ਨਾਨਕ ਮੱਝੀਆਂ ਚਰਾਈਆਂ

8/1/2019 10:01:42 AM

ਨਾਨਕ ਮੱਝੀਆਂ ਚਰਾਈਆਂ
(ਕਿਸ਼ਤ 13ਵੀਂ)

ਨਾਨਕ ਸਾਹਿਬ ਸਵੇਰ ਵੇਲੇ ਪਸ਼ੂਆਂ ਨੂੰ ਜੰਗਲ-ਬੇਲਿਆਂ ਨੂੰ ਲੈ ਜਾਂਦੇ ਅਤੇ ਚੰਗੀ ਤਰ੍ਹਾਂ ਰਜਾ ਕੇ ਤ੍ਰਿਕਾਲਾਂ ਨੂੰ ਵਾਪਸ ਲੈ ਆਉਂਦੇ। ਸਵੇਰੇ ਘਰੋਂ ਜਾਣ ਅਤੇ ਸ਼ਾਮ ਨੂੰ ਪਰਤਣ ਦਾ ਇਹ ਸਿਲਸਿਲਾ ਕੁੱਝ ਦਿਨਾਂ ਤੱਕ ਠੀਕ-ਠਾਕ ਚਲਦਾ ਰਿਹਾ ਤਾਂ ਮਹਿਤਾ ਜੀ ਬੜੇ ਪ੍ਰਸੰਨ ਹੋਏ। ਉਨ੍ਹਾਂ ਨੂੰ ਲੱਗਿਆ ਕਿ ਹੁਣ ਮੇਰੇ ਲਾਲ ਨੂੰ ਉਸ ਦੇ ਪਸੰਦ ਦਾ ਕੰਮ ਮਿਲ ਗਿਆ ਹੈ। ਜੇਕਰ ਇਹ ਇਸ ਕੰਮ ਵਿਚ ਇਸੇ ਤਰ੍ਹਾਂ ਪਰਚਿਆ ਰਿਹਾ ਤਾਂ ਇਕ ਤਾਂ ਇਸ ਦਾ ਸਾਧਾਂ-ਸੰਤਾਂ ਮਗਰ ਭੌਣਾ ਅਤੇ ਘਰ ਲੁਟਾਉਣਾ ਛੁੱਟ ਜਾਵੇਗਾ ਅਤੇ ਦੂਜਾ ਇਹ ਸਹਿਜੇ-ਸਹਿਜੇ ਦੁਨਿਆਵੀ ਕਾਰ-ਵਿਹਾਰ ਵਿਚ ਖੁੱਭ ਜਾਵੇਗਾ। ਕਮਾਈ ਕਰਨ ਦਾ ਢੰਗ ਵੀ ਸਿੱਖ ਜਾਵੇਗਾ।

ਨਾਨਕ ਸਾਹਿਬ ਨੇ ਮੱਝੀਆਂ ਚਰਾਈਆਂ ਜਾਂ ਗਾਵਾਂ ਚਰਾਈਆਂ ਇਸ ਬਾਰੇ ਵਿਦਵਾਨਾਂ ਵਿਚ ਮਤਭੇਦ ਹਨ। ਭਾਈ ਸੰਤੋਖ ਸਿੰਘ ਚੂੜਾਮਣੀ ਜੀ ਮੁੱਖ ਰੂਪ ਵਿਚ ਗਾਵਾਂ ਚਾਰਨ ਦੀ ਗੱਲ ਕਰਦੇ ਹਨ ਜਦੋਂਕਿ ਭਾਈ ਵੀਰ ਸਿੰਘ ਜੀ ਮੱਝਾਂ ਚਰਾਉਣ ਦੀ ਬਾਤ ਪਾਉਂਦੇ ਹਨ। ਲੱਗਦਾ ਹੈ ਕਿ ਦੋਵੇਂ ਆਪੋ-ਆਪਣੀ ਥਾਂ ਠੀਕ ਹਨ। ਨਿਤਾਰਾ ਕਰਨ ਲਈ ਸਾਨੂੰ ਇਹ ਸਮਝਣਾ ਪਵੇਗਾ ਕਿ ਅਤੀਤ ਤੋਂ ਲੈ ਕੇ ਹੁਣ ਤੱਕ ਭਾਰਤੀ ਅਤੇ ਪੰਜਾਬੀ ਸਭਿਆਚਾਰ ਵਿਚ ਇਨ੍ਹਾਂ ਦੋਹਾਂ ਦੁਧਾਰੂ ਜੀਵਾਂ ਦੀ ਮਨੁੱਖੀ ਜੀਵਨ ਅੰਦਰ ਕੀ ਲੋੜ, ਥਾਂ ਅਤੇ ਅਹਿਮੀਅਤ ਰਹੀ ਹੈ। ਸਾਡੀ ਸਮਾਜਿਕ-ਆਰਥਿਕ ਸੰਰਚਨਾ ਵਿਚ ਪੜ੍ਹਨ-ਲਿਖਣ ਵਾਲੇ ਗਿਆਨਵਾਨਾਂ ਅਤੇ ਗਿਆਨ ਵੰਡਣ ਵਾਲੀ ਜਮਾਤ (ਪੰਡਤਾਂ/ਬ੍ਰਾਹਮਣਾਂ) ਦਾ ਸ਼ੁਰੂ ਤੋਂ ਹੀ ਬੜਾ ਮਾਣ-ਸਨਮਾਨ ਰਿਹਾ ਹੈ।

‘ਜੈਸਾ ਅੰਨ, ਤੈਸਾ ਮਨ’ ਅਤੇ ‘ਜੈਸੀ ਜ਼ਰੂਰਤ, ਤੈਸਾ ਆਹਾਰ’ ਦੀ ਲੋਕ-ਸਿਆਣਪ ਅਨੁਸਾਰ ਬੁੱਧੀ ਨੂੰ ਤੀਖਣ ਅਤੇ ਬਾਰੀਕ ਬਣਾਉਣ ਹਿੱਤ ਗਾਂ ਦੇ ਪਤਲੇ ਦੁੱਧ ਨੂੰ ਬਹੁਤ ਗੁਣਕਾਰੀ, ਪ੍ਰਭਾਵਸ਼ਾਲੀ ਅਤੇ ਲਾਭਦਾਇਕ ਮੰਨਿਆ ਜਾਂਦਾ ਰਿਹਾ ਹੈ। ਦੂਜੇ ਪਾਸੇ ਇਹ ਵੀ ਸੱਚ ਹੈ ਕਿ ਸਾਡਾ ਪ੍ਰੰਪਰਕ ਸਮਾਜ ਸਦੀਆਂ ਤੋਂ ਮੁੱਖ ਰੂਪ ਵਿਚ ਖੇਤੀਬਾੜੀ ਆਧਾਰਿਤ ਪੇਂਡੂ ਸਮਾਜ ਰਿਹਾ ਹੈ। ਖੇਤੀ ਦਾ ਮਿਹਨਤ-ਮੁਸ਼ੱਕਤ ਵਾਲਾ ਭਾਰਾ-ਹੌਲਾ ਕੰਮ ਕਰਨ ਲਈ ਬਾਹੂ-ਬੱਲ, ਸਰੀਰਕ ਤਾਕਤ ਅਤੇ ਮਜ਼ਬੂਤੀ ਦੀ ਵੱਡੀ ਲੋੜ ਹੁੰਦੀ ਹੈ ਅਤੇ ਇਸ ਲੋੜ ਦੀ ਪੂਰਤੀ ਲਈ ਮੱਝਾਂ ਦਾ ਗਾੜ੍ਹਾ ਦੁੱਧ ਬਹੁਤ ਹੀ ਅਸਰਦਾਰ, ਵਧੀਆ ਅਤੇ ਅਨਮੋਲ ਆਹਾਰ ਮੰਨਿਆ ਜਾਂਦਾ ਰਿਹਾ ਹੈ। ਇਹੀ ਠੋਸ ਕਾਰਣ ਹੈ ਦਿਮਾਗੀ ਅਰਥਾਤ ਪੜ੍ਹਨ-ਲਿਖਣ ਦਾ ਕੰਮ ਕਰਨ ਵਾਲੇ ਵਿਦਵਾਨ/ਪੰਡਤ ਲੋਕ ਆਦਿ ਕਾਲ ਤੋਂ ਹੀ ਗਾਵਾਂ ਅਤੇ ਗਾਂ ਦਾ ਦੁੱਧ ਪਸੰਦ ਕਰਦੇ ਰਹੇ ਹਨ ਜਦੋਂਕਿ ਸਰੀਰਕ ਮਿਹਨਤ ਮੁਸ਼ੱਕਤ ਕਰਨ ਵਾਲੇ ਕਿਰਤੀ ਅਤੇ ਕਿਸਾਨ ਲੋਕਾਂ ਲਈ ਮੱਝਾਂ ਅਤੇ ਮੱਝ ਦਾ ਦੁੱਧ ਪਹਿਲੀ ਪਸੰਦ ਰਿਹਾ ਹੈ।

