ਸੰਪ੍ਰਦਾਇ ਨਾਨਕਸਰ ਕਲੇਰਾਂ ਦੀ ਤਸਵੀਰ ਦੇ ਗੁਰੂ ਨਾਨਕ ਜੀ

6/22/2019 11:17:46 AM

ਚਿੱਤਰਕਾਰੀ 'ਚ ਗੁਰੂ ਨਾਨਕ ਵਿਰਾਸਤ 8
ਸਿੱਖ ਪੰਥ ਦੇ ਪਹਿਲੇ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨੇਕ ਚਿੱਤਰ ਵੇਖਣ ਨੂੰ ਮਿਲਦੇ ਹਨ। ਹਰੇਕ ਚਿੱਤਰਕਾਰ ਨੇ ਆਪਣੀ ਸਿੱਖਿਆ, ਮਤ, ਬੁੱਧ ਅਨੁਸਾਰ ਗੁਰੂ ਜੀ ਦਾ ਰੂਪ ਚਿੱਤਰਣ ਕੀਤਾ ਹੈ।

ਇਹ ਦੁੱਖ ਦੀ ਗੱਲ ਹੈ ਕਿ ਚਿੱਤਰ ਰਚਨਾ ਦੇ ਖੇਤਰ ਵਿਚ ਕਲਾ ਦੀ ਉੱਚ ਸਿੱਖਿਆ ਪ੍ਰਾਪਤ ਕਲਾਕਾਰ ਨਹੀਂ ਮਿਲਦੇ। ਜੇ ਕੋਈ ਵਿਰਲਾ ਟਾਵਾਂ ਹੈ ਤਾਂ ਉਸ ਦੇ ਕੰਮ ਦੇ ਮਿਆਰ ਪ੍ਰਤੀ ਕਿੰਤੂ-ਪ੍ਰੰਤੂ ਹੁੰਦਾ ਰਹਿੰਦਾ ਹੈ।

ਵਿਸ਼ਾਲ ਸਿੱਖ ਸਮੂਹ ਦੀ ਆਸਥਾ ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੀ ਹੈ ਤਾਂ ਵੀ ਇਹ ਸਮੂਹ ਅੱਗੋਂ ਕਈ ਵਰਗਾਂ ਅਤੇ ਸੰਪ੍ਰਦਾਵਾਂ ਵਿਚ ਵੰਡਿਆ ਹੋਇਆ ਹੈ। ਇਹ ਸੰਪ੍ਰਦਾ ਆਪਣੀ ਤਰ੍ਹਾਂ ਦੇ ਨੇਮ ਬਣਾ ਉਨ੍ਹਾਂ ਦੀ ਪਾਲਣਾ ਕਰਨ ਲਈ ਆਪਣੇ ਪੈਰੋਕਾਰਾਂ ਨੂੰ ਕਹਿੰਦੇ ਹਨ।

ਇਨ੍ਹਾਂ ਵਿਚੋਂ ਹੀ ਇਕ ਸੰਪ੍ਰਦਾਇ 'ਕਲੇਰਾਂ ਵਾਲੇ' ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਬ੍ਰਹਮਗਿਆਨੀ ਨੰਦ ਸਿੰਘ ਦੇ ਬਾਅਦ ਸੰਤ ਈਸ਼ਰ ਸਿੰਘ ਨੇ ਇਸ ਸੰਪ੍ਰਦਾਇ ਨੂੰ ਵਿਸਥਾਰ ਦਿੱਤਾ। ਉਨ੍ਹਾਂ ਦੇ ਚਲਾਏ ਸੰਪ੍ਰਦਾਇ ਉਪਰੰਤ ਦੇਸ਼-ਵਿਦੇਸ਼ ਵਿਚ ਇਸ ਸੰਪ੍ਰਦਾਇ ਦੀਆਂ ਅਨੇਕ ਸ਼ਾਖਾਵਾਂ ਹੋਂਦ ਵਿਚ ਆ ਗਈਆਂ।

