਰਾ ਪਹੁੰਚੇ ਜਿੱਥੇ ਉਹ ਤੇਰਾ ਦਿਨ ਰਹੇ। ਉਸਮਾਨ ਖ਼ਾਨ ਦਾ ਦੂਤ ਪੀਰ ਬੁੱਧੂ ਸ਼ਾਹ ਕੋਲ਼ ਹੁਕਮ ਲੈ ਕੇ ਆਇਆ, “ ਸਾਡੇ ਕੋਲ਼ ਪੱਕਾ ਸਬੂਤ ਹੈ ਕਿ ਗੁਰੂ ਜੀ ਇੱਥੇ ਹੀ ਹਨ, ਉਨ੍ਹਾਂ ਨੂੰ ਜੀਵਿਤ ਜਾਂ ਮ੍ਰਿਤਕ ਹਾਲਤ ਵਿਚ ਪੇਸ਼ ਕੀਤਾ ਜਾਵੇ….।”

ਬੁੱਧੂ ਸ਼ਾਹ ਜੀ ਦਾ ਵੱਡਾ ਬੇਟਾ ਸੱਯਦ ਮੁਹੰਮਦ ਬਖ਼ਸ਼ ਉੱਥੇ ਹੀ ਸੀ। ਉਸ ਨੇ ਪੀਰ ਜੀ ਨੂੰ ਸਲਾਹ ਦਿੱਤੀ ਕਿ ਗੁਰੂ ਜੀ ਨੂੰ ਉਸਮਾਨ ਖ਼ਾਨ   ਕੋਲ ਪੇਸ਼ ਨਹੀਂ ਕਰਨਾ। ਤੁਸੀਂ ਮੇਰਾ ਗਲ਼ਾ ਕੱਟ ਕੇ ਖ਼ੂਨ ਉਸਮਾਨ ਖ਼ਾਨ ਕੋਲ ਪੇਸ਼ ਕਰ ਦਿਓ। ਪੀਰ ਜੇ ਨੇ ਸੱਯਦ ਬਖ਼ਸ਼ ਦੇ ਕਹੇ ਅਨੁਸਾਰ ਹੀ ਕੀਤਾ।

ਗੁਰੂ ਜੀ ਅਨੰਦਪੁਰ ਸਾਹਿਬ ਪਹੁੰਚ ਗਏ ਤੇ ਪੀਰ ਜੀ ਨੇ ਖੂਨ ਉਸਮਾਨ ਖ਼ਾਨ ਕੋਲ ਪੇਸ਼ ਕਰ ਦਿੱਤਾ। ਸੂਤਰਾਂ ਰਾਹੀਂ ਔਰੰਗਜ਼ੇਬ ਨੂੰ ਖ਼ੂਨ ਗੁਰੂ ਜੀ ਦਾ ਨਾ ਹੋਣ ਬਾਰੇ ਪਤਾ ਲੱਗਾ। ਔਰੰਗਜ਼ੇਬ ਤੇ ਉਸਮਾਨ ਖ਼ਾਨ ਗੁੱਸੇ ਵਿਚ ਲਾਲ ਪੀਲ਼ੇ ਹੋਣ ਲੱਗੇ। ਸ਼ਹਿਨਸ਼ਾਹ ਔਰੰਗਜ਼ੇਬ ਨੇ ਹੁਕਮ ਦਿੱਤਾ ਕਿ ਜੇ ਗੁਰੂ ਜੀ ਦੇ ਜ਼ਿੰਦਾ ਹੋਣ ਬਾਰੇ ਪਤਾ ਚੱਲੇ ਤਾਂ ਸ਼ਾਹੀ ਹੁਕਮ ਸਮਝ ਕੇ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਪੀਰ ਬੁੱਧੂ ਸ਼ਾਹ ਨੂੰ ਵੀ ਸੂਹ ਮਿਲ ਗਈ ਸੀ। ਉਨ੍ਹਾਂ ਨੇ ਆਪਣਾ ਪਰਿਵਾਰ ਨਾਹਣ ਭੇਜ ਦਿੱਤਾ। ਆਪ ਇਕੱਲੇ ਹੀ ਸਢੌਰਾ ਵਿਖੇ ਰਹਿ ਗਏ। ਉਸਮਾਨ ਖ਼ਾਨ ਨੇ ਸਢੌਰੇ ਉੱਤੇ ਕਬਜ਼ਾ ਕਰ ਲਿਆ। ਉਸਮਾਨ ਖ਼ਾਨ ਪੀਰ ਜੀ ਨੂੰ ਤੰਗ-ਪ੍ਰੇਸ਼ਾਨ ਕਰਨ ਲੱਗਾ, ਉਸ ਨੇ ਪੀਰ ਜੀ ਨੂੰ ਕੈਦ ਵੀਰ ਕਰ ਲਿਆ। ਜਦੋਂ ਪੀਰ ਬੁੱਧੂ ਸ਼ਾਹ ਨਾ ਡੋਲੇ ਤਾਂ ਉਸਦੇ ਹੁਕਮ ’ਤੇ 21 ਮਾਰਚ 1704 ਈ. ਨੂੰ ਪੀਰ ਬੁੱਧੂ ਸ਼ਾਹ ਨੂੰ ਕਤਲ ਕਰਵਾ ਦਿੱਤਾ ਗਿਆ। ਇਥੇ ਹੀ ਬਸ ਨਹੀਂ ਉਸ ਨੇ ਪੀਰ ਜੀ ਦੀ ਹਵੇਲੀ ਨੂੰ ਵੀ ਅੱਗ ਲਾ ਦਿੱਤੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਭਾਲ ’ਚ ਉਹ ਨਾਹਣ ਤੱਕ ਵੀ ਗਿਆ ਪਰ, ਉਥੋਂ ਵੀ ਉਸਮਾਨ ਖ਼ਾਨ ਖ਼ਾਲੀ ਹੱਥ ਪਰਤਿਆ ਕਿਉਂਕਿ ਬੀਬੀ ਨਸੀਰਾਂ ਆਪਣੇ ਪੋਤਿਆਂ (ਸੱਯਦ ਅਤਾ ਸ਼ਾਹ, ਸੱਯਦ ਅਸਾਮ ਸ਼ਾਹ) ਨੂੰ ਲੈ ਕੇ ਸਮਾਣਾ (ਪਟਿਆਲਾ) ਆਣ ਚੁੱਕੀ ਸੀ।


rajwinder kaur

Content Editor rajwinder kaur