ਇਹ ਵੀ ਸੱਚ ਹੈ ਕਿ ਪੰਡਤ ਵਰਗ ਦੇ ਲੋਕਾਂ ਦੀ ਲੋੜ, ਤਰਜੀਹ ਅਤੇ ਪਸੰਦ ਨੂੰ ਮੁੱਖ ਰੱਖਦਿਆਂ, ਸਰੀਰਕ ਕੰਮ ਕਰਨ ਵਾਲਾ ਸਮਾਜ ਦਾ ਕਿਰਤੀ ਅਤੇ ਕਿਸਾਨ ਵਰਗ ਜਜਮਾਨਾਂ ਦੇ ਰੂਪ ਵਿਚ ਆਪਣੇ ਕੁਲ ਪ੍ਰੋਹਿਤਾਂ, ਪੰਡਿਤਾਂ ਅਤੇ ਵਿਦਵਾਨਾਂ ਨੂੰ ਦਾਨ-ਦਕਸ਼ਣਾ ਅਤੇ ਤੋਹਫ਼ੇ ਵਜੋਂ, ਗਾਵਾਂ ਅਤੇ ਗਾਵਾਂ ਦਾ ਦੁੱਧ ਭੇਟ ਕਰਦਾ ਰਿਹਾ ਹੈ। ਮੰਨੂ ਦੀ ਕਿੱਤਾ ਆਧਾਰਿਤ ਵਰਣ-ਵੰਡ ਅਨੁਸਾਰ ਸਾਡੇ ਪ੍ਰੰਪਰਕ ਭਾਰਤੀ ਸਮਾਜ ਵਿਚ ਬ੍ਰਾਹਮਣਾਂ/ਦਾਨਿਸ਼ਮੰਦਾਂ ਤੋਂ ਇਲਾਵਾ ਸਮਾਜ ਦੀਆਂ ਬਾਕੀ ਸਰੀਰਕ ਮਿਹਨਤ ਮੁਸ਼ੱਕਤ ਕਰਨ ਵਾਲੀਆਂ ਕਿਰਤੀ ਸ਼੍ਰੇਣੀਆਂ (ਕਸ਼ੱਤਰੀ, ਵੈਸ਼ ਅਤੇ ਸ਼ੂਦਰ) ਦੇ ਲੋਕ ਗਾਵਾਂ ਪਾਲਦੇ ਜ਼ਰੂਰ ਸਨ ਪਰ ਉਹ ਇਨ੍ਹਾਂ ਨੂੰ ਅਤੇ ਇਨ੍ਹਾਂ ਦੇ ਦੁੱਧ ਨੂੰ ਮੁੱਖ ਰੂਪ ਵਿਚ ਆਪਣੇ ਲਈ ਨਹੀਂ ਸਗੋਂ ਦਿਮਾਗੀ ਕੰਮ ਕਰਨ ਵਾਲੇ ਬੁੱਧੀਜੀਵੀਆਂ ਅਰਥਾਤ ਪੰਡਿਤਾਂ ਨੂੰ ਦਾਨ ਕਰਨ ਹਿੱਤ ਰਾਖਵਾਂ ਰੱਖਦੇ ਸਨ। ਸੋ ਸੁਭਾਵਕ ਹੀ ਇਹ ਗਿਣਤੀ ਪੱਖੋਂ ਮੱਝਾਂ ਨਾਲੋਂ ਘੱਟ ਹੁੰਦੀਆਂ ਸਨ। ਆਪਣੀ ਲੋੜ ਨੂੰ ਮੁੱਖ ਰੱਖਦਿਆਂ ਉਹ ਜ਼ਿਆਦਾਤਰ ਮੱਝਾਂ ਹੀ ਪਾਲਦੇ ਸਨ।

ਉਪਰੋਕਤ ਅੰਤਰਸੂਝ ਦੇ ਆਧਾਰ ’ਤੇ ਨਿਰਣੇ ਵਜੋਂ ਕਿਹਾ ਜਾ ਸਕਦਾ ਹੈ ਕਿ (ਗੁਰੂ) ਨਾਨਕ ਸਾਹਿਬ ਨੇ ਪਸ਼ੂਆਂ ਦੇ ਜਿਸ ਵੱਗ ਦੇ ਚਰਵਾਹੇ ਵਜੋਂ ਕੰਮ ਕੀਤਾ, ਉਸ ਵਿਚ ਗਾਵਾਂ ਅਤੇ ਮੱਝਾਂ ਦੋਵੇਂ ਸਨ। ਇਹ ਵੱਖਰੀ ਗੱਲ ਹੈ ਕਿ ਗਾਵਾਂ ਦੇ ਮੁਕਾਬਲੇ ਮੱਝਾਂ ਦੀ ਗਿਣਤੀ ਨਿਸ਼ਚਿਤ ਤੌਰ ’ਤੇ ਵੱਧ ਸੀ। ਇਸੇ ਕਾਰਣ ਮੁੱਖ ਰੂਪ ਵਿਚ ਜ਼ਿਕਰ ਮੱਝਾਂ ਚਾਰਨ ਦਾ ਹੀ ਹੋਇਆ ਮਿਲਦਾ ਹੈ। ਉਦਾਹਰਣ ਵਜੋਂ ਗੁਰੂ ਨਾਨਕ ਸਾਹਿਬ ਦੇ ਜੀਵਨ-ਬਿਰਤਾਂਤ ਲਈ ਬਿਲਕੁਲ ਰਾਖਵੇਂ ਸਾਹਿਤ-ਰੂਪ ਜਨਮ ਸਾਖੀਆਂ ਵਿਚ ਜਿੱਥੇ ਗੁਰੂ ਨਾਨਕ ਸਾਹਿਬ ਦੁਆਰਾ ਮੱਝੀਆਂ ਚਰਾਉਣ ਦਾ ਜ਼ਿਕਰ ਹੋਇਆ ਮਿਲਦਾ ਹੈ, ਉੱਥੇ ਵਾਰਿਸ ਸ਼ਾਹ ਦੀ ਕਲਾਸਿਕ ਰਚਨਾ ‘ਹੀਰ’ ਵਿਚ ਵੀ ਰਾਂਝੇ ਵੱਲੋਂ ਮੱਝੀਆਂ ਚਰਾਉਣ ਦਾ ਜ਼ਿਕਰ ਹੀ ਹੋਇਆ ਮਿਲਦਾ ਹੈ।

ਨਾਨਕ ਸਾਹਿਬ ਬੇਜ਼ੁਬਾਨ, ਨਿਰਛੱਲ ਅਤੇ ਮਾਸੂਮ ਮੱਝਾਂ, ਗਾਵਾਂ ਦਾ ਬੜਾ ਖ਼ਿਆਲ ਰੱਖਦੇ। ਜਿੱਥੇ ਉਹ ਪਸ਼ੂਆਂ ਨਾਲ ਬੇਹੱਦ ਪਿਆਰੇ ਕਰਦੇ, ਉੱਥੇ ਮੋੜਵੇਂ ਰੂਪ ਵਿਚ ਪਸ਼ੂ ਵੀ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ। ਹਰ ਵੇਲੇ ਉਨ੍ਹਾਂ ਦੇ ਅੱਗੇ-ਪਿੱਛੇ ਇਉਂ ਫਿਰਦੇ ਜਿਵੇਂ ਚਿਰਾਂ ਤੋਂ ਉਨ੍ਹਾਂ ਦੇ ਭੇਤੀ ਹੋਣ। ਅਰਸੇ ਤੋਂ ਉਨ੍ਹਾਂ ਦੀ ਆਗਿਆ ਵਿਚ ਵਿਚਰ ਰਹੇ ਹੋਣ। ਜੰਗਲ ਦਾ ਕੁਦਰਤੀ, ਸ਼ਾਂਤ ਅਤੇ ਏਕਾਂਤ ਮਾਹੌਲ ਨਾਨਕ ਸਾਹਿਬ ਦੇ ਵੈਰਾਗੀ ਮਨ ਨੂੰ ਡਾਢਾ ਪਿਆਰਾ ਲੱਗਦਾ, ਚੰਗਾ-ਚੰਗਾ ਲੱਗਦਾ। ਉੱਥੇ ਉਨ੍ਹਾਂ ਨੂੰ ਕਾਦਰ ਦੀ ਕੁਦਰਤ ਨੂੰ ਨਿਹਾਰਨ ਅਤੇ ਅੰਤਰ-ਆਤਮੇ ਡੂੰਘੇ ਉਤਰਨ ਦਾ ਰੱਜਵਾਂ ਮੌਕਾ ਮਿਲਦਾ ਸੀ।