ਸੰਪ੍ਰਦਾਇ ਕਲੇਰਾਂ ਵਾਲੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਹਨ, ਉਸ ਨੂੰ ਠਾਠ ਕਹਿੰਦੇ ਹਨ। ਕਮਰੇ ਦੇ ਪਿਛਲੇ ਪਾਸੇ ਅਤੇ ਸੱਜੇ-ਖੱਬੇ ਗੁਰੂ ਨਾਨਕ ਦੇਵ ਜੀ ਦੇ ਵੱਡੇ-ਛੋਟੇ ਕਈ ਚਿੱਤਰ ਲੱਗੇ ਹੁੰਦੇ ਹਨ। ਫਰੇਮ ਦਾ ਅਕਾਰ ਭਿੰਨ ਹੋ ਸਕਦਾ ਹੈ ਪਰ ਚਿੱਤਰਿਤ ਰੂਪ, ਬੈਠਣ ਦਾ ਅੰਦਾਜ਼ ਇਕੋ ਜਿਹਾ ਰਹਿੰਦਾ ਹੈ। ਇਹ ਰੀਤ ਦਹਾਕਿਆਂ ਤੋਂ ਅਬਦਲ ਤੁਰੀ ਆ ਰਹੀ ਹੈ। ਗੁਰੂ ਜੀ ਦਾ ਅਕਸ ਸਾਕਾਰ ਕਿਵੇਂ ਹੋਇਆ, ਇਸ ਦੇ ਪਿਛੋਕੜ ਵਿਚ ਇਕ ਕਥਾ ਪ੍ਰਚੱਲਿਤ ਹੈ। ਬ੍ਰਹਮ ਗਿਆਨੀ ਬਾਬਾ ਨੰਦ ਸਿੰਘ ਨੂੰ ਇਕ ਸਿੱਖ ਸ਼ਰਧਾਲੂ ਨੇ ਕਿਹਾ ਕਿ ਮੈਨੂੰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਵਾਓ ਤਾਂ ਕਿ ਮੈਂ ਉਨ੍ਹਾਂ ਦਾ ਸਰੂਪ ਤਿਆਰ ਕਰ ਸਕਾਂ। ਇਹ ਬੇਨਤੀ ਅਨੇਕ ਵਾਰ ਕੀਤੀ ਗਈ। ਇਕ ਦਿਨ ਬਾਬਾ ਜੀ ਵੱਲੋਂ ਸਿੱਖ ਦਾ ਕਿਹਾ ਮੰਨ ਉਸ ਨੂੰ ਗੁਰੂ ਜੀ ਦੇ ਦਰਸ਼ਨ ਕਰਵਾਏ ਗਏ, ਜਿਸ ਨੇ ਆਪਣੇ ਹੁਨਰ ਅਨੁਰੂਪ ਗੁਰੂ ਜੀ ਦਾ ਰੂਪ ਕੈਨਵਸ ਉੱਪਰ ਉਤਾਰ ਦਿੱਤਾ। ਉਸ ਚਿਤੇਰੇ ਦਾ ਨਾਮ ਭਗਤ ਸਿੰਘ ਹੈ। ਪੇਂਟ ਕੀਤੇ ਗਏ ਸਰੂਪ ਦੇ ਐਨ ਸੱਜੇ ਥੱਲੇ ਵੱਲ ਚਿੱਤਰਕਾਰ ਦੇ ਅੰਗਰੇਜ਼ੀ ਵਿਚ ਹਸਤਾਖਰ ਮੌਜੂਦ ਹਨ।

ਉਸ ਇਕ ਚਿੱਤਰ ਤੋਂ ਬਾਅਦ ਕੁਝ ਹੋਰ ਚਿੱਤਰ ਹੋਂਦ ਵਿਚ ਆਏ। ਜਿਨ੍ਹਾਂ ਦਾ ਰਚੇਤਾ ਭਗਤ ਸਿੰਘ ਹੀ ਸੀ। ਸਮਾਂ ਬੀਤਣ ਦੇ ਨਾਲ ਮੰਗ ਵਧਣ ਦੇ ਕਾਰਨ ਉਤਾਰਕਾਰਾਂ ਦੀ ਗਿਣਤੀ ਵਿਚ ਵੀ ਇਜ਼ਾਫਾ ਹੋਇਆ। ਇਸ ਤਰ੍ਹਾਂ ਉਤਾਰਿਆਂ ਦੇ ਉਤਾਰੇ ਹੋਣ ਲੱਗੇ।

ਮੂਲ ਚਿੱਤਰ ਅਨੁਸਾਰ ਗੁਰੂ ਜੀ ਪਦਮ ਆਸਣ ਲਾਈ ਬੈਠੇ ਹਨ। ਪਿਛੋਕੜ ਵਿਚ ਕੁਦਰਤ ਦੀਆਂ ਵੱਖ-ਵੱਖ ਇਕਾਈਆਂ ਹਨ, ਜਿਨ੍ਹਾਂ ਨਾਲ ਸੁੰਦਰਤਾ ਵਿਚ ਇਜ਼ਾਫੇ ਦੇ ਇਲਾਵਾ ਇਸ ਨੂੰ ਡੂੰਘਾਈ ਮਿਲਦੀ ਹੈ।

ਅਜਿਹੇ ਬਣੇ ਚਿੱਤਰ ਆਮ ਤੌਰ 'ਤੇ ਵੱਡੇ ਹੁੰਦੇ ਹਨ। ਗੁਰੂ ਜੀ ਦੇ ਸੀਸ ਉੱਪਰ ਸਫੈਦ ਦਸਤਾਰ ਸੋਭ ਰਹੀ ਹੈ। ਤਨ 'ਤੇ ਪੀਲੇ ਰੰਗ ਦਾ ਚੋਣਦਾਰ ਚੋਲਾ ਹੈ। ਮੋਢਿਆਂ ਉੱਪਰ ਲਈ ਗੂੜ੍ਹੇ ਜਾਂ ਹਲਕੇ ਮਟਿਆਲੇ ਰੰਗ ਦੀ ਚਾਦਰ ਉੱਤੇ ਕੋਈ ਨਮੂਨਾ ਜਾਂ ਵੇਲ ਬੂਟੀ ਨਹੀਂ ਹੈ। ਸੱਜੇ ਹੱਥ ਸਿਮਰਨਾ ਹੈ ਜਦੋਂਕਿ ਖੱਬਾ ਹੱਥ ਚਾਦਰ ਵਿਚ ਲੁਕਿਆ ਹੋਇਆ ਹੈ। ਸੱਜੇ ਵੱਲ ਹੀ ਫਅ ਪਏ ਹੋਏ ਹਨ। ਇਹ ਫਲ ਕਿਸ ਵੱਲੋਂ ਦਿੱਤੇ ਗਏ, ਪਤਾ ਨਹੀਂ ਕਿਉਂਕਿ ਨੇੜੇ-ਤੇੜੇ ਕੋਈ ਸਿੱਖ ਸੇਵਕ ਨਹੀਂ। ਕੀ ਇਹ ਸਿਰਫ ਸਜਾਵਟ ਹਿਤ ਹਨ? ਚਿਹਰਾ ਗੋਲ ਨਹੀਂ। ਅੱਖਾਂ ਚਿਹਰੇ ਅਨੁਰੂਪ ਹੋਣ ਦੇ ਨਾਲ-ਨਾਲ ਜਿਵੇਂ ਸਿੱਧਾ ਦਰਸ਼ਕ ਨੂੰ ਦੇਖ ਰਹੀਆਂ ਹਨ। ਸਿੱਧੀ ਦਿੱਖ ਵੇਖਣ ਵਾਲੇ ਨੂੰ ਆਪਣੇ ਤੋਂ ਇੱਧਰ-ਓਧਰ ਨਹੀਂ ਹੋਣ ਦਿੰਦੀ। ਇਹੋ ਇਸ ਰਚਨਾ ਦੀ ਸਮਰੱਥਾ ਹੈ।

ਚਿਹਰੇ ਉੱਪਰ ਨਾ ਮੁਸਕਰਾਹਟ ਹੈ ਨਾ ਹੀ ਕਿਸੇ ਸੁੱਖ-ਦੁੱਖ ਦਾ ਭਾਵ। ਅੱਖਾਂ ਵਾਂਗ ਚਿਹਰਾ ਸ਼ਾਂਤ-ਸਥਿਰ ਹੈ। ਧੁੱਪ-ਛਾਂ ਜਾਂ ਚਿਹਰੇ ਦੀ ਹੋਰ ਵਿਸਥਾਰਪੂਰਵਕ ਜਾਣਕਾਰੀ ਨਾ ਹੋਣ ਸਦਕਾ ਵੀ ਇਹ ਸ਼ਾਂਤ ਲੱਗਦਾ ਹੈ ਭਾਵੇਂ ਕਿ ਗੁਰੂ ਜੀ ਦਾ ਇਹ ਅਕਸ ਉਨ੍ਹਾਂ ਨੂੰ ਵੱਡੀ ਉਮਰ ਦਾ ਦਰਸਾਉਂਦਾ ਹੈ।

