ਨਰਾਤੇ ਵਰਤ : ਰਾਤ ''ਚ ਇਕ ਵਾਰ ਭਾਰੀ ਭੋਜਨ ਖਾਣ ਨਾਲ ਪਾਚਨ ਤੇ ''ਮੇਟਾਬੋਲਿਜ਼ਮ'' ''ਤੇ ਪੈ ਸਕਦੈ ਅਸਰ

9/21/2025 2:54:38 PM

ਵੈੱਬ ਡੈਸਕ- ਨਰਾਤੇ 22 ਸਤੰਬਰ ਤੋਂ ਸ਼ੁਰੂ ਹੋ ਰਹੇ ਹਨ ਅਤੇ ਇਸ ਦੌਰਾਨ ਭਗਤ 9 ਦਿਨਾਂ ਤੱਕ ਮਾਂ ਦੁਰਗਾ ਦੀ ਉਪਾਸਨਾ ਕਰਦੇ ਹੋਏ ਵਰਤ ਰੱਖਦੇ ਹਨ। ਸਿਹਤ ਮਾਹਿਰਾਂ ਦੇ ਅਨੁਸਾਰ, ਵਰਤ ਦੌਰਾਨ ਰਾਤ ਨੂੰ ਇਕ ਵਾਰੀ ਭਾਰੀ ਭੋਜਨ ਕਰਨ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਹ ਪਾਚਨ ਤੰਤਰ ਅਤੇ ਮੈਟਾਬੋਲਿਜ਼ਮ ‘ਤੇ ਨਕਾਰਾਤਮਕ ਪ੍ਰਭਾਵ ਪਾ ਸਕਦਾ ਹੈ।

ਰੋਜ਼ਾਨਾ ਖਾਣ-ਪੀਣ ਦਾ ਸਹੀ ਤਰੀਕਾ

ਆਮ ਤੌਰ 'ਤੇ ਵਰਤ ਰੱਖਣ ਵਾਲੇ ਦਿਨ 'ਚ ਫਲ ਖਾਂਦੇ ਹਨ ਅਤੇ ਰਾਤ ਨੂੰ ਆਲੂ-ਸਾਬੂਦਾਨੇ ਦੀ ਖਿਚੜੀ, ਸਿੰਘਾੜੇ ਦੇ ਆਟੇ ਦਾ ਹਲਵਾ, ਲੌਕੀ, ਕੱਦੂ, ਦੁੱਧ, ਦਹੀਂ ਜਾਂ ਪਨੀਰ ਵਰਗੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ। ਹਾਲਾਂਕਿ ਸਿਹਤ ਮਾਹਿਰਾਂ ਅਨੁਸਾਰ, 9 ਦਿਨਾਂ ਤੱਕ ਖਾਣੇ ਦਾ ਇਹ ਪੈਟਰਨ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ। ਭੁੱਖੇ ਰਹਿਣ ਕਾਰਨ ਸਰੀਰ ਦੀ ਊਰਜਾ ਪੂਰੀ ਨਹੀਂ ਹੁੰਦੀ ਅਤੇ ਰਾਤ ਨੂੰ ਭਾਰੀ ਖਾਣਾ ਪਾਚਨ ਤੰਤਰ ‘ਤੇ ਦਬਾਅ ਪੈਦਾ ਕਰਦਾ ਹੈ। ਇਸ ਨਾਲ ਅਪਚ, ਐਸਿਡਿਟੀ ਅਤੇ ਪੇਟ ਭਾਰਪਨ ਵਰਗੀਆਂ ਸ਼ਿਕਾਇਤਾਂ ਹੋ ਸਕਦੀਆਂ ਹਨ।

ਮਾਹਿਰਾਂ ਦੀ ਸਲਾਹ

ਦਿੱਲੀ ਦੇ ਅਪੋਲੋ ਸਪੈਕਟਰਾ ਹਸਪਤਾਲ ਦੀ ਸੀਨੀਅਰ ਕਨਸਲਟੈਂਟ ਦਿਵਿਆ ਮਲਿਕ ਦੱਸਦੀ ਹੈ, “ਦਿਨ 'ਚ ਬਹੁਤ ਘੱਟ ਖਾਣਾ ਅਤੇ ਰਾਤ ਨੂੰ ਇਕ ਵਾਰੀ ਭਾਰੀ ਭੋਜਨ ਪਾਚਨ ਨੂੰ ਪ੍ਰਭਾਵਿਤ ਕਰਦਾ ਹੈ। ਮੈਟਾਬੋਲਿਜ਼ਮ ਵੀ ਹੋਲੀ ਹੋ ਜਾਂਦਾ ਹੈ, ਕਿਉਂਕਿ ਇਕ ਵਾਰੀ 'ਚ ਜ਼ਿਆਦਾ ਖਾਣ ਨਾਲ ਸਰੀਰ ਕੈਲੋਰੀ ਨੂੰ ਸਹੀ ਤਰੀਕੇ ਨਾਲ ਜਲਾਉਣ 'ਚ ਮੁਸ਼ਕਲ ਮਹਿਸੂਸ ਕਰਦਾ ਹੈ।” ਉਨ੍ਹਾਂ ਨੇ ਮਾਹਿਰਾਂ ਦੀ ਸਲਾਹ ਦਿੱਤੀ ਹੈ ਕਿ ਭੋਜਨ ਹਲਕਾ ਤੇ ਸੰਤੁਲਿਤ ਹੋਵੇ, ਪਾਣੀ ਵਧੀਕ ਪੀਣਾ ਚਾਹੀਦਾ ਹੈ ਅਤੇ ਪ੍ਰੋਟੀਨ, ਆਇਰਨ ਅਤੇ ਕੈਲਸ਼ੀਅਮ ਵਰਗੇ ਪੋਸ਼ਕ ਤੱਤ ਲੈਣੇ ਚਾਹੀਦੇ ਹਨ, ਤਾਂ ਜੋ ਵਰਤ ਦੌਰਾਨ ਸਰੀਰ ਦੀ ਊਰਜਾ ਬਣੀ ਰਹੇ

