Ganpati Visarjan: ਗਣਪਤੀ ਬੱਪਾ ਨੂੰ ਵਿਦਾਇਗੀ ਦਿੰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
9/25/2023 11:40:56 AM

ਜਲੰਧਰ - ਗਣੇਸ਼ ਚਤੁਰਥੀ ਦਾ ਤਿਉਹਾਰ ਪੂਰੇ ਭਾਰਤ ਵਿੱਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਦੇਸ਼ ਦੇ ਕੋਨੇ-ਕੋਨੇ 'ਚ ਬੱਪਾ ਦੇ ਵੱਡੇ ਪੰਡਾਲ ਸਜਾਏ ਗਏ ਹਨ। ਕਈ ਘਰਾਂ ਵਿੱਚ ਭਗਵਾਨ ਗਣੇਸ਼ ਜੀ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ ਹੈ। 10 ਦਿਨਾਂ ਤੱਕ ਚੱਲਣ ਵਾਲੇ ਇਸ ਤਿਉਹਾਰ ਵਿੱਚ ਅਨੰਤ ਚਤੁਰਥੀ ਵਾਲੇ ਦਿਨ ਬੱਪਾ ਦਾ ਵਿਸਰਜਨ ਕੀਤਾ ਜਾਂਦਾ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਡੇਢ ਦਿਨ, ਤਿੰਨ ਦਿਨ, ਪੰਜ ਦਿਨ, ਸੱਤ, ਨੌਂ ਜਾਂ ਪੂਰੇ ਦਸ ਦਿਨਾਂ ਤੱਕ ਆਪਣੇ ਘਰ ਗਣਪਤੀ ਜੀ ਦਾ ਸ਼ਾਨਦਾਰ ਸਵਾਗਤ ਕਰਦੇ ਹਨ। ਨਿਰਧਾਰਤ ਸਮੇਂ ਤੋਂ ਬਾਅਦ ਬੱਪਾ ਦੀ ਮੂਰਤੀ ਨੂੰ ਪਾਣੀ ਵਿੱਚ ਵਿਸਰਜਿਤ ਕੀਤਾ ਜਾਂਦਾ ਹੈ। ਗਣਪਤੀ ਦੀ ਮੂਰਤੀ ਦਾ ਵਿਸਰਜਨ ਕਰਨ ਤੋਂ ਪਹਿਲਾਂ ਕਿਹੜੀਆਂ ਗੱਲ੍ਹਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ, ਦੇ ਬਾਰੇ ਆਓ ਜਾਣਦੇ ਹਾਂ...
ਇਸ ਤਰੀਕੇ ਦੇ ਨਾਲ ਕਰੋ ਗਣਪਤੀ ਵਿਸਰਜਨ
. ਗਣਪਤੀ ਜੀ ਦੀ ਮੂਰਤੀ ਦਾ ਵਿਸਰਜਨ ਕਰਨ ਤੋਂ ਪਹਿਲਾਂ ਭਗਵਾਨ ਗਣੇਸ਼ ਦੀ ਚੰਗੀ ਤਰ੍ਹਾਂ ਪੂਜਾ ਕਰੋ।
. ਗਣਪਤੀ ਜੀ ਨੂੰ ਫਲ, ਮਾਲਾ, ਦੁਰਵਾ, ਨਾਰੀਅਲ, ਹਲਦੀ, ਕੁਮਕੁਮ ਆਦਿ ਸਾਰੀਆਂ ਚੀਜ਼ਾਂ ਚੜ੍ਹਾਓ। ਪਾਨ, ਬਾਤਾਸ਼ਾ, ਲੌਂਗ ਅਤੇ ਸੁਪਾਰੀ ਚੜ੍ਹਾਓ।
. ਭਗਵਾਨ ਗਣੇਸ਼ ਜੀ ਨੂੰ ਮੋਦਕ ਅਤੇ ਲੱਡੂ ਦਾ ਭੋਗ ਲਗਾਓ।