ਦਰਮਿਆਨੀ ਲੰਮੀ ਦਾੜ੍ਹੀ ਚਿਹਰੇ ਨੂੰ ਗੰਭੀਰਤਾ ਦੇ ਰਹੀ ਹੈ। ਸਰੀਰ ਅੰਦਰ ਕੋਈ ਹੋਰ ਹਰਕਤ ਨਹੀਂ। ਬਿਲਕੁਲ ਸਿੱਧੇ ਬੈਠੇ ਉਹ ਆਪਣੇ ਇਸ਼ਟ ਨੂੰ ਧਿਆ ਰਹੇ ਹਨ। ਚਿੱਤਰਕਾਰ ਗੁਰੂ ਜੀ ਦਾ ਸੱਜਾ ਪੈਰ ਇਸ ਤਰ੍ਹਾਂ ਟਿਕਾਉਂਦਾ ਹੈ ਕਿ ਉਨ੍ਹਾਂ ਦੇ ਪੈਰ ਦਾ ਪਦਮ ਦਰਸ਼ਕ ਨੂੰ ਦਿਖਦਾ ਹੈ।

ਮੰਨਿਆ ਜਾਂਦਾ ਹੈ ਕਿ ਪੈਰ ਵਿਚ ਪਦਮ ਹੋਣਾ ਵਿਅਕਤੀ ਦੀ ਵਿਲੱਖਣਤਾ ਨੂੰ ਉਜਾਗਰ ਕਰਦਾ ਹੈ। ਇਹ ਕਿਸੇ ਵਿਰਲੇ ਦਾ ਹੁੰਦਾ ਹੈ। ਜਾਣਕਾਰ ਇਹੋ ਕਹਿੰਦੇ ਹਨ। ਪਦਮ-ਵਰਨ ਕਰਨ ਵਾਲਾ ਪ੍ਰਕਰਮੀ ਰਾਜਾ, ਯੋਧਾ ਜਾਂ ਧੰਨਵਾਨ ਹੋ ਸਕਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਾਕਰਮੀ ਯਾਤਰੀ ਅਤੇ ਨਾਨਕ-ਪੰਥ ਦੀ ਨੀਂਹ ਰੱਖਣ ਵਾਲੇ ਸਨ। ਸਭ ਤੋਂ ਵੱਧ ਉਹ ਪਾਰਬ੍ਰਹਮ ਦਾ ਹੀ ਰੂਪ ਸਨ, ਜਿਸ ਦੇ ਚੱਲਦਿਆਂ ਉਨ੍ਹਾਂ ਨੇ ਜਗਤ ਨੂੰ ਉਭਾਰਨਾ ਸੀ।

ਅਸੀਂ ਗੁਰੂ ਜੀ ਦੇ ਬਣੇ ਦੂਸਰੇ ਚਿੱਤਰਾਂ ਨੂੰ ਚਿਤਾਰਦੇ ਹਾਂ ਤਾਂ ਕਿਸੇ ਨੇ ਵੀ ਉਨ੍ਹਾਂ ਦੇ ਪੈਰ ਵਿਚ ਪਦਮ ਦੀ ਹੋਂਦ ਨੂੰ ਦਰਸਾਇਆ ਗਿਆ ਨਹੀਂ ਹੁੰਦਾ ਹੈ। ਇਸ ਪੱਖੋਂ ਇਹ ਵਿਲੱਖਣ ਰਚਨਾ ਹੈ।

ਇਨ੍ਹਾਂ ਦੇ ਸੀਸ ਪਿੱਛੇ ਕਿਰਨਾਂ ਦਾ ਫੈਲਾਅ ਹੈ, ਜੋ ਗੁਰੂ ਜੀ ਨੂੰ ਪਾਰਲੌਕਿਕਤਾ ਨਾਲ ਜੋੜਦਾ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਜਿੱਥੇ ਬੈਠੇ ਹਨ, ਉਹ ਥਾਂ ਖਾਸ ਤੌਰ 'ਤੇ ਸਜਾਈ ਹੋਈ ਨਹੀਂ ਹੈ। ਨਾ ਕੋਈ ਗਲੀਚਾ ਹੈ, ਨਾ ਹੀ ਕੋਈ ਨਮੂਨੇਦਾਰ ਫਰਸ਼।