ਇਕ ਦਿਨ ਨਾਨਕ ਸਾਹਿਬ ਸਦਾ ਵਾਂਗ ਮੱਝਾਂ-ਗਾਵਾਂ ਨੂੰ ਜੰਗਲ ਵਿਚ ਲੈ ਗਏ। ਉਹ ਆਪਣੀ ਮੌਜ ਵਿਚ ਇਧਰ-ਓਧਰ ਚਰਨ ਲੱਗ ਪਈਆਂ। ਅੰਦਾਜ਼ਨ ਫੱਗਣ ਮਹੀਨੇ ਦੇ ਅਖ਼ੀਰਲੇ ਅਤੇ ਚੇਤਰ ਦੇ ਮੁੱਢਲੇ ਦਿਨ ਸਨ। ਗਰਮੀ ਦਾ ਮੌਸਮ ਆਰੰਭ ਹੋ ਚੁੱਕਾ ਸੀ। ਗਰਮੀ ਤੋਂ ਬਚਣ ਲਈ ਨਾਨਕ ਸਾਹਿਬ ਇਕ ਸੰਘਣੇ ਰੁੱਖ ਦੀ ਛਾਵੇਂ ਬੈਠ ਗਏ। ਏਕਾਂਤ ਅਤੇ ਇਕਾਗਰ ਚਿਤ ਬੈਠਿਆਂ ਪਰਮਾਤਮਾ ਦੇ ਚਰਨਾਂ ਵਿਚ ਧਿਆਨ ਅਜਿਹਾ ਜੁੜਿਆ ਕਿ ਸਮਾਧੀ ਲੀਨ ਹੋ ਗਏ। ਅੰਦਰ ਦੀ ਦੁਨੀਆ ’ਚ ਅਜਿਹੇ ਡੂੰਘੇ ਲੱਥੇ ਕਿ ਬਾਹਰ ਦੀ ਦੁਨੀਆ ਦੀ ਕੋਈ ਖ਼ਬਰ ਨਾ ਰਹੀ।

ਇਧਰ ਨਾਨਕ ਸਾਹਿਬ ਗੂੜ੍ਹੇ ਪਰਮਾਤਮੀ ਰੰਗ ਦੀ ਮਸਤੀ ਵਿਚ ਦਰੱਖ਼ਤ ਹੇਠਾਂ ਸਮਾਧੀਲੀਨ ਬੈਠੇ ਰਹੇ, ਉਧਰ ਪਸ਼ੂ ਆਪਣੀ ਮੌਜ ਵਿਚ, ਪੂਰੀ ਆਜ਼ਾਦੀ ਨਾਲ ਸੱਜੇ-ਖੱਬੇ ਚਰਦੇ ਰਹੇ। ਹਟਕਣ ਅਤੇ ਵਰਜਣ ਵਾਲੇ ਸਾਈਂ (ਚਰਵਾਹੇ) ਦੀ ਨਿਰਹੋਂਦ/ਅਣਹੋਂਦ ਨੂੰ ਮਹਿਸੂਸਦਿਆਂ ਉਨ੍ਹਾਂ ਵਿਚੋਂ ਕੁੱਝ ਪਸ਼ੂ ਜੰਗਲ ਦੇ ਨਾਲ ਲੱਗਦੀ ਇਕ ਜੱਟ ਦੀ ਪੈਲੀ ਵਿਚ ਜਾ ਵੜੇ ਅਤੇ ਦਬਾ-ਦਬ ਉਸ ਵਿਚ ਉੱਗੀ ਅਤੇ ਨਿਸਾਰ ’ਤੇ ਆਈ ਹਰੀਕਚੂਰ ਕਣਕ ਦੀ ਫ਼ਸਲ ਨੂੰ ਖਾਣ ਲੱਗ ਪਏ। ਸਿੱਟੇ ਪੈਣ ਦੀ ਮੁੱਢਲੀ ਅਵਸਥਾ ਨੂੰ ਢੁਕੀ ਫ਼ਸਲ ਦਾ ਪਸ਼ੂਆਂ ਹੱਥੋਂ ਉਜਾੜਾ ਹੁੰਦਾ ਵੇਖ ਪੈਲੀ ਵਾਲਾ ਵਾਹੋ-ਦਾਹੀ ਨੱਠਾ ਆਇਆ। ਪਹਿਲਾਂ ਉਸ ਵਗ ਨੂੰ ਪੈਲੀ ’ਚੋਂ ਬਾਹਰ ਕੱਢਿਆ ਉਪਰੰਤ ਲੱਭਦਾ-ਲਭਾਉਂਦਾ ਉਹ ਗੁੱਸੇ ਦੀ ਹਾਲਤ ਵਿਚ ਪਸ਼ੂਆਂ ਦੇ ਪਾਲੀ/ਚਰਵਾਹੇ ਕੋਲ ਆਣ ਪੁੱਜਾ।

(ਚਲਦਾ...)

-ਜਗਜੀਵਨ ਸਿੰਘ (ਡਾ.)

ਫੋਨ: ੯੯੧੪੩ਖ਼੦੧੩੨੮

9914301328