. ਘਿਓ ਦਾ ਦੀਵਾ ਜਗਾਓ ਅਤੇ ਧੂਪ ਜਲਾ ਕੇ ਓਮ ਗਣ ਗਣਪਤੇ ਨਮਹ ਦਾ ਜਾਪ ਵੀ ਕਰੋ।
. ਫਿਰ ਇਕ ਸਾਫ਼ ਚੌਂਕੀ ਲਓ, ਜਿਸ 'ਤੇ ਗੰਗਾ ਜਲ ਦਾ ਛਿੜਕਾਅ ਕਰੋ ਅਤੇ ਸਵਾਸਤਿਕ ਦੀ ਤਸਵੀਰ ਬਣਾਓ। ਤਸਵੀਰ ਬਣਾ ਕੇ ਉਸ ਵਿੱਚ ਕੁਝ ਅਕਸ਼ਤ ਪਾਓ।
. ਇਸ ਚੌਂਕੀ 'ਤੇ ਲਾਲ ਜਾਂ ਪੀਲੇ ਰੰਗ ਦਾ ਕੱਪੜਾ ਵਿਛਾਓ।
. ਇਸ ਦੇ ਚਾਰ ਕੋਨਿਆਂ ਵਿੱਚ ਸੁਪਾਰੀ ਰੱਖੋ ਅਤੇ ਕੱਪੜੇ ਦੇ ਉੱਪਰ ਫੁੱਲ ਰੱਖੋ। ਇਸ ਤੋਂ ਬਾਅਦ ਭਗਵਾਨ ਗਣੇਸ਼ ਦੀ ਮੂਰਤੀ ਨੂੰ ਚੌਂਕੀ 'ਤੇ ਰੱਖੋ।
. ਭਗਵਾਨ ਗਣੇਸ਼ ਨੂੰ ਚੜ੍ਹਾਈਆਂ ਗਈਆਂ ਸਾਰੀਆਂ ਵਸਤੂਆਂ ਜਿਵੇਂ ਮੋਦਕ, ਸੁਪਾਰੀ, ਲੌਂਗ, ਕੱਪੜੇ, ਦੱਖਣੀ, ਫੁੱਲ ਆਦਿ ਨੂੰ ਕੱਪੜਿਆਂ ਵਿੱਚ ਬੰਨ੍ਹ ਕੇ ਭਗਵਾਨ ਗਣੇਸ਼ ਦੀ ਮੂਰਤੀ ਦੇ ਕੋਲ ਰੱਖੋ।
. ਜੇਕਰ ਤੁਸੀਂ ਕਿਸੇ ਤਲਾਬ 'ਚ ਗਣੇਸ਼ ਜੀ ਨੂੰ ਵਿਸਰਜਨ ਕਰ ਰਹੇ ਹੋ ਤਾਂ ਪਹਿਲਾਂ ਕਪੂਰ ਨਾਲ ਆਰਤੀ ਜ਼ਰੂਰ ਕਰੋ।
. ਇਸ ਤੋਂ ਬਾਅਦ ਖੁਸ਼ੀ-ਖੁਸ਼ੀ ਗਣੇਸ਼ ਜੀ ਨੂੰ ਵਿਦਾਇਗੀ ਦਿਓ।
. ਗਣਪਤੀ ਜੀ ਨੂੰ ਵਿਦਾਇਗੀ ਦਿੰਦੇ ਸਮੇਂ ਅਗਲੇ ਸਾਲ ਆਉਣ ਦੀ ਮਨੋਕਾਮਨਾ ਵੀ ਕਰੋ।
. ਇੰਨੀ ਦਿਨੀਂ ਜੇਕਰ ਤੁਹਾਡੇ ਕੋਲ ਕੋਈ ਗ਼ਲਤੀ ਹੋ ਗਈ ਹੋਵੇ ਤਾਂ ਉਸ ਦੀ ਮੁਆਫ਼ੀ ਵੀ ਮੰਗੋ।
ਸਾਰਾ ਸਾਮਾਨ ਅਤੇ ਪੂਜਾ ਸਮੱਗਰੀ ਕਰੋ ਪ੍ਰਵਾਹ
ਗਣੇਸ਼ ਜੀ ਦੇ ਵਿਸਰਜਨ ਦੇ ਸਮੇਂ ਗਣੇਸ਼ ਜੀ ਦੇ ਸਾਰੇ ਕੱਪੜੇ ਅਤੇ ਪੂਜਾ ਦੀ ਸਮੱਗਰੀ ਨੂੰ ਵੀ ਪਾਣੀ ਵਿੱਚ ਪ੍ਰਵਾਹ ਕਰ ਦਿਓ। ਜੇਕਰ ਮੂਰਤੀ ਈਕੋ ਫ੍ਰੈਂਡਲੀ ਹੈ ਤਾਂ ਘਰ 'ਚ ਇਕ ਡੂੰਘਾ ਭਾਂਡਾ ਲਓ। ਉਸ 'ਚ ਪਾਣੀ ਭਰ ਕੇ ਗਣੇਸ਼ ਜੀ ਦਾ ਵਿਸਰਜਨ ਕਰ ਦਿਓ। ਜੇਕਰ ਮੂਰਤੀ ਪਾਣੀ ਵਿੱਚ ਘੁਲ ਜਾਵੇ ਤਾਂ ਪਾਣੀ ਗਮਲੇ 'ਚ ਪਾ ਦਿਓ। ਇਸ ਤੋਂ ਬਾਅਦ ਇਸ ਪੌਦੇ ਨੂੰ ਹਮੇਸ਼ਾ ਆਪਣੇ ਘਰ 'ਚ ਰੱਖੋ।