ਸਿਰਜਿਤ ਰਚਨਾ ਦੀ ਪਿੱਠਭੂਮੀ ਮਨਮੋਹਕ ਅਤੇ ਅਨੰਦਯੋਗ ਹੈ। ਕੁਦਰਤ ਦੇ ਜੁਜ ਬਿਨਾਂ ਇਕ-ਦੂਜੇ ਵਿਚ ਉਲਝਿਆਂ ਦਿਸ ਆਉਂਦੇ ਹਨ। ਚਿੱਤਰਕਾਰ ਭਗਤ ਸਿੰਘ ਨੇ ਸੰਘਣੇ ਜੰਗਲ ਨੂੰ ਨਹੀਂ ਬਿਆਨਿਆ। ਬਹੁਤ ਦੂਰੋਂ ਹੌਲੀ-ਹੌਲੀ ਕਰੀਬ ਹੁੰਦੇ ਉੱਚੇ-ਨੀਵੇਂ ਪਹਾੜਾਂ ਦੇ ਵਿਚ-ਵਿਚਾਲੇ ਭਿੰਨ-ਭਿੰਨ ਤਰ੍ਹਾਂ ਦੇ ਰੁੱਖ ਹਨ। ਉੱਪਰਲੇ ਸੱਜੇ ਵੱਲ ਦੇ ਪਹਾੜਾਂ ਦੀਆਂ ਨਿਵਾਣਾਂ ਵਿਚ ਫੈਲਦਾ ਪਾਣੀ ਦਿਖਾਈ ਦਿੰਦਾ ਹੈ। ਇਹ ਥਾਂ ਨੂੰ ਪਵਿੱਤਰਤਾ ਸੰਗੀਤਾਤਮਕਤਾ ਲੈਅ ਨਾਲ ਜੋੜਦਾ ਹੈ। ਸ੍ਰੀ ਗੁਰੂ ਨਾਨਕ ਦੇਵ ਪੈਗੰਬਰ ਹਨ, ਉਨ੍ਹਾਂ ਦੇ ਬੋਲਾਂ ਵਿਚ ਨਿਮਰਤਾ, ਸੰਗੀਤ ਲੈਅ ਹੈ। ਪ੍ਰਕਿਰਤੀ ਅਤੇ ਅਦੁੱਤੀ ਵਿਅਕਤੀ ਸ਼ਾਂਤ ਚਿੱਤ ਹਨ।

ਚੌਂਕੜਾ ਲਾਈ ਬੈਠੇ ਗੁਰੂ ਸਾਹਿਬ ਵੱਲ ਜਦੋਂ ਦਰਸ਼ਕ ਦੇਖਦਾ ਹੈ ਤਾਂ ਉਨ੍ਹਾਂ ਦੀ ਸਧਾਰਣ ਪ੍ਰਤੀਤ ਹੁੰਦੀ ਦਿੱਖ ਉਸ ਨੂੰ ਇਧਰ-ਓਧਰ ਭਟਕਣ ਤੋਂ ਰੋਕਣ ਲੱਗਦੀ ਹੈ। ਦੂਰ ਪਹਾੜਾਂ ਦੇ ਪਿੱਛੋਂ ਝਾਕਦੇ ਅਸਮਾਨ ਵਿਚ ਹਲਕੀਆਂ ਬਦਲੋਟੀਆਂ ਵਿਚੋਂ ਛਣ ਕੇ ਖਿਲਰਦੀ ਲਾਲਿਮਾ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰੂਪ ਬਾਬਤ, ਬਾਬਾ ਨੰਦ ਸਿੰਘ ਅਤੇ ਭਗਤ ਸਿੰਘ ਵਿਚਾਲੇ ਸੰਵਾਦ, ਸੰਨ 1935 ਨੂੰ ਹੋਇਆ ਸੀ ਅਤੇ ਇਹ ਚਿੱਤਰ ਵੀ ਉਸੇ ਸਾਲ ਕੀਤਾ ਗਿਆ ਸੀ। ਬਾਬਾ ਨੰਦ ਸਿੰਘ 1942 ਨੂੰ ਚੜ੍ਹਾਈ ਕਰ ਜਾਂਦੇ ਹਨ। ਇਸ ਤਰ੍ਹਾਂ ਇਹ ਤਸਵੀਰ ਅੱਜ ਦੇ ਤਤਕਾਲੀ ਸਮੇਂ ਤੋਂ ਖਾਸੀ ਭਿੰਨ ਹੈ।