ਲੋਕਾਂ ਦਾ ਤਜ਼ਰਬਾ

ਦਿੱਲੀ ਦੇ ਪਟਪੜਗੰਜ ਵਾਸੀ, ਈ-ਰਿਕਸ਼ਾ ਚਲਾਉਣ ਵਾਲੀ ਫੂਲਵਤੀ ਨੇ ਕਿਹਾ,''9 ਦਿਨ 9 ਰਾਤ ਵਰਤ ਦੇ ਨਾਲ 100-100 ਵਾਰ ਮਾਤਾ ਰਾਣੀ ਦਾ ਨਾਂ ਜਪਦੀ ਹਾਂ... 9 ਦਿਨ ਮਾਤਾ ਇੰਨੀ ਸ਼ਕਤੀ ਦਿੰਦੀ ਹੈ ਕਿ ਮੈਂ ਪਾਣੀ ਵੀ ਨਾ ਪੀਵਾਂ ਤਾਂ ਵੀ ਮਸਤ ਰਿਕਸ਼ਾ ਚਲਾਵਾਂਗੀ। ਖੈਰ ਸ਼ਾਮ ਨੂੰ ਵਾਪਸ ਘਰ ਜਾ ਕੇ ਪੂਜਾ ਕਰਦੀ ਹਾਂ ਅਤੇ ਮਾਤਾ ਨੂੰ ਜੋ ਭੋਗ ਚੜ੍ਹਾਉਂਦੀ ਹਾਂ, ਉਹੀ ਖਾਂਦੀ ਹਾਂ।''  ਅਧਿਆਪਕਾ ਸੁਨੀਤਾ ਭਾਰਦਵਾਜ ਦੱਸਦੀ  ਹੈ ਕਿ ਦਿਨ 'ਚ ਸਿਰਫ ਫਲ ਖਾ ਕੇ, ਰਾਤ ਨੂੰ ਖਿਚੜੀ ਖਾ ਲੈਂਦੀ ਹਾਂ। ਅੰਜਲੀ ਤਿਵਾਰੀ ਕਹਿੰਦੀ ਹਨ ਕਿ ਰੁਝੀ ਜੀਵਨਸ਼ੈਲੀ ਕਾਰਨ ਵਰਤ ਦੌਰਾਨ ਭੋਜਨ ਦਾ ਧਿਆਨ ਰੱਖਣਾ ਔਖਾ ਹੁੰਦਾ ਹੈ, ਪਰ ਮਾਂ ਦੀ ਭਗਤੀ ਲਈ ਪੂਰੇ 9 ਦਿਨ ਵਰਤ ਕਰਦੀ ਹਾਂ।

ਮੁੱਖ ਗਲਤੀਆਂ ਜਿਹੜੀਆਂ ਲੋਕ ਕਰਦੇ ਹਨ

  • ਭੁੱਖੇ ਰਹਿ ਕੇ ਰਾਤ ਨੂੰ ਭਾਰੀ ਜਾਂ ਤਲੀਆਂ-ਭੁੰਨੀਆਂ ਚੀਜ਼ਾਂ ਖਾਣਾ।
  • ਪਿਆਸ ਲੱਗਣ 'ਤੇ ਪਾਣੀ ਘੱਟ ਪੀਣਾ।
  • ਸਹੀ ਮਾਤਰਾ 'ਚ ਪੋਸ਼ਣ ਨਾ ਲੈਣਾ, ਜਿਸ ਨਾਲ ਕਮਜ਼ੋਰੀ ਅਤੇ ਥਕਾਵਟ।
  • ਪੂਰੀ ਨੀਂਦ ਨਾ ਲੈਣਾ, ਜਿਸ ਨਾਲ ਮੈਟਾਬੋਲਿਜ਼ਮ ਤੇ ਇਮਿਊਨਿਟੀ ਪ੍ਰਭਾਵਿਤ ਹੁੰਦੀ ਹੈ।

ਸਿਹਤ ਮਾਹਿਰਾਂ ਦੀ ਸਲਾਹ ਹੈ ਕਿ ਵਰਤ ਦੌਰਾਨ ਹਲਕਾ ਤੇ ਸੰਤੁਲਿਤ ਭੋਜਨ ਲਓ, ਪਾਣੀ ਵੱਧ ਮਾਤਰਾ ਵਿਚ ਪੀਓ ਅਤੇ ਧਾਰਮਿਕ ਭਾਵਨਾ ਨਾਲ ਸਿਹਤ ਦਾ ਸੰਤੁਲਨ ਬਣਾਓ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor DIsha