ਸਿਆਣਿਆਂ ਦਾ ਨਾਨਕ

7/30/2019 9:38:17 AM

ਗੁਰੂ ਨਾਨਕ ਦੇਵ ਜੀ ਤ੍ਰੈਕਾਲ ਦਰਸ਼ੀ ਵੀ ਹਨ ਅਤੇ ਤ੍ਰੈਕਾਲ ਵਿਆਪਕ ਵੀ ਹਨ। ਇਸ ਦਾ ਅਰਥ ਇਹ ਹੋਇਆ ਕਿ ਉਨ੍ਹਾਂ ਨੂੰ ਸਾਰਿਆਂ ਸਮਿਆਂ ਦੀ ਸੋਝੀ ਸੀ ਅਤੇ ਉਨ੍ਹਾਂ ਦੀ ਬਾਣੀ ਰਾਹੀਂ ਇਹ ਸੋਝੀ ਸਾਰੇ ਸਮਿਆਂ ਵਿਚ ਕੰਮ ਆਉਣ ਵਾਲੀ ਹੈ। ਇਸੇ ਕਰ ਕੇ ਉਨ੍ਹਾਂ ਦੀ ਜਿੰਨੀ ਲੋੜ ਉਨ੍ਹਾਂ ਦੇ ਸਮਕਾਲੀਆਂ ਨੂੰ ਸੀ, ਓਨੀਂ ਹੀ ਲੋੜ ਅੱਜ ਵੀ ਹੈ ਅਤੇ ਅੱਗੋਂ ਵੀ ਰਹਿਣੀ ਹੈ। ਕੱਲ ਤੇ ਭਲਕੇ ਨਾਲੋਂ ਅੱਜ ਨੂੰ ਪਹਿਲ ਦੇਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਸਨ। ਉਨ੍ਹਾਂ ਨੇ ਸਮਝ ਲਿਆ ਸੀ ਕਿ ਧਰਮ ਜੇ ਭੂਤ ਅਤੇ ਭਵਿੱਖ ਨਾਲ ਜੁੜਿਆ ਰਹੇਗਾ ਤਾਂ ਬੰਦੇ ਦਾ ਮੌਜੂਦਾ ਅਣਗੌਲਿਆ ਰਹਿ ਜਾਏਗਾ। ਇਹ ਗੱਲ ਸਾਰਿਆਂ ਨੂੰ ਚੰਗੀ ਲੱਗੀ ਸੀ ਅਤੇ ਿੲਸੇ ਕਰ ਕੇ ਉਹ ‘ਜਗਤ ਗੁਰ ਬਾਬਾ’ ਹੋ ਗਏ ਸਨ। ਇਹ ਗੱਲ ਠੀਕ ਹੈ ਕਿ ਧਰਮ ਨੂੰ ਸਮੇਂ ਅਤੇ ਸਥਾਨ ਦੇ ਬੰਧਨਾਂ ਤੋਂ ਮੁਕਤ ਹੋ ਕੇ ਚੱਲਣਾ ਚਾਹੀਦਾ ਹੈ ਪਰ ਜਿਹੜੇ ਧਰਮਾਂ ਨੇ ਇਸ ਦਾ ਅਰਥ ਵਰਤਮਾਨ ਤੋਂ ਭਗੌੜੇ ਹੋਣਾ ਮੰਨ ਲਿਆ ਸੀ, ਉਨ੍ਹਾਂ ਦਾ ਧਾਰਮਿਕ ਬਦਲ ਸਿੱਖ ਧਰਮ ਵਜੋਂ ਸਾਹਮਣੇ ਲਿਆਂਦਾ ਗਿਆ ਸੀ। ਇਸ ਤਰ੍ਹਾਂ ਭਗੌੜੇ ਹੋ ਸਕਣ ਦੀ ਥਾਂ ਦਰਪੇਸ਼ ਦੁਸ਼ਵਾਰੀਆਂ ਨਾਲ ਸੰਘਰਸ਼ ਕਰਨ ਨੂੰ ਸਿੱਖੀ ਦਾ ਮੂਲ ਮੰਨ ਲਿਆ ਗਿਆ ਸੀ। ਇਸੇ ਨੂੰ ਚੜ੍ਹਦੀ ਕਲਾ ਦੀ ਭਾਵਨਾ ਦੇ ਤੌਰ ’ਤੇ ਆਮ ਬੰਦੇ ਦੀ ਮਾਨਸਿਕਤਾ ਵਿਚ ਉਤਾਰਿਆ ਗਿਆ ਸੀ। ਅਧਿਆਤਮ, ਅਕਾਲਕ ਵਰਤਾਰੇ ਵਜੋਂ ਧਰਮ ਦਾ ਮੂਲ ਤਾਂ ਹੈ ਪਰ ਸਿੱਖ-ਧਰਮ ਆਪਣੇ ਪ੍ਰਗਟਾਵੇ ਵਿਚ ਸਦਾ ਕਾਲਿਕ ਪ੍ਰਗਟਾਵਾ ਹੀ ਸੀ ਅਤੇ ਰਹਿਣਾ ਵੀ ਹੈ। ਬੰਦੇ ਦੀ ਚੇਤਨਾ ਦਾ ਕਰਮਸ਼ੀਲ ਹੋਣਾ ਹੀ ਸਿੱਖੀ ਪਰਵਾਨ ਕੀਤਾ ਗਿਆ ਸੀ। ਇਸ ਨਾਲ ਧਰਮ ਕਪੋਲ ਕਲਪਨਾ ਵਿਚੋਂ ਨਿਕਲ ਕੇ ਆਮ ਬੰਦੇ ਦੇ ਅਮਲ ਵਿਚ ਆਉਣ ਲੱਗ ਪਿਆ ਸੀ ਅਤੇ ਇਸੇ ਦੀ ਨਿਰੰਤਰਤਾ ਵਿਚ ਬਾਕੀ ਗੁਰੂ ਸਾਹਿਬਾਨ ਵੱਲੋਂ ਲੋੜੀਂਦੇ ਯਤਨ ਹੁੰਦੇ ਰਹੇ ਸਨ। ਇਕ ਪਾਸੇ ਇਤਿਹਾਸਕ ਵਿਚ ਨਾਨਕ ਨੂੰ ਸਮਝਣ ਵਾਸਤੇ ਜਨਮ ਸਾਖੀਆਂ ਅਤੇ ਸਿੱਖ ਇਤਿਹਾਸ ਬਾਰੇ ਲਿਖੀਆਂ ਹੋਈਆਂ ਪੁਸਤਕਾਂ ਪ੍ਰਾਪਤ ਹਨ। ਦੂਜੇ ਪਾਸੇ ਨਾਨਕ-ਚਿੰਤਨ ਦਾ ਅਕਾਦਮਿਕ ਪ੍ਰਸੰਗ ਭਾਈ ਗੁਰਦਾਸ ਨਾਲ ਸ਼ੁਰੂ ਹੋਇਆ ਸੀ ਅਤੇ ਇਸੇ ਦੇ ਸਮਰਥਨ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਅੰਦਰਲੀਆਂ ਗਵਾਹੀਆਂ ਨੂੰ ਵਰਤਿਆ ਜਾ ਸਕਦਾ ਹੈ। ਭਾਈ ਗੁਰਦਾਸ ਨੇ ਗੁਰੂ ਨਾਨਕ ਦੇਵ ਜੀ ਨੂੰ ‘ਜਗ ਮਹਿ ਪਠਾਇਆ’ ਕਹਿ ਕੇ ਵੀ ਅਵਤਾਰ ਦੇ ਪੂਰਬੀ ਸੰਕਲਪ ਅਤੇ ਪੈਗੰਬਰ ਦੇ ਪੱਛਮੀ/ਸਾਮੀ ਸੰਕਲਪ ਦੀ ਨਿਰੰਤਰਤਾ ਵਿਚ ਨਹੀਂ ਮੰਨਿਆ ਕਿਉਂਕਿ ਨਾਨਕ-ਮਿਸ਼ਨ ਨੂੰ ‘ਚੜ੍ਹਿਆ ਸੋਧਣ ਧਰਤ ਲੋਕਾਈ’ ਕਿਹਾ ਹੋਇਆ ਹੈ। ਇਹੀ ਵਰਤਮਾਨ ਗਲੋਬਲੀ ਸਰੋਕਾਰਾਂ ਵਿਚ ਬਹੁ-ਸਭਿਆਚਾਰਕ ਵਰਤਾਰਿਆਂ ਵਾਸਤੇ ਲੋੜੀਂਦੀ ਸਿਧਾਂਤਕੀ ਵਾਂਗ ਸਾਹਮਣੇ ਆਈ ਸਿੱਖ-ਸਿਧਾਂਤਕੀ ਹੈ। ਇਸੇ ਦਾ ਜੋ ਪ੍ਰਸੰਗ ਭੱਟ ਕਵੀਆਂ ਨੇ ਉਸਾਰਿਆ ਹੈ, ਉਸ ਨਾਲ ਗੁਰਮਤਿ ਦਾ ਮੋਢੀ ਗੁਰੂ ਨਾਨਕ, ਇਕ ਪਾਸੇ ਪੂਰਬੀ-ਚਿੰਤਨ ਦਾ ਰਖਵਾਲਾ (ਕਸਟੋਡੀਅਨ) ਹੋ ਗਿਆ ਹੈ ਅਤੇ ਦੂਜੇ ਤੇ ਹੋਰ ਵੀ ਜ਼ਰੂਰੀ ਪਾਸੇ ਪੂਰਬੀ ਚਿੰਤਨ ਨੂੰ ਬੰਦੇ ਦੇ ਅਮਲਾਂ ਦੁਆਰਾ ਪ੍ਰਗਟਾਉਣ ਦਾ ਵੀ ਮੋਢੀ ਹੋ ਗਿਆ ਹੈ। ਗੁਰੂ ਨਾਨਕ ਦੇਵ ਜੀ ਦੀ ਇਸ ਸੱਜਰੀ ਅਤੇ ਵਿਲੱਖਣ ਪਹੁੰਚ ਨੂੰ ਸਿੱਖ-ਧਰਮ ਦਾ ਨਾਮ ਮਿਲ ਜਾਣ ਦੇ ਬਾਵਜੂਦ, ਇਸ ਦੀ ਸਿਧਾਂਤਕ ਪਛਾਣ, ਪ੍ਰਗਟਾਵਾ ਸੰਭਾਵਨਾਵਾਂ ਅਤੇ ਪੈਰਵਾਈ ਦੀਆਂ ਲੋੜਾਂ ਵੱਲ ਧਿਆਨ ਅਜੇ ਜਾਣਾ ਹੈ। ਜਿੰਨਾ ਚਿਰ ਇਸ ਪਾਸੇ ਨਹੀਂ ਤੁਰਦੇ, ਓਨਾ ਚਿਰ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰੀ ਦਾਅਵਿਆਂ ਦੇ ਸ਼ਿਕੰਜਿਆਂ ਵਿਚ ਹੀ ਰਹਿਣਾ ਪੈਣਾ ਹੈ। ਨਾਨਕ-ਸਿਧਾਂਤਕੀ ਦਾ ਮੁਕਤੀ-ਮਾਡਲ, ਜਿਸ ਤਰ੍ਹਾਂ ਇੱਛਤ ਸ਼ਿਕੰਜਿਆਂ ਦਾ ਸ਼ਿਕਾਰ ਹੋ ਰਿਹਾ, ਉਸ ਨਾਲ ਗੁਰੂ ਨਾਨਕ ਦੇਵ ਜੀ ਦਾ ‘ਜਗਤ ਗੁਰ ਬਾਬੇ’ ਵਾਲਾ ਸਾਰਿਆਂ ਨੂੰ ਲੋੜੀਂਦਾ ਬਿੰਬ ਸਾਹਮਣੇ ਨਹੀਂ ਆ ਰਿਹਾ। ਇਸ ਨਾਲ ਸਾਰੀ ਦੁਨੀਆ ਨੂੰ ਲੋੜੀਂਦਾ ਉਹ ਰਾਹ ਰੁਕਿਆ ਹੋਇਆ ਹੈ, ਜਿਸ ਨਾਲ ਨਾਨਕ-ਚਿੰਤਨ ਨੂੰ ਪੂਰਬੀ ਅਤੇ ਪੱਛਮੀ ਚਿੰਤਨ ਦੇ ਸੰਜੋਗੀ ਮੇਲ (ਸਿੰਥੇਸਿਜ਼) ਦੇ ਅਤਿ ਲੋੜੀਂਦੇ ਨਾਨਕ-ਸਿਧਾਂਤ ਦੀ ਸਥਾਪਤੀ ਦੀ ਸਿਧਾਂਤਕੀ ਵਜੋਂ ਸਾਹਮਣੇ ਲਿਆਂਦਾ ਜਾ ਸਕਦਾ ਹੈ। ਨਾਨਕ-ਸਿਧਾਂਤਕੀ ਦੀ ਚੂਲ ਸ਼ਬਦ-ਗੁਰੂ ਦਾ ਮਾਡਲ ਹੈ ਅਤੇ ਇਸ ਵਿਚੋਂ ਦੇਹੀ ਸਰੋਕਾਰ ਮਨਫੀ ਹਨ। ਧਰਮ ਨੂੰ ਜੋ ਨੁਕਸਾਨ ਦੇਹਧਾਰੀ ਦਖਲ ਨਾਲ ਹੋ ਰਿਹਾ ਸੀ, ਉਸ ਤੋਂ ਮੁਕਤੀ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ। ਧਰਮ ਵਿਚ ਸਿਆਸਤ ਦਾ ਦਖਲ ਸਦਾ ਹੀ ਦੇਹਧਾਰੀ ਕਾਰਨਾਂ ਕਰ ਕੇ ਸੰਭਵ ਰਹਿੰਦਾ ਹੈ ਕਿਉਂਕਿ ਸਿਆਸਤ ਭਾਵੇਂ ਅਧਿਆਤਮਿਕਤਾ ਦੀ ਹੋਵੇ, ਸਿਧਾਂਤਕੀ ਦੀ ਹੋਵੇ ਅਤੇ ਭਾਵੇਂ ਲਾਹੇ ਟੋਟਿਆਂ ਦੀ ਹੋਵੇ, ਇਸ ਦੀ ਚੂਲਕ ਲੋੜ, ਦੇਹੀ ਸਰੋਕਾਰ ਹੀ ਰਹਿੰਦੇ ਹਨ। ਇਨ੍ਹਾਂ ਨਾਲ ਪੈਦਾ ਹੋਣ ਵਾਲੇ ਉਲਾਰ ਤੋਂ ਮੁਕਤੀ ਦੇ ਮਾਡਲ ਨੂੰ ਹੀ ਸ਼ਬਦ-ਗੁਰੂ ਦਾ ਮਾਡਲ ਕਿਹਾ ਜਾ ਰਿਹਾ ਹੈ। ਇਸ ਦੇ ਮੋਢੀ ਧਰਮ ਦੀ ਦੁਨੀਆ ਵਿਚ ਗੁਰੂ ਨਾਨਕ ਦੇਵ ਜੀ ਹੀ ਹਨ।

ਨਾਨਕ-ਚਿੰਤਨ ਦੀ ਧੁਰੋਹਰ ਸ੍ਰੀ ਗੁਰੂ ਗ੍ਰੰਥ ਸਾਹਿਬ, ਬੰਦੇ ਦੀ ਸਮਝ ਨਾਲ ਜੁੜੀਆਂ ਹੋਈਆਂ ਸੱਚਾਈਆਂ ਦੁਆਲੇ ਉਸਰਿਆ ਹੋਇਆ ਕੇਵਲ ਤੇ ਕੇਵਲ ਟੂਕ-ਸੰਗ੍ਰਹਿ ਨਹੀਂ ਹੈ। ਇਸ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰਤੀ ਗਈ ਸ਼ਬਦਾਵਲੀ ਨੂੰ ਲੈ ਕੇ ਗੱਲ ਕਰਨ ਲੱਗਿਆਂ ਸ਼ਬਦਾਵਲੀ ਦੀ ਪ੍ਰਸੰਗਕ ਵਰਤੋਂ ਨੂੰ ਅੱਖੋਂ-ਪਰੋਖੇ ਨਹੀਂ ਹੋਣ ਦੇਣਾ ਚਾਹੀਦਾ। ਨਾਨਕ-ਚਿੰਤਨ ਦਾ ਸੰਬੋਧਨੀ ਵਰਗ ਆਮ ਬੰਦਾ ਹੈ ਅਤੇ ਉਸ ਦੀ ਮਾਨਸਿਕਤਾ ਵਿਚ ਵਸੀ ਹੋਈ ਸ਼ਬਦਾਵਲੀ ਨੂੰ ਸੂਖਮ ਪ੍ਰਗਟਾਵਿਆ ਵਾਸਤੇ ਆਮ ਵਰਤਿਆ ਹੋਇਆ ਹੈ। ਸ਼ਬਦ ‘ਰਾਮ’ ਵੱਖ–ਵੱਖ ਪ੍ਰਸੰਗਾਂ ਵਿਚ ਵੱਖ-ਵੱਖ ਅਰਥਾਂ ਵਿਚ ਵਰਤਿਆ ਹੋਇਆ ਪ੍ਰਾਪਤ ਹੈ। ਵਰਤੀ ਜਾ ਰਹੀ ਸ਼ਬਦਾਵਲੀ ਨੂੰ ਪ੍ਰਸੰਗ ਅਨੁਸਾਰ ਨਵੇਂ ਅਰਥ ਵੀ ਦਿੱਤੇ ਗਏ ਹਨ। ਪ੍ਰਸੰਗ ਮੁਤਾਬਿਕ ਅਰਥ ਬਦਲਦੇ ਵੀ ਹਨ। ਸਿਆਣੇ ਲੋਕ ਠੀਕ ਕਹਿੰਦੇ ਹਨ ਕਿ ਗੁਰੂ ਦੇ ਸ਼ਬਦ ਵਿਚ ਦੇਹੀ ਦਾ ਦਖਲ ਹੈ ਪਰ ਸ਼ਬਦ-ਗੁਰੂ ਵਿਚ ਇਸ ਤਰ੍ਹਾਂ ਦੇਹੀ ਦਾ ਦਖਲ ਨਹੀਂ ਹੈ। ਨਾਨਕ-ਚਿੰਤਨ ਵਿਚ ਸਮੱਸਿਆ ਨਾਲੋਂ ਹਲ ਨੂੰ ਪਹਿਲ ਦਿੱਤੀ ਹੋਈ ਹੈ। ਇਸ ਨਾਲ ਪੂਜਕ ਦੀ ਥਾਂ ਧਾਰਕ ਪੈਦਾ ਕੀਤੇ ਗਏ ਹਨ। ਇਸ ਨੂੰ ਸਾਰੇ ਸਮਿਆਂ ਵਿਚ ਸਪਸ਼ਟ ਕਰ ਕੇ (ਡੀਕੋਡਿੰਗ) ਹੀ ਮਾਨਵਤਾ ਦੀ ਭਲਾਈ ਵਾਸਤੇ ਸੰਭਵ ਬਣਾਇਆ ਜਾ ਸਕਦਾ ਹੈ। ਅਜਿਹਾ ਕਰਨ ਲੱਗਿਆਂ ਇਹ ਧਿਆਨ ਵਿਚ ਰਹਿਣਾ ਚਾਹੀਦਾ ਹੈ ਕਿ ਨਾਨਕ-ਸਿਧਾਂਤਕੀ ਵਿਚ ਲੈਣ ਯੋਗ ਨੂੰ ਕਿਵੇਂ ਲੈਣਾ ਹੈ ਅਤੇ ਛੱਡਣਯੋਗ ਨੂੰ ਕਿਵੇਂ ਛੱਡਣਾ ਹੈ, ਦਾ ਵਿਵੇਕ ਸ਼ਾਮਲ ਹੈ। ਇਸ ਦੇ ਆਧਾਰ ’ਤੇ ਨਾਨਕ-ਤਕਨਾਲੋਜੀ ਨੂੰ ਹੀ ਨਾਮ-ਸਿਮਰਨ ਕਿਹਾ ਹੋਇਆ ਹੈ।

-ਬਲਕਾਰ ਸਿੰਘ ਪ੍ਰੋਫੈਸਰ

93163-01328