ਗੁਰੂ ਜੀ ਦੇ ਨਾਲ ਉਨ੍ਹਾਂ ਦੇ ਸਿੱਖ ਭਾਈ ਮਰਦਾਨਾ, ਭਾਈ ਬਾਲਾ ਨਹੀਂ ਹਨ। ਤਸਵੀਰ ਵਿਚ ਕਿਸੇ ਵੀ ਤਰ੍ਹਾਂ ਦੀ ਨਾਟਕੀ ਛੋਹ ਨਹੀਂ। ਲਗਭਗ ਬੰਦ, ਅੱਧ-ਖੁੱਲ੍ਹੀਆਂ ਜਾਂ ਮਖਮੂਰ ਅੱਖਾਂ ਵਾਲੀਆਂ ਪ੍ਰਚਲਿਤ ਗੁਰੂ ਜੀ ਦੀਆਂ ਤਸਵੀਰਾਂ ਤੋਂ ਇਹ ਹਟਵੀਂ ਹੈ।

ਜਿੱਥੋਂ ਤੱਕ ਗਿਆਨ ਹੋ ਸਕਿਆ ਹੈ ਭਗਤ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਤੋਂ ਇਲਾਵਾ ਹੋਰ ਕਿਸੇ ਦੀ ਤਸਵੀਰ ਨਹੀਂ ਬਣਾਈ। ਚਿੱਤਰਕਾਰ ਨੇ ਗੁਰੂ ਸਾਹਿਬ ਦੀ ਤਸਵੀਰ ਦੇ ਕਈ ਉਤਾਰੇ ਤਿਆਰ ਕੀਤੇ ਹਨ। ਲੇਖਕ ਨੂੰ ਮਹਿਸੂਸ ਹੁੰਦਾ ਹੈ ਜੋ ਸਰੂਪ ਪਹਿਲੀ ਵਾਰ ਪੇਂਟ ਕੀਤਾ, ਉਹ ਬਾਅਦ ਵਿਚ ਬਣਾਈਆਂ ਤਸਵੀਰਾਂ ਤੋਂ ਭਿੰਨ ਹੋਣ ਦੇ ਇਲਾਵਾ ਜ਼ਿਆਦਾ ਖਿੱਚ ਰੱਖਦਾ ਹੈ। ਇਸ ਦਾ ਕਾਰਣ ਹੈ ਕਿ ਸੱਠ-ਪੈਂਹਠ ਸਾਲ ਪਹਿਲਾਂ ਦਾ ਸਾਂਭਿਆ ਪਿਆ 'ਬਲੈਕ ਐਂਡ ਵ੍ਹਾਈਟ' ਫੋਟੋਗ੍ਰਾਫ ਹੈ। ਉਹੀ ਫੋਟੋਗ੍ਰਾਫ ਇਸ ਲੇਖ ਨਾਲ ਛਪਣ ਲਈ ਦਿੱਤਾ ਜਾ ਰਿਹਾ ਹੈ ਜਿਸਦਾ ਅਕਾਰ ਤਿੰਨ ਇੰਚ ਗੁਣਾ ਦੋ ਇੰਚ ਹੈ।

ਮਹਿਸੂਸ ਹੁੰਦਾ ਹੈ ਕਿਸੇ ਵੇਲੇ ਆਪਣੀ ਪਲੇਠੀ ਦੀ ਰਚਨਾ ਵਿਚ ਰਚੇਤਾ ਜੋ ਭਾਵ ਪੈਦਾ ਕਰ ਲੈਂਦਾ ਹੈ, ਬਾਅਦ ਵਿਚ ਉਹੋ ਜਿਹੀ ਛੋਹ ਗੁਆ ਲੈਂਦਾ ਹੈ।

-ਜਗਤਾਰਜੀਤ ਸਿੰਘ
